ਮੁੰਬਈ: ‘ਬਿੱਗ ਬੌਸ ਸੀਜ਼ਨ-15’ ਵਿੱਚ ਪਹਿਲਾਂ ਹੀ ਬਿੱਗ ਬਾਸ ਵੱਲੋਂ ਕਰਵਾਈ ਗਈ ਇੱਕ ਖੇਡ ਦੌਰਾਨ ਸ਼ਮਿਤਾ ਸ਼ੈੱਟੀ ਅਤੇ ਦੇਵਲੀਨਾ ਭੱਟਾਚਾਰਜੀ ਵਿਚਾਲੇ ਬਹਿਸ ਹੋ ਚੁੱਕੀ ਹੈ ਜਿਸ ਵਿੱਚ ਗ਼ੈਰ-ਵੀਆਈਪੀ ਉਮੀਦਵਾਰ ਵੀ ਪੰਜਾਹ ਲੱਖ ਰੁਪਏ ਦਾ ਇਨਾਮ ਜਿੱਤ ਸਕਦੇ ਹਨ। ਜ਼ਿਕਰਯੋਗ ਹੈ ਕਿ ਬਿੱਗ ਬੌਸ ਦੇ ਘਰ ਵਿੱਚ ਦੇਵਲੀਨਾ ਜਿਥੇ ਵੀਆਈਪੀਜ਼ ਦੀ ਸੰਚਾਲਕ ਹੈ, ਉਥੇ ਹੀ ਗ਼ੈਰ ਵੀਆਈਪੀਜ਼ ਲਈ ਇਹ ਭੂਮਿਕਾ ਸ਼ਮਿਤਾ ਨਿਭਾਅ ਰਹੀ ਹੈ। ਇਸ ਵਾਰ ਦੇਵਲੀਨਾ ਅਤੇ ਸ਼ਮਿਤਾ ਵਿਚਾਲੇ ਚੱਲ ਰਹੀ ਲੜਾਈ ਹੋਰ ਵਧ ਗਈ ਜਦੋਂ ਇੱਕ ਗ਼ੈਰ-ਵੀਆਈਪੀ ਉਮੀਦਵਾਰ ਨੇ ਵੀਆਈਪੀ ਉਮੀਦਵਾਰ ਵੱਲੋਂ ਦਿੱਤਾ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਸ਼ੋਅ ਦੇ ਤਾਜ਼ਾ ਰਿਲੀਜ਼ ਕੀਤੇ ਗਏ ਪ੍ਰੋਮੋ ਵਿੱਚ ਉਮਰ ਰਿਆਜ਼, ਕਰਨ ਕੁੰਦਰਾ ਅਤੇ ਪ੍ਰਤੀਕ ਸਹਿਜਪਾਲ ਹੱਥੋਪਾਈ ਹੁੰਦੇ ਦਿਖਾਈ ਦੇ ਰਹੇ ਹਨ ਪਰ ਸਭ ਤੋਂ ਹੈਰਾਨ ਕਰਨ ਵਾਲੀ ਲੜਾਈ ਦੇਵਲੀਨਾ ਅਤੇ ਸ਼ਮਿਤਾ ਵਿਚਾਲੇ ਹੋਈ। ਜਿਸ ਦੌਰਾਨ ਸ਼ਮਿਤਾ ਬੇਹੋਸ਼ ਹੋ ਕੇ ਡਿੱਗ ਗਈ ਅਤੇ ਕਰਨ ਉਸ ਨੂੰ ਚੁੱਕ ਕੇ ਮੈਡੀਕਲ ਕਮਰੇ ਵੱਲ ਲਿਜਾਂਦਾ ਦਿਖਾਈ ਦੇ ਰਿਹਾ ਹੈ। ਜਾਣਕਾਰੀ ਮੁਤਾਬਕ ਸ਼ਮਿਤਾ ਨੇ ਦੇਵਲੀਨਾ ਨੂੰ ਪੁੱਛਿਆ ਸੀ ਕਿ ਤੇਰਾ ਦਿਮਾਗ ਕਿੱਥੇ ਹੈ? ਜਿਸ ਤੋਂ ਨਾਰਾਜ਼ ਹੋਈ ਦੇਵਲੀਨਾ ਨੇ ਸ਼ਮਿਤਾ ਨੂੰ ਆਪਣੀ ਜ਼ੁਬਾਨ ’ਤੇ ਕਾਬੂ ਰੱਖਣ ਲਈ ਕਿਹਾ। ਇਸ ਮਗਰੋਂ ਦੋਵਾਂ ਵਿਚਾਲੇ ਹੱਥੋਪਾਈ ਹੋ ਗਈ ਤੇ ਹੋਰਨਾਂ ਨੇ ਵਿੱਚ ਪੈ ਕੇ ਇਹ ਲੜਾਈ ਰੁਕਵਾਈ। ਪ੍ਰੋਮੋ ਵਿੱਚ ਦੇਵਲੀਨਾ ਸ਼ਮਿਤਾ ’ਤੇ ਚੀਕ ਰਹੀ ਦਿਖਾਈ ਦਿੰਦੀ ਹੈ ਤੇ ਸ਼ਮਿਤਾ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ, ਜਿਸ ਦੌਰਾਨ ਸ਼ਮਿਤਾ ਬੇਹੋਸ਼ ਹੋ ਜਾਂਦੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਸ ਨੂੰ ਸਿਹਤ ਜਾਂਚ ਲਈ ਘਰ ਤੋਂ ਬਾਹਰ ਲਿਜਾਇਆ ਗਿਆ ਸੀ ਜਿਸ ਮਗਰੋਂ ਹੁਣ ਸ਼ਮਿਤਾ ਮੁੜ ਬਿੱਗ ਬਾਸ ਦੇ ਘਰ ਵਿੱਚ ਆ ਚੁੱਕੀ ਹੈ। -ਆਈਏਐੱਨਐੱਸ