Cannes Film Festival: ਟ੍ਰੋਲਰਜ਼ ਨੂੰ ਆਲੀਆ ਭੱਟ ਦਾ ਕਰਾਰਾ ਜਵਾਬ, ਤਰਸ ਕਿਉਂ ਪਿਆਰੇ? ਤੁਸੀਂ ਤਾਂ ਮੈਨੂੰ ਨੋਟਿਸ ਕਰ ਹੀ ਲਿਆ
ਰੈੱਡ ਕਾਰਪੇਟ ’ਤੇ ਅਣਦੇਖੀ ਕੀਤੇ ਜਾਣ ਦੇ ਦਾਅਵਿਆਂ ਨੂੰ ਅਦਾਕਾਰਾ ਨੇ ਹਾਸੇ ਵਿੱਚ ਉਡਾਇਆ
ਬੌਲੀਵੁੱਡ ਦੀ ਮਸ਼ਹੂਰ ਅਦਾਕਾਰਾ ਆਲੀਆ ਭੱਟ ਨੇ ਕਾਨਸ ਫ਼ਿਲਮ ਫੈਸਟੀਵਲ (Cannes Film Festival) ਦੀ ਇੱਕ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਉਸ ਨੂੰ ਨਿਸ਼ਾਨਾ ਬਣਾਉਣ ਵਾਲੇ ਇੱਕ ਟ੍ਰੋਲਰ ਨੂੰ ਬਹੁਤ ਹੀ ਕਰਾਰਾ ਅਤੇ ਸਿਆਣਪ ਭਰਿਆ ਜਵਾਬ ਦਿੱਤਾ ਹੈ।
ਦਰਅਸਲ, ਆਲੀਆ ਭੱਟ ਇਸ ਵਾਰ ਦੂਜੀ ਵਾਰ ਇਸ ਵੱਕਾਰੀ ਫ਼ਿਲਮ ਫੈਸਟੀਵਲ ਵਿੱਚ ਹਿੱਸਾ ਲੈਣ ਪਹੁੰਚੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਸਾਲ 2025 ਵਿੱਚ ਕਾਨਸ ਵਿੱਚ ਆਪਣਾ ਡੈਬਿਊ ਕੀਤਾ ਸੀ। ਇਸ ਵਾਰ ਫੈਸਟੀਵਲ ਦੇ ਰੈੱਡ ਕਾਰਪੇਟ ਤੋਂ ਆਲੀਆ ਦੀਆਂ ਕਈ ਵੀਡੀਓਜ਼ ਇੰਟਰਨੈੱਟ ’ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵੀਡੀਓਜ਼ ਦੇ ਸਾਹਮਣੇ ਆਉਣ ਤੋਂ ਬਾਅਦ ਸੋਸ਼ਲ ਮੀਡੀਆ ਯੂਜ਼ਰਸ ਦੇ ਇੱਕ ਹਿੱਸੇ ਨੇ ਇਹ ਦਾਅਵਾ ਕਰਨਾ ਸ਼ੁਰੂ ਕਰ ਦਿੱਤਾ ਕਿ ਉੱਥੇ ਮੌਜੂਦ ਕੌਮਾਂਤਰੀ ਮੀਡੀਆ ਅਤੇ ਪਾਪਾਰਾਜ਼ੀ (ਫੋਟੋਗ੍ਰਾਫਰਾਂ) ਵੱਲੋਂ ਭਾਰਤੀ ਅਦਾਕਾਰਾ ਨੂੰ ਪੂਰੀ ਤਰ੍ਹਾਂ ਅਣਦੇਖਾ ਕੀਤਾ ਗਿਆ।
ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਦਿਖਾਇਆ ਗਿਆ ਕਿ ਜਦੋਂ ਆਲੀਆ ਭੱਟ ਫੋਟੋਗ੍ਰਾਫਰਾਂ ਦੇ ਸਾਹਮਣੇ ਪੋਜ਼ ਦੇਣ ਲਈ ਖੜ੍ਹੀ ਹੋਈ, ਤਾਂ ਕਈ ਫੋਟੋਗ੍ਰਾਫਰਾਂ ਨੇ ਆਪਣੇ ਕੈਮਰੇ ਹੇਠਾਂ ਕਰ ਲਏ। ਇਸ ਵੀਡੀਓ ਨੂੰ ਲੈ ਕੇ ਇੰਟਰਨੈੱਟ ਯੂਜ਼ਰਸ ਦੋ ਧੜਿਆਂ ਵਿੱਚ ਵੰਡੇ ਗਏ। ਜਿੱਥੇ ਆਲੀਆ ਦੇ ਪ੍ਰਸ਼ੰਸਕ ਉਸ ਦਾ ਬਚਾਅ ਕਰ ਰਹੇ ਸਨ, ਉੱਥੇ ਹੀ ਕੁਝ ਲੋਕਾਂ ਨੇ ਉਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਲਿਖਿਆ ਕਿ ਕੌਮਾਂਤਰੀ ਪੱਧਰ ’ਤੇ ਆਲੀਆ ਦੀ ਕੋਈ ਪਛਾਣ ਨਹੀਂ ਹੈ।
ਇਸ ਹਫ਼ਤੇ ਦੇ ਸ਼ੁਰੂ ਵਿੱਚ, ਆਲੀਆ ਨੇ ਫੈਸਟੀਵਲ ਤੋਂ ਆਪਣੀਆਂ ਕੁਝ ਖੂਬਸੂਰਤ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ ਸਨ। ਜਿੱਥੇ ਹਜ਼ਾਰਾਂ ਪ੍ਰਸ਼ੰਸਕਾਂ ਨੇ ਉਸ ਦੀ ਤਾਰੀਫ਼ ਕੀਤੀ, ਉੱਥੇ ਹੀ ਇੱਕ ਟ੍ਰੋਲਰ ਨੇ ਨਕਾਰਾਤਮਕ ਕਮੈਂਟ ਕਰਦਿਆਂ ਲਿਖਿਆ, “ ਬਹੁਤ ਅਫ਼ਸੋਸ ਦੀ ਗੱਲ ਹੈ (What a pity), ਉੱਥੇ ਕਿਸੇ ਨੇ ਤੁਹਾਨੂੰ ਨੋਟਿਸ ਹੀ ਨਹੀਂ ਕੀਤਾ।” ਇਸ ਦਾ ਕਰਾਰਾ ਜਵਾਬ ਦਿੰਦਿਆਂ ਲਗਭਗ 22 ਲੱਖ ਫਾਲੋਅਰਜ਼ ਵਾਲੀ ਇਸ ਅਦਾਕਾਰਾ ਨੇ ਲਿਖਿਆ, “ਤਰਸ (ਅਫ਼ਸੋਸ) ਕਿਉਂ ਪਿਆਰੇ? ਤੁਸੀਂ ਤਾਂ ਮੈਨੂੰ ਨੋਟਿਸ ਕਰ ਹੀ ਲਿਆ।”
ਆਲੀਆ ਦੇ ਇਸ ਹਾਜ਼ਰ-ਜਵਾਬੀ ਵਾਲੇ ਅੰਦਾਜ਼ ਦੀ ਹੁਣ ਸੋਸ਼ਲ ਮੀਡੀਆ ’ਤੇ ਕਾਫ਼ੀ ਚਰਚਾ ਹੋ ਰਹੀ ਹੈ। ਦੱਸਣਯੋਗ ਹੈ ਕਿ ਆਲੀਆ ਭੱਟ ਇਸ ਵੱਕਾਰੀ ਫੈਸਟੀਵਲ ਵਿੱਚ ਕਾਸਮੈਟਿਕ ਬ੍ਰਾਂਡ ‘ਲੋਰੀਅਲ ਪੇਰਿਸ’ (L'Oreal Paris) ਦੀ ਭਾਰਤੀ ਗਲੋਬਲ ਅੰਬੈਸਡਰ ਵਜੋਂ ਸ਼ਿਰਕਤ ਕਰ ਰਹੀ ਹੈ। ਇਹ ਵਿਸ਼ਵ ਪ੍ਰਸਿੱਧ ਫ਼ਿਲਮ ਫੈਸਟੀਵਲ 12 ਮਈ ਨੂੰ ਸ਼ੁਰੂ ਹੋਇਆ ਸੀ ਅਤੇ 23 ਮਈ ਤੱਕ ਜਾਰੀ ਰਹੇਗਾ।

