DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਤੂੰਬੇ ਅਲਗੋਜ਼ੇ ਦੀ ਗਾਇਕੀ ਦਾ ਜਗਦਾ ਦੀਵਾ ਚੰਦ ਰਾਗੀ ਦਾਦੂਵਾਲ

ਪੰਜਾਬ ਦੀਆਂ ਦੂਸਰੀਆਂ ਵਿਰਾਸਤੀ ਕਲਾਵਾਂ ਵਾਂਗ ਤੂੰਬੇ ਅਲਗੋਜ਼ੇ ਦੀ ਗਾਇਕੀ ਦਾ ਘੇਰਾ ਵੀ ਸੁੰਗੜ ਗਿਆ ਹੈ। ਕਦੇ ਇਸ ਗਾਇਕੀ ਨਾਲ ਸੈਂਕੜਿਆਂ ਦੀ ਗਿਣਤੀ ਵਿੱਚ ਗਾਇਕ ਜੁੜੇ ਹੋਏ ਸਨ। ਆਮ ਲੋਕਾਂ ਦੇ ਮਨੋਰੰਜਨ ਦਾ ਇਹ ਗਾਇਕੀ ਇੱਕ ਵੱਡਾ ਸਾਧਨ ਸੀ, ਪ੍ਰੰਤੂ...

  • fb
  • twitter
  • whatsapp
  • whatsapp
Advertisement

ਪੰਜਾਬ ਦੀਆਂ ਦੂਸਰੀਆਂ ਵਿਰਾਸਤੀ ਕਲਾਵਾਂ ਵਾਂਗ ਤੂੰਬੇ ਅਲਗੋਜ਼ੇ ਦੀ ਗਾਇਕੀ ਦਾ ਘੇਰਾ ਵੀ ਸੁੰਗੜ ਗਿਆ ਹੈ। ਕਦੇ ਇਸ ਗਾਇਕੀ ਨਾਲ ਸੈਂਕੜਿਆਂ ਦੀ ਗਿਣਤੀ ਵਿੱਚ ਗਾਇਕ ਜੁੜੇ ਹੋਏ ਸਨ। ਆਮ ਲੋਕਾਂ ਦੇ ਮਨੋਰੰਜਨ ਦਾ ਇਹ ਗਾਇਕੀ ਇੱਕ ਵੱਡਾ ਸਾਧਨ ਸੀ, ਪ੍ਰੰਤੂ ਮਨੋਰੰਜਨ ਦੇ ਆਧੁਨਿਕ ਸਾਧਨਾਂ ਕਾਰਨ ਆਮ ਸਰੋਤੇ ਇਸ ਗਾਇਕੀ ਤੋਂ ਮੁੱਖ ਮੋੜਦੇ ਗਏ। ਤਸੱਲੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਪ੍ਰਤੀਕੂਲ ਹਾਲਤਾਂ ਦੇ ਬਾਵਜੂਦ ਆਸ ਦਾ ਦੀਵਾ ਬੁਝਿਆ ਨਹੀਂ, ਭਾਵੇਂ ਇਸ ਨੂੰ ਜਗਦਾ ਰੱਖਣ ਵਾਲਿਆਂ ਦੀ ਗਿਣਤੀ ਨਾਂ-ਮਾਤਰ ਹੀ ਹੈ। ਇਸ ਨਾਂ-ਮਾਤਰ ਗਿਣਤੀ ਵਿੱਚੋਂ ਹੀ ਇੱਕ ਨਾਂ ਹੈ -ਚੰਦ ਰਾਗੀ ਦਾਦੂਵਾਲ।

ਚੰਦ ਰਾਗੀ ਦਾ ਪੂਰਾ ਨਾਂ ਚੰਦ ਰਾਮ ਹੈ। ਉਸ ਦਾ ਜਨਮ 1962 ਵਿੱਚ ਜਲੰਧਰ ਜ਼ਿਲ੍ਹੇ ਦੇ ਪਿੰਡ ਰਾਮੂਚੱਕ ਵਿਖੇ ਇੱਕ ਆਦਿ-ਧਰਮੀ ਪਰਿਵਾਰ ਵਿੱਚ ਹੋਇਆ। ਉਸ ਦੇ ਪਿਤਾ ਦਾ ਨਾਂ ਨਿਰੰਜਣ ਰਾਮ ਅਤੇ ਮਾਤਾ ਦਾ ਨਾਂ ਬਚਨੀ ਸੀ। ਪਰਿਵਾਰ ਦਾ ਕਿੱਤਾ ਪਸ਼ੂ ਪਾਲਣਾ ਅਤੇ ਮਿਹਨਤ ਮਜ਼ਦੂਰੀ ਕਰਨਾ ਸੀ। ਉਸ ਦਾ ਬਚਪਨ ਆਮ ਨਿਮਨ ਪਰਿਵਾਰਾਂ ਦੇ ਬੱਚਿਆਂ ਵਾਂਗ ਬੀਤਿਆ। ਘਰ ਦੀਆਂ ਤੰਗੀਆਂ ਤੁਰਸ਼ੀਆਂ ਕਾਰਨ ਕੋਈ ਬਹੁਤੀ ਪੜ੍ਹਾਈ ਨਹੀਂ ਕਰ ਸਕਿਆ, ਕੇਵਲ ਛੇਵੀਂ ਜਮਾਤ ਤੱਕ ਹੀ ਪਹੁੰਚ ਸਕਿਆ। ਸੰਗੀਤ ਨਾਲ ਉਸ ਦਾ ਵਾਹ ਬਚਪਨ ਵਿੱਚ ਹੀ ਪੈ ਗਿਆ ਸੀ ਕਿਉਂਕਿ ਪ੍ਰਸਿੱਧ ਜੋੜੀਵਾਦਕ ਪਰਗਣ ਰਾਮ ਉਸ ਦਾ ਸਕਾ ਚਾਚਾ ਹੈ। ਇਸੇ ਤਰ੍ਹਾਂ ਸ਼ਰੀਕੇ ਵਿੱਚੋਂ ਭਰਾ ਲੱਗਦੇ ਚੈਨ ਰਾਮ ਅਤੇ ਸ਼ਰਧੂ ਰਾਮ ਤੂੰਬਾ ਵਾਦਕ ਸਨ।

Advertisement

ਉਨ੍ਹਾਂ ਨੂੰ ਦੇਖ ਤੇ ਸੁਣ ਕੇ ਚੰਦ ਨੂੰ ਵੀ ਇਸ ਗਾਇਕੀ ਦੀ ਲਗਨ ਲੱਗ ਗਈ। ਬਾਰਾਂ ਤੇਰ੍ਹਾਂ ਸਾਲ ਦੀ ਉਮਰ ਵਿੱਚ ਪੜ੍ਹਾਈ ਛੱਡ ਕੇ ਉਨ੍ਹਾਂ ਕੋਲ ਬੈਠਣ ਲੱਗ ਪਿਆ। ਉਨ੍ਹਾਂ ਤੋਂ ਸੁਣ-ਸੁਣ ਕੇ ਕਈ ‘ਰੰਗ’ ਕੰਠ ਕਰ ਲਏ। ਜਦੋਂ ਉਹ ਆਪਣੀ ਰਿਹਰਸਲ ਕਰਦੇ ਤਾਂ ਚੰਦ ਵੀ ਨਾਲ ਆਵਾਜ਼ਾਂ ਲਾਉਣ ਲੱਗ ਜਾਂਦਾ। ਆਵਾਜ਼ ਚੰਗੀ ਸੀ, ਇਸ ਲਈ ਸਾਰੇ ਹੌਸਲਾ ਅਫ਼ਜ਼ਾਈ ਕਰਦੇ। ਹੌਲੀ-ਹੌਲੀ ਉਸ ਦਾ ਸ਼ੌਕ ਜਨੂੰਨ ਦੀ ਹੱਦ ਤੱਕ ਚਲਾ ਗਿਆ। ਇਸ ਗਾਇਕੀ ਦੀ ਵਿਧੀਵਤ ਸਿਖਲਾਈ ਲੈਣ ਲਈ ਉਸ ਨੇ ਬੁੰਡਾਲੇ ਵਾਲੇ ਰਾਗੀ ਰਣਜੀਤ ਰਾਣੇ ਨੂੰ ਉਸਤਾਦ ਧਾਰ ਲਿਆ। ਇੱਕ-ਦੋ ਸਾਲ ਨਹੀਂ ਸਗੋਂ ਦਸ-ਗਿਆਰਾਂ ਸਾਲ ਉਸਤਾਦ ਦੀ ਸੰਗਤ ਕੀਤੀ। ਤੂੰਬਾ ਵਜਾਉਣਾ ਸਿੱਖਿਆ, ਰਾਗ ਯਾਦ ਕੀਤਾ, ਅਖਾੜਿਆਂ ਵਿੱਚ ਖੜ੍ਹਨਾ, ਬੈਠਣਾ, ਤੁਰਨਾ ਤੇ ਬੋਲਣਾ ਸਿੱਖਿਆ। ਆਪਣੀ ਮਿਹਨਤ ਅਤੇ ਲਗਨ ਨਾਲ ਆਗੂ ਅਤੇ ਪਾਛੂ ਦੋਵੇਂ ਤਰ੍ਹਾਂ ਗਾਉਣ ਲੱਗ ਪਿਆ।

Advertisement

ਦਾਦੂਵਾਲ ਚੰਦ ਦਾ ਸਹੁਰਾ ਪਿੰਡ ਹੈ ਜੋ ਜਲੰਧਰ ਜ਼ਿਲ੍ਹੇ ਦੀ ਫਿਲੌਰ ਤਹਿਸੀਲ ਵਿੱਚ ਪੈਂਦਾ ਹੈ। ਵਿਆਹ ਤੋਂ ਬਾਅਦ ਕੁਝ ਘਰੇਲੂ ਕਾਰਨਾਂ ਕਰਕੇ ਉਹ ਦਾਦੂਵਾਲ ਰਹਿਣ ਲੱਗ ਪਿਆ। ਹੌਲੀ ਹੌਲੀ ਦਾਦੂਵਾਲ ਪੱਕੇ ਤੌਰ ’ਤੇ ਉਸ ਦੇ ਨਾਂ ਨਾਲ ਜੁੜ ਗਿਆ ਅਤੇ ਉਹ ਚੰਦ ਰਾਗੀ ਦਾਦੂਵਾਲ ਵਜੋਂ ਮਸ਼ਹੂਰ ਹੋ ਗਿਆ। ਆਪਣੇ ਉਸਤਾਦ ਰਣਜੀਤ ਰਾਣੇ ਤੋਂ ਇਲਾਵਾ ਉਹ ਹੋਰ ਕਈ ਨਾਮੀ ਰਾਗੀਆਂ ਦੀ ਸੰਗਤ ਕਰ ਚੁੱਕਾ ਹੈ। ਇਨ੍ਹਾਂ ਵਿੱਚ ਬੂਟਾ ਗੁੱਜਰ, ਗੁਰਮੀਤ ਕਾਲਾ ਬਾਜੜੇ ਵਾਲਾ, ਹਰਬੰਸ ਨੰਗਲ ਆਦਿ ਸ਼ਾਮਲ ਹਨ। ਇਸੇ ਤਰ੍ਹਾਂ ਕੋਮਲ ਸਿੰਘ ਫੌਜੀ ਪੱਖੋਵਾਲੀਆ, ਬਸ਼ੀਰ ਖਾਂ ਚੀਮਿਆਂ ਵਾਲਾ ਨਾਲ ਉਹ ਬਤੌਰ ਆਗੂ ਵੀ ਗਾ ਚੁੱਕਾ ਹੈ। ਗਾਇਕੀ ਦੇ ਪੰਤਾਲੀ ਸਾਲ ਤੋਂ ਵੀ ਵੱਧ ਦੇ ਸਫ਼ਰ ਦੌਰਾਨ ਚੰਦ ਪੰਜਾਬ ਦੇ ਬਹੁਤ ਸਾਰੇ ਪ੍ਰਸਿੱਧ ਮੇਲਿਆਂ ਤੋਂ ਇਲਾਵਾ ਪੰਜਾਬ ਤੋਂ ਬਾਹਰ ਵੀ ਜਾ ਆਇਆ ਹੈ।

ਉਹ ਬੂੰਦੀ ਕੋਟਾ (ਗੁਜਰਾਤ), ਮੇਲਾ ਛਪਾਰ, ਮੇਲਾ ਜਰਗ, ਰਾਏਕੋਟ, ਗੁਰੂ ਕਾ ਕੋਠਾ, ਮਲੂਕਾ, ਰੂਪੋਵਾਲ ਦੀ ਛਿੰਝ, ਨੂਰ ਮਹਿਲ, ਸ਼ੰਕਰ ਸ਼ਰੀਂਹ ਦੀ ਛਿੰਝ, ਮੁਕੰਦਪੁਰ, ਰੁੜਕਾ, ਬੋਪਾਰਾਵਾਂ, ਹੇਅਰਾਂ, ਦਰਬਾਰ ਮੰਢਾਲੀ ਸ਼ਰੀਫ਼, ਦਰਬਾਰ ਬਾਬਾ ਅਮੀ ਚੰਦ (ਬਾਬਾ ਜੱਗੂ), ਬੋਹਾ ਬੁਢਲਾਢਾ, ਝੁਨੀਰ, ਹੀਰੋਂ ਝਾੜੋਂ ਆਦਿ ਵਿੱਚ ਪੇਸ਼ਕਾਰੀ ਦੇ ਚੁੱਕਾ ਹੈ।

ਪੁਰਾਣੇ ਰਾਗੀਆਂ ਵਾਂਗ ਚੰਦ ਦੇ ਭਾਵੇਂ ਬਹੁਤਾ ਤਾਂ ਨਹੀਂ, ਪ੍ਰੰਤੂ ਫਿਰ ਵੀ ਗੁਜ਼ਾਰੇ ਜੋਗਾ ਰਾਗ ਯਾਦ ਹੈ। ਉਸ ਦੇ ਸੱਸੀ, ਪੂਰਨ, ਦੁੱਲਾ ਅਤੇ ਰਾਜਾ ਹਰੀ ਚੰਦ ਪੂਰੀਆਂ ਲੜੀਆਂ ਤੋਂ ਇਲਾਵਾ ਅਨੇਕਾਂ ‘ਰੰਗ’ ਯਾਦ ਹਨ ਜੋ ਵੱਖ-ਵੱਖ ਲੋਕ ਗਾਥਾਵਾਂ ਨਾਲ ਸਬੰਧਤ ਹਨ। ਜਰਗ ਦੇ ਮੇਲੇ ’ਤੇ ਮੈਂ ਉਸ ਨੂੰ ਕਈ ਵਾਰ ਮਿਲਿਆ ਹਾਂ। ਉਸ ਦੀ ਦਿੱਖ ਸ਼ੌਕੀਨ ਰਾਗੀਆਂ ਵਾਲੀ ਹੈ। ਖ਼ਤ ਕੱਢਵੀਂ ਦਾੜ੍ਹੀ, ਤਿੱਖੀਆਂ ਨਿੱਕੀਆਂ ਮੁੱਛਾਂ, ਅੱਖਾਂ ਵਿੱਚ ਸੁਰਮਾ, ਫਰਲੇ ਵਾਲਾ ਚੀਰਾ, ਸਫ਼ੈਦ ਕੁੜਤਾ ਚਾਦਰਾ ਅਤੇ ਕੱਢਵੀਂ ਨੋਕਦਾਰ ਜੁੱਤੀ ਨਾਲ ਉਹ ਚੰਗਾ ਜਚਦਾ ਹੈ। ਬਤੌਰ ਆਗੂ ਉਸ ਦਾ ਵਿਖਿਆਨ ਢੰਗ ਚੰਗਾ ਹੈ, ਉਹ ਸਰੋਤਿਆਂ ਨਾਲ ਤਾਲਮੇਲ ਬਿਠਾਉਣ ਦੇ ਸਮਰੱਥ ਹੈ। ਉਸ ਦੇ ਗਾਏ ‘ਰੰਗਾਂ’ ਵਿੱਚੋਂ ਲੋਕ ਗਾਥਾ ਢੋਲ ਸੰਮੀ ਨਾਲ ਸਬੰਧਤ ਇੱਕ ਨਮੂਨਾ ਹੈ;

‘‘ਲਓ ਮਿਹਰਬਾਨ, ਸਿਆਣੇ ਕਹਿੰਦੇ, ਧੱਕਾ ਕਹਿਰ ਦਾ, ਪਿਆਲਾ ਜ਼ਹਿਰ ਦਾ। ਵਿਛੋੜਾ ਕਿਸੇ ਵੈਰੀ ਦੁਸ਼ਮਣ ਦੇ ਪੇਸ਼ ਨਾ ਆਵੇ। ਕਿਸੇ ਦਾ ਸੋਹਣਾ ਪ੍ਰਦੇਸ ਨਾ ਜਾਵੇ। ਸੰਮੀ ਦੇ ਕੋਲੋਂ ਢੋਲ ਵਿੱਛੜ ਗਿਆ। ਇੱਕ ਡਾਕਖਾਨੇ ਵਾਲਾ ਡਾਕੀਆ ਚਿੱਠੀਆਂ ਤਕਸੀਮ ਕਰਦਾ ਆਇਆ। ਸੰਮੀ ਅੱਗੇ ਹੋ ਕੇ ਡਾਕੀਏ ਦੇ ਨਾਲ ਜਵਾਬ ਸਵਾਲ ਕਰਦੀ ਐ, ਭਲਾ ਰਣਜੀਤ ਬੁੰਡਾਲੇ ਆਲਿਆ ਕੈਸੇ ਕਰਦੀ ਐ...

ਮੇਰੇ ਢੋਲ ਦੀ ਚਿੱਠੀ ਨਾ ਕੋਈ ਆਈ

ਵੇ ਦੱਸੀਂ ਭਾਈ ਡਾਕ ਵਾਲਿਆ।

ਆਪ ਆਇਆ ਨਾ ਕੋਈ ਚਿੱਠੀ ਮੈਨੂੰ ਪਾਈ

ਵੇ ਦੱਸੀਂ ਭਾਈ ਡਾਕ ਵਾਲਿਆ।

ਨਿੱਤ ਉਹਦੀਆਂ ਉਡੀਕਾਂ ਮੈਨੂੰ ਰਹਿੰਦੀਆਂ

ਸੱਟਾਂ ਗੁੱਝੀਆਂ ਵਿਛੋੜੇ ਦੀਆਂ ਪੈਂਦੀਆਂ।

ਆਸਾਂ ਜਾਂਦੀਆਂ ਨਿਮਾਣੀ ਦੀਆਂ ਢਹਿੰਦੀਆਂ

ਦਿਨ ਰਾਤ ਬੈਠੀ ਨਾਂ ਉਹਦਾ ਲੈਂਦੀਆਂ।

ਮੈਥੋਂ ਹੋਇਆ ਕੀ ਕਸੂਰ

ਮੇਰਾ ਜਾਣੇ ਰੱਬ ਗਫ਼ੂਰ

ਬੇਲੀ ਕਿਉਂ ਹੋ ਗਿਆ ਦੂਰ।

ਖ਼ਬਰੇ ਕਾਹਤੋਂ ਉਹਨੇ ਦਿਲੋਂ ਮੈਂ ਭੁਲਾਈ

ਵੇ ਦੱਸੀਂ ਭਾਈ ਡਾਕ ਵਾਲਿਆ।

ਡਾਕ ਵਾਲਿਆ ‘ਹਸਾਨ ਨਾ ਭੁਲਾਵਾਂ ਮੈਂ

ਜਿਹੜੇ ਰਾਹੇ ਆਇਆ ਉਹਦੇ ਸਦਕੇ ਜਾਵਾਂ ਮੈਂ।

ਚਿੱਠੀ ਦੇ ਦਵੇਂ ਤਾਂ ਸੀਨੇ ਨਾਲ ਲਾਵਾਂ ਮੈਂ

ਦਏਂ ਖੁਸ਼ੀਆਂ ’ਤੇ ਈਦ ਮਨਾਵਾਂ ਮੈਂ।

ਮੇਰਾ ਦਿਲਬਰ ਜਾਨੀ ਯਾਰ

ਕਿਤੇ ਮਿਲ ਜਾਵੇ ਇੱਕ ਵਾਰ।

ਚੰਦ ਹੋਰਾਂ ਦੀ ਕੁਝ ਰਿਕਾਰਡਿੰਗ ਯੂ-ਟਿਊਬ ਚੈਨਲ ’ਤੇ ਉਪਲੱਬਧ ਹੈ। ਭਾਵੇਂ ਇਹ ਕਿਸੇ ਵੱਡੀ ਰਿਕਾਰਡਿੰਗ ਕੰਪਨੀ ਵੱਲੋਂ ਨਹੀਂ, ਸਗੋਂ ਸਥਾਨਕ ਪੱਧਰ ’ਤੇ ਕੀਤੇ ਯਤਨ ਹੀ ਹਨ, ਪ੍ਰੰਤੂ ਫਿਰ ਵੀ ‘ਚੰਦ ਰਾਗੀ ਦਾਦੂਵਾਲ’ ਦੇ ਨਾਂ ’ਤੇ ਇਹ ਸੁਣੀ ਜਾ ਸਕਦੀ ਹੈ। ਇਨ੍ਹਾਂ ਵਿੱਚ ‘ਢੋਲ ਦੀ ਚਿੱਠੀ’, ‘ਚੋਟਾਂ ਇਸ਼ਕ ਦੀਆਂ’, ‘ਘੁੰਡ ਕੱਢ ਕੇ ਖੈਰ ਨਾ ਪਾਈਏ’, ‘ਮੇਹਰੂ ਪੋਸਤੀ’ (ਦੁੱਲਾ), ‘ਦੁੱਲਿਆ ਵੇ ਟੋਕਰਾ ਚੁਕਾਈਂ ਆ ਕੇ’, ‘ਸੱਸੀ’, ‘ਨਦੀ ਉਤੇ ਕਾਸਨੂੰ ਦੁਹਾਈ ਪਾਈ ਐ’ ਆਦਿ ਸ਼ਾਮਲ ਹਨ।

ਵੀਹ ਕੁ ਸਾਲ ਦੀ ਉਮਰ ਵਿੱਚ ਚੰਦ ਦਾ ਵਿਆਹ ਪਿੰਡ ਦਾਦੂਵਾਲ ਵਿਖੇ ਕੇਹਰੂ ਰਾਮ ਦੀ ਪੁੱਤਰੀ ਸਰਬਜੀਤ ਨਾਲ ਹੋ ਗਿਆ ਸੀ। ਵਿਆਹ ਤੋਂ ਬਾਅਦ ਉਹ ਦਾਦੂਵਾਲ ਵਿਖੇ ਹੀ ਰਹਿ ਰਿਹਾ ਹੈ। ਉਸ ਦਾ ਇਕਲੌਤਾ ਪੁੱਤਰ ਉਸ ਵਾਲੀ ਲਾਈਨ ’ਤੇ ਨਹੀਂ ਚੱਲਿਆ।

ਸੰਪਰਕ: 84271-00341

Advertisement
×