ਮੁੰਬਈ: ਫਿਲਮ ‘ਤਨੂ ਵੈੱਡਜ਼ ਮੰਨੂ ਰਿਟਰਨਜ਼’ ਦੇ ਗੀਤ ‘ਬੰਨੋ ਤੇਰਾ ਸਵੈਗਰ’ ਰਾਹੀਂ ਪਛਾਣ ਬਣਾਉਣ ਵਾਲੇ ਬ੍ਰਿਜੇਸ਼ ਸ਼ਾਂਡਲਿਆ ਨੇ ਪਹਿਲੀ ਵਾਰ ਕਿਤੇ ਰੈਪ ਕੀਤਾ ਹੈ। ਫਿਲਮ ‘ਚੰਡੀਗੜ੍ਹ ਕਰੇ ਆਸ਼ਿਕੀ’ ਵਿੱਚ ਵਿਸ਼ਾਲ ਡਡਲਾਨੀ ਨਾਲ ਗੀਤ ‘ਖੀਂਚ ਤੇ ਨਾਚ’ ਵਿੱਚ ਬ੍ਰਿਜੇਸ਼ ਨੇ ਰੈਪ ਕੀਤਾ ਹੈ। ਇਸ ਫਿਲਮ ਵਿੱਚ ਆਯੂਸ਼ਮਾਨ ਖੁਰਾਨਾ ਅਤੇ ਵਾਨੀ ਕਪੂਰ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ। ਬ੍ਰਿਜੇਸ਼ ਵੱਲੋਂ ਆਯੂਸ਼ਮਾਨ ਲਈ ਗਾਇਆ ਗਿਆ ਇਹ ਤੀਜਾ ਗੀਤ ਹੈ।
ਪਹਿਲੀ ਵਾਰ ਕਿਸੇ ਫ਼ਿਲਮ ਦੇ ਗੀਤ ਵਿੱਚ ਰੈਪ ਕਰਨ ਦਾ ਆਪਣਾ ਤਜਰਬਾ ਸਾਂਝਾ ਕਰਦਿਆਂ ਬ੍ਰਿਜੇਸ਼ ਨੇ ਕਿਹਾ, ‘ਮੈਂ ਹੁਣ ਤੱਕ ਵੱਖ ਵੱਖ ਤਰ੍ਹਾਂ ਦੇ ਗੀਤ ਗਾ ਚੁੱਕਾ ਹਾਂ, ਪਰ ਇਹ ਗੀਤ ਮੇਰੇ ਲਈ ਆਪਣੀ ਕਿਸਮ ਦਾ ਪਹਿਲਾ ਹੈ।’ ਗਾਇਕ ਨੇ ਦੱਸਿਆ, ‘ਇਹ ਇੱਕ ਉੱਚੇ ਸੁਰ ਤੇ ਚੁਸਤ ਤਾਲ ਵਾਲਾ ਗੀਤ ਹੈ, ਜਿਸ ਨੂੰ ਗਾ ਕੇ ਮੈਨੂੰ ਇੱਕ ਵੱਖਰਾ ਤਜਰਬਾ ਹਾਸਲ ਹੋਇਆ ਹੈ। ਇਹ ਥੋੜ੍ਹਾ ਔਖਾ ਗੀਤ ਸੀ, ਪਰ ਮੈਨੂੰ ਚੁਣੌਤੀਆਂ ਪਸੰਦ ਹਨ।’ -ਆਈਏਐੈੱਨਐੱਸ