Border 2: 1971 ਦੀ ਜੰਗ ਦੇ ਯੋਧੇ ਨਿਰਮਲਜੀਤ ਸਿੰਘ ਸੇਖੋਂ ਦੇ ਕਿਰਦਾਰ ਨੇ ਜਿੱਤਿਆ ਦਿਲ
ਸਿਨੇਮਾ ਘਰਾਂ ’ਚ ਗੂੰਜੇ ਦੇਸ਼ਭਗਤੀ ਦੇ ਨਾਅਰੇ
ਜੰਗ 'ਤੇ ਬਣੀਆਂ ਹਿੰਦੀ ਫ਼ਿਲਮਾਂ ਦੀ ਸੂਚੀ ਵਿੱਚ ਪਿਛਲੇ ਕੁਝ ਮਹੀਨਿਆਂ ਦੌਰਾਨ ਕਈ ਨਵੀਆਂ ਫ਼ਿਲਮਾਂ ਆਈਆਂ ਹਨ। ਇਸੇ ਲੜੀ ’ਚ ਸ਼ਾਮਲ ਬਾਰਡਰ-2, ਜਿਸ ਵਿੱਚ ਸਨੀ ਦਿਓਲ ਨੇ ਮੇਜਰ ਜਨਰਲ ਹਰਦੇਵ ਸਿੰਘ ਕਲੇਰ, ਵਰੁਣ ਧਵਨ ਨੇ ਮੇਜਰ ਹੋਸ਼ਿਆਰ ਸਿੰਘ ਦਹੀਆ ਅਤੇ ਦਿਲਜੀਤ ਦੋਸਾਂਝ ਨੇ ਨਿਰਮਲਜੀਤ ਸਿੰਘ ਸੇਖੋਂ ਦਾ ਕਿਰਦਾਰ ਨਿਭਾਇਆ ਹੈ। ਇਸ ਫਿਲਮ ਦੇ ਅਹਿਮ ਕਿਰਦਾਰ ਨਿਰਮਲਜੀਤ ਸਿੰਘ ਸੇਖੋਂ ਨੇ 1971 ਦੀ ਜੰਗ ’ਚ ਜੋ ਬਹਾਦਰੀ ਦਿਖਾਈ, ਉਸ ਨੂੰ ਫਿਲਮ ਵਿੱਚ ਵੀ ਉਸੇ ਜਜ਼ਬੇ ਨਾਲ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
ਫਲਾਇੰਗ ਅਫ਼ਸਰ ਨਿਰਮਲਜੀਤ ਸਿੰਘ ਸੇਖੋਂ ਭਾਰਤੀ ਹਵਾਈ ਫੌਜ ਦੇ ਇਕੱਲੇ ਪਰਮਵੀਰ ਚੱਕਰ ਜੇਤੂ ਸਨ। ਲੁਧਿਆਣਾ ਜ਼ਿਲ੍ਹੇ ਦੇ ਈਸੇਵਾਲ ਪਿੰਡ ਵਿੱਚ ਨਿਰਮਲਜੀਤ ਸਿੰਘ ਸੇਖੋਂ ਦਾ ਜਨਮ ਹੋਇਆ। ਉਹ 1971 ਦੀ ਜੰਗ ਦੌਰਾਨ ਸ਼੍ਰੀਨਗਰ ਵਿੱਚ ਤਾਇਨਾਤ ਸਨ। 14 ਦਸੰਬਰ, 1971 ਨੂੰ, ਸ਼੍ਰੀਨਗਰ ਏਅਰਫੀਲਡ ’ਤੇ ਪਾਕਿਸਤਾਨੀ ਏਅਰ ਫੋਰਸ ਦੇ ਸੈਬਰ ਜੈੱਟਾਂ ਨੇ ਹਮਲਾ ਕੀਤਾ ਸੀ। ਇਸ ਦਾ ਉਦੇਸ਼ ਜੰਮੂ- ਕਸ਼ਮੀਰ ਖੇਤਰ ਵਿੱਚ ਰਨਵੇਅ ਅਤੇ ਏਅਰ ਫੋਰਸ ਸੰਪਤੀਆਂ ਨੂੰ ਤਬਾਹ ਕਰਕੇ ਭਾਰਤੀ ਹਵਾਈ ਕਾਰਵਾਈਆਂ ਨੂੰ ਕਮਜ਼ੋਰ ਕਰਨਾ ਸੀ। ਉਸ ਸਮੇਂ ਹਵਾ ਵਿਚ ਭਾਰਤੀ ਹਵਾਈ ਗਸ਼ਤ ਸੀਮਤ ਸੀ ਅਤੇ ਏਅਰਫੀਲਡ ਖਤਰੇ ਵਿੱਚ ਸੀ।
ਇਸ ਨਾਜ਼ੁਕ ਪਲ ਦੌਰਾਨ ਹੀ ਫਲਾਇੰਗ ਅਫਸਰ ਸੇਖੋਂ ਨੇ ਆਪਣੀ ਜਾਨ ਜੋਖਮ ਵਿੱਚ ਪਾਈ ਅਤੇ ਇੱਕ ਗੈਨੇਟ ਜਹਾਜ਼ ਵਿੱਚ ਸਵਾਰ ਹੋ ਗਏ। ਹਮਲੇ ਦੌਰਾਨ ਪਾਕਿਸਤਾਨ ਦੇ ਛੇ ਜਹਾਜ਼ ਘੁੰਮ ਰਹੇ ਸਨ। ਸੇਖੋਂ ਨੇ ਬਿਨਾਂ ਦੇਰੀ ਕੀਤੇ ਉਡਾਣ ਭਰੀ ਅਤੇ ਸਿੱਧੇ ਦੁਸ਼ਮਣ ਵੱਲ ਵਧੇ ਤੇ ਛੇ ਦੁਸ਼ਮਣ ਜਹਾਜ਼ਾਂ ਨੂੰ ਘੇਰ ਲਿਆ। ਮੁਕਾਬਲੇ ਤੋਂ ਬਾਅਦ ਪਾਕਿਸਤਾਨੀ ਜਹਾਜ਼ਾਂ ਨੂੰ ਪਿੱਛੇ ਹਟਣਾ ਪਿਆ ਅਤੇ ਬੇਸ ’ਤੇ ਹਮਲੇ ਦੀ ਯੋਜਨਾ ਛੱਡਣੀ ਪਈ। ਪਰ ਫਲਾਇੰਗ ਅਫ਼ਸਰ ਸੇਖੋਂ ਦਾ ਜਹਾਜ਼ ਕਰੈਸ਼ ਹੋ ਗਿਆ, ਜਿਸ ਵਿੱਚ ਉਹ ਸ਼ਹੀਦ ਹੋ ਗਏ ਸਨ।
1971 ਦੇ ਅਜਿਹੇ ਬਹਾਦਰ ਯੋਧਿਆਂ ਦੇ ਕਿਰਦਾਰਾਂ ਨੂੰ ਦਰਸਾਉਂਦੀ ‘ਬਾਰਡਰ 2’ ਨੇ ਬਾਕਸ ਆਫਿਸ ’ਤੇ ਪਹਿਲੇ ਦਿਨ ਚੰਗੀ ਕਾਰਗੁਜ਼ਾਰੀ ਦਿਖਾਈ ਹੈ। ਪਹਿਲੇ ਦਿਨ ਹੀ ਇਸ ਫਿਲਮ ਨੇ ਬਾਕਸ ਆਫਿਸ ’ਤੇ ਕਮਾਲ ਕਰ ਦਿਖਾਇਆ। ਇਹ ਸਾਲ 2026 ਦੀ ਪਹਿਲੇ ਦਿਨ ਦੀ ਵੱਧ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। ਜੰਗ ’ਤੇ ਆਧਾਰਿਤ ਇਸ ਫਿਲਮ ਨੇ ਪਹਿਲੇ ਦਿਨ ਹੀ 32.10 ਕਰੋੜ ਦੀ ਕਮਾਈ ਕੀਤੀ।
ਫਿਲਮ ਸਾਲ 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਵਾਪਰੀਆਂ ਸੱਚੀਆਂ ਘਟਨਾਵਾਂ ’ਤੇ ਆਧਾਰਿਤ ਹੈ। ਇਸ ਵਿੱਚ ਦਿਖਾਇਆ ਗਿਆ ਹੈ ਕਿ ਥਲ, ਜਲ ਅਤੇ ਹਵਾਈ ਸੈਨਾਵਾਂ ਨੇ ਕਿਵੇਂ ਇੱਕ ਹੋ ਕੇ ਦੇਸ਼ ਦੀ ਰੱਖਿਆ ਕੀਤੀ ਸੀ।

