DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Cannes 2026: Cannes ਫਿਲਮ ਫੈਸਟੀਵਲ ਤੇ World War 2, ਇੱਕੋ ਦਿਨ ਹੋਏ ਸਨ ਸ਼ੁਰੂ !

'ਕਾਨ ਫਿਲਮ ਫੈਸਟੀਵਲ' (Cannes Film Festival) ਦੇ ਰੈੱਡ ਕਾਰਪੇਟ 'ਤੇ ਅੱਜ ਦੁਨੀਆ ਭਰ ਦੇ ਸਿਤਾਰੇ ਲੱਖਾਂ-ਕਰੋੜਾਂ ਦੇ ਕੱਪੜੇ ਪਾ ਕੇ ਜਲਵੇ ਬਿਖੇਰ ਰਹੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਉਸ ਦੀ ਸ਼ੁਰੂਆਤ ਫਿਲਮਾਂ ਕਰਕੇ ਨਹੀਂ, ਬਲਕਿ ਅਡੋਲਫ ਹਿਟਲਰ ਦੀ...

  • fb
  • twitter
  • whatsapp
  • whatsapp
featured-img featured-img
i-Stock
Advertisement

'ਕਾਨ ਫਿਲਮ ਫੈਸਟੀਵਲ' (Cannes Film Festival) ਦੇ ਰੈੱਡ ਕਾਰਪੇਟ 'ਤੇ ਅੱਜ ਦੁਨੀਆ ਭਰ ਦੇ ਸਿਤਾਰੇ ਲੱਖਾਂ-ਕਰੋੜਾਂ ਦੇ ਕੱਪੜੇ ਪਾ ਕੇ ਜਲਵੇ ਬਿਖੇਰ ਰਹੇ ਹਨ ਪਰ ਕੀ ਤੁਸੀਂ ਜਾਣਦੇ ਹੋ ਕਿ ਉਸ ਦੀ ਸ਼ੁਰੂਆਤ ਫਿਲਮਾਂ ਕਰਕੇ ਨਹੀਂ, ਬਲਕਿ ਅਡੋਲਫ ਹਿਟਲਰ ਦੀ ਤਾਨਾਸ਼ਾਹੀ ਦੇ ਵਿਰੋਧ 'ਚ ਹੋਈ ਸੀ। ਇੱਕ ਅਜਿਹਾ ਫੈਸਟੀਵਲ, ਜਿਸ ਦੇ ਪਹਿਲੇ ਹੀ ਦਿਨ ਦੂਜਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ ਸੀ। ਸਿਨੇਮਾ ਤੇ ਫੈਸ਼ਨ ਦਾ ਮਹਾਂਕੁੰਭ ਯਾਨੀ 'ਕਾਨ ਫਿਲਮ ਫੈਸਟੀਵਲ 2026' ਸ਼ੁਰੂ ਹੋ ਚੁੱਕਾ ਹੈ। 12 ਮਈ ਤੋਂ 23 ਮਈ ਤੱਕ ਚੱਲਣ ਵਾਲੇ ਇਸ 79ਵੇਂ ਸੀਜ਼ਨ ਵਿੱਚ ਦੁਨੀਆ ਭਰ ਦੇ ਸਿਤਾਰੇ ਆਪਣਾ ਜਲਵਾ ਬਿਖੇਰ ਰਹੇ ਹਨ। ਇਸ ਕਾਨ ਫੈਸਟੀਵਲ ਦੀ ਕਹਾਣੀ ਕਿਸੇ ਸੁਪਰਹਿੱਟ ਫਿਲਮੀ ਡਰਾਮੇ ਤੋਂ ਘੱਟ ਨਹੀਂ ਹੈ।

Advertisement

ਕਹਾਣੀ ਸ਼ੁਰੂ ਹੁੰਦੀ ਹੈ ਜੁਲਾਈ 1938 ਤੋਂ, ਜਦੋਂ ਇਟਲੀ ਵਿੱਚ 'ਵੇਨਿਸ ਮੋਸਟਰਾ' ਨਾਮ ਦਾ ਦੁਨੀਆ ਦਾ ਇੱਕੋ-ਇੱਕ ਵੱਡਾ ਫਿਲਮ ਫੈਸਟੀਵਲ ਹੋ ਰਿਹਾ ਸੀ। ਉੱਥੇ ਜੂਰੀ ਨੇ ਇੱਕ ਅਮਰੀਕੀ ਫਿਲਮ ਨੂੰ ਐਵਾਰਡ ਲਈ ਚੁਣਿਆ, ਪਰ ਉਸੇ ਮੌਕੇ 'ਤੇ ਹਿਟਲਰ ਅਤੇ ਨਾਜ਼ੀ ਸਰਕਾਰ ਦੇ ਦਬਾਅ ਕਰਕੇ ਫੈਸਲਾ ਬਦਲ ਦਿੱਤਾ ਗਿਆ। ਐਵਾਰਡ ਇੱਕ ਜਰਮਨ ਪ੍ਰੋਪੇਗੈਂਡਾ ਫਿਲਮ ਤੇ ਇਟਾਲੀਅਨ ਫਿਲਮ ਨੂੰ ਦੇ ਦਿੱਤਾ ਗਿਆ। ਜਿਸ ਤੋਂ ਬਾਅਦ ਫਰਾਂਸ, ਅਮਰੀਕਾ ਤੇ ਬ੍ਰਿਟੇਨ ਵਰਗੇ ਲੋਕਤੰਤਰਿਕ ਦੇਸ਼ ਭੜਕ ਗਏ ਅਤੇ ਉਹਨਾਂ ਨੇ ਵਿਰੋਧ 'ਚ ਫੈਸਟੀਵਲ ਛੱਡ ਦਿੱਤਾ।

Advertisement

ਫਰਾਂਸ ਵਾਪਸ ਆਉਂਦੇ ਹੋਏ ਇੱਕ ਫ੍ਰੈਂਚ ਡਿਪਲੋਮੈਟ ਦੇ ਮਨ 'ਚ ਵਿਚਾਰ ਆਇਆ ਕਿ ਕਿਉਂ ਨਾ ਇੱਕ ਅਜਿਹਾ ਫਿਲਮ ਫੈਸਟੀਵਲ ਸ਼ੁਰੂ ਕੀਤਾ ਜਾਵੇ ਜਿੱਥੇ ਕੋਈ ਸਿਆਸੀ ਦਬਾਅ ਨਾ ਹੋਵੇ। ਫਰਾਂਸ ਸਰਕਾਰ ਨੇ ਇਸ ਨੂੰ ਇੱਕ ਮਿਸ਼ਨ ਬਣਾ ਲਿਆ। ਪਹਿਲਾਂ ਫਰਾਂਸ ਦੇ 'ਬਿਆਰਿਟਜ਼' ਸ਼ਹਿਰ ਨੂੰ ਚੁਣਿਆ ਗਿਆ, ਪਰ ਬਾਅਦ ਵਿੱਚ ਕਾਨ ਸ਼ਹਿਰ ਦੇ ਹੋਟਲ ਮਾਲਕਾਂ ਅਤੇ ਲੀਡਰਾਂ ਦੀਆਂ ਕੋਸ਼ਿਸ਼ਾਂ ਸਦਕਾ 31 ਮਈ 1939 ਨੂੰ ਆਧਿਕਾਰਿਕ ਤੌਰ 'ਤੇ 'ਕਾਨ' ਨੂੰ ਇਸ ਵੱਡੇ ਆਯੋਜਨ ਲਈ ਫਾਈਨਲ ਕਰ ਦਿੱਤਾ ਗਿਆ।

ਫੈਸਟੀਵਲ ਦੀ ਤਾਰੀਖ ਰੱਖੀ ਗਈ 1 ਸਤੰਬਰ 1939 ਅਤੇ ਪ੍ਰਧਾਨ ਬਣਾਇਆ ਗਿਆ ਸਿਨੇਮਾ ਦੇ ਜਨਕ 'ਲੁਈ ਲੂਮੀਅਰ' ਨੂੰ। ਫਰਾਂਸ ਨੇ ਬਿਨਾਂ ਕਿਸੇ ਪੱਖਪਾਤ ਦੇ ਜਰਮਨੀ ਤੇ ਇਟਲੀ ਨੂੰ ਵੀ ਸੱਦਾ ਦਿੱਤਾ, ਪਰ ਉਹਨਾਂ ਨੇ ਆਉਣ ਤੋਂ ਮਨ੍ਹਾ ਕਰ ਦਿੱਤਾ। ਤਿਆਰੀਆਂ ਪੂਰੀਆਂ ਸਨ, 23 ਅਗਸਤ ਨੂੰ ਫਿਲਮ 'ਦ ਹੰਚਬੈਕ ਆਫ ਨੋਟਰੇ-ਡੇਮ' ਦੀ ਪ੍ਰਾਈਵੇਟ ਸਕ੍ਰੀਨਿੰਗ ਵੀ ਹੋਈ, ਪਰ ਕਿਸਮਤ ਨੂੰ ਕੁਝ ਹੋਰ ਮਨਜ਼ੂਰ ਸੀ। 1 ਸਤੰਬਰ ਨੂੰ, ਜਿਸ ਦਿਨ ਫੈਸਟੀਵਲ ਸ਼ੁਰੂ ਹੋਣਾ ਸੀ, ਜਰਮਨੀ ਨੇ ਪੋਲੈਂਡ 'ਤੇ ਹਮਲਾ ਕਰ ਦਿੱਤਾ ਅਤੇ ਦੂਜਾ ਵਿਸ਼ਵ ਯੁੱਧ ਸ਼ੁਰੂ ਹੋ ਗਿਆ। ਇਸ ਕਾਰਨ ਫੈਸਟੀਵਲ ਨੂੰ ਰੱਦ ਕਰਨਾ ਪਿਆ।

ਯੁੱਧ ਖਤਮ ਹੋਣ ਤੋਂ ਬਾਅਦ, 20 ਸਤੰਬਰ 1946 ਨੂੰ ਆਖਰਕਾਰ ਕਾਨ ਫਿਲਮ ਫੈਸਟੀਵਲ ਨੇ ਆਪਣੀ ਅਸਲ ਉਡਾਣ ਭਰੀ। 19 ਦੇਸ਼ਾਂ ਨੇ ਹਿੱਸਾ ਲਿਆ, ਸ਼ਾਨਦਾਰ ਆਤਿਸ਼ਬਾਜ਼ੀ, ਫੈਸ਼ਨ ਸ਼ੋਅ ਅਤੇ ਫੁੱਲਾਂ ਦੇ ਉਤਸਵ ਨਾਲ ਇਸ ਦੀ ਸ਼ੁਰੂਆਤ ਹੋਈ। ਭਾਵੇਂ ਓਦੋਂ ਕੁਝ ਤਕਨੀਕੀ ਖਾਮੀਆਂ ਸਨ, ਪਰ ਇਹ ਫੈਸਟੀਵਲ ਸੁਪਰਹਿੱਟ ਰਿਹਾ ਤੇ ਅੱਜ, ਉਹੀ ਕਾਨ ਵਿਸ਼ਵ ਸਿਨੇਮਾ ਦਾ ਸਭ ਤੋਂ ਵੱਡਾ ਗੜ੍ਹ ਬਣ ਚੁੱਕਾ ਹੈ।

ਹਿਟਲਰ ਦੀ ਨਫ਼ਰਤ ਅਤੇ ਵਿਸ਼ਵ ਯੁੱਧ ਦੀਆਂ ਤੋਪਾਂ ਦੇ ਸਾਹਮਣੇ ਕਦੇ ਹਾਰ ਨਾ ਮੰਨਣ ਵਾਲਾ ਕਾਨ ਫੈਸਟੀਵਲ ਅੱਜ ਦੁਨੀਆ ਭਰ ਦੇ ਕਲਾਕਾਰਾਂ ਲਈ ਆਜ਼ਾਦੀ ਦਾ ਸਭ ਤੋਂ ਵੱਡਾ ਮੰਚ ਬਣ ਚੁੱਕਾ ਹੈ। ਇਹ ਇਤਿਹਾਸਕ ਕਹਾਣੀ ਦਸਾਉਂਦੀ ਹੈ ਕਿ ਸਿਆਸਤਾਂ ਅਤੇ ਜੰਗਾਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਨੇ, ਪਰ ਕਲਾ ਅਤੇ ਸਿਨੇਮਾ ਹਮੇਸ਼ਾ ਅਮਰ ਰਹਿੰਦੇ ਹਨ।

Advertisement
×