ਪੰਜਾਬੀ ਦੋਗਾਣਾ ਗਾਇਕੀ ਦਾ ਮੋਢੀ ਚਾਂਦੀ ਰਾਮ ਚਾਂਦੀ
ਪੰਜਾਬੀ ਲੋਕ-ਸੰਗੀਤ ਦੀ ਗੱਲ ਜਦੋਂ ਵੀ ਤੁਰਦੀ ਹੈ ਤਾਂ ਕੁਝ ਅਜਿਹੇ ਚਮਕਦੇ ਸਿਤਾਰਿਆਂ ਦੇ ਨਾਂ ਸਾਹਮਣੇ ਆਉਂਦੇ ਹਨ ਜਿਨ੍ਹਾਂ ਨੇ ਆਪਣੀ ਬੁਲੰਦ ਆਵਾਜ਼ ਅਤੇ ਹੂਕ ਨਾਲ ਇਤਿਹਾਸ ਸਿਰਜਿਆ। ਇਨ੍ਹਾਂ ਮਹਾਨ ਲੋਕ-ਗਾਇਕਾਂ ਦੀ ਸੂਚੀ ਵਿੱਚ ਚਾਂਦੀ ਰਾਮ ਚਾਂਦੀ ਦਾ ਨਾਮ ਬਹੁਤ...
ਪੰਜਾਬੀ ਲੋਕ-ਸੰਗੀਤ ਦੀ ਗੱਲ ਜਦੋਂ ਵੀ ਤੁਰਦੀ ਹੈ ਤਾਂ ਕੁਝ ਅਜਿਹੇ ਚਮਕਦੇ ਸਿਤਾਰਿਆਂ ਦੇ ਨਾਂ ਸਾਹਮਣੇ ਆਉਂਦੇ ਹਨ ਜਿਨ੍ਹਾਂ ਨੇ ਆਪਣੀ ਬੁਲੰਦ ਆਵਾਜ਼ ਅਤੇ ਹੂਕ ਨਾਲ ਇਤਿਹਾਸ ਸਿਰਜਿਆ। ਇਨ੍ਹਾਂ ਮਹਾਨ ਲੋਕ-ਗਾਇਕਾਂ ਦੀ ਸੂਚੀ ਵਿੱਚ ਚਾਂਦੀ ਰਾਮ ਚਾਂਦੀ ਦਾ ਨਾਮ ਬਹੁਤ ਸਤਿਕਾਰ ਅਤੇ ਅਦਬ ਨਾਲ ਲਿਆ ਜਾਂਦਾ ਹੈ। ਉਹ ਸਿਰਫ਼ ਇੱਕ ਆਮ ਗਾਇਕ ਨਹੀਂ ਸੀ, ਸਗੋਂ ਪੰਜਾਬੀ ਦੋਗਾਣਾ ਗਾਇਕੀ ਨੂੰ ਮਕਬੂਲੀਅਤ ਦੀਆਂ ਬੁਲੰਦੀਆਂ ਤੱਕ ਪਹੁੰਚਾਉਣ ਵਾਲੇ ਮੋਢੀ ਕਲਾਕਾਰਾਂ ਵਿੱਚੋਂ ਇੱਕ ਸੀ। ਆਪਣੀ ਵਿਲੱਖਣ, ਦਰਦ ਭਰੀ ਅਤੇ ਪੰਜਾਬੀ ਲੋਕ-ਰੰਗ ਨਾਲ ਲਬਰੇਜ਼ ਆਵਾਜ਼ ਸਦਕਾ ਉਸ ਨੇ ਸੰਗੀਤ ਜਗਤ ਨੂੰ ਇੱਕ ਅਜਿਹਾ ਨਵਾਂ ਰੰਗ ਦਿੱਤਾ, ਜਿਸ ਦੀ ਮਹਿਕ ਅੱਜ ਵੀ ਸੰਗੀਤ ਪ੍ਰੇਮੀਆਂ ਦੇ ਦਿਲਾਂ ਵਿੱਚ ਵੱਸਦੀ ਹੈ।
ਚਾਂਦੀ ਰਾਮ ਦਾ ਜਨਮ 1937 ਵਿੱਚ ਬਰਤਾਨਵੀ ਪੰਜਾਬ ਦੇ ਸਰਗੋਧਾ ਜ਼ਿਲ੍ਹੇ (ਮੌਜੂਦਾ ਪਾਕਿਸਤਾਨ) ਦੇ ਪਿੰਡ ਚਾਲੀ ਚੱਕ (ਜਨੂਬੀ) ਵਿੱਚ ਹੋਇਆ ਸੀ। ਅਜੇ ਉਹ ਆਪਣੀ ਬਾਲ ਉਮਰ ਵਿੱਚ ਹੀ ਸੀ ਕਿ 1947 ਵਿੱਚ ਦੇਸ਼ ਦੀ ਵੰਡ ਦਾ ਭਿਆਨਕ ਸੰਤਾਪ ਦੇਖਣਾ ਪਿਆ। ਵੰਡ ਦੇ ਉਸ ਦੌਰ ਨੇ ਉਨ੍ਹਾਂ ਦੇ ਪਰਿਵਾਰ ਨੂੰ ਵੀ ਲੱਖਾਂ ਹੋਰ ਪੰਜਾਬੀ ਪਰਿਵਾਰਾਂ ਵਾਂਗ ਬੇਘਰ ਕਰ ਦਿੱਤਾ। ਸਭ ਕੁਝ ਗੁਆ ਕੇ ਚੜ੍ਹਦੇ ਪੰਜਾਬ (ਭਾਰਤ) ਆਏ ਇਸ ਪਰਿਵਾਰ ਨੇ ਮੁੜ ਤੋਂ ਜੀਵਨ ਦੀ ਸ਼ੁਰੂਆਤ ਬੇਹੱਦ ਮੁਸ਼ਕਿਲ ਹਾਲਾਤ ਵਿੱਚ ਕੀਤੀ। ਗ਼ਰੀਬੀ, ਬੇਘਰੀ ਅਤੇ ਆਰਥਿਕ ਤੰਗੀ ਚਾਂਦੀ ਰਾਮ ਦੇ ਬਚਪਨ ਅਤੇ ਜਵਾਨੀ ਦਾ ਅਟੁੱਟ ਹਿੱਸਾ ਬਣੇ, ਪਰ ਇੱਕ ਅਜਿਹੀ ਚੀਜ਼ ਸੀ ਜੋ ਉਸ ਤੋਂ ਕਦੇ ਅਲੱਗ ਨਹੀਂ ਹੋਈ, ਉਹ ਸੀ ਸੰਗੀਤ ਨਾਲ ਅਥਾਹ ਪਿਆਰ ਅਤੇ ਉਸ ਅੰਦਰਲਾ ਫ਼ਨਕਾਰ।
ਜੀਵਨ ਨਿਰਵਾਹ ਅਤੇ ਰੋਜ਼ੀ-ਰੋਟੀ ਲਈ ਚਾਂਦੀ ਰਾਮ ਨੇ ਲੰਮਾ ਸਮਾਂ ਰਿਕਸ਼ਾ ਚਲਾਇਆ। ਦਿਨ ਭਰ ਕੜਕਦੀ ਧੁੱਪ ਅਤੇ ਹੱਡ-ਭੰਨਵੀਂ ਮਿਹਨਤ ਕਰਕੇ ਰਿਕਸ਼ਾ ਚਲਾਉਣ ਤੋਂ ਬਾਅਦ, ਉਹ ਸ਼ਾਮ ਨੂੰ ਲੋਕਾਂ ਦੀਆਂ ਮਹਿਫ਼ਲਾਂ ਵਿੱਚ ਗਾਉਂਦਾ ਸੀ। ਉਸ ਦੀ ਆਵਾਜ਼ ਵਿੱਚ ਅਜਿਹਾ ਇਲਾਹੀ ਜਾਦੂ ਅਤੇ ਦਰਦ ਸੀ ਕਿ ਲੰਘਦਾ-ਵਗਦਾ ਸੁਣਨ ਵਾਲਾ ਰਾਹੀ ਵੀ ਉੱਥੇ ਹੀ ਠਹਿਰ ਜਾਂਦਾ ਸੀ। ਹੌਲੀ-ਹੌਲੀ ਇਹ ਬੁਲੰਦ ਆਵਾਜ਼ ਲੋਕਾਂ ਦੇ ਦਿਲਾਂ ਵਿੱਚ ਉਤਰਦੀ ਗਈ ਅਤੇ ਉਸ ਨੂੰ ਰਿਕਾਰਡਿੰਗ ਸਟੂਡੀਓ ਦੇ ਬੂਹੇ ਤੱਕ ਲੈ ਗਈ। ਇਸ ਤੋਂ ਬਾਅਦ ਪੰਜਾਬੀ ਸੰਗੀਤ ਜਗਤ ਨੇ ਇੱਕ ਅਜਿਹੇ ਚਮਕਦੇ ਸਿਤਾਰੇ ਨੂੰ ਜਨਮ ਲੈਂਦੇ ਦੇਖਿਆ, ਜਿਸ ਨੇ ਆਉਣ ਵਾਲੇ ਸਮੇਂ ਵਿੱਚ ਗਾਇਕੀ ਦੇ ਸਾਰੇ ਰਿਕਾਰਡ ਤੋੜ ਦਿੱਤੇ।
ਚਾਂਦੀ ਰਾਮ ਕੇਵਲ ਇੱਕ ਬਿਹਤਰੀਨ ਗਾਇਕ ਹੀ ਨਹੀਂ ਸੀ, ਸਗੋਂ ਇੱਕ ਉੱਚ ਕੋਟੀ ਦਾ ਸੰਗੀਤਕਾਰ ਵੀ ਸੀ। ‘ਤੂੰਬੀ’ ਉਸ ਦਾ ਸਭ ਤੋਂ ਮਨਪਸੰਦ ਸਾਜ਼ ਸੀ। ਜਦੋਂ ਉਹ ਤੂੰਬੀ ਦੀਆਂ ਤਾਰਾਂ ’ਤੇ ਆਪਣੀਆਂ ਉਂਗਲਾਂ ਫੇਰਦੇ ਅਤੇ ਨਾਲ ਆਪਣੀ ਆਵਾਜ਼ ਦਾ ਜਾਦੂ ਬਿਖੇਰਦਾ ਤਾਂ ਇੱਕ ਅਨੋਖਾ ਲੋਕ-ਰਸ ਪੈਦਾ ਹੁੰਦਾ ਸੀ। ਉਸ ਦੀ ਗਾਇਕੀ ਵਿੱਚ ਪੰਜਾਬ ਦੇ ਪਿੰਡਾਂ ਦੀ ਸਾਦਗੀ, ਮਿੱਟੀ ਦੀ ਸੱਚੀ ਮਹਿਕ ਅਤੇ ਆਮ ਲੋਕ-ਜੀਵਨ ਦੇ ਸੁੱਖ-ਦੁੱਖ ਸਾਫ਼ ਮਹਿਸੂਸ ਹੋਣੇ ਸੁਭਾਵਿਕ ਸਨ। ਉਸ ਨੇ ਕਦੇ ਵੀ ਆਪਣੀ ਗਾਇਕੀ ਵਿੱਚ ਨਕਲੀਪਣ ਜਾਂ ਪੱਛਮੀ ਦਿਖਾਵੇ ਨੂੰ ਜਗ੍ਹਾ ਨਹੀਂ ਦਿੱਤੀ, ਜਿਸ ਕਰਕੇ ਪੇਂਡੂ ਲੋਕ ਉਸ ਨਾਲ ਦਿਲੋਂ ਜੁੜਦੇ ਸਨ।
ਉਸ ਦੌਰ ਵਿੱਚ ਪੰਜਾਬੀ ਸੰਗੀਤ ਜਗਤ ਅੰਦਰ ਜ਼ਿਆਦਾਤਰ ਇਕੱਲੇ ਗਾਇਕਾਂ ਦਾ ਦਬਦਬਾ ਸੀ। ਚਾਂਦੀ ਰਾਮ ਨੇ ਇਸ ਪੁਰਾਣੀ ਰਵਾਇਤ ਨੂੰ ਬਦਲਦਿਆਂ ਪੰਜਾਬੀ ਸੰਗੀਤ ਵਿੱਚ ‘ਦੋਗਾਣਾ ਗਾਇਕੀ’ ਨੂੰ ਇੱਕ ਨਵਾਂ ਆਕਾਰ ਅਤੇ ਮੁਕਾਮ ਦਿੱਤਾ। ਉਸ ਨੇ ਆਪਣੀ ਸਮਕਾਲੀ ਸਾਥੀ ਗਾਇਕਾ ਸ਼ਾਂਤੀ ਦੇਵੀ ਨਾਲ ਮਿਲ ਕੇ ਅਨੇਕਾਂ ਸਦਾਬਹਾਰ ਦੋਗਾਣੇ ਰਿਕਾਰਡ ਕੀਤੇ। ਇਹ ਸੰਗੀਤਕ ਸਾਂਝ ਸਮੇਂ ਦੇ ਨਾਲ ਇੰਨੀ ਗੂੜ੍ਹੀ ਹੋ ਗਈ ਕਿ ਦੋਵੇਂ ਜੀਵਨ ਸਾਥੀ ਬਣ ਗਏ। ਇਸ ਅਮਰ ਜੋੜੀ ਨੇ ਪੰਜਾਬ ਦੇ ਮੇਲਿਆਂ, ਪੇਂਡੂ ਅਖਾੜਿਆਂ ਅਤੇ ਸਟੇਜਾ ਂ ’ਤੇ ਅਜਿਹੀ ਧੂਮ ਮਚਾਈ ਕਿ ਦੋਗਾਣਾ ਗਾਇਕੀ ਲੋਕ-ਸੰਗੀਤ ਦੀ ਸਭ ਤੋਂ ਹਰਮਨਪਿਆਰੀ ਵਿਧਾ ਬਣ ਕੇ ਉੱਭਰੀ।
ਚਾਂਦੀ ਰਾਮ ਦੀ ਆਵਾਜ਼ ਵਿੱਚ ਪੰਜਾਬੀ ਸੱਭਿਆਚਾਰ ਦੇ ਅਸਲੀ ਰੰਗ ਝਲਕਦੇ ਸਨ। ਉਸ ਦੇ ਗਾਏ ਕਈ ਸੋਲੋ ਗੀਤ ਬੱਚੇ-ਬੱਚੇ ਦੀ ਜ਼ੁਬਾਨ ’ਤੇ ਚੜ੍ਹ ਗਏ, ਜਿਨ੍ਹਾਂ ਵਿੱਚ ਮੁੰਡਿਆਂ ਦਾ ਦਿਲ ਮੋਹ ਲਿਆ, ਉੱਤੇ ਲੈ ਕੇ ਦੁਪੱਟਾ ਕਾਲੇ ਰੰਗ ਦਾ, ਨਾ ਜਾਹ ਬਰਮਾ ਨੂੰ, ਲੇਖ ਜਾਣਗੇ ਨਾਲੇ, ਵੇ ਤੂੰ ਪਿੰਡ ਦਾ ਮੁੰਡਾ ਤੇ ਮੈਂ ਸ਼ਹਿਰ ਦੀ ਕੁੜੀ, ਘੁੰਡ ਕੱਢ ਕੇ ਫਿਰੀਂ ਮੁਟਿਆਰੇ, ਨੀਂ ਛੜਿਆਂ ਦੀ ਨਜ਼ਰ ਬੁਰੀ, ਧੁੱਪ ’ਚ ਪਕਾਈਆਂ ਰੋਟੀਆਂ, ਨੱਕ ਦੀ ਜੜ ਪੱਟ ਲਈ, ਪਾ ਕੇ ਲੌਂਗ ਬੇਗਾਨਾ ਅਤੇ ਵੇ ਤੂੰ ਬਣ ਕੇ ਕਬੂਤਰ ਚੀਨਾ, ਘਰ ਸਾਡੇ ਪਾ ਲੈ ਆਲ੍ਹਣਾ ਵਰਗੇ ਗੀਤ ਪ੍ਰਮੁੱਖ ਹਨ।
ਦੋਗਾਣਾ ਗਾਇਕੀ ਵਿੱਚ ਵੀ ਉਸ ਦਾ ਕੋਈ ਸਾਨੀ ਨਹੀਂ ਸੀ ਅਤੇ ਉਸ ਦੇ ਗਾਏ ਗੀਤ ਪੰਜਾਬ ਦੀ ਲੋਕ-ਧਰੋਹਰ ਬਣ ਗਏ। ਇਸ ਲੜੀ ਵਿੱਚ-ਤੇਰਾ ਲੈ ਕੇ ਮੁਕਲਾਵਾ ਜਾਵਾਂਗੇ, ਰੋਟੀ ਹੀਰ ਨੇ ਪਕਾਈ, ਉੱਠ ਖਾ ਮੁੰਡਿਆ, ਟਿਕਟਾਂ ਦੋ ਲੈ ਲਈਂ, ਜਿੱਥੇ ਚੱਲੇਂਗਾ ਚੱਲੂੰਗੀ ਨਾਲ ਤੇਰੇ, ਸੱਗੀ ਫੁੱਲ ਲਿਆਈਂ ਵੇ ਜ਼ਰੂਰ, ਜੇ ਤੂੰ ਚੱਲਿਆ ਨੌਕਰੀ, ਸੱਸ ਚੰਦਰੀ ਪਿਹਾਵੇ ਚੱਕੀਆਂ ਅਤੇ ਵੇ ਢੋਲਾ ਅੱਡ ਹੋ ਜਾ ਵਰਗੇ ਦੋਗਾਣੇ ਸ਼ਾਮਲ ਹਨ। ਇਨ੍ਹਾਂ ਗੀਤਾਂ ਵਿੱਚ ਪੰਜਾਬ ਦੇ ਪਿੰਡਾਂ ਦੀ ਰੋਜ਼ਮੱਰਾ ਦੀ ਜ਼ਿੰਦਗੀ, ਰਿਸ਼ਤਿਆਂ ਦੀ ਮਿੱਠਾਸ, ਵਿਛੋੜੇ ਦੀ ਟੀਸ ਅਤੇ ਸ਼ਰੀਫ਼ਾਨਾ ਹਾਸੇ-ਮਜ਼ਾਕ ਦਾ ਬਹੁਤ ਹੀ ਸੁੰਦਰ ਅਤੇ ਸੰਤੁਲਿਤ ਮੇਲ ਦੇਖਣ ਨੂੰ ਮਿਲਦਾ ਹੈ।
ਲੋਕ-ਗੀਤਾਂ ਦੇ ਨਾਲ-ਨਾਲ ਧਾਰਮਿਕ ਗਾਇਕੀ ਵਿੱਚ ਵੀ ਚਾਂਦੀ ਰਾਮ ਚਾਂਦੀ ਨੇ ਆਪਣੀ ਇੱਕ ਵਿਲੱਖਣ ਅਤੇ ਅਮਿੱਟ ਪਛਾਣ ਬਣਾਈ। ਸਿੱਖ ਇਤਿਹਾਸ ਅਤੇ ਗੁਰੂ ਸਾਹਿਬਾਨ ਪ੍ਰਤੀ ਉਸ ਦੇ ਮਨ ਵਿੱਚ ਅਥਾਹ ਸ਼ਰਧਾ ਸੀ। ਉਸ ਦੇ ਗਾਏ ਧਾਰਮਿਕ ਗੀਤ ਅੱਜ ਵੀ ਸੰਗਤਾਂ ਵੱਲੋਂ ਬਹੁਤ ਅਕੀਦਤ ਨਾਲ ਸੁਣੇ ਜਾਂਦੇ ਹਨ। ਇਨ੍ਹਾਂ ਵਿੱਚ ਗੁਰੂ ਦਸਮੇਸ਼ ਪਿਆਰੇ, ਤੇਰੇ ਹਨ ਚੋਜ਼ ਨਿਆਰੇ, ਸਰਹੰਦ ਦੀਏ ਦੀਵਾਰੇ ਨੀਂ, ਤੂੰ ਇਹ ਕੀ ਕੀਤੇ ਕਾਰੇ ਨੀਂ, ਦਸਮੇਸ਼ ਪੁੱਤਰਾਂ ਦਿਆ ਦਾਨੀਆਂ, ਧੰਨ ਤੇਰੀਆਂ ਕੁਰਬਾਨੀਆਂ ਅਤੇ ਧਰਮ ਦੇਸ਼ ਦੀ ਖਾਤਰ ਪੁੱਤਰ ਵਾਰੇ ਨੇ ਵਰਗੇ ਗੀਤ ਵਿਸ਼ੇਸ਼ ਤੌਰ ’ਤੇ ਜ਼ਿਕਰਯੋਗ ਹਨ। ਇਨ੍ਹਾਂ ਗੀਤਾਂ ਵਿੱਚ ਉਸ ਦੀ ਆਵਾਜ਼ ਦੀ ਗੰਭੀਰਤਾ, ਦਰਦ ਅਤੇ ਸ਼ਰਧਾ ਸਾਫ਼ ਝਲਕਦੀ ਹੈ, ਜੋ ਸੁਣਨ ਵਾਲੇ ਦੀਆਂ ਅੱਖਾਂ ਨਮ ਕਰ ਦਿੰਦੀ ਹੈ।
ਇੱਕ ਦੌਰ ਅਜਿਹਾ ਵੀ ਸੀ ਜਦੋਂ ਚਾਂਦੀ ਰਾਮ ਚਾਂਦੀ ਦੀ ਪੰਜਾਬੀ ਸੰਗੀਤ ਜਗਤ ਵਿੱਚ ਪੂਰੀ ਤੂਤੀ ਬੋਲਦੀ ਸੀ। ਉਨ੍ਹਾਂ ਦੇ ਅਖਾੜਿਆਂ ਅਤੇ ਪ੍ਰੋਗਰਾਮਾਂ ਵਿੱਚ ਲੋਕਾਂ ਦੇ ਠਾਠਾਂ ਮਾਰਦੇ ਇਕੱਠ ਦੂਰ-ਦੂਰ ਤੋਂ ਪੈਦਲ ਚੱਲ ਕੇ ਆਉਂਦੇ ਸਨ। ਉਸ ਸੁਨਹਿਰੀ ਸਮੇਂ ਨਾਲ ਜੁੜੇ ਕਈ ਦਿਲਚਸਪ ਕਿੱਸੇ ਅੱਜ ਵੀ ਬਜ਼ੁਰਗਾਂ ਦੀ ਜ਼ੁਬਾਨ ’ਤੇ ਹਨ। ਲੋਕ ਕਹਿੰਦੇ ਹਨ ਕਿ ਉਹ ਇੰਨਾ ਅਮੀਰ ਅਤੇ ਸ਼ੌਕੀਨ ਹੋ ਗਿਆ ਸੀ ਕਿ ਦਸ ਰੁਪਏ ਦੇ ਨਵੇਂ ਨੋਟ (ਜੋ ਉਸ ਸਮੇਂ ਵੱਡੀ ਰਕਮ ਹੁੰਦੀ ਸੀ) ਨੂੰ ਅੱਗ ਲਗਾ ਕੇ ਸਿਗਰਟ ਸੁਲਘਾ ਲੈਂਦਾ ਸੀ। ਉਸ ਦੀ ਕੋਠੀ ’ਤੇ ਮਿਲਣ ਵਾਲਿਆਂ ਦੀ ਭੀੜ ਲੱਗੀ ਰਹਿੰਦੀ ਸੀ ਅਤੇ ਮਿਲਣ ਲਈ ਪਹਿਲਾਂ ਉਸ ਦੇ ਦਰਬਾਨ ਤੋਂ ਇਜਾਜ਼ਤ ਲੈਣੀ ਪੈਂਦੀ ਸੀ। ਭਾਵੇਂ ਇਹ ਕਿੱਸੇ ਅੱਜ ਲੋਕ-ਕਥਾਵਾਂ ਵਰਗੇ ਲੱਗਦੇ ਹਨ, ਪਰ ਇਹ ਗੱਲ ਤੈਅ ਹੈ ਕਿ ਇਹ ਕਿੱਸੇ ਉਸ ਦੌਰ ਵਿੱਚ ਉਸ ਦੀ ਬੇਮਿਸਾਲ ਅਤੇ ਅੰਨ੍ਹੀ ਲੋਕਪ੍ਰਿਯਤਾ ਦੀ ਗਵਾਹੀ ਭਰਦੇ ਹਨ।
ਸਮੇਂ ਦਾ ਪਹੀਆ ਹਮੇਸ਼ਾ ਇੱਕੋ ਜਿਹਾ ਨਹੀਂ ਘੁੰਮਦਾ। ਸਮਾਂ ਬਦਲਿਆ, ਸੰਗੀਤ ਵਿੱਚ ਨਵੀਂ ਤਕਨਾਲੋਜੀ ਆਈ, ਪੱਛਮੀ ਸਾਜ਼ਾਂ ਦਾ ਪ੍ਰਭਾਵ ਵਧਿਆ ਅਤੇ ਨਵੀਂ ਪੀੜ੍ਹੀ ਦੇ ਗਾਇਕਾਂ ਦਾ ਦੌਰ ਸ਼ੁਰੂ ਹੋ ਗਿਆ। ਇਸ ਬਦਲਾਅ ਦੇ ਹੜ੍ਹ ਵਿੱਚ ਪੁਰਾਣੇ ਸਾਜ਼ ਅਤੇ ਸਾਫ਼-ਸੁਥਰੀ ਲੋਕ-ਗਾਇਕੀ ਪਿੱਛੇ ਛੁੱਟ ਗਈ। ਹੌਲੀ-ਹੌਲੀ ਇਹ ਮਹਾਨ ਲੋਕ-ਗਾਇਕ ਚਾਂਦੀ ਰਾਮ ਚਾਂਦੀ ਗੁਮਨਾਮੀ ਦੇ ਹਨੇਰੇ ਵੱਲ ਧੱਕਿਆ ਗਿਆ। ਜਿਸ ਕਲਾਕਾਰ ਦੇ ਇੱਕ ਇਸ਼ਾਰੇ ’ਤੇ ਕਦੇ ਹਜ਼ਾਰਾਂ ਦੀ ਭੀੜ ਝੂਮ ਉੱਠਦੀ ਸੀ, ਉਹ ਆਪਣੇ ਆਖ਼ਰੀ ਦਿਨਾਂ ਵਿੱਚ ਬੇਹੱਦ ਗ਼ਰੀਬੀ, ਬਿਮਾਰੀ ਅਤੇ ਇਕੱਲਤਾ ਨਾਲ ਜੂਝਦਾ ਰਹਿੰਦਾ ਸੀ।
ਸਰਕਾਰਾਂ ਅਤੇ ਸੰਗੀਤ ਜਗਤ ਦੀ ਬੇਰੁਖ਼ੀ ਕਾਰਨ ਇਸ ਮਹਾਨ ਫ਼ਨਕਾਰ ਨੂੰ ਆਖ਼ਰੀ ਸਮੇਂ ਉਹ ਮਾਣ-ਸਤਿਕਾਰ ਨਾ ਮਿਲ ਸਕਿਆ ਜਿਸ ਦਾ ਉਹ ਹੱਕਦਾਰ ਸੀ। ਆਖ਼ਰਕਾਰ, 1996 ਵਿੱਚ ਉਸ ਨੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਦਿੱਤਾ। ਉਸ ਨੇ ਆਪਣੇ ਇੱਕ ਵਫ਼ਾਦਾਰ ਸ਼ਾਗਿਰਦ ਦੇ ਘਰ ਬੇਹੱਦ ਤੰਗੀ ਦੀ ਹਾਲਤ ਵਿੱਚ ਆਖ਼ਰੀ ਸਾਹ ਲਏ ਅਤੇ ਪੰਜਾਬੀ ਸੰਗੀਤ ਦਾ ਇੱਕ ਸੁਨਹਿਰੀ ਅਧਿਆਇ ਸਮਾਪਤ ਹੋ ਗਿਆ।
ਚਾਂਦੀ ਰਾਮ ਚਾਂਦੀ ਨੇ ਆਪਣੇ ਜੀਵਨ ਕਾਲ ਦੌਰਾਨ ਨਾ ਸਿਰਫ਼ ਸੁਪਰਹਿੱਟ ਗੀਤ ਦਿੱਤੇ, ਸਗੋਂ ਅਨੇਕਾਂ ਨਵੇਂ ਗਾਇਕਾਂ ਨੂੰ ਗਾਇਕੀ ਦੇ ਗੁਰ ਸਿਖਾ ਕੇ ਉਸਤਾਦ ਹੋਣ ਦਾ ਫ਼ਰਜ਼ ਵੀ ਨਿਭਾਇਆ। ਉਸ ਦੀ ਗਾਇਕੀ ਦੀ ਅਮੀਰ ਛਾਪ ਅੱਜ ਵੀ ਪੰਜਾਬੀ ਲੋਕ-ਸੰਗੀਤ ਦੀਆਂ ਜੜਾਂ ਵਿੱਚ ਮਹਿਸੂਸ ਕੀਤੀ ਜਾ ਸਕਦੀ ਹੈ। ਅੱਜ ਜਦੋਂ ਪੰਜਾਬੀ ਸੰਗੀਤ ਗਲੋਬਲ ਪੱਧਰ ’ਤੇ ਵੱਡੀਆਂ ਮੱਲਾਂ ਮਾਰ ਰਿਹਾ ਹੈ, ਤਾਂ ਸਾਡਾ ਇਹ ਮੁੱਢਲਾ ਫ਼ਰਜ਼ ਬਣਦਾ ਹੈ ਕਿ ਅਸੀਂ ਚਾਂਦੀ ਰਾਮ ਚਾਂਦੀ ਵਰਗੇ ਪੁਰਖਿਆਂ ਅਤੇ ਉਸਤਾਦਾਂ ਨੂੰ ਯਾਦ ਰੱਖੀਏ। ਉਨ੍ਹਾਂ ਦੀ ਕਲਾ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ ਸੀ, ਸਗੋਂ ਉਹ ਪੰਜਾਬ ਦੇ ਲੋਕ-ਜੀਵਨ, ਸੱਭਿਆਚਾਰ, ਅਮੀਰ ਵਿਰਸੇ ਅਤੇ ਰੂਹ ਦੀ ਸੱਚੀ ਤਸਵੀਰ ਸੀ।
ਚਾਂਦੀ ਰਾਮ ਚਾਂਦੀ ਦਾ ਜੀਵਨ ਸਾਨੂੰ ਇੱਕ ਵੱਡਾ ਸਬਕ ਵੀ ਸਿਖਾਉਂਦਾ ਹੈ ਕਿ ਦੌਲਤ, ਸ਼ੁਹਰਤ ਅਤੇ ਵਕਤ ਛਿਨਭੰਗੁਰ ਹਨ, ਪਰ ਸੱਚੀ ਕਲਾ ਅਤੇ ਸੁਰ ਕਦੇ ਨਹੀਂ ਮਰਦੇ। ਅੱਜ ਵੀ ਜਦੋਂ ਕਿਸੇ ਰੇਡੀਓ, ਸਪੀਕਰ ਜਾਂ ਇੰਟਰਨੈੱਟ ’ਤੇ ਉਸ ਦੇ ਗੀਤਾਂ ਦੀ ਕੋਈ ਧੁਨ ਗੂੰਜਦੀ ਹੈ ਤਾਂ ਮਹਿਸੂਸ ਹੁੰਦਾ ਹੈ ਕਿ ਪੰਜਾਬ ਦੀ ਮਿੱਟੀ ਦਾ ਇਹ ਸੁਰੀਲਾ ਅਤੇ ਲਾਡਲਾ ਪੁੱਤਰ ਅੱਜ ਵੀ ਆਪਣੇ ਸੁਰਾਂ ਰਾਹੀਂ ਸਾਡੇ ਦਰਮਿਆਨ ਅਮਰ ਹੈ।
ਸੰਪਰਕ: 70098-98044

