Daler Mehandi ਦੇ ਸਮਰਥਨ 'ਚ ਆਈਆਂ ਬਾਲੀਵੁੱਡ ਹਸਤੀਆਂ ਤੇ ਵਿਧਾਇਕ ਜਰਨੈਲ ਸਿੰਘ, ਸੋਨਾ ਮੋਹਾਪਾਤਰਾ ਨੇ ਚੁੱਕੇ ਸਵਾਲ
ਜਰਨੈਲ ਸਿੰਘ ਨੇ ਕਿਹਾ ਕਿ ਉਹ ਦਲੇਰ ਮਹਿੰਦੀ ਨੂੰ ਪਿਛਲੇ 30 ਸਾਲਾਂ ਤੋਂ ਜਾਣਦੇ ਹਨ
Advertisement
ਉਤਰਾਖੰਡ ਦੇ ਕੈਬਨੀਟ ਮੰਤਰੀ ਸੁਬੋਧ ਉਨਿਆਲ ਵੱਲੋਂ ਬੀਤੇ ਐਤਵਾਰ ਉੱਘੇ ਪੰਜਾਬੀ ਗਾਇਕ ਦਲੇਰ ਮਹਿੰਦੀ ਨੂੰ ਜਨਤਕ ਤੌਰ 'ਤੇ 'ਸ਼ਰਾਬੀ' ਕਹਿ ਕੇ ਝਿੜਕਣ ਦਾ ਮਾਮਲਾ ਤੂਲ ਫੜ ਗਿਆ ਹੈ। ਇਸ ਘਟਨਾ ਤੋਂ ਬਾਅਦ ਦਲੇਰ ਮਹਿੰਦੀ ਦੇ ਹੱਕ ਵਿੱਚ ਆਮ ਆਦਮੀ ਪਾਰਟੀ ਦੇ ਤਿਲਕ ਨਗਰ ਤੋਂ ਵਿਧਾਇਕ ਜਰਨੈਲ ਸਿੰਘ ਡਟ ਕੇ ਸਾਹਮਣੇ ਆਏ ਹਨ। ਉਨ੍ਹਾਂ ਕਿਹਾ ਕਿ ਉਹ ਦਲੇਰ ਮਹਿੰਦੀ ਨੂੰ ਪਿਛਲੇ 30 ਸਾਲਾਂ ਤੋਂ ਜਾਣਦੇ ਹਨ।
ਜਰਨੈਲ ਸਿੰਘ ਨੇ ਸਪੱਸ਼ਟ ਕੀਤਾ, “ਦਲੇਰ ਮਹਿੰਦੀ ਪਾਜੀ ਸ਼ਰਾਬ ਨਹੀਂ ਪੀਂਦੇ, ਸਗੋਂ ਉਹ ਸਿਹਤ ਸੰਬੰਧੀ ਗੰਭੀਰ ਸਮੱਸਿਆਵਾਂ ਨਾਲ ਜੂਝ ਰਹੇ ਹਨ।” ਇਹ ਮਾਮਲਾ ਉਸ ਸਮੇਂ ਸੋਸ਼ਲ ਮੀਡੀਆ 'ਤੇ ਜ਼ੋਰਦਾਰ ਟਰੈਂਡ ਕਰਨ ਲੱਗਾ ਜਦੋਂ ਅਨੁਪਮ ਖੇਰ, ਰਾਜਪਾਲ ਯਾਦਵ, ਕਪਿਲ ਸ਼ਰਮਾ ਅਤੇ ਬਾਦਸ਼ਾਹ ਸਮੇਤ ਬਾਲੀਵੁੱਡ ਦੀਆਂ ਕਈ ਨਾਮਵਰ ਸ਼ਖ਼ਸੀਅਤਾਂ ਖੁੱਲ੍ਹ ਕੇ ਦਲੇਰ ਮਹਿੰਦੀ ਦੇ ਸਮਰਥਨ ਵਿੱਚ ਉਤਰ ਆਈਆਂ।
ਦੇਸ਼ ਦੇ ਸਭ ਤੋਂ ਮਸ਼ਹੂਰ ਗਾਇਕਾਂ ਵਿੱਚ ਸ਼ੁਮਾਰ ਦਲੇਰ ਮਹਿੰਦੀ 1990 ਦੇ ਦਹਾਕੇ ਵਿੱਚ ਆਪਣੇ ਸੁਪਰਹਿੱਟ ਗੀਤ ‘ਬੋਲੋ ਤਾਰਾ ਰਾ’ ਤੋਂ ਬਾਅਦ ਘਰ-ਘਰ ਵਿੱਚ ਜਾਣਿਆ ਜਾਣ ਵਾਲਾ ਨਾਂ ਬਣ ਗਏ ਸਨ। ਇਸ ਤੋਂ ਇਲਾਵਾ ‘ਤੁਨਕ ਤੁਨਕ ਤੁਨ’, ‘ਹੋ ਜਾਏਗੀ ਬੱਲੇ ਬੱਲੇ’ ਅਤੇ ‘ਡਰਦੀ ਰੱਬ ਰੱਬ ਕਰਦੀ’ ਵਰਗੇ ਗੀਤਾਂ ਨੇ ਉਨ੍ਹਾਂ ਨੂੰ ਅਥਾਹ ਲੋਕਪ੍ਰਿਯਤਾ ਮਿਲੀ।
ਜ਼ਿਕਰਯੋਗ ਹੈ ਕਿ ਦਲੇਰ ਮਹਿੰਦੀ ਪ ਵਾਰ ਅਕਤੂਬਰ 2003 ਵਿੱਚ ਮਨੁੱਖੀ ਤਸਕਰੀ ਨਾਲ ਜੁੜੇ ਇੱਕ ਮਾਮਲੇ ਵਿੱਚ ਗ੍ਰਿਫ਼ਤਾਰ ਹੋਣ ਕਾਰਨ ਵਿਵਾਦਾਂ ਵਿੱਚ ਆਏ ਸਨ, ਜਿਸ ਤਹਿਤ ਉਨ੍ਹਾਂ ਨੂੰ ਮਾਰਚ 2018 ਵਿੱਚ ਦੋ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ।
ਦੂਜੇ ਪਾਸੇ, ਉੱਘੀ ਗਾਇਕਾ ਸੋਨਾ ਮੋਹਾਪਤ੍ਰ ਨੇ ਇਸ ਮਾਮਲੇ ਵਿੱਚ ਪੇਸ਼ੇਵਰ ਜਵਾਬਦੇਹੀ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿਸ ਸਮਾਗਮ ਲਈ ਗਾਇਕ ਨੂੰ ਮੋਟਾ ਭੁਗਤਾਨ ਕੀਤਾ ਗਿਆ ਸੀ, ਉਸ ਦੌਰਾਨ ਉਨ੍ਹਾਂ ਦਾ ਵਿਵਹਾਰ ਜ਼ਿੰਮੇਵਾਰੀ ਵਾਲਾ ਹੋਣਾ ਚਾਹੀਦਾ ਸੀ।
Advertisement
×

