ਬੌਲੀਵੁੱਡ ਦਾ ‘ਕਾਮਿਲ’ ਗੀਤਕਾਰ
ਮਾਲੇਰਕੋਟਲਾ ਦੇ ਕੱਚੇ ਰਸਤਿਆਂ ਤੋਂ ਲੈ ਕੇ ਬੌਲੀਵੁੱਡ ਦੀ ਚਕਾਚੌਂਧ ਭਰੀ ਦੁਨੀਆ ਤੱਕ ਦਾ ਸਫ਼ਰ ਤੈਅ ਕਰਨ ਵਾਲਾ ਇੱਕ ਅਜਿਹਾ ਇਨਸਾਨ ਜਿਸ ਦੀ ਕਲਮ ਨੇ ਹਿੰਦੀ ਸਿਨੇਮਾ ਨੂੰ ਨਾ ਸਿਰਫ਼ ਗੀਤ ਦਿੱਤੇ ਸਨ, ਸਗੋਂ ਕਰੋੜਾਂ ਲੋਕਾਂ ਦੇ ਅਹਿਸਾਸਾਂ ਨੂੰ ਜ਼ੁਬਾਨ...
ਮਾਲੇਰਕੋਟਲਾ ਦੇ ਕੱਚੇ ਰਸਤਿਆਂ ਤੋਂ ਲੈ ਕੇ ਬੌਲੀਵੁੱਡ ਦੀ ਚਕਾਚੌਂਧ ਭਰੀ ਦੁਨੀਆ ਤੱਕ ਦਾ ਸਫ਼ਰ ਤੈਅ ਕਰਨ ਵਾਲਾ ਇੱਕ ਅਜਿਹਾ ਇਨਸਾਨ ਜਿਸ ਦੀ ਕਲਮ ਨੇ ਹਿੰਦੀ ਸਿਨੇਮਾ ਨੂੰ ਨਾ ਸਿਰਫ਼ ਗੀਤ ਦਿੱਤੇ ਸਨ, ਸਗੋਂ ਕਰੋੜਾਂ ਲੋਕਾਂ ਦੇ ਅਹਿਸਾਸਾਂ ਨੂੰ ਜ਼ੁਬਾਨ ਦਿੱਤੀ ਹੈ- ਉਹ ਨਾਂ ਹੈ ਇਰਸ਼ਾਦ ਕਾਮਿਲ। ਉਸ ਦੇ ਲਿਖੇ ਬੋਲ ਅੱਜ ਹਰ ਉਮਰ ਦੇ ਦਿਲਾਂ ’ਤੇ ਰਾਜ ਕਰ ਰਹੇ ਹਨ, ਭਾਵੇਂ ਉਹ ਪੁਰਾਣੇ ਦੌਰ ਦੇ ਗੰਭੀਰ ਸਰੋਤੇ ਹੋਣ ਜਾਂ ਫਿਰ ਅੱਜ ਦੀ ‘ਜੈਨ ਜ਼ੀ’।
ਸ਼ਬਦਾਂ ਦੇ ਜਾਦੂਗਰ ਇਰਸ਼ਾਦ ਕਾਮਿਲ ਨੇ ਆਪਣੀ ਕਲਮ ਦੇ ਅਨੋਖੇ ਹੁਨਰ ਨਾਲ ਹਿੰਦੀ ਸਿਨੇਮਾ ਜਗਤ ਵਿੱਚ ਜੋ ਮੁਕਾਮ ਹਾਸਲ ਕੀਤਾ ਹੈ, ਉਸ ਦੀ ਗਵਾਹੀ ਉਸ ਦੇ ਇਹ ਪ੍ਰਸਿੱਧ ਗੀਤ ਭਰਦੇ ਹਨ। ‘ਮੌਜਾਂ ਹੀ ਮੌਜਾਂ’, ‘ਨਗਾੜਾ ਨਗਾੜਾ…’, ‘ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ’, ‘ਮੈਂ ਰੰਗ ਸ਼ਰਬਤੋਂ ਕਾ’, ‘ਮਾਹੀ ਵੇ’, ‘ਬੇਬੀ ਕੋ ਬੇਸ ਪਸੰਦ ਹੈ’, ‘ਤੁਮ ਸੇ ਹੀ’, ‘ਸਯਾਰਾ’, ‘ਕੁਨ ਫਾਯਾ ਕੁਨ’, ‘ਰਾਂਝਣਾ’, ‘ਨਾਦਾਨ ਪਰਿੰਦੇ’, ‘ਹੀਰ ਤੋ ਬੜੀ ਸੈਡ ਹੈ’, ‘ਦਿਲ ਦੀਆਂ ਗੱਲਾਂ’, ‘ਮਨਵਾ ਲਾਗੇ’ ਅਤੇ ‘ਜਗ ਘੁੰਮਿਆ’ ਵਰਗੇ ਮਕਬੂਲ ਗੀਤਾਂ ਨਾਲ ਉਹ ਅੱਜ ਹਰਦਿਲ ਅਜ਼ੀਜ਼ ਬਣ ਚੁੱਕਿਆ ਹੈ। ‘ਧੁਰੰਦਰ’, ‘ਹਾਈਵੇ’, ‘ਜਬ ਵੀ ਮੈੱਟ’, ‘ਮੈਂ ਵਾਪਸ ਆਊਂਗਾ’ ਅਤੇ ‘ਰੌਕਸਟਾਰ’ ਆਦਿ ਵਰਗੀਆਂ ਨਾਮਵਰ ਫਿਲਮਾਂ ਨੂੰ ਉਸ ਨੇ ਆਪਣੇ ਅਹਿਸਾਸਾਂ ਨਾਲ ਭਰੇ ਗੀਤਾਂ ਰਾਹੀਂ ਸ਼ਿੰਗਾਰਿਆ ਹੈ।
ਇਰਸ਼ਾਦ ਭਾਵੇਂ ਅੱਜ ਮੁੰਬਈ ਦੀ ਰਫ਼ਤਾਰ ਭਰੀ ਜ਼ਿੰਦਗੀ ਵਿੱਚ ਰਹਿ ਰਿਹਾ ਹੈ, ਪਰ ਉਸ ਦਾ ਦਿਲ ਤੇ ਰੂਹ ਅੱਜ ਵੀ ਪੰਜਾਬ ਦੀ ਮਿੱਟੀ ਅਤੇ ਉਨ੍ਹਾਂ ਕੱਚੇ ਰਸਤਿਆਂ ਵਿੱਚ ਵੱਸਦੀ ਹੈ ਜਿੱਥੇ ਉਹ ਬਚਪਨ ਵਿੱਚ ਬੇਫ਼ਿਕਰ ਹੋ ਕੇ ਤੁਰਦਾ ਸੀ। ਕਾਫ਼ੀ ਅਰਸੇ ਬਾਅਦ ਜਦੋਂ ਉਹ ਆਪਣੇ ਸਕੂਲ ਗਿਆ ਤਾਂ ਉਸ ਨੂੰ ਉਹ ਮਨਭਾਉਂਦਾ ਕੱਚਾ ਰਸਤਾ ਕਿਤੇ ਨਹੀਂ ਲੱਭਿਆ ਉਸ ਪਲ ਦੀ ਉਦਾਸੀ ਅੱਜ ਵੀ ਉਸ ਦੇ ਸ਼ਬਦਾਂ ਵਿੱਚ ਝਲਕਦੀ ਹੈ।
ਇਰਸ਼ਾਦ ਕਾਮਿਲ ਦਾ ਗੀਤਕਾਰ ਬਣਨ ਦਾ ਪਿਛੋਕੜ ਕਿਸੇ ਫਿਲਮੀ ਕਹਾਣੀ ਤੋਂ ਘੱਟ ਨਹੀਂ ਹੈ। ਉਸ ਦੀ ਲਿਖਾਈ ਬੇਹੱਦ ਖ਼ੂਬਸੂਰਤ ਹੈ। ਇਸੇ ਕਾਰਨ ਉਸ ਦੇ ਦੋਸਤ ਉਸ ਤੋਂ ਆਪਣੇ ਪ੍ਰੇਮ ਪੱਤਰ ਲਿਖਵਾਇਆ ਕਰਦੇ ਸਨ! ਰੋਜ਼-ਰੋਜ਼ ਉਹੀ ਗੱਲਾਂ ਅਤੇ ਇੱਕੋ ਜਿਹੇ ਜਜ਼ਬਾਤ ਲਿਖਦਿਆਂ ਉਹ ਅੱਕ ਗਿਆ ਸੀ। ਇਸ ਦੌਰਾਨ ਹੀ ਉਸ ਦੀ ਮੁਲਾਕਾਤ ਸ਼ਾਇਰੀ ਨਾਲ ਹੋਈ। ਸ਼ਬਦਾਂ ਨਾਲ ਇਸ ਮੁਲਾਕਾਤ ਨੇ ਉਸ ਦੀ ਜ਼ਿੰਦਗੀ ਦੀ ਦਿਸ਼ਾ ਹੀ ਬਦਲ ਦਿੱਤੀ।
ਪੰਜਾਬ ਯੂਨੀਵਰਸਿਟੀ ਤੋਂ ਐੱਮ.ਏ. ਹਿੰਦੀ ਕਰਦਿਆਂ ਉਹ ਥੀਏਟਰ ਵੀ ਕਰਦਾ ਸੀ। ਯੂਨੀਵਰਸਿਟੀ ਦੇ ਗਲਿਆਰਿਆਂ ਤੋਂ ਹੁੰਦੇ ਹੋਏ ਟੈਗੋਰ ਥੀਏਟਰ ਦੇ ਮੰਚ ਨੇ ਉਸ ਦੀ ਅਦਾਕਾਰੀ ਅਤੇ ਕਲਾ ਨੂੰ ਨਵੇਂ ਖੰਭ ਲਾਏ। ਇਸ ਤੋਂ ਬਾਅਦ ਉਸ ਨੇ ਮੁੰਬਈ ਵੱਲ ਪਰਵਾਜ਼ ਭਰੀ। ਸ਼ੁਰੂਆਤੀ ਸੰਘਰਸ਼ ਦੇ ਦਿਨਾਂ ਵਿੱਚ ਉਹ ਟੀਵੀ ਲਈ ਸਕ੍ਰਿਪਟਾਂ ਲਿਖਿਆ ਕਰਦਾ ਸੀ। ਕਈ ਵਾਰ ਕੰਮ ਦਾ ਦਬਾਅ ਇੰਨਾ ਜ਼ਿਆਦਾ ਹੁੰਦਾ ਸੀ ਕਿ ਉਹ ਲਗਾਤਾਰ 72-72 ਘੰਟੇ ਬਿਨਾਂ ਸੁੱਤੇ ਲਿਖਦਾ ਰਹਿੰਦਾ ਸੀ।
ਉਹ ਰਾਤ ਭਰ ਜਾਗ ਕੇ ਸਕ੍ਰਿਪਟ ਤਿਆਰ ਕਰਦਾ ਅਤੇ ਉਸਨੂੰ ਆਪਣੇ ਘਰ ਦੇ ਬਾਹਰ ਰੱਖ ਦਿੰਦਾ ਸੀ ਜਿੱਥੋਂ ਸਵੇਰੇ ਪ੍ਰੋਡਕਸ਼ਨ ਅਸਿਸਟੈਂਟ ਆ ਕੇ ਉਸ ਨੂੰ ਲੈ ਜਾਂਦਾ ਤੇ ਸ਼ੂਟਿੰਗ ਸਥਾਨ ’ਤੇ ਅਦਾਕਾਰਾਂ ਤੱਕ ਪਹੁੰਚਾਉਂਦਾ। ਇੱਕ ਦਿਨ ਜਦੋਂ ਪ੍ਰੋਡਕਸ਼ਨ ਅਸਿਸਟੈਂਟ ਵੱਡੀ ਸਵੇਰ ਆਇਆ ਅਤੇ ਇਰਸ਼ਾਦ ਨੂੰ ਅਜੇ ਵੀ ਲਿਖਦਿਆਂ ਦੇਖਿਆ ਤਾਂ ਉਸ ਤੋਂ ਰਿਹਾ ਨਾ ਗਿਆ ਅਤੇ ਉਸ ਨੇ ਘਬਰਾ ਕੇ ਕਿਹਾ:‘‘ਸਰ, ਤੁਸੀਂ ਅਜੇ ਤੱਕ ਸੁੱਤੇ ਨਹੀਂ ਹੋ? 72 ਘੰਟੇ ਹੋ ਗਏ ਨੇ... ਸੌਂ ਜਾਓ, ਨਹੀਂ ਤਾਂ ਤੁਸੀਂ ਮਰ ਜਾਓਗੇ!’’ ਇਹ ਸਖ਼ਤ ਮਿਹਨਤ ਅਤੇ ਅਣਥੱਕ ਸੰਘਰਸ਼ ਹੀ ਸੀ ਜਿਸ ਨੇ ਉਸ ਦੇ ਸ਼ਬਦਾਂ ਨੂੰ ਅੱਜ ਇਸ ਮੁਕਾਮ ’ਤੇ ਪਹੁੰਚਾਇਆ ਹੈ।
ਭਾਵੇਂ ਅੱਜ ਉਹ ਬੌਲੀਵੁੱਡ ਦਾ ਚੋਟੀ ਦਾ ਗੀਤਕਾਰ ਹੈ, ਪਰ ਉਸ ਦੇ ਸੁਭਾਅ ਵਿੱਚ ਅੱਜ ਵੀ ਪੰਜਾਬ ਦੀ ਮਿੱਟੀ ਵਰਗੀ ਸਾਦਗੀ ਰਚੀ-ਵਸੀ ਹੋਈ ਹੈ। ਆਪਣੇ ਬਚਪਨ ਦੇ ਨਵੇਂ ਸਾਲ ਨੂੰ ਯਾਦ ਕਰਦਿਆਂ ਉਸ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਨਵੇਂ ਸਾਲ ਦੀ ਰਾਤ ਨੂੰ ਮਾਂ ਬੜੇ ਪਿਆਰ ਨਾਲ ਗਾਜਰ ਦਾ ਹਲਵਾ ਬਣਾਉਂਦੀ ਸੀ। ਪੂਰਾ ਪਰਿਵਾਰ ਜ਼ਮੀਨ ’ਤੇ ਦਰੀਆਂ ਵਿਛਾ ਕੇ ਟੀਵੀ ’ਤੇ ਨਵੇਂ ਸਾਲ ਦਾ ਪ੍ਰੋਗਰਾਮ ਦੇਖਦਾ ਸੀ। ਜਿਉਂ ਹੀ ਘੜੀ ਰਾਤ ਦੇ ਬਾਰਾਂ ਵਜਾਉਂਦੀ, ਸਾਰਿਆਂ ਨੂੰ ਗਾਜਰ ਦਾ ਹਲਵਾ ਮਿਲਦਾ। ਇਰਸ਼ਾਦ ਨੇ ਹੱਸਦਿਆਂ ਕਿਹਾ ਕਿ ਸਾਨੂੰ ਨਵੇਂ ਸਾਲ ਦੇ ਆਉਣ ਨਾਲੋਂ ਕਿਤੇ ਵੱਧ ਚਾਅ ਗਾਜਰ ਦੇ ਹਲਵੇ ਦਾ ਹੁੰਦਾ ਸੀ!
ਮੁੰਬਈ ਵਿੱਚ ਰਹਿੰਦਿਆਂ ਉਸ ਨੇ ਇੱਕ ਵਾਰ ਆਪਣੇ ਪੁੱਤਰ ਨਾਲ ਪੁਰਾਣੇ ਦਿਨਾਂ ਦੀ ਯਾਦ ਸਾਂਝੀ ਕਰਦਿਆਂ ਆਪਣੇ ਨਵਾਂ ਸਾਲ ਮਨਾਉਣ ਦੇ ਜਸ਼ਨ ਬਾਰੇ ਦੋਸਿਆ। ਫਿਰ ਨਵੇਂ ਸਾਲ ’ਤੇ ਪੁੱਤਰ ਨੇ ਵੀ ਆਪਣੇ ਪਿਤਾ ਨਾਲ ਇਸ ਤਰ੍ਹਾਂ ਹੀ ਨਵਾਂ ਸਾਲ ਮਨਾਉਣ ਦੀ ਯੋਜਨਾ ਬਣਾਈ। ਅਜੇ ਉਨ੍ਹਾਂ ਦੇ ਜ਼ਮੀਨ ’ਤੇ ਬੈਠਣ ਨਾਲ ਮਾਹੌਲ ਬਣਿਆ ਹੀ ਸੀ ਕਿ ਮਹਾਨ ਸੰਗੀਤਕਾਰ ਏ.ਆਰ. ਰਹਿਮਾਨ ਦੀ ਟੀਮ ਤੋਂ ਫੋਨ ਆ ਗਿਆ ਕਿ ਇੱਕ ਸ਼ਾਨਦਾਰ ਧੁਨ ਤਿਆਰ ਹੈ ਅਤੇ ਗੀਤ ਲਈ ਬੋਲ ਹੁਣੇ ਚਾਹੀਦੇ ਹਨ! ਅਜਿਹੇ ਵਿੱਚ ਉਨ੍ਹਾਂ ਦੀ ਪਤਨੀ ਅਤੇ ਬੇਟੇ ਦੇ ਮੂੰਹ ਉਤਰਨੇ ਹੀ ਸੀ। ਪਰ ਇਸ ਗੀਤਕਾਰ ਦਾ ਜਨੂੰਨ ਜਾਗ ਉੱਠਿਆ ਤੇ ਉਸ ਨੇ ਮਹਿਜ਼ ਵੀਹ ਮਿੰਟਾਂ ਵਿੱਚ ਹੀ ਗੀਤ ਲਿਖ ਕੇ ਈਮੇਲ ਕਰ ਦਿੱਤਾ ਅਤੇ ਮੁੜ ਆਪਣੇ ਪਰਿਵਾਰ ਦੇ ਜਸ਼ਨ ਵਿੱਚ ਨਵਾਂ ਸਾਲ ਚੜ੍ਹਨ ਤੋਂ ਪਹਿਲਾਂ ਸ਼ਾਮਲ ਹੋ ਗਿਆ। ਉਸ ਗੀਤ ਦੇ ਬੋਲ ਸਨ: ‘ਮਾਹੀ ਵੇ… ਧੂਪ ਪਾਨੀ ਪੇ ਬਰਸ ਜਾਏ’ (ਫਿਲਮ ‘ਹਾਈਵੇ’)
ਇਰਸ਼ਾਦ ਕਾਮਿਲ ਨੇ ਸ਼ਾਇਰ ਅਤੇ ਗੀਤਕਾਰ ਵਿਚਲੇ ਫ਼ਰਕ ਨੂੰ ਬਹੁਤ ਖ਼ੂਬਸੂਰਤ ਅੰਦਾਜ਼ ਵਿੱਚ ਸਮਝਾਇਆ ਕਿ ਇੱਕ ਸ਼ਾਇਰ ਬਿਲਕੁਲ ਆਜ਼ਾਦ ਹੁੰਦਾ ਹੈ, ਉਹ ਉਹੀ ਲਿਖਦਾ ਹੈ ਜੋ ਉਸਦਾ ਆਪਣਾ ਦਿਲ ਚਾਹੁੰਦਾ ਹੈ। ਪਰ ਇਸ ਦੇ ਉਲਟ, ਇੱਕ ਫਿਲਮੀ ਗੀਤਕਾਰ ਨੂੰ ਫਿਲਮ ਦੇ ਕਿਰਦਾਰ ਦੀ ਮਨੋਦਸ਼ਾ, ਸਮਾਜਿਕ ਹਾਲਾਤ ਅਤੇ ਕਹਾਣੀ ਦੀ ਮੰਗ ਮੁਤਾਬਿਕ ਸੋਚਣਾ ਪੈਂਦਾ ਹੈ। ਉਸ ਨੂੰ ਉਸ ਪਾਤਰ ਦੇ ਮਨ ਵਿੱਚ ਉਤਰਨਾ ਪੈਂਦਾ ਹੈ। ਇਸੇ ਪ੍ਰਕਿਰਿਆ ਬਾਰੇ ਗੱਲ ਕਰਦਿਆਂ ਉਹ ਦੱਸਦਾ ਹੈ ਕਿ ਕਿਰਦਾਰਾਂ ਲਈ ਗੀਤ ਲਿਖਦਿਆਂ ਉਨ੍ਹਾਂ ਨੂੰ ਦਿਨ ਵਿੱਚ ਕਈ ਵਾਰ ਮੁਹੱਬਤ ਹੁੰਦੀ ਹੈ ਅਤੇ ਉਸੇ ਦਿਨ ਕਈ ਵਾਰ ਉਨ੍ਹਾਂ ਦਾ ਦਿਲ ਵੀ ਟੁੱਟਦਾ ਹੈ ਕਿਉਂਕਿ ਉਹ ਸਿਰਫ਼ ਸ਼ਬਦ ਨਹੀਂ ਲਿਖਦੇ ਸਗੋਂ ਕਿਰਦਾਰਾਂ ਦੀ ਪੂਰੀ ਜ਼ਿੰਦਗੀ ਨੂੰ ਹੰਢਾਉਂਦੇ ਹਨ।
ਅੱਜਕੱਲ੍ਹ ਜਦੋਂ ਹਰ ਪਾਸੇ ਮਸਨੂਈ ਬੌਧਿਕਤਾ (ਏਆਈ) ਦਾ ਬੋਲਬਾਲਾ ਹੈ ਅਤੇ ਇਹ ਡਰ ਪ੍ਰਗਟਾਇਆ ਜਾ ਰਿਹਾ ਹੈ ਕਿ ਇਹ ਕਲਾ ਨੂੰ ਖ਼ਤਮ ਕਰ ਦੇਵੇਗੀ ਤਾਂ ਇਰਸ਼ਾਦ ਕਾਮਿਲ ਇਸ ’ਤੇ ਬੜਾ ਸਪੱਸ਼ਟ ਨਜ਼ਰੀਆ ਰੱਖਦੇ ਹਨ। ਉਨ੍ਹਾਂ ਖ਼ੁਦ ਪ੍ਰਯੋਗ ਕਰਕੇ ਏਆਈ ਨੂੰ ਆਪਣੀ ਸ਼ੈਲੀ ਵਿੱਚ ਗੀਤ ਲਿਖਣ ਲਈ ਕਿਹਾ ਅਤੇ ਏਆਈ ਨੇ ਬਿਲਕੁਲ ਉਨ੍ਹਾਂ ਵਰਗਾ ਗੀਤ ਲਿਖ ਵੀ ਦਿੱਤਾ। ਪਰ ਉਹ ਮੁਸਕਰਾਉਂਦਿਆਂ ਕਹਿੰਦੇ ਹਨ: ‘‘ਜੇ ਮੈਂ 500 ਗੀਤ ਲਿਖੇ ਹਨ ਤਾਂ ਏਆਈ ਨੇ ਉਨ੍ਹਾਂ ਨੂੰ ਆਧਾਰ ਬਣਾ ਕੇ 501ਵਾਂ ਗੀਤ ਲਿਖ ਦਿੱਤਾ ਹੈ। ਪਰ ਮੈਂ ਆਪਣਾ ਅਗਲਾ ਗੀਤ ਉਨ੍ਹਾਂ ਪਿਛਲੇ 500 ਵਰਗਾ ਕਦੇ ਨਹੀਂ ਲਿਖਾਂਗਾ। ਇਸ ਲਈ ਏਆਈ ਕਦੇ ਇਰਸ਼ਾਦ ਨਹੀਂ ਬਣ ਸਕਦੀ!’’
ਅੱਜ ਵੀ ਇਰਸ਼ਾਦ ਆਪਣੇ ਨਾਂ ਨਾਲ ਜੁੜੇ ‘ਕਾਮਿਲ’ ਸ਼ਬਦ ਦੇ ਬਾਵਜੂਦ ਆਪਣੇ ਆਪ ਨੂੰ ਮੁਕੰਮਲ ਨਹੀਂ ਮੰਨਦਾ। ਉਸ ਦਾ ਮੰਨਣਾ ਹੈ ਕਿ ਸਫ਼ਰ ਅਜੇ ਜਾਰੀ ਹੈ। ਮਾਲੇਰਕੋਟਲਾ ਦੇ ਕੱਚੇ ਰਸਤਿਆਂ ਤੋਂ ਚੱਲ ਕੇ ਬੌਲੀਵੁੱਡ ਦੇ ਆਕਾਸ਼ ਤੱਕ ਦਾ ਇਹ ਸਫ਼ਰ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜਦੋਂ ਸ਼ਬਦਾਂ ਵਿੱਚ ਸੱਚਾ ਅਹਿਸਾਸ ਅਤੇ ਮਿੱਟੀ ਦੀ ਖ਼ੁਸ਼ਬੋ ਹੋਵੇ ਤਾਂ ਉਹ ਅਮਰ ਹੋ ਜਾਂਦੇ ਹਨ।
ਪੱਤਰਕਾਰ ਤੋਂ ਗੀਤਕਾਰ ਤੱਕ ਦਾ ਸਫ਼ਰ
ਇਰਸ਼ਾਦ ਕਾਮਿਲ ਦਾ ਮੁੰਬਈ ਜਾਣ ਦਾ ਫੈਸਲਾ ਵੀ ਬਹੁਤ ਦਿਲਚਸਪ ਢੰਗ ਨਾਲ ਲਿਆ ਗਿਆ। ਉਸ ਨੇ ਪੰਜਾਬ ਯੂਨੀਵਰਸਿਟੀ ਤੋਂ ਪੱਤਰਕਾਰੀ ਦੀ ਪੜ੍ਹਾਈ ਕੀਤੀ ਅਤੇ ਫਿਰ ਹਿੰਦੀ ਵਿੱਚ ਪੋਸਟ ਗ੍ਰੈਜੂਏਸ਼ਨ ਅਤੇ ਪੀਐੱਚ.ਡੀ. ਕੀਤੀ। ਸ਼ੁਰੂਆਤ ਵਿੱਚ ‘ਦੈਨਿਕ ਟ੍ਰਿਬਿਊਨ’ ਅਤੇ ‘ਇੰਡੀਅਨ ਐਕਸਪ੍ਰੈੱਸ’ ਦੇ ਹਿੰਦੀ ਐਡੀਸ਼ਨ ‘ਜਨਸੱਤਾ’ ਲਈ ਪੱਤਰਕਾਰੀ ਕੀਤੀ। ਸਰਦੀਆਂ ਦੀ ਇੱਕ ਸ਼ਾਮ ਨੂੰ ਉਹ ਚੰਡੀਗੜ੍ਹ ਵਿੱਚ ਅਖ਼ਬਾਰ ਦੇ ਦਫ਼ਤਰ ਤੋਂ ਆਪਣੀ ਬਾਈਕ ’ਤੇ ਵਾਪਸ ਜਾ ਰਿਹਾ ਸੀ ਤਾਂ ਉਸ ਨੂੰ ਅਹਿਸਾਸ ਹੋਇਆ ਤੇ ਉਸ ਦੇ ਮਨ ਵਿੱਚੋਂ ਆਵਾਜ਼ ਆਈ, ‘ਤੂੰ ਮੁੰਬਈ ਜਾਣਾ ਹੈ।’ ਉਸ ਨੇ ਫਿਰ ਉਹੀ ਕੀਤਾ ਅਤੇ ਮੁੰਬਈ ਜਾ ਕੇ ਆਪਣੀ ਪਛਾਣ ਬਣਾਈ। ਉਸ ਨੂੰ ਉਹ ਪਲ ਅੱਜ ਵੀ ਯਾਦ ਹੈ ਜਦੋਂ ਉਸ ਦੇ ਜੀਵਨ ਵਿੱਚ ਇੱਕ ਨਵਾਂ ਮੋੜ ਆਇਆ। ਉਸ ਸਮੇਂ ਉਹ ਸੜਕ ’ਤੇ ਸੀ।
‘‘ਮੈਂ ਆਪਣੀ ਆਖਰੀ ਰਿਪੋਰਟ ਸ਼ਾਮ ਨੂੰ ਅਖ਼ਬਾਰ ਦੇ ਦਫ਼ਤਰ ਵਿੱਚ ਦਿੱਤੀ ਅਤੇ ਆਪਣੀ ਮੋਟਰ ਸਾਈਕਲ ’ਤੇ ਨਿਕਲਿਆ ਤਾਂ ਅਚਨਾਕ ਸੜਕ ਦੇ ਕਿਨਾਰੇ ਰੁਕ ਗਿਆ ਅਤੇ ਸੋਚਣ ਲੱਗਿਆ, ‘ਕੀ ਮੈਂ ਸੱਚਮੁੱਚ ਪੱਤਰਕਾਰ ਹੀ ਬਣਨਾ ਚਾਹੁੰਦਾ ਹਾਂ?’ ਮੇਰੇ ਅੰਦਰ ਦੀ ਆਵਾਜ਼ ਨੇ ਕਿਹਾ, ‘ਨਹੀਂ, ਤੂੰ ਕੁਝ ਹੋਰ ਕਰਨਾ ਚਾਹੁੰਦਾ ਏਂ। ਤੂੰ ਮੁੰਬਈ ਜਾਣਾ ਚਾਹੁੰਦਾ ਏਂ।’ ਜਦੋਂ ਮੈਂ ਆਪਣੇ ਮਨ ਵਿੱਚ ਇਹ ਫ਼ੈਸਲਾ ਕਰ ਲਿਆ ਤਾਂ ਮੈਂ ਆਪਣੀ ਨੌਕਰੀ ਛੱਡ ਦਿੱਤੀ ਅਤੇ ਮੁੰਬਈ ਪਹੁੰਚ ਗਿਆ।’
ਇਸ ਤੋਂ ਹੀ ਉਸ ਦੇ ਸੰਘਰਸ਼ ਦਾ ਦੌਰ ਸ਼ੁਰੂ ਹੋਇਆ ਜੋ ਫਿਰ ਹੌਲੀ ਹੌਲੀ ਸਫਲਤਾ ਵਿੱਚ ਬਦਲ ਗਿਆ, ਪਰ ਉਸ ਦਾ ਕਹਿਣਾ ਹੈ, ‘‘ਕਲਾਕਾਰ ਕਦੇ ਨਹੀਂ ਸੋਚਦੇ ਕਿ ਉਨ੍ਹਾਂ ਨੇ ਸਫਲਤਾ ਹਾਸਲ ਕਰ ਲਈ ਹੈ। ਉਹ ਕਦੇ ਵੀ ਇਸ ਗੱਲ ਦਾ ਦਾਅਵਾ ਨਹੀਂ ਕਰਨਗੇ ਕਿਉਂਕਿ ਉਨ੍ਹਾਂ ਨੂੰ ਵਾਰ ਵਾਰ ਉਸੇ ਕਲਾਸ ਵਿੱਚ ਬੈਠਣਾ ਪੈਂਦਾ ਹੈ, ਪ੍ਰੀਖਿਆ ਦੇਣੀ ਪੈਂਦੀ ਹੈ ਅਤੇ ਉਸ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨਾ ਪੈਂਦਾ ਹੈ। ਤੁਸੀਂ ਗੀਤ ਲਿਖਦੇ ਹੋ ਅਤੇ ਉਮੀਦ ਕਰਦੇ ਹੋ ਕਿ ਉਹ ਸਰੋਤਿਆਂ ਨੂੰ ਪਸੰਦ ਆਉਣਗੇ ਅਤੇ ਜਦੋਂ ਉਹ ਪਸੰਦ ਆ ਜਾਂਦੇ ਹਨ ਤਾਂ ਤੁਸੀਂ ਹੋਰ ਵੀ ਬਿਹਤਰ ਕਰਨ ਬਾਰੇ ਸੋਚਦੇ ਹੋ। ਇਸ ਤਰ੍ਹਾਂ ਤੁਸੀਂ ਉਹੀ ਕੰਮ ਕਰਦੇ ਰਹਿੰਦੇ ਹੋ।’’
ਪਿੱਛੇ ਮੁੜ ਕੇ ਦੇਖਦੇ ਹੋਏ ਇਰਸ਼ਾਦ ਨੇ ਕਿਹਾ ਕਿ ਸਫਲਤਾ ਦੇ ਰਾਹ ਵਿੱਚ ਉਸ ਨੂੰ ਜੋ ਅਨੁਭਵ ਮਿਲੇ ਹਨ, ਉਹ ਅਨਮੋਲ ਹਨ ਅਤੇ ਉਹ ਇਸ ਨੂੰ ਕਿਸੇ ਹੋਰ ਤਰੀਕੇ ਨਾਲ ਨਹੀਂ ਚਾਹੁੰਦਾ ਸੀ।
ਉਸ ਨੇ ਕਿਹਾ, ‘‘ਸ਼ੁਰੂਆਤ ਵਿੱਚ ਬਹੁਤ ਮਿਹਨਤ ਕੀਤੀ ਕਿਉਂਕਿ ਜਦੋਂ ਤੁਸੀਂ ਬਿਲਕੁਲ ਜ਼ੀਰੋ ਤੋਂ ਸ਼ੁਰੂਆਤ ਕਰਦੇ ਹੋ ਤਾਂ ਤੁਹਾਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਇਹ ਹੀ ਇਸ ਨੂੰ ਦਿਲਚਸਪ ਅਤੇ ਖ਼ੂਬਸੂਰਤ ਬਣਾਉਂਦਾ ਹੈ। ਤੁਹਾਨੂੰ ਤਜਰਬਾ ਮਿਲਦਾ ਹੈ ਅਤੇ ਇਹ ਉਸ ਚੀਜ਼ ਤੋਂ ਅਲੱਗ ਹੈ ਜੋ ਤੁਹਾਨੂੰ ਆਸਾਨੀ ਨਾਲ ਮਿਲ ਜਾਂਦਾ ਹੈ। ਇੱਕ ਕਹਾਵਤ ਹੈ, ‘ਕਠਿਨ ਹੈ ਡਗਰ ਪਨਘਟ ਕੀ।’ ਤੁਹਾਨੂੰ ਲੰਬਾ ਸਫ਼ਰ ਤੈਅ ਕਰਨਾ ਪੈਂਦਾ ਹੈ।

