ਜੀਜਾ ਜੁੜ ਜਾ ਮੰਜੀ ਦੇ ਨਾਲ...
ਵਿਆਹ ਮੁੰਡੇ ਦਾ ਹੋਵੇ ਜਾਂ ਕੁੜੀ ਦਾ, ਪਰ ਵਿਆਹ ਵਿੱਚ ਪਰਿਵਾਰ, ਸ਼ਰੀਕਾ ਕਬੀਲਾ, ਰਿਸ਼ਤੇਦਾਰ ਅਤੇ ਦੋਸਤ ਮਿੱਤਰ ਸਭ ਰੁੱਝ ਜਾਂਦੇ ਹਨ। ਇਹ ਸਬੰਧ ਅਜਿਹੇ ਹੁੰਦੇ ਹਨ ਜਿਨ੍ਹਾਂ ਤੋਂ ਬਿਨਾਂ ਵਿਆਹ ਵਰਗਾ ਕਾਰਜ ਸਫਲ ਨਹੀਂ ਮੰਨਿਆ ਜਾਂਦਾ। ਕੰਮ ਕਰਨ ਵਾਲਿਆਂ ਦੀ...
ਵਿਆਹ ਮੁੰਡੇ ਦਾ ਹੋਵੇ ਜਾਂ ਕੁੜੀ ਦਾ, ਪਰ ਵਿਆਹ ਵਿੱਚ ਪਰਿਵਾਰ, ਸ਼ਰੀਕਾ ਕਬੀਲਾ, ਰਿਸ਼ਤੇਦਾਰ ਅਤੇ ਦੋਸਤ ਮਿੱਤਰ ਸਭ ਰੁੱਝ ਜਾਂਦੇ ਹਨ। ਇਹ ਸਬੰਧ ਅਜਿਹੇ ਹੁੰਦੇ ਹਨ ਜਿਨ੍ਹਾਂ ਤੋਂ ਬਿਨਾਂ ਵਿਆਹ ਵਰਗਾ ਕਾਰਜ ਸਫਲ ਨਹੀਂ ਮੰਨਿਆ ਜਾਂਦਾ। ਕੰਮ ਕਰਨ ਵਾਲਿਆਂ ਦੀ ਕਮੀ ਨਹੀਂ ਹੁੰਦੀ, ਪਰ ਇਨ੍ਹਾਂ ਸਬੰਧੀਆਂ ਨੂੰ ਕੰਮਾਂ ਦੀ ਜ਼ਿੰਮੇਵਾਰੀ ਸੌਂਪਣਾ ਇਸ ਗੱਲ ਦਾ ਪ੍ਰਤੀਕ ਹੈ ਕਿ ਉਹ ਵਿਆਹ ਵਿੱਚ ਹਿੱਸਾ ਲੈਣ ਵਾਲੇ ਵਿਸ਼ੇਸ਼ ਵਿਅਕਤੀ ਹਨ। ਇਸ ਲਈ ਸਾਰੇ ਰਲ਼ ਮਿਲ਼ ਕੇ ਕੰਮ ਕਰਦੇ ਹਨ। ਸ਼ਰੀਕੇ ਕਬੀਲੇ ਨੂੰ ਵੱਖਰਾ ਚਾਅ ਚੜ੍ਹਿਆ ਹੋਇਆ ਹੁੰਦਾ ਹੈ। ਆਂਢੀਆਂ ਗੁਆਂਢੀਆਂ ਨੂੰ ਵੱਖਰਾ ਚਾਅ। ਰਿਸ਼ਤੇਦਾਰਾਂ ਦੀ ਆਪਣੀ ਅੱਡ ਖ਼ੁਸ਼ੀ।
ਕੋਈ ਨਵੇਂ ਕੱਪੜੇ ਲਿਆਉਂਦਾ ਹੈ ਅਤੇ ਕੋਈ ਨਵੀਆਂ ਜੁੱਤੀਆਂ। ਲਾੜੇ ਅਤੇ ਲਾੜੀ ਦੀ ਦੋਵੇਂ ਪਾਸਿਓਂ ਚਾਂਦੀ। ਦੋਵਾਂ ਨੂੰ ਘਰਦਿਆਂ ਤੋਂ ਵੀ ਕੱਪੜੇ, ਜੁੱਤੇ ਅਤੇ ਗਹਿਣੇ ਅਤੇ ਸਹੁਰਿਆਂ ਵੱਲੋਂ ਵੀ। ਦੋਵਾਂ ਦੇ ਨਾਨਕਿਆਂ ਵੱਲੋਂ ਵੀ ਇਹ ਸਮਾਨ ਅਤੇ ਭੂਆ ਵੱਲੋਂ ਵੀ। ਬਾਕੀ ਰਿਸ਼ਤੇਦਾਰ ਵੀ ਕੱਪੜਾ ਲੀੜਾ ਲਿਆਉਂਦੇ ਹਨ। ਇਨ੍ਹਾਂ ਸਾਰਿਆਂ ਦਾ ਆਪਣਾ ਆਪਣਾ ਹੱਕ ਲੈਣ ਅਤੇ ਦੇਣ ਦਾ ਹੁੰਦਾ ਹੈ। ਜ਼ਿਆਦਾ ਦੂਰ ਦੇ ਰਿਸ਼ਤੇਦਾਰ ਪੈਸੇ ਵੀ ਦਿੰਦੇ ਹਨ। ਇਸ ਸਭ ਕੁਝ ਨੂੰ ਦਿਖਾਉਣ ਲਈ ਵਿਹੜੇ ਵਿੱਚ ਮੰਜਾ ਡਾਹ ਕੇ ਵਿਖਾਲਾ ਪਾਇਆ ਜਾਂਦਾ ਹੈ। ਇਸ ਨੂੰ ਦਿਖਾਉਣ ਲਈ ਘਰ ਵਿੱਚ ਕੰਮ ਕਰਦੇ ਲਾਗੀ ਨੂੰ ਸਭ ਘਰਾਂ ਵਿੱਚ ਸੱਦਾ ਦੇਣ ਲਈ ਭੇਜਿਆ ਜਾਂਦਾ ਹੈ। ਨਾਨਕਿਆਂ ਦਾ ਤਾਂ ਵਿਆਹ ਹੀ ਅੱਧਾ ਮੰਨਿਆ ਜਾਂਦਾ ਹੈ। ਆਪਣੇ ਆਪਣੇ ਕੱਪੜੇ ਤੇ ਗਹਿਣੇ ਦਿਖਾਉਣ ਲਈ ਜ਼ਿੰਮੇਵਾਰ ਔਰਤਾਂ ਥਾਲੀ ਵਿੱਚ ਗਹਿਣੇ ਲੈ ਕੇ ਬੈਠਦੀਆਂ ਹਨ ਅਤੇ ਵਿਖਾਲੇ ਬਾਰੇ ਜਾਣਕਾਰੀ ਦਿੰਦੀਆਂ ਹਨ। ਦਿੱਤੇ ਜਾਣ ਵਾਲੇ ਸੂਟਾਂ ਨੂੰ ਮੋਮੀ ਕਾਗਜ਼ ਦੇ ਲਿਫ਼ਾਫ਼ਿਆਂ ਵਿੱਚ ਪਾਇਆ ਜਾਂਦਾ ਹੈ ਅਤੇ ਇਨ੍ਹਾਂ ਸੂਟਾਂ ਵਿੱਚ ਪਰਚੀਆਂ ਲਿਖ ਕੇ ਪਾਈਆਂ ਹੁੰਦੀਆਂ ਹਨ ਜਿਵੇਂ ਮਾਂ ਦਾ ਸੂਟ, ਭੈਣ ਦਾ ਸੂਟ, ਭੂਆ ਅਤੇ ਦਾਦੀ-ਮਾਸੀ ਅਤੇ ਹੋਰਾਂ ਦੇ ਸੂਟਾਂ ਤੋਂ ਬਿਨਾਂ ਲਾਗੀਆ ਦੇ ਸੂਟ। ਲਾੜੇ ਅਤੇ ਲਾੜੀ ਦੇ ਲਈ ਸੂਟ, ਗਹਿਣੇ ਅਤੇ ਜੁੱਤੀਆਂ ਆਦਿ ਵੀ। ਇਸ ਤਰ੍ਹਾਂ ਇਹ ਰਿਵਾਜ ਆਪਸੀ ਰਿਸ਼ਤਿਆਂ ਵੱਲ ਸੰਕੇਤ ਕਰਦੇ ਹਨ। ਇਨ੍ਹਾਂ ਰਿਸ਼ਤਿਆਂ ਨੂੰ ਨਿਭਾਉਣਾ ਸਭ ਆਪਣੀ ਜ਼ਿੰਮੇਵਾਰੀ ਸਮਝਦੇ ਹਨ।
ਇਨ੍ਹਾਂ ਦੇ ਨਾਲ ਹੀ ਗੀਤਾਂ ਅਤੇ ਸਿੱਠਣੀਆਂ ਦੇ ਨਾਲ ਨਾਲ ਇੱਕ ਦੂਜੇ ਨੂੰ ਮਖੌਲ ਕਰਨ ਅਤੇ ਹੱਸਣ ਖੇਡਣ ਦਾ ਸਿਲਸਿਲਾ ਇਸ ਲਈ ਸ਼ੁਰੂ ਕੀਤਾ ਜਾਂਦਾ ਹੈ ਕਿ ਸਾਰੇ ਪਾਸੇ ਖ਼ੁਸ਼ੀਆਂ ਹੀ ਖ਼ੁਸ਼ੀਆਂ ਨਜ਼ਰ ਆਉਣ। ਸਿੱਠਣੀਆਂ ਵਿੱਚ ਨਾਨਕੀਆਂ, ਦਾਦਕੀਆਂ, ਵਿਚੋਲਾ, ਲਾਗੀ, ਜਾਨੀ, ਮੁੰਡੇ ਦਾ ਪਿਓ, ਮੁੰਡੇ ਦੀ ਮਾਂ, ਭੈਣ, ਭੂਆ, ਮੁੰਡੇ ਦੀਆਂ ਸਾਲੀਆਂ ਅਤੇ ਘਰ ਦੇ ਵੱਡੇ ਪ੍ਰਾਹੁਣਿਆਂ ਉੱਤੇ ਸਭਨਾਂ ’ਤੇ ਬਾਣ ਚਲਾਏ ਜਾਂਦੇ ਹਨ ਅਤੇ ਉਨ੍ਹਾਂ ਨੂੰ ਵਿੰਨ੍ਹਿਆ ਜਾਂਦਾ ਹੈ। ਸਭ ਤੋਂ ਵੱਧ ਮਹੱਤਵਪੂਰਨ ਸ਼ਖ਼ਸੀਅਤ ਲਾੜਾ ਹੈ ਜਿਸ ਨੂੰ ਉਸ ਦੀਆਂ ਸਾਲੀਆਂ ਵੱਲੋਂ ਸਿੱਠਣੀਆਂ ਦਿੱਤੀਆਂ ਜਾਂਦੀਆਂ ਹਨ। ਭਾਵੇਂ ਕੁੜੀ ਦੇ ਵਿਆਹ ਵਿੱਚ ਵੈਰਾਗਮਈ ਗੀਤ ਗਾਏ ਜਾਂਦੇ ਹਨ, ਪਰ ਇਸ ਦੇ ਨਾਲ ਨਾਲ ਲਾੜੇ ਨੂੰ ਸੁੱਕਾ ਨਹੀਂ ਛੱਡਦੀਆਂ।
ਸਾਡੇ ਸੱਭਿਆਚਾਰ ਮੁਤਾਬਿਕ ਬਰਾਤ ਚੜ੍ਹਨ ਤੋਂ ਪਹਿਲਾਂ ਲਾੜਾ ਜੰਡੀ ਵੱਢਦਾ ਹੈ ਤਾਂ ਉਸ ਸਮੇਂ ਭਰਜਾਈ ਹੀ ਸਿੱਠਣੀ ਨਾਲ ਉਸ ਦਾ ਸਵਾਗਤ ਕਰਦੀ ਹੈ ਭਾਵ ਉਸ ਨੂੰ ਵਿਅੰਗ ਕਸਦੀ ਹੈ;
ਜੰਡੀ ਦੇ ਚੁਫ਼ੇਰੇ ਲਾੜਾ ਘੁੰਮਿਆ
ਤੇਰੇ ਗਲ਼ ਵਿੱਚ ਪੈ ਗਈ ਬੇੜ
ਵੇ ਅਕਲ ਦਿਆ ਸੁੰਨਿਆ।
ਇਹ ਸਿੱਠਣੀ ਉਦੋਂ ਦਿੱਤੀ ਜਾਂਦੀ ਹੈ ਜਦੋਂ ਲਾੜਾ ਸੱਤ ਵਾਰ ਜੰਡੀ ਦੁਆਲੇ ਚੱਕਰ ਕੱਟਦਾ ਹੈ ਅਤੇ ਸੱਤ ਵਾਰ ਹੀ ਜੰਡੀ ’ਤੇ ਸਫਾਜੰਗ (ਤਲਵਾਰ) ਨਾਲ ਟੱਕ ਲਾਉਂਦਾ ਹੈ। ਜਦੋਂ ਲਾੜਾ ਬਰਾਤ ਨਾਲ ਢੁੱਕਦਾ ਹੈ ਤਾਂ ਹਿੰਦੂ ਰੀਤੀ ਰਿਵਾਜਾਂ ਅਨੁਸਾਰ ਫੇਰਿਆਂ ਦੀ ਰਸਮ ਬੇਦੀ (ਕੇਲਿਆਂ ਦੇ ਦਰਖੱਤ ਨੂੰ ਵੱਢ ਕੇ ਉਸ ਨੂੰ ਚਾਰੇ ਪਾਸੇ ਲਾਉਣਾ) ਦੇ ਵਿਚਕਾਰ ਹੁੰਦੀ ਹੈ। ਇਸ ਰਸਮ ਨੂੰ ਨਿਭਾਉਣ ਸਮੇਂ ਲਾੜੇ ਅਤੇ ਲਾੜੀ ਦੋਵਾਂ ਨੂੰ ਹੀ ਨੀਵੇਂ ਹੋ ਕੇ ਤੁਰਨਾ ਪੈਂਦਾ ਹੈ। ਫੇਰਿਆਂ ਦੇ ਸਮੇਂ ਵੀ ਲਾੜੇ ਨੂੰ ਸਿੱਠਣੀਆਂ ਦੇਣ ਦਾ ਕੰਮ ਸ਼ੁਰੂ ਹੋ ਜਾਂਦਾ ਹੈ;
ਬੇਦੀ ਲੰਮੀ ਐ ਬਥੇਰੀ ਵੇ
ਕੋਢਾ ਕੋਢਾ ਕਿਉਂ ਵੇ ਫਿਰੇਂ?
ਘਰ ਭੈਣ ਵਛੇਰੀ ਵੇ
ਕੋਢਾ ਕੋਢਾ ਕਿਉਂ ਵੇ ਫਿਰੇਂ।
ਬੇਦੀ ਲੰਮੀ ਐ ਬਥੇਰੀ ਵੇ
ਕੋਢਾ ਕੋਢਾ ਕਿਉਂ ਵੇ ਫਿਰੇਂ?
ਘਰ ਬੇਬੇ ਵਛੇਰੀ ਵੇ
ਕੋਢਾ ਕੋਢਾ ਕਿਉਂ ਵੇ ਫਿਰੇਂ?
ਇਸ ਤਰ੍ਹਾਂ ਲਾੜੇ ਦੀ ਭੈਣ, ਮਾਂ ਅਤੇ ਭੂਆ ਨਾਲ ਜੋੜ ਕੇ ਅਜਿਹੀਆਂ ਸਿੱਠਣੀਆਂ ਦਿੱਤੀਆਂ ਜਾਂਦੀਆਂ ਹਨ। ਸਿੱਠਣੀਆਂ ਦੇਣ ਵੇਲੇ ਸ਼ਬਦਾਂ ਦੀ ਚੋਣ ਬੜੇ ਹੀ ਸੁਚੱਜੇ ਢੰਗ ਨਾਲ ਕੀਤੀ ਜਾਂਦੀ ਹੈ। ਸ਼ਬਦਾਂ ਦਾ ਆਪਸੀ ਮੇਲ ਬਣਾ ਕੇ ਹੀ ਸਿੱਠਣੀ ਜੋੜੀ ਜਾਂਦੀ ਹੈ। ਮਾਂ, ਭੈਣ ਅਤੇ ਭੂਆ ਨਾਲ ਸਬੰਧ ਜੋੜ ਕੇ ਗੀਤ ਗਾਉਣ ਦਾ ਮੁੱਖ ਮੰਤਵ ਉਨ੍ਹਾਂ ਨੂੰ ਕੱਚਾ ਕਰਨਾ ਜਾਂ ਬੇਸ਼ਰਮ ਕਰਨਾ ਹੁੰਦਾ ਹੈ। ਲਾੜੇ ਦੇ ਇਨ੍ਹਾਂ ਪ੍ਰਮੁੱਖ ਰਿਸ਼ਤਿਆਂ ਨੂੰ ਜਾਣ ਬੁੱਝ ਕੇ ਉਲਟੀਆਂ ਗੱਲਾਂ ਕਹਿ ਕੇ ਉਨ੍ਹਾਂ ਨੂੰ ਖਿਝਾਉਣਾ ਹੈ;
ਲਾੜੇ ਦੀ ਭੈਣ ਕਿੱਲਾ ਪੁਟਾ ਗਈ
ਸੰਗਲ ਤੁੜਾ ਗਈ
ਕੱਟੇ ਨੇ ਮਾਰੀ ਵਗ੍ਹਾ ਕੇ
ਨੀਂ ਮੇਰੀ ਡੀਓ ਡੀਓ।
ਸੁਣ ਵੇ ਭਾਈ ਕੱਟੇ ਵਾਲਿਆ
ਕੱਟੇ ਨੂੰ ਰੱਖ ਸਮਝਾ ਕੇ
ਵੇ ਮੇਰੀ ਡੀਓ ਡੀਓ।
ਮੇਲਣਾਂ ਕੋਲ ਸ਼ਬਦਾਂ ਦੀ ਕਮੀ ਨਹੀਂ। ਉਨ੍ਹਾਂ ਕੋਲ ਤਾਂ ਸ਼ਬਦਾਂ ਦਾ ਭੰਡਾਰ ਹੈ। ਉਨ੍ਹਾਂ ਨੂੰ ਤੁਕਬੰਦੀ ਦੇ ਨਾਲ ਨਾਲ ਸੁਰ ਤੇ ਲੈਅ ਦਾ ਵੀ ਗਿਆਨ ਹੈ। ਉਨ੍ਹਾਂ ਦੇ ਇਹ ਗੀਤ ਹਾਸੇ ਠੱਠੇ ਦੇ ਨਾਲ ਨਾਲ ਕੰਨਾਂ ਵਿੱਚ ਰਸ ਵੀ ਘੋਲਦੇ ਹਨ। ਸੁਣਨ ਵਾਲਿਆਂ ਦੇ ਦਿਲਾਂ ਨੂੰ ਛੂੰਹਦੇ ਹਨ। ਵਿਆਹ ਵਿੱਚ ਲਾਵਾਂ ਮਹੱਤਵਪੂਰਨ ਰੀਤ ਹੈ। ਫੇਰਿਆਂ ਵੇਲੇ ਲਾੜੇ ਅਤੇ ਲਾੜੀ ਦੋਵਾਂ ਦਾ ਆਪਸ ਵਿੱਚ ਸਿਰ ਜੋੜਿਆ ਜਾਂਦਾ ਰਿਹਾ ਹੈ। ਜੇਕਰ ਕੋਈ ਕਿਸੇ ਦੇ ਰਿਸ਼ਤੇ ਨੂੰ ਭਾਨੀ ਮਾਰਦਾ ਹੋਵੇ ਤਾਂ ਉਸ ਦੀ ਨਿੰਦਾ ਇਹ ਕਹਿ ਕੇ ਕੀਤੀ ਜਾਂਦੀ ਹੈ ਕਿ ‘ਦੋ ਸਿਰ ਜੁੜਦਿਆਂ ਨੂੰ, ਚੰਦਰਾ ਭਾਨੀ ਮਾਰੇ।’
ਇਸ ਲਈ ਅਜਿਹੇ ਮੌਕੇ ਜਦੋਂ ਦੋਵਾਂ ਦੇ ਸਿਰ ਨਾਲ ਸਿਰ ਜੋੜਨ ਦਾ ਵੇਲਾ ਆਉਂਦਾ ਹੈ ਤਾਂ ਸਾਲੀਆਂ ਨਾ ਤਾਂ ਆਪ ਨਿਚਲੀਆਂ ਬੈਠਦੀਆਂ ਹਨ ਅਤੇ ਨਾ ਹੀ ਉਨ੍ਹਾਂ ਦੀ ਜ਼ੁਬਾਨ। ਉਹ ਮੌਕਾ ਤਾੜ ਕੇ ਇੰਜ ਸਿੱਠਣੀ ਦਿੰਦੀਆਂ ਹਨ;
ਸਾਡੀ ਬੀਬੀ ਦੇ ਸਿਰ ਨਾਲ ਸਿਰ ਨਾ ਜੋੜਿਓ ਜੀ
ਏਸ ਲਾੜੇ ਦੇ ਜੂੰਆਂ।
ਉੱਖਲੀ ਇੱਕ ਅਜਿਹਾ ਸਾਧਨ ਹੈ ਜਿਸ ਵਿੱਚ ਬਾਜਰੇ ਦੀ ਖਿਚੜੀ ਕੁੱਟੀ ਜਾਂਦੀ ਹੈ, ਦੁਧਾਰੂ ਪਸ਼ੂਆਂ ਲਈ ਛੋਲਿਆਂ ਦੀਆਂ ਬੱਕਲੀਆਂ ਕੁੱਟੀਆਂ ਜਾਂਦੀਆਂ ਹਨ। ਜੌਆਂ ਦੀ ਘਾਠ ਕੁੱਟੀ ਜਾਂਦੀ ਹੈ। ਪਹਿਲੇ ਸਮਿਆਂ ਵਿੱਚ ਮੈਦਾ ਬਣਾਉਣ ਲਈ ਵੀ ਕਣਕ ਨੂੰ ਪਾਣੀ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਕੁੱਟ ਕੇ ਉਸ ਦਾ ਛਿਲਕਾ ਉਤਾਰ ਕੇ ਮੈਦਾ ਵੀ ਬਣਾਇਆ ਜਾਂਦਾ ਸੀ। ਛੋਲੇ ਉਬਾਲ ਕੇ ਉਨ੍ਹਾਂ ਦੀਆਂ ਬੱਕਲੀਆਂ ਨੂੰ ਤੂੜੀ ਵਿੱਚ ਮਿਲਾ ਕੇ ਕੁੱਟਿਆ ਜਾਂਦਾ ਸੀ। ਘਰੇਲੂ ਵਰਤੋਂ ਵਿੱਚ ਆਉਣ ਵਾਲੀਆਂ ਇਨ੍ਹਾਂ ਚੀਜ਼ਾਂ ਤੋਂ ਔਰਤਾਂ ਵਾਕਿਫ਼ ਹੁੰਦੀਆਂ ਸਨ। ਇਸ ਲਈ ਇਨ੍ਹਾਂ ਵਸਤਾਂ ਦੇ ਨਾਵਾਂ ਅਤੇ ਵਰਤੋਂ ਬਾਰੇ ਜਾਣਕਾਰੀ ਹੋਣ ਕਾਰਨ ਇਨ੍ਹਾਂ ਨੇ ਇਨ੍ਹਾਂ ਲੋਕ ਗੀਤਾਂ ਵਿੱਚ ਇਨ੍ਹਾਂ ਦੀ ਭਰਪੂਰ ਵਰਤੋਂ ਕੀਤੀ ਹੈ। ਲਾੜੇ ਨੂੰ ਸਿੱਠਣੀਆਂ ਦੇਣ ਵੇਲੇ ਉੱਖਲੀ ਦੇ ਭਾਗ ਵੀ ਖੁੱਲ੍ਹ ਗਏ;
ਟੁੱਟ ਗਈ ਉੱਖਲੀ, ਖ਼ਰਾਬ ਹੋ ਗਏ ਦਾਣੇ
ਉਹਦੇ ਰੋਂਦੇ ਨਿੱਕੇ ਨਿਆਣੇ
ਨੀਂ ਗ਼ਰੀਬ ਦਾ, ਗ਼ਰੀਬ ਦਾ ਬਚੜਾ
ਬਿਰਾ ਦਾਰੀਏ, ਨੀਂ ਗ਼ਰੀਬ ਦਾ।
ਇੱਥੇ ਹੀ ਬਸ ਨਹੀਂ। ਜੀਜੇ ਨੂੰ ਸਿੱਠਣ ਲਈ ਉਨ੍ਹਾਂ ਕੋਲ ਅਨੇਕਾਂ ਹੋਰ ਵੀ ਪ੍ਰਤੀਕ ਹਨ ਜਿਨ੍ਹਾਂ ਰਾਹੀਂ ਉਹ ਹੋਰ ਵੀ ਵਧੀਆ ਸ਼ਬਦਾਂ ਵਿੱਚ ਆਪਣੀ ਕਲਾ ਦੇ ਜੌਹਰ ਦਿਖਾਉਂਦੀਆਂ ਹਨ। ਉਹ ਆਪਣੇ ਅਤੇ ਦੂਜਿਆਂ ਦੇ ਮਨੋਰੰਜਨ ਦੇ ਨਾਲ ਨਾਲ ਜੀਜੇ ਦੀ ਸਹਿਣਸ਼ੀਲਤਾ ਵੀ ਪਕੇਰੀ ਕਰਦੀਆਂ ਹਨ। ਸਿੱਠਣੀਆਂ ਦੇਣ ਵਾਲੀਆਂ ਦਾ ਮੰਤਵ ਲਾੜੇ ਦੀ ਭੈਣ, ਮਾਂ ਅਤੇ ਭੂਆ ਨੂੰ ਗੀਤਾਂ ਰਾਹੀਂ ਭੰਡਣਾ ਹੀ ਹੈ। ਉਹ ਉਨ੍ਹਾਂ ਦਾ ਸਬੰਧ ਕਿਸੇ ਨਾਲ ਵੀ ਜੋੜ ਸਕਦੀਆਂ ਹਨ।
ਨਿੱਕੀਏ ਕੋਠੜੀਏ, ਤੈਂ ਵਿੱਚ ਮੇਰਾ ਆਟਾ
ਲਾੜੇ ਦੀ ਮਾਂ ਉੱਧਲ ਚੱਲੀ
ਲੈ ਕੇ ਧੌਲਾ ਝਾਟਾ।
ਨੀਂ ਨਿੱਕੀਏ ਕੋਠੜੀਏ ਤੈਂ ਵਿੱਚ ਮੇਰਾ ਆਟਾ।
ਲਾੜੇ ਦੇ ਨਜ਼ਦੀਕੀ ਸਬੰਧ ਮਾਂ, ਭੈਣ ਅਤੇ ਭੂਆ ਨਾਲ ਹੀ ਹੁੰਦੇ ਹਨ ਕਿਉਂਕਿ ਵਿਆਹ ਵਿੱਚ ਵੀ ਇਨ੍ਹਾਂ ਦੀ ਪ੍ਰਧਾਨਗੀ ਹੁੰਦਾ ਹੈ ਅਤੇ ਮੁੰਡੇ ਦੇ ਸਹੁਰਿਆਂ ਵੱਲੋਂ ਸਭ ਵੱਧ ਮਾਣ ਇਨ੍ਹਾਂ ਦਾ ਹੀ ਕੀਤਾ ਜਾਂਦਾ ਹੈ। ਸੋ ਸਿੱਠਣੀਆਂ ਦੇ ਗੱਫ਼ੇ ਵੀ ਇਨ੍ਹਾਂ ਨੂੰ ਹੀ ਮਿਲਦੇ ਹਨ। ਮੇਲਣਾਂ ਸਿੱਠਣੀਆਂ ਦੇਣ ਵਿੱਚ ਆਪਣੇ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡਣੀ ਚਾਹੁੰਦੀਆਂ। ਇੱਕ ਤਾਂ ਉਹ ਆਪਣੀ ਕਲਾ ਦਾ ਪ੍ਰਦਰਸ਼ਨ ਕਰਦੀਆਂ ਹਨ ਅਤੇ ਦੂਜੇ ਪਾਸੇ ਉਹ ਆਪਣਾ ਮਨੋਰੰਜਨ ਕਰਦੀਆਂ ਹਨ।
ਸਿੱਠਣੀਆਂ ਦੇਣ ਵਾਲੀਆਂ ਹਾਜ਼ਰ ਜਵਾਬ ਹੁੰਦੀਆਂ ਹਨ। ਉਹ ਤੁਰੰਤ ਨਵਾਂ ਗੀਤ ਜੋੜਨ ਦੇ ਸਮਰੱਥ ਹੁੰਦੀਆਂ ਹਨ। ਜੋ ਚੀਜ਼ ਉਨ੍ਹਾਂ ਦੇ ਸਾਹਮਣੇ ਹੋਵੇ ਉਹ ਉਸ ਨੂੰ ਹੀ ਗੀਤਾਂ ਵਿੱਚ ਫਿੱਟ ਕਰ ਲੈਂਦੀਆਂ ਹਨ। ਘਰ ਵਿੱਚ ਮੰਜੇ ਆਰਾਮ ਕਰਨ ਦਾ ਸਾਧਨ ਹਨ, ਪਰ ਮੇਲਣਾਂ ਅਜਿਹੀਆਂ ਵਸਤਾਂ ਨੂੰ ਵੀ ਆਪਣੀ ਕਲਾ ਦਾ ਸ਼ਿੰਗਾਰ ਬਣਾ ਲੈਂਦੀਆਂ ਹਨ। ਉਦਾਹਰਣ ਦੇ ਤੌਰ ’ਤੇ ਦੇਖੋ;
ਜੀਜਾ ਜੁੜ ਜਾ ਮੰਜੀ ਦੇ ਨਾਲ
ਮੰਜੀ ਤੇਰੀ ਕੀ ਲੱਗਦੀ?
ਕਿਵੇਂ ਜੁੜ ਜਾ ਮੰਜੀ ਦੇ ਨਾਲ
ਮੰਜੀ ਮੇਰੀ ਮਾਂ ਲੱਗਦੀ।
ਲਾਵਾਂ ਹੋਣ ਤੋਂ ਬਾਅਦ ਲਾੜੇ ਨੂੰ ਅੰਦਰ ਲਿਆਂਦਾ ਜਾਂਦਾ ਹੈ। ਉਸ ਸਮੇਂ ਕੁਝ ਰੀਤਾਂ ਪੂਰੀਆਂ ਕੀਤੀਆਂ ਜਾਂਦੀਆਂ ਹਨ। ਅਜਿਹੀਆਂ ਰੀਤਾਂ ਪੂਰੀਆਂ ਕਰਨ ਵੇਲੇ ਵੀ ਸਿੱਠਣੀਆਂ ਦਿੱਤੀਆਂ ਜਾਂਦੀਆਂ ਹਨ। ਜਦੋਂ ਲਾੜੇ ਨੂੰ ਮੱਠੀਆਂ ਖੁਆਈਆਂ ਜਾਂਦੀਆਂ ਹਨ ਉਦੋਂ ਇਸ ਤਰ੍ਹਾਂ ਸਿੱਠਣੀ ਦਿੰਦੀਆਂ ਹਨ;
ਚੱਬ ਚੱਬ ਵੇ ਲਾੜਿਆ ਮੱਠੜੀ
ਵੇ ਤੇਰੀ ਮਾਂ ਵਿਕੇਂਦੀ ਹੱਟੜੀ।
ਚੱਬ ਚੱਬ ਵੇ ਲਾੜਿਆ ਮੱਠੜੀ
ਵੇ ਤੇਰੀ ਭੈਣ ਵਿਕੇਂਦੀ ਹੱਟੜੀ।
ਚੱਬ ਚੱਬ ਵੇ ਲਾੜਿਆ ਮੱਠੜੀ
ਵੇ ਤੇਰੀ ਭੂਆ ਵਿਕੇਂਦੀ ਹੱਟੜੀ।
ਇਸ ਤਰ੍ਹਾਂ ਬਾਕੀ ਰੀਤੀ ਰਿਵਾਜ ਨਿਭਾਉਣ ਵੇਲੇ ਵੀ ਲਾੜੇ ਨੂੰ ਸਿੱਠਣੀਆਂ ਦਿੱਤੀਆਂ ਜਾਂਦੀਆਂ ਹਨ। ਇਹ ਲੋਕ ਗੀਤਾਂ ਦੀ ਸਾਡੇ ਸਭਿਆਚਾਰ ਵਿੱਚ ਮਹੱਤਵਪੂਰਨ ਭੂਮਿਕਾ ਹੈ ਕਿਉਂਕਿ ਇਨ੍ਹਾਂ ਨਾਲ ਖ਼ੁਸ਼ੀ ਵਿੱਚ ਹੋਰ ਵਾਧਾ ਹੁੰਦਾ ਹੈ।
ਸੰਪਰਕ: 94178-40323

