ਧਰਮ ਨਿਰਪੱਖਤਾ ਦੇ ਜਜ਼ਬੇ ਨਾਲ ਸਰਾਬੋਰ ਬੌਲੀਵੁੱਡ
ਇਹ ਸੱਚ ਹੈ ਕਿ ਭਾਰਤ ਦੁਨੀਆ ਦਾ ਇਕਲੌਤਾ ਅਜਿਹਾ ਦੇਸ਼ ਹੈ ਜਿਸ ਦਾ ਕੋਈ ਐਲਾਨਿਆ ਹੋਇਆ ਕੌਮੀ ਧਰਮ ਨਹੀਂ ਹੈ। ਇੱਥੇ ਹਿੰਦੂ, ਸਿੱਖ, ਮੁਸਲਿਮ, ਇਸਾਈ, ਪਾਰਸੀ, ਬੋਧੀ, ਜੈਨੀ ਅਤੇ ਕਈ ਹੋਰ ਧਰਮਾਂ ਤੇ ਫਿਰਕਿਆਂ ਦੇ ਲੋਕ ਆਪਸ ਵਿੱਚ ਪ੍ਰੇਮ-ਪਿਆਰ ਸਹਿਤ...
ਇਹ ਸੱਚ ਹੈ ਕਿ ਭਾਰਤ ਦੁਨੀਆ ਦਾ ਇਕਲੌਤਾ ਅਜਿਹਾ ਦੇਸ਼ ਹੈ ਜਿਸ ਦਾ ਕੋਈ ਐਲਾਨਿਆ ਹੋਇਆ ਕੌਮੀ ਧਰਮ ਨਹੀਂ ਹੈ। ਇੱਥੇ ਹਿੰਦੂ, ਸਿੱਖ, ਮੁਸਲਿਮ, ਇਸਾਈ, ਪਾਰਸੀ, ਬੋਧੀ, ਜੈਨੀ ਅਤੇ ਕਈ ਹੋਰ ਧਰਮਾਂ ਤੇ ਫਿਰਕਿਆਂ ਦੇ ਲੋਕ ਆਪਸ ਵਿੱਚ ਪ੍ਰੇਮ-ਪਿਆਰ ਸਹਿਤ ਵੱਸਦੇ ਹਨ ਤੇ ਇੱਕ ਦੂਜੇ ਦੇ ਦਿਨ-ਤਿਉਹਾਰ ਮਿਲਜੁਲ ਕੇ ਮਨਾਉਂਦੇ ਹਨ ਤੇ ਹਰੇਕ ਦੁੱਖ-ਸੁੱਖ ਵਿੱਚ ਇੱਕ ਦੂਜੇ ਦਾ ਸਾਥ ਦਿੰਦੇ ਹਨ। ਇੱਥੇ ਸਿਆਸਤਦਾਨ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਧਰਮ ਦੇ ਨਾਂ ’ਤੇ ਨਫ਼ਰਤ ਦਾ ਜ਼ਹਿਰ ਫੈਲਾਉਣ ਦਾ ਯਤਨ ਕਰਦੇ ਹਨ, ਪਰ ਸਿਆਣੇ ਲੋਕ ਉਸ ਜ਼ਹਿਰ ਨੂੰ ਆਪਣੇ ਤਨ ਅਤੇ ਮਨ ਦੇ ਅੰਦਰ ਵੜਨ ਨਹੀਂ ਦਿੰਦੇ ਤੇ ਦੂਜੇ ਧਰਮਾਂ ਜਾਂ ਫਿਰਕਿਆਂ ਦੇ ਲੋਕਾਂ ਨਾਲ ਨਫ਼ਰਤ ਜਾਂ ਈਰਖਾ ਕਰਨ ਦੀ ਥਾਂ ਮੁਹੱਬਤ ਭਰਿਆ ਰਿਸ਼ਤਾ ਰੱਖਦੇ ਹਨ।
ਇਸ ਸਬੰਧ ਵਿੱਚ ਜੇਕਰ ਬੌਲੀਵੁੱਡ ਦੀ ਗੱਲ ਕੀਤੀ ਜਾਵੇ ਤਾਂ ਪਤਾ ਲੱਗਦਾ ਹੈ ਕਿ ਬੌਲੀਵੁੱਡ ਉਹ ਕਰਮ ਖੇਤਰ ਹੈ ਜਿੱਥੇ ਧਰਮਾਂ ਜਾਂ ਜਾਤਾਂ ਦੀਆਂ ਵਲਗਣਾਂ ਨਹੀਂ ਵੇਖੀਆਂ ਜਾਂਦੀਆਂ। ਸਭ ਫ਼ਨਕਾਰ ਇੱਕ ਮਨ-ਇੱਕ ਚਿੱਤ ਹੋ ਕੇ ਆਪਣੇ ਕਿਰਦਾਰ ਅਦਾ ਕਰਦੇ ਹਨ ਤੇ ਕਈ ਵਾਰ ਤਾਂ ਧਰਮਾਂ ਤੋਂ ਉੱਪਰ ਉੱਠ ਕੇ ਜੀਵਨ ਭਰ ਸਾਥ ਨਿਭਾਉਣ ਵਾਲੇ ਰਿਸ਼ਤੇ ਵੀ ਕਾਇਮ ਕਰ ਲੈਂਦੇ ਹਨ। ਇਹ ਪੂਰੀ ਤਰ੍ਹਾਂ ਸੱਚ ਹੈ ਕਿ ਕਿਸੇ ਵੀ ਕਲਾ ਨਾਲ ਜੁੜੇ ਕਿਸੇ ਕਲਾਕਾਰ ਦਾ ਕੋਈ ਧਰਮ ਨਹੀਂ ਹੁੰਦਾ ਹੈ ਤੇ ਉਸ ਦੀ ਕਲਾ ਹੀ ਉਸ ਦਾ ਅਸਲੀ ਧਰਮ ਹੁੰਦੀ ਹੈ ਜੋ ਉਸ ਨੂੰ ਦੁਨੀਆ ਵਿੱਚ ਪ੍ਰਸਿੱਧੀ ਤੇ ਪ੍ਰੇਮ ਦਿਵਾਉਂਦੀ ਹੈ। ਧਰਮ ਦੇ ਨਾਂ ’ਤੇ ਦੁਕਾਨਦਾਰੀ ਤੇ ਠੇਕੇਦਾਰੀ ਕਰਨ ਵਾਲੇ ਲੋਕਾਂ ਦੇ ਮੂੰਹ ਬੰਦ ਕਰਨ ਲਈ ਧਰਮ ਨਿਰਪੱਖਤਾ ਦੀ ਇਸ ਤੋਂ ਵੱਡੀ ਮਿਸਾਲ ਹੋਰ ਕੀ ਹੋ ਸਕਦੀ ਹੈ ਕਿ ਭਾਰਤੀ ਟੀਵੀ ਜਗਤ ਦੇ 1988 ਵਿੱਚ ਪ੍ਰਸਾਰਿਤ ਹੋਏ ਸਭ ਤੋਂ ਪ੍ਰਸਿੱਧ ਟੀਵੀ ਲੜੀਵਾਰ ‘ਮਹਾਂਭਾਰਤ’ ਦੀ ਪਟਕਥਾ ਅਤੇ ਸੰਵਾਦ ਇੱਕ ਮੁਸਲਿਮ ਵਿਦਵਾਨ ਡਾ. ਰਾਹੀ ਮਾਸੂਮ ਰਜ਼ਾ ਨੇ ਰਚੇ ਸਨ ਤੇ ਇਸੇ ਲੜੀਵਾਰ ਵਿੱਚ ‘ਅਰਜੁਨ’ ਜਿਹੇ ਮਹੱਤਵਪੂਰਨ ਕਿਰਦਾਰ ਨੂੰ ਅਦਾ ਕਰਨ ਵਾਲਾ ਅਦਾਕਾਰ ਵੀ ਇੱਕ ਮੁਸਲਮਾਨ ਸੀ ਜਿਸਦਾ ਨਾਂ ‘ਫਿਰੋਜ਼ ਖ਼ਾਨ ਸੀ। ਇਸੇ ਤਰ੍ਹਾਂ 2013 ਵਿੱਚ ਦੁਬਾਰਾ ਬਣੇ ਟੀਵੀ ਲੜੀਵਾਰ ‘ਮਹਾਂਭਾਰਤ’ ਵਿੱਚ ਅਰਜੁਨ ਦੀ ਭੂਮਿਕਾ ਵੀ ਇੱਕ ਮੁਸਲਿਮ ਅਦਾਕਾਰ ਸ਼ਹੀਰ ਸ਼ੇਖ਼ ਨੇ ਅਦਾ ਕੀਤੀ ਸੀ।
ਬੌਲੀਵੁੱਡ ਅਦਾਕਾਰਾ ਵਹੀਦਾ ਰਹਿਮਾਨ ਨੇ ਫਿਲਮ ‘ਨੀਲ ਕਮਲ’, ਅਦਾਕਾਰਾ ਮਹਿਜ਼ਬੀਂ ਉਰਫ਼ ਮੀਨਾ ਕੁਮਾਰ’ ਨੇ ਫਿਲਮ ‘ਬੈਜੂ ਬਾਵਰਾ’ ਅਤੇ ਅਦਾਕਾਰਾ ਮੁਮਤਾਜ਼ ਜਹਾਂ ਬੇਗ਼ਮ ਉਰਫ਼ ‘ਮਧੂਬਾਲਾ’ ਨੇ ਫਿਲਮ ‘ਚਲਤੀ ਕਾ ਨਾਮ ਗਾੜੀ’ ਸਣੇ ਕਈ ਹੋਰ ਫਿਲਮਾਂ ਵਿੱਚ ਮੱਥੇ ’ਤੇ ਬਿੰਦੀ ਤੇ ਮਾਂਗ ’ਚ ਸਿੰਧੂਰ ਭਰ ਕੇ ਮੰਦਿਰ ਵਿੱਚ ਭਗਵਾਨ ਦੀਆਂ ਮੂਰਤੀਆਂ ਸਾਹਮਣੇ ਭਜਨ ਵੀ ਗਾਏ ਸਨ ਤੇ ਮੱਥੇ ਵੀ ਟੇਕੇ ਸਨ ਜਦੋਂ ਕਿ ਮੁਸਲਿਮ ਧਰਮ ਵਿੱਚ ਉਕਤ ਕਰਮਕਾਂਡ ਕਰਨ ਦੀ ਸਖ਼ਤ ਮਨਾਹੀ ਹੈ। ਇਸੇ ਤਰ੍ਹਾਂ ਅਦਾਕਾਰ ਸਲਮਾਨ ਖ਼ਾਨ ਨੇ ‘ਬਜਰੰਗੀ ਭਾਈਜਾਨ’, ਸ਼ਾਹਰੁਖ਼ ਖ਼ਾਨ ਨੇ ‘ਕਰਨ-ਅਰਜੁਨ’ ਅਤੇ ਆਮਿਰ ਖ਼ਾਨ ਨੇ ‘ਪੀ.ਕੇ.’ ਸਮੇਤ ਕਈ ਹੋਰ ਫਿਲਮਾਂ ਵਿੱਚ ਕੱਟੜ ਹਿੰਦੂ ਕਿਰਦਾਰ ਬਾਖ਼ੂਬੀ ਅਦਾ ਕੀਤੇ ਹਨ। ਅਦਾਕਾਰ ਨਾਨਾ ਪਾਟੇਕਰ ਵੱਲੋਂ ਵੱਖ-ਵੱਖ ਫਿਲਮਾਂ ਵਿੱਚ ਨਿਭਾਏ ਗਏ ਮੁਸਲਮਾਨ ਪਾਤਰਾਂ ਦੇ ਰੋਲ ਤਾਂ ਦਰਸ਼ਕਾਂ ਨੇ ਬੇਹੱਦ ਪਸੰਦ ਕੀਤੇ ਸਨ। ਅਦਾਕਾਰ ਬਲਰਾਜ ਸਾਹਨੀ ਵੱਲੋਂ ਫਿਲਮ ‘ਕਾਬੁਲੀਵਾਲਾ’ ਵਿੱਚ ਨਿਭਾਇਆ ਗਿਆ ‘ਰਹਿਮਤ’ ਨਾਮਕ ਮੁਸਲਿਮ ਕਿਰਦਾਰ ਅੱਜ ਵੀ ਲੋਕਾਂ ਦੇ ਚੇਤਿਆਂ ਵਿੱਚ ਵੱਸਿਆ ਹੋਇਆ ਹੈ।
ਬੌਲੀਵੁੱਡ ਵਿੱਚ ਖ਼ਲਨਾਇਕ ਦੀ ਭੂਮਿਕਾ ਲਈ ਪਾਤਰ ਚਿਤਰਣ ਕਰਨ ਵਾਲੇ ਲੇਖਕਾਂ ਨੇ ਵੀ ਸਦਾ ਧਰਮ ਨਿਰਪੱਖਤਾ ਹੀ ਵਿਖਾਈ ਹੈ। ਹਰੇਕ ਫਿਲਮ ਲੇਖਕ ਨੇ ਕੇਵਲ ਕਿਸੇ ਇੱਕ ਧਰਮ ਨੂੰ ਨਿਸ਼ਾਨਾ ਬਣਾਏ ਬਿਨਾਂ ਹਰੇਕ ਧਰਮ ਨਾਲ ਜੁੜੇ ਚੰਗੇ ਤੇ ਮਾੜੇ ਕਿਰਦਾਰਾਂ ਨੂੰ ਆਪਣੀਆਂ ਫਿਲਮਾਂ ਵਿੱਚ ਪੇਸ਼ ਕੀਤਾ ਹੈ। ਬੌਲੀਵੁੱਡ ਵਿੱਚ 1950, 1960 ਅਤੇ 1970 ਦੇ ਦਹਾਕਿਆਂ ਵਿੱਚ ਖ਼ਲਨਾਇਕ ਦੇ ਕਿਰਦਾਰ ਜ਼ਿਆਦਾਤਰ ਹਿੰਦੂ ਹੀ ਰੱਖੇ ਗਏ ਸਨ ਤੇ ਇਹ ਕਿਰਦਾਰ ਕੇ. ਐੱਨ. ਸਿੰਘ, ਮਦਨ ਪੁਰੀ, ਪ੍ਰੇਮ ਚੋਪੜਾ, ਜੀਵਨ, ਕਨ੍ਹੱਈਆ ਲਾਲ, ਸੱਜਣ, ਕਮਲ ਕਪੂਰ, ਪ੍ਰਾਣ, ਸ਼ੈੱਟੀ, ਸੀ.ਐੱਸ. ਦੂਬੇ, ਪ੍ਰੇਮ ਨਾਥ ਅਤੇ ਡੀ. ਕੇ. ਸਪਰੂ ਆਦਿ ਫ਼ਨਕਾਰਾਂ ਵੱਲੋਂ ਨਿਭਾਏ ਗਏ ਸਨ। ਫਿਰ 1970 ਤੋਂ 1990 ਤੱਕ ਜ਼ਿਆਦਾਤਰ ਖ਼ਲਨਾਇਕ ਇਸਾਈ ਬਣਾ ਕੇ ਪੇਸ਼ ਕਰਨੇ ਸ਼ੁਰੂ ਕਰ ਦਿੱਤੇ ਗਏ ਤੇ ਇਹ ਰਾਬਰਟ, ਮਾਈਕਲ, ਡਾ. ਡੈਂਕ, ਮੋਗੈਂਬੋ ਅਤੇ ਚਾਰਲੀ ਜਿਹੇ ਕਿਰਦਾਰ ਅਦਾਕਾਰ ਅਜੀਤ, ਪ੍ਰਾਣ, ਡੈਨੀ, ਸੁਜੀਤ ਕੁਮਾਰ, ਬੌਬ ਕ੍ਰਿਸਟੋ, ਟੌਮ ਅਲਟਰ, ਰੰਜੀਤ, ਅਨਵਰ ਹੁਸੈਨ, ਰਹਿਮਾਨ, ਉਤਪਲ ਦੱਤ, ਅਸਿਤ ਸੇਨ, ਕੁਲਭੂਸ਼ਨ ਖਰਬੰਦਾ, ਅਮਰੀਸ਼ ਪੁਰੀ ਅਤੇ ਸਦਾਸ਼ਿਵ ਰਾਓ ਅਮਰਾਪੁਰਕਰ ਆਦਿ ਜਿਹੇ ਵੱਡੇ ਅਦਾਕਾਰਾਂ ਦੇ ਹਿੱਸੇ ਆਏ ਸਨ। 1990 ਤੋਂ ਬਾਅਦ ਫਿਲਮਸਾਜ਼ਾਂ ਤੇ ਫਿਲਮ ਲੇਖਕਾਂ ਨੇ ਮੁਸਲਿਮ ਕਿਰਦਾਰ ਖ਼ਲਨਾਇਕ ਵਜੋਂ ਪੇਸ਼ ਕਰਨੇ ਸ਼ੁਰੂ ਕਰ ਦਿੱਤੇ ਸਨ ਤੇ ਇਹ ਕਿਰਦਾਰ ਡੈਨੀ, ਕਿਰਨ ਕੁਮਾਰ, ਗੁਲਸ਼ਨ ਗਰੋਵਰ, ਨਸੀਰੂਦੀਨ ਸ਼ਾਹ, ਓਮ ਪੁਰੀ, ਅਮਜ਼ਦ ਖ਼ਾਨ, ਗੋਗਾ ਕਪੂਰ, ਗੋਵਿੰਦ ਨਾਮਦੇਓ, ਮਾਣਿਕ ਈਰਾਨੀ, ਦਿਲੀਪ ਤਾਹਿਲ, ਨਾਨਾ ਪਾਟੇਕਰ, ਆਸ਼ੂਤੋਸ਼ ਰਾਣਾ, ਮਨੋਜ ਵਾਜਪੇਈ, ਮੁਕੇਸ਼ ਰਿਸ਼ੀ, ਅਮਰੀਸ਼ ਪੁਰੀ, ਆਸ਼ੀਸ਼ ਵਿਦਿਆਰਥੀ, ਰਾਮੀ ਰੈੱਡੀ, ਰਜ਼ਾ ਮੁਰਾਦ, ਸ਼ਾਹਬਾਜ਼ ਖ਼ਾਨ, ਸ਼ਰਤ ਸਕਸੈਨਾ, ਮੁਕੇਸ਼ ਤਿਵਾੜੀ, ਪੰਕਜ ਤ੍ਰਿਪਾਠੀ ਅਤੇ ਸ਼ਰਦ ਕਪੂਰ ਜਿਹੇ ਨਾਮਵਰ ਅਦਾਕਾਰਾਂ ਵੱਲੋਂ ਬਾਖ਼ੂਬੀ ਨਿਭਾਏ ਗਏ ਸਨ।
ਸੋ ਮੁੱਕਦੀ ਗੱਲ ਇਹ ਹੈ ਕਿ ਬੌਲੀਵੁੱਡ ਫਿਲਮਸਾਜ਼ਾਂ ਨੇ ਕਦੇ ਵੀ ਕਿਸੇ ਇੱਕ ਧਰਮ ਜਾਂ ਮਜ਼ਹਬ ’ਤੇ ਨਿਸ਼ਾਨਾ ਨਹੀਂ ਕੀਤਾ ਤੇ ਆਪਣੇ ਖ਼ਲਨਾਇਕਾਂ ਦੇ ਅੰਦਰ ਦੀ ਬੁਰਾਈ ਨੂੰ ਉਭਾਰਨ ਅਤੇ ਉਸ ਬੁਰਾਈ ਕਾਰਨ ਉਨ੍ਹਾਂ ਦੇ ਭਿਆਨਕ ਅੰਤ ਨੂੰ ਪੇਸ਼ ਕਰਨ ’ਤੇ ਜ਼ੋਰ ਦਿੱਤਾ ਹੈ ਨਾ ਕਿ ਉਨ੍ਹਾਂ ਦੇ ਧਰਮ ਵਿਸ਼ੇਸ਼ ਨੂੰ ਅਪਮਾਨਿਤ ਕਰਨ ਦੀ ਕੋਸ਼ਿਸ਼ ਕਦੇ ਵੀ ਨਹੀਂ ਕੀਤੀ।
ਜਦੋਂ ਮੀਨਾ ਕੁਮਾਰੀ ‘ਪਾਕੀਜ਼ਾ’ ਜਿਹੀ ਸ਼ਾਹਕਾਰ ਫਿਲਮ ਬਣਾਉਣ ਵਾਲੇ ਉੱਘੇ ਫਿਲਮਸਾਜ਼ ਕਮਾਲ ਅਮਰੋਹੀ ਨਾਲ ਨਿਕਾਹ ਕਰਵਾਉਣ ਤੋਂ ਬਾਅਦ ਆਪਣੇ ਸਹੁਰੇ ਪਿੰਡ ‘ਅਮਰੋਹਾ’ ਪੁੱਜੀ ਤਾਂ ਉੱਥੇ ਕਮਾਲ ਅਮਰੋਹੀ ਦੀ ਪਹਿਲੀ ਸ਼ਾਦੀ ’ਚੋਂ ਇੱਕ ਬੇਟਾ ਰਹਿੰਦਾ ਸੀ ਜੋ ਉਮਰ ਵਿੱਚ ਅਜੇ ਕਾਫ਼ੀ ਛੋਟਾ ਸੀ। ਮੀਨਾ ਕੁਮਾਰੀ ਨੇ ਆਪਣੀ ਸੌਕਣ ਦੇ ਬੱਚੇ ਨੂੰ ਨਫ਼ਰਤ ਦੀ ਥਾਂ ਪਿਆਰ ਦੀ ਨਜ਼ਰ ਨਾਲ ਤੱਕਿਆ ਤੇ ਉਸ ਨੂੰ ਉਰਦੂ ਅਤੇ ਪਵਿੱਤਰ ਕੁਰਾਨ ਦਾ ਗਿਆਨ ਦਿਵਾਉਣ ਲਈ ਅਮਰੋਹਾ ਦੇ ਸਰਬੋਤਮ ਉਸਤਾਦ ਤੇ ਵਿਦਵਾਨ ਸ਼ਖ਼ਸ ਦੀ ਤਲਾਸ਼ ਕਰਨ ਲਈ ਆਪਣੇ ਨੌਕਰਾਂ ਤੇ ਰਿਸ਼ਤੇਦਾਰਾਂ ਨੂੰ ਲਗਾ ਦਿੱਤਾ। ਬੜੀ ਖੋਜਬੀਨ ਤੋਂ ਪਤਾ ਲੱਗਾ ਕਿ ਪੂਰੇ ਅਮਰੋਹਾ ਅੰਦਰ ਸ਼ੁੱਧ ਭਾਸ਼ਾ ਵਿੱਚ ਕੁਰਾਨ ਅਤੇ ਉਰਦੂ ਦਾ ਗਿਆਨ ਦੇਣ ਵਾਲਾ ਜੋ ਸਰਬੋਤਮ ਸ਼ਖ਼ਸ ਸੀ, ਉਸ ਦਾ ਨਾਂ ਪੰਡਿਤ ਹਰੀ ਨਾਰਾਇਣ ਸ਼ਾਸ਼ਤਰੀ ਸੀ। ਮੀਨਾ ਕੁਮਾਰੀ ਨੂੰ ਇਸ ਜਾਣਕਾਰੀ ਤੋਂ ਬੜੀ ਹੈਰਾਨੀ ਹੋਈ ਕਿ ਪਵਿੱਤਰ ਕੁਰਾਨ ਦਾ ਗਿਆਨ ਦੇਣ ਵਾਲਾ ਸ਼ਖ਼ਸ ਇੱਕ ਹਿੰਦੂ ਬ੍ਰਾਹਮਣ ਸੀ। ਉਸ ਨੇ ਪੰਡਿਤ ਜੀ ਨੂੰ ਘਰ ਬੁਲਾ ਕੇ ਉਨ੍ਹਾਂ ਦਾ ਆਦਰ ਸਤਿਕਾਰ ਕੀਤਾ ਤੇ ਆਪਣੇ ਬੱਚੇ ਨੂੰ ਉਕਤ ਸਿੱਖਿਆਦਾਨ ਦੇ ਇਵਜ਼ ਵਿੱਚ ਲਈ ਜਾਣ ਵਾਲੀ ਫੀਸ ਬਾਰੇ ਪੁੱਛਿਆ।
ਪੰਡਿਤ ਜੀ ਨੇ ਅੱਗਿਉਂ ਜੋ ਜਵਾਬ ਦਿੱਤਾ ਸੀ, ਉਸ ਨੂੰ ਸੁਣ ਕੇ ਮੀਨਾ ਕੁਮਾਰੀ ਦੀਆਂ ਅੱਖਾਂ ਭਰ ਆਈਆਂ ਸਨ। ਪੰਡਿਤ ਜੀ ਨੇ ਆਖਿਆ ਸੀ- ‘‘ਬੀਬਾ ਜੀ, ਕੁਰਾਨ ਦੀ ਪੜ੍ਹਾਈ ਤਾਂ ਪਰਮੇਸ਼ਰ ਦੇ ਨਾਂ ਦਾ ਜਾਪ ਹੈ ਤੇ ਪਰਮੇਸ਼ਰ ਦਾ ਨਾਂ ਲੈਣ ਦੀ ਕਾਹਦੀ ਫੀਸ?... ਹਾਂ ...ਉਰਦੂ ਸਿਖਾਉਣ ਦੇ ਬਦਲੇ ਵਿੱਚ ਜੋ ਤੁਹਾਡਾ ਮਨ ਕਰੇ ਦੇ ਦੇਣਾ।’’ ਇੱਕ ਕੱਟੜ ਹਿੰਦੂ ਹੋਣ ਦੇ ਬਾਵਜੂਦ ਪਵਿੱਤਰ ਕੁਰਾਨ ਪ੍ਰਤੀ ਹਰੀ ਨਰਾਇਣ ਦੀ ਸ਼ਰਧਾ ਵੇਖ ਕੇ ਮੀਨਾ ਕੁਮਾਰੀ ਉਨ੍ਹਾਂ ਨੂੰ ਨਤਮਸਤਕ ਹੋ ਗਈ ਸੀ। ਅਜੋਕੇ ਸਮਿਆਂ ਦੇ ਉਲਟ ਉਨ੍ਹਾਂ ਵੇਲਿਆਂ ਅੰਦਰ ਹਿੰਦੁਸਤਾਨ ਵਿੱਚ ਅਜਿਹੀ ਧਰਮ-ਨਿਰਪੱਖਤਾ ਵਾਕਿਆ ਹੀ ਕਾਬਿਲੇ-ਤਾਰੀਫ਼ ਸੀ।
ਆਮ ਹਿੰਦੁਸਤਾਨੀ ਪਰਿਵਾਰਾਂ ਵਿੱਚ ਵਿਆਹ-ਸ਼ਾਦੀ ਲਈ ਰਿਸ਼ਤੇ ਜੋੜਦੇ ਸਮੇਂ ਧਰਮਾਂ ਦੇ ਨਾਲ-ਨਾਲ ਜਾਤਾਂ ਅਤੇ ਗੋਤਾਂ ਤੱਕ ਦਾ ਵੀ ਖ਼ਿਆਲ ਰੱਖਿਆ ਜਾਂਦਾ ਹੈ, ਪਰ ਬੌਲੀਵੁੱਡ ਵਿੱਚ ਰਿਸ਼ਤਿਆਂ ਦੇ ਮਹਿਲ, ਦਿਲਾਂ ਅਤੇ ਜਜ਼ਬਾਤਾਂ ਦੀਆਂ ਨੀਹਾਂ ’ਤੇ ਉਸਾਰੇ ਜਾਂਦੇ ਹਨ ਤੇ ਇਨ੍ਹਾਂ ਮੁਹੱਬਤੀ ਰਿਸ਼ਤਿਆਂ ਵਿੱਚ ਧਰਮਾਂ ਤੇ ਮਜ਼ਹਬਾਂ ਦੀਆਂ ਦੀਵਾਰਾਂ ਕਦੇ ਰੁਕਾਵਟ ਨਹੀਂ ਬਣਦੀਆਂ। ਸਭ ਜਾਣਦੇ ਹਨ ਕਿ ਅਦਾਕਾਰ ਸੁਨੀਲ ਦੱਤ ਅਤੇ ਅਦਾਕਾਰਾ ਨਰਗਿਸ ਦਾ ਵਿਆਹੁਤਾ ਰਿਸ਼ਤਾ ਨਿਰੋਲ ਮੁਹੱਬਤ ’ਤੇ ਆਧਾਰਿਤ ਸੀ। ਇਸੇ ਤਰ੍ਹਾਂ ਬੌਲੀਵੁੱਡ ਵਿੱਚ ਹੋਰ ਵੀ ਕਈ ਅਜਿਹੇ ਵਿਆਹੁਤਾ ਜੋੜੇ ਹਨ ਜਿਨ੍ਹਾਂ ਨੇ ਇੱਕ ਦੂਜੇ ਦੇ ਧਰਮਾਂ ਤੇ ਮਜ਼ਹਬਾਂ ਨੂੰ ਦਰਕਿਨਾਰ ਕਰਕੇ ਰਿਸ਼ਤੇ ਜੋੜੇ ਹਨ ਤੇ ਬੇਹੱਦ ਖ਼ੁਸ਼ਹਾਲ ਤੇ ਅਨੰਦਮਈ ਜੀਵਨ ਬਤੀਤ ਕਰ ਰਹੇ ਹਨ।
ਅਜਿਹੇ ਮੁਹੱਬਤੀ ਜੋੜਿਆਂ ਵਿੱਚ-ਸ਼ਾਹਰੁਖ਼ ਖ਼ਾਨ ਤੇ ਗੌਰੀ ਛਿੱਬਰ, ਆਮਿਰ ਖ਼ਾਨ ਤੇ ਕਿਰਨ ਰਾਓ, ਸੈਫ਼ ਅਲੀ ਖ਼ਾਨ ਤੇ ਕਰੀਨਾ ਕਪੂਰ, ਸੰਜੇ ਦੱਤ ਤੇ ਦਿਲਨਵਾਜ਼ ਸ਼ੇਖ਼ ਉਰਫ਼ ਮਾਨਿਅਤਾ, ਫ਼ਰਹਾਨ ਅਖ਼ਤਰ ਤੇ ਸ਼ਿਵਾਨੀ ਦਾਂਡੇਕਰ, ਇਮਰਾਨ ਖ਼ਾਨ ਤੇ ਅਵੰਤਿਕਾ ਮਲਿਕ, ਕੁਨਾਲ ਖੇਮੂ ਤੇ ਸੋਹਾ ਅਲੀ ਖ਼ਾਨ, ਸਵਰਾ ਭਾਸਕਰ ਤੇ ਫ਼ਹਾਦ ਅਹਿਮਦ, ਅਰਸ਼ਦ ਵਾਰਸੀ ਤੇ ਮਾਰੀਆ ਗੋਰੈੱਟੀ, ਨਸੀਰੂਦੀਨ ਸ਼ਾਹ ਤੇ ਰਤਨਾ ਪਾਠਕ, ਸਿਰੀਸ਼ ਕੁੰਦਰਾ ਤੇ ਫਿਲਮ ਕੋਰੀਓਗ੍ਰਾਫ਼ਰ ਅਤੇ ਨਿਰਦੇਸ਼ਿਕਾ ਫ਼ਰਹਾ ਖ਼ਾਨ, ਬਿੰਦੂ ਸਿੰਘ ਅਤੇ ਫ਼ਰਹਾ ਨਾਜ਼, ਮਨੋਜ ਵਾਜਪੇਈ ਤੇ ਸ਼ਬਾਨਾ ਰਜ਼ਾ, ਸੁਨੀਲ ਸ਼ੈੱਟੀ ਤੇ ਮੋਨਾ ਕਾਦਰੀ, ਉਰਮਿਲਾ ਮਾਤੋਂਡਕਰ ਤੇ ਮੀਰ ਮੋਹਸਿਨ ਅਖ਼ਤਰ, ਸੋਹੇਲ ਖ਼ਾਨ ਤੇ ਸੀਮਾ ਸਚਦੇਵ, ਸ਼ਕੀਲ ਲਕੜਵਾਲਾ ਤੇ ਅਕ੍ਰਿਤਾ ਅਰੋੜਾ, ਅਤੁਲ ਅਗਨੀਹੋਤਰੀ ਤੇ ਅਲਵੀਰਾ ਖ਼ਾਨ, ਮਯੂਰ ਮਾਧਵਾਨੀ ਅਤੇ ਮੁਮਤਾਜ਼, ਆਦਿਤਯ ਪੰਚੋਲੀ ਤੇ ਜ਼ਰੀਨਾ ਵਹਾਬ, ਰਾਜ ਬੱਬਰ ਤੇ ਨਾਦਿਰਾ ਜ਼ਹੀਰ, ਮੁਹੰਮਦ ਅਜ਼ਹਰੂਦੀਨ ਤੇ ਸੰਗੀਤਾ ਬਿਜਲਾਨੀ, ਫ਼ਾਰੂਖ਼ ਸ਼ੇਖ਼ ਤੇ ਰੂਪਾ ਜੈਨ, ਜ਼ਾਏਦ ਖ਼ਾਨ ਤੇ ਮਲਿਕਾ ਪਾਰੇਖ਼ ਆਦਿ ਦੇ ਨਾਂ ਪ੍ਰਮੁੱਖ ਤੌਰ ’ਤੇ ਸ਼ਾਮਿਲ ਹਨ। ਇਹ ਜੋੜੀਆਂ ਦੱਸਦੀਆਂ ਹਨ ਕਿ ਪ੍ਰੇਮ ਦੀ ਖ਼ੁਸ਼ਬੂ ਨੂੰ ਮਜ਼ਹਬਾਂ ਦੀਆਂ ਵਲਗਣਾਂ ਕਦੇ ਨਹੀਂ ਰੋਕ ਸਕਦੀਆਂ।
ਬੌਲੀਵੁੱਡ ਵਿੱਚ ਨੌਸ਼ਾਦ ਸਾਹਿਬ ਅਤੇ ਗ਼ੁਲਾਮ ਮੁਹੰਮਦ ਜਿਹੇ ਬੇਹੱਦ ਕਾਬਲ ਤੇ ਸੂਝਵਾਨ ਸੰਗੀਤ ਨਿਰਦੇਸ਼ਕ ਹੋਏ ਹਨ ਜੋ ਬੇਸ਼ੱਕ ਮੁਸਲਮਾਨ ਤਬਕੇ ਨਾਲ ਸਬੰਧਿਤ ਸਨ, ਪਰ ਉਨ੍ਹਾਂ ਨੇ ਆਪਣੀਆਂ ਫਿਲਮਾਂ ਵਿੱਚ ਆਪਣੇ ਮਨਮੋਹਕ ਸੁਰਾਂ ਨਾਲ ਅਜਿਹੇ ਭਜਨ ਸੰਗੀਤਬੱਧ ਕੀਤੇ ਸਨ ਕਿ ਸੁਣਨ ਵਾਲਾ ਭਾਵੁਕ ਹੋ ਕੇ ਭਾਵਨਾਵਾਂ ਦੇ ਵੇਗ ਵਿੱਚ ਵਹਿ ਤੁਰਦਾ ਹੈ। ਨੌਸ਼ਾਦ ਦੇ ਸੰਗੀਤਬੱਧ ਕੀਤੇ ਭਜਨਾਂ ਵਿੱਚ ‘ਭਗਤ ਕੇ ਬਸ ਮੇਂ ਹੈਂ ਭਗਵਾਨ’, ‘ਮੋਹੇ ਪਨਘਟ ਪੇ ਨੰਦ ਲਾਲ ਛੇੜ ਗਇਉ ਰੇ’, ‘ਓ ਦੁਨੀਆ ਕੇ ਰਖਵਾਲੇ’, ‘ਇਨਸਾਫ਼ ਕਾ ਮੰਦਿਰ ਹੈ ਯੇ ਭਗਵਾਨ ਕਾ ਘਰ ਹੈ’, ‘ਮੋਹਨ ਕੀ ਮੁਰਲੀਆ ਬਾਜੇ’ ਆਦਿ ਜਿਹੇ ਮਸ਼ਹੂਰ ਭਜਨ ਸ਼ਾਮਿਲ ਹਨ।
ਇਸੇ ਤਰ੍ਹਾਂ ਗੀਤਕਾਰ ਸਾਹਿਰ ਲੁਧਿਆਣਵੀ ਨੇ ਵੀ ਮਜ਼ਹਬ ਪੱਖੋਂ ਇੱਕ ਮੁਸਲਮਾਨ ਹੁੰਦਿਆਂ ਹੋਇਆਂ ਵੀ ‘ਅੱਲ੍ਹਾ ਤੇਰੋ ਨਾਮ ਈਸ਼ਵਰ ਤੇਰੋ ਨਾਮ’, ‘ਮੇਰੇ ਰੋਮ ਰੋਮ ਮੇਂ ਬਸਨੇ ਵਾਲੇ ਰਾਮ’, ‘ਤੋਰਾ ਮਨ ਦਰਪਣ ਕਹਿਲਾਏ’, ‘ਤੇਰੀ ਹੈ ਜ਼ਮੀਂ, ਤੇਰਾ ਆਸਮਾਂ’, ‘ਗੰਗਾ ਤੇਰਾ ਪਾਨੀ ਅੰਮ੍ਰਿਤ’, ‘ਸੁਆਮੀ ਤੇਰੇ ਦਰਸ਼ਨ ਕੋ ਆਈ ਬ੍ਰਿਜ ਬਾਲਾ’, ‘ਈਸ਼ਵਰ ਅੱਲ੍ਹਾ ਤੇਰੋ ਨਾਮ ਸਭ ਕੋ ਸਨਮਤਿ ਦੇ ਭਗਵਾਨ’, ‘ਮੇਰੀ ਸੁਨ ਲੇ ਅਰਜ਼ ਬਨਵਾਰੀ’, ‘ਪ੍ਰਭੂ ਜੀ ਤੇਰੀ ਲੀਲਾ ਅਪਰੰਪਾਰ’, ‘ਆਨਾ ਹੈ ਤੋ ਆ’ ਆਦਿ ਜਿਹੇ ਕਈ ਹੋਰ ਮਨਮੋਹਕ ਭਜਨ ਬੌਲੀਵੁੱਡ ਦੀ ਝੋਲੀ ਪਾ ਕੇ ਬੌਲੀਵੁੱਡ ਅੰਦਰ ਧਰਮ-ਨਿਰਪੱਖਤਾ ਦੀ ਮਿਸਾਲ ਕਾਇਮ ਕੀਤੀ ਸੀ। ਉਪਰੋਕਤ ਸਮੂਹ ਫ਼ਨਕਾਰ ਸਚਮੁੱਚ ਹੀ ਬਹੁਤ ਮਹਾਨ ਸਨ ਤੇ ਅਜਿਹੇ ਸਮੂਹ ਧਰਮ ਨਿਰਪੱਖ ਫ਼ਨਕਾਰਾਂ ਦੀ ਨਰੋਈ ਸੋਚ ਅਤੇ ਕਲਾ ਪ੍ਰਤੀ ਸਮਰਪਣ ਨੂੰ ਦਿਲੋਂ ਸਲਾਮ ਹੈ।
ਸੰਪਰਕ: 97816-46008

