ਜਨਮ ਦਿਨ ਵਿਸ਼ੇਸ਼ : ਲੋਕ ਕਵੀ ਸੰਤ ਰਾਮ ਉਦਾਸੀ
ਬਰਨਾਲਾ ਦੀ ਮਿੱਟੀ ਦਾ ਜਾਇਆ, ਜਿਸ ਦੀ ਕਲਮ ਨੇ ‘ਹਕੂਮਤਾਂ’ ਦੀ ਹਿੱਕ ’ਤੇ ਹਲ ਵਾਹਿਆ
ਪੰਜਾਬ ਦੀ ਧਰਤੀ ਨੇ ਅਨੇਕਾਂ ਕਵੀ ਪੈਦਾ ਕੀਤੇ ਹਨ, ਪਰ ਜਦੋਂ ਗੱਲ ‘ਲੋਕਾਂ ਦੇ ਕਵੀ’ ਦੀ ਤੁਰਦੀ ਹੈ ਤਾਂ ਸਭ ਤੋਂ ਉੱਚਾ ਅਤੇ ਸੁੱਚਾ ਨਾਮ ‘ਸੰਤ ਰਾਮ ਉਦਾਸੀ’ ਦਾ ਆਉਂਦਾ ਹੈ। 20 ਅਪਰੈਲ 1939 ਨੂੰ ਬਰਨਾਲਾ ਜ਼ਿਲ੍ਹੇ ਦੇ ਪਿੰਡ ਰਾਏਸਰ ਵਿੱਚ ਇੱਕ ਗਰੀਬ ਦਲਿਤ ਪਰਿਵਾਰ ਵਿੱਚ ਜਨਮੇ ਇਸ ਸੂਰਮੇ ਕਵੀ ਨੇ ਸਾਰੀ ਉਮਰ ਕਿਰਤੀਆਂ, ਕੰਮੀਆਂ ਅਤੇ ਕਿਸਾਨਾਂ ਦੇ ਦਰਦ ਨੂੰ ਆਪਣੀ ਹਿੱਕ ਨਾਲ ਲਾ ਕੇ ਗਾਇਆ। ਉਦਾਸੀ ਮਹਿਜ਼ ਇੱਕ ਗਾਇਕ ਜਾਂ ਲੇਖਕ ਨਹੀਂ ਸੀ, ਸਗੋਂ ਉਹ ਇੱਕ ਅਜਿਹੀ ਆਵਾਜ਼ ਸੀ ਜਿਸ ਨੇ ਸਿਸਟਮ ਦੀਆਂ ਨੀਂਹਾਂ ਹਿਲਾ ਕੇ ਰੱਖ ਦਿੱਤੀਆਂ।
ਵਿਰਾਸਤ ’ਚ ਮਿਲੀ ਸੀ ਬਗ਼ਾਵਤ
ਉਦਾਸੀ ਦੇ ਲਿਖਣ ਅਤੇ ਗਾਉਣ ਦਾ ਸਫ਼ਰ ਉਨ੍ਹਾਂ ਦੇ ਖ਼ੂਨ ਵਿੱਚ ਹੀ ਰਚਿਆ ਹੋਇਆ ਸੀ। ਉਨ੍ਹਾਂ ਦੇ ਦਾਦਾ ਕਵੀਸ਼ਰ ਸਨ ਅਤੇ ਪਰਿਵਾਰ ਜੈਤੋ ਦੇ ਮੋਰਚੇ ਤੇ ਨਾਮਧਾਰੀ ਲਹਿਰ ਵਰਗੇ ਦੇਸ਼-ਭਗਤੀ ਦੇ ਜਜ਼ਬਿਆਂ ਨਾਲ ਜੁੜਿਆ ਹੋਇਆ ਸੀ। ਭਾਵੇਂ ਉਦਾਸੀ ਨੇ ਬਤੌਰ ਸਰਕਾਰੀ ਅਧਿਆਪਕ ਸੇਵਾ ਨਿਭਾਈ, ਪਰ ਉਨ੍ਹਾਂ ਦਾ ਮਨ ਹਮੇਸ਼ਾ ਖੇਤਾਂ-ਖਲਿਹਾਨਾਂ ਵਿੱਚ ਪਸੀਨਾ ਵਹਾਉਂਦੇ ਮਜ਼ਦੂਰਾਂ ਦੇ ਦੁੱਖਾਂ ਵਿੱਚ ਵੱਸਦਾ ਰਿਹਾ। ‘ਗਲ ਲੱਗ ਕੇ ਸੀਰੀ ਦੇ ਜੱਟ ਰੋਇਆ’ ਅਤੇ ‘ਮੱਘਦਾ ਰਹੀਂ ਵੇ ਸੂਰਜਾ’ ਵਰਗੇ ਅਮਰ ਗੀਤ ਕਿਸੇ ਕਲਪਨਾ ਦੀ ਉਪਜ ਨਹੀਂ ਸਨ, ਸਗੋਂ ਸਮਾਜ ਦੇ ਕੌੜੇ ਸੱਚ ਦੀ ਤਸਵੀਰ ਸਨ।
ਜ਼ੁਲਮ ਦੀਆਂ ਐਨਕਾਂ ਅਤੇ ਕਲਮ ਦੀ ਧਾਰ
ਨਕਸਲੀ ਲਹਿਰ ਦੇ ਪ੍ਰਭਾਵ ਹੇਠ ਆਉਣ ਕਰਕੇ ਉਦਾਸੀ ਨੂੰ ਹਕੂਮਤਾਂ ਦਾ ਅੰਨ੍ਹਾ ਕਹਿਰ ਝੱਲਣਾ ਪਿਆ। ਲੱਡਾ ਕੋਠੀ ਅਤੇ ਵੱਖ-ਵੱਖ ਥਾਣਿਆਂ ਵਿੱਚ ਦਿੱਤੇ ਗਏ ਅਣਮਨੁੱਖੀ ਤਸ਼ੱਦਦ ਨੇਉਨ੍ਹਾਂ ਦੇ ਸਰੀਰ ਨੂੰ ਜ਼ਰੂਰ ਤੋੜਿਆ, ਪਰ ਉਨ੍ਹਾਂ ਦੇ ਇਰਾਦੇ ਹੋਰ ਵੀ ਫੌਲਾਦੀ ਹੋ ਗਏ। ਅੱਜ ਵੀ ਅਸੀਂ ਜਦੋਂ ਉਦਾਸੀ ਨੂੰ ਮੋਟੀਆਂ ਐਨਕਾਂ ਵਿੱਚ ਦੇਖਦੇ ਹਾਂ, ਤਾਂ ਇਹ ਉਸੇ ਪੁਲੀਸ ਤਸ਼ੱਦਦ ਦੀ ਨਿਸ਼ਾਨੀ ਹੈ ਜਿਸ ਨੇਉਨ੍ਹਾਂ ਦੀ ਨਜ਼ਰ ’ਤੇ ਅਸਰ ਪਾਇਆ ਸੀ। ਲੇਖਕ ਬੂਟਾ ਸਿੰਘ ਚੌਹਾਨ ਅਨੁਸਾਰ, ਉਦਾਸੀ ਨੇ ਜੋ ਵੀ ਲਿਖਿਆ, ਉਹ ਆਪਣੇ ਪਿੰਡੇ ’ਤੇ ਹੰਢਾਇਆ।
ਕਿਸਾਨੀ ਸੰਘਰਸ਼ਾਂ ਦੀ ਜਿੰਦ-ਜਾਨ ਅੱਜ 50 ਸਾਲ ਬੀਤ ਜਾਣ ਤੋਂ ਬਾਅਦ ਵੀ, ਚਾਹੇ ਦਿੱਲੀ ਦੀਆਂ ਬਰੂਹਾਂ ’ਤੇ ਹੋਇਆ ਇਤਿਹਾਸਕ ਕਿਸਾਨੀ ਅੰਦੋਲਨ ਹੋਵੇ ਜਾਂ ਪਿੰਡਾਂ ਵਿੱਚ ਮਜ਼ਦੂਰਾਂ ਦਾ ਕੋਈ ਰੋਸ ਮੁਜ਼ਾਹਰਾ, ਉਦਾਸੀ ਦੇ ਗੀਤ ਹਰ ਜਗ੍ਹਾ ਗੂੰਜਦੇ ਹਨ। ਉਦਾਸੀ ਦੀ ਮਕਬੂਲੀਅਤ ਦਾ ਆਲਮ ਇਹ ਹੈ ਕਿ ਅੱਜ ਦੇ ਨਾਮੀ ਗਾਇਕ ਅਰਜਨ ਢਿੱਲੋਂ, ਜਸਵੀਰ ਜੱਸੀ ਅਤੇ ਨਿਮਰਤ ਖਹਿਰਾ ਤੋਂ ਲੈ ਕੇ ਖੁਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੱਕ ਉਨ੍ਹਾਂ ਦੀਆਂ ਰਚਨਾਵਾਂ ਨੂੰ ਮਾਣ ਨਾਲ ਗਾਉਂਦੇ ਹਨ। ਪ੍ਰੋ. ਤਰਸਪਾਲ ਕੌਰ ਮੁਤਾਬਕ, ਉਦਾਸੀ ਸਿਰਫ਼ ਪੰਜਾਬੀ ਸਾਹਿਤ ਦੇ ਹੀ ਨਹੀਂ, ਸਗੋਂ ਹਰ ਦੱਬੇ-ਕੁਚਲੇ ਇਨਸਾਨ ਦੇ ਨਾਇਕ ਹਨ।
ਪਰਿਵਾਰ ਦਾ ਗਿਲਾ ਤੇ ਸਰਕਾਰੀ ਅਣਦੇਖੀ
ਪਿੰਡ ਰਾਏਸਰ ਨੇ ਭਾਵੇਂ ਸਕੂਲ, ਸਟੇਡੀਅਮ ਅਤੇ ਬੱਸ ਅੱਡੇ ਦਾ ਨਾਮ ਉਦਾਸੀ ਦੇ ਨਾਮ ’ਤੇ ਰੱਖ ਕੇ ਮਾਣ ਦਿੱਤਾ ਹੈ, ਪਰ ਪਰਿਵਾਰ ਅਤੇ ਪਿੰਡ ਨਿਵਾਸੀਆਂ ਨੂੰ ਇੱਕ ਗਿਲਾ ਅੱਜ ਵੀ ਹੈ। ਉਦਾਸੀ ਦੀ ਬੇਟੀ ਇਕਬਾਲ ਕੌਰ ਉਦਾਸੀ ਕਹਿੰਦੇ ਹਨ ਕਿ ਜੋ ਸਰਕਾਰ ਉਦਾਸੀ ਦੇ ਗੀਤ ਗਾ ਕੇ ਸੱਤਾ ਵਿੱਚ ਆਈ ਹੈ, ਉਸ ਨੂੰ ‘ਕੰਮੀਆਂ ਦੇ ਵਿਹੜੇ’ ਦੀ ਸਾਰ ਲੈਣੀ ਚਾਹੀਦੀ ਹੈ। ਪਿੰਡ ਵਿੱਚ ਬਣਾਈ ਗਈ ਲਾਇਬ੍ਰੇਰੀ ਦਾ ਨਾਮ ਅਜੇ ਵੀ ਉਦਾਸੀ ਦੇ ਨਾਮ ’ਤੇ ਰੱਖਣਾ ਬਾਕੀ ਹੈ।
ਅੰਤਿਮ ਸਫ਼ਰ: ਇੱਕ ਅਣਸੁਲਝੀ ਬੁਝਾਰਤ
ਸੰਤ ਰਾਮ ਉਦਾਸੀ ਦੀ ਮੌਤ ਅੱਜ ਵੀ ਇੱਕ ਬੁਝਾਰਤ ਬਣੀ ਹੋਈ ਹੈ। ਪਟਨਾ ਸਾਹਿਬ ਵਿਖੇ ਕਵੀ ਸੰਮੇਲਨ ਤੋਂ ਵਾਪਸੀ ਵੇਲੇ ਟ੍ਰੇਨ ਵਿੱਚ ਉਨ੍ਹਾਂ ਦੀ ਹੋਈ ਮੌਤ ਅਤੇ ਉਥੇ ਹੀ ਕਰ ਦਿੱਤੇ ਗਏ ਅੰਤਿਮ ਸਸਕਾਰ ਨੇ ਕਈ ਸਵਾਲ ਖੜ੍ਹੇ ਕੀਤੇ। ਪਰ ਸੱਚ ਇਹ ਹੈ ਕਿ ਉਦਾਸੀ ਵਰਗੇ ਲੋਕ ਕਦੇ ਮਰਦੇ ਨਹੀਂ। ਉਨ੍ਹਾਂ ਦੇ ਸ਼ਬਦ ਪੰਜਾਬ ਦੀ ਫ਼ਿਜ਼ਾ ਵਿੱਚ ਹਮੇਸ਼ਾ ਮਘਦੇ ਰਹਿਣਗੇ। ਅੱਜ ਉਨ੍ਹਾਂ ਦੇ ਜਨਮ ਦਿਨ ’ਤੇ ਅਸਲੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਉਨ੍ਹਾਂ ਦੇ ਸੁਪਨਿਆਂ ਦਾ ਸਮਾਜ ਸਿਰਜਣ ਲਈ ਲੜਾਈ ਜਾਰੀ ਰੱਖੀਏ।

