DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

‘ਬਿੱਗ ਬੀਅਰ’ ਬੌਕਸਰ ਸੋਨੀ ਲਿਸਟਨ

ਸੋਨੀ ਲਿਸਟਨ ਨੂੰ ਬੌਕਸਿੰਗ ਦਾ ‘ਵੱਡਾ ਰਿੱਛ’ ਕਿਹਾ ਜਾਂਦਾ ਸੀ। ਉਹ ਮੁੱਕੇਬਾਜ਼ੀ ਦਾ ਅਵੈੜਾ ਮੁੱਕੇਬਾਜ਼ ਸੀ। ਕਈ ਇਹ ਜਾਣ ਕੇ ਹੈਰਾਨ ਹੋਣਗੇ ਕਿ ਉਹ 26 ਭੈਣ/ਭਰਾਵਾਂ ’ਚ 25ਵਾਂ ਬੱਚਾ ਸੀ। ਐਨੇ ਬੱਚੇ ਆਪਸ ਵਿੱਚ ਹੀ ਮੁੱਕੋ-ਮੁੱਕੀ ਹੁੰਦੇ ਰਹਿੰਦੇ ਸਨ। ਜੁਰਮ...

  • fb
  • twitter
  • whatsapp
  • whatsapp
Advertisement

ਸੋਨੀ ਲਿਸਟਨ ਨੂੰ ਬੌਕਸਿੰਗ ਦਾ ‘ਵੱਡਾ ਰਿੱਛ’ ਕਿਹਾ ਜਾਂਦਾ ਸੀ। ਉਹ ਮੁੱਕੇਬਾਜ਼ੀ ਦਾ ਅਵੈੜਾ ਮੁੱਕੇਬਾਜ਼ ਸੀ। ਕਈ ਇਹ ਜਾਣ ਕੇ ਹੈਰਾਨ ਹੋਣਗੇ ਕਿ ਉਹ 26 ਭੈਣ/ਭਰਾਵਾਂ ’ਚ 25ਵਾਂ ਬੱਚਾ ਸੀ। ਐਨੇ ਬੱਚੇ ਆਪਸ ਵਿੱਚ ਹੀ ਮੁੱਕੋ-ਮੁੱਕੀ ਹੁੰਦੇ ਰਹਿੰਦੇ ਸਨ। ਜੁਰਮ ਕਰਨੇ ਤੇ ਮੁੜ ਮੁੜ ਜੇਲ੍ਹ ਜਾਣਾ ਸੋਨੀ ਲਿਸਟਨ ਦਾ ਬਚਪਨ ਤੋਂ ਸ਼ੌਕ ਸੀ। ਉਹ ਜਿੰਨੇ ਸਾਲ ਜੀਵਿਆ, ਜੇਲ੍ਹਾਂ ਨਾਲੋਂ ਨਾਤਾ ਨਾ ਤੋੜਿਆ। ਉਹਨੂੰ ਮੁੱਕੇਬਾਜ਼ੀ ਦੀ ਮੁੱਢਲੀ ਸਿਖਲਾਈ ਵੀ ਜੇਲ੍ਹ ਵਿੱਚੋਂ ਹੀ ਮਿਲੀ ਸੀ। ਉਹ ਪਹਿਲੀ ਵਾਰ 25 ਸਤੰਬਰ 1962 ਨੂੰ ਫਲੋਏਡ ਪੈਟਰਸਨ ਨੂੰ ਨਾਕ ਆਊਟ ਕਰ ਕੇ ਹੈਵੀਵੇਟ ਵਿਸ਼ਵ ਚੈਂਪੀਅਨ ਬਣਿਆ ਸੀ। ਉਹ ਪਹਿਲਾ ਮੌਕਾ ਸੀ ਜਦੋਂ ਕੋਈ ਹੈਵੀਵੇਟ ਵਿਸ਼ਵ ਚੈਂਪੀਅਨ ਤਿੰਨ ਮਿੰਟ ਤੋਂ ਘੱਟ ਸਮੇਂ ’ਚ ਕਿਸੇ ਮੁੱਕੇਬਾਜ਼ ਹੱਥੋਂ ‘ਨਾਕ ਆਊਟ’ ਹੋ ਗਿਆ ਹੋਵੇ!

ਸਾਲ 1963 ’ਚ ਉਹ ਦੁਬਾਰਾ ਵਿਸ਼ਵ ਚੈਂਪੀਅਨ ਬਣਿਆ ਤਾਂ 17 ਮਹੀਨੇ ਵਿਸ਼ਵ ਟਾਈਟਲ ਉਹਦੇ ਪਾਸ ਰਿਹਾ। 25 ਸਤੰਬਰ 1964 ਨੂੰ ਉਹ ਆਪਣੇ ਤੋਂ 10 ਸਾਲ ਛੋਟੇ ਕੈਸੀਅਸ ਕਲੇਅ ਤੋਂ ਹਾਰ ਗਿਆ। ਕੈਸੀਅਸ ਕਲੇਅ ਰੋਮ ਦੀਆਂ ਓਲੰਪਿਕ ਖੇਡਾਂ ਦਾ ਹੈਵੀਵੇਟ ਚੈਂਪੀਅਨ ਸੀ। ਉਦੋਂ ਉਹ ਮੁਹੰਮਦ ਅਲੀ ਨਹੀਂ ਸੀ ਬਣਿਆ। ਸੋਨੀ ਲਿਸਟਨ ਦੀ ਹੋਣੀ ਵੇਖੋ ਕਿ ਉਹ ਕੀਤੇ ਜੁਰਮਾਂ ਦੀਆਂ ਸਜ਼ਾਵਾਂ ਭੁਗਤਦਾ ਕੇਵਲ ਚਾਲੀ ਸਾਲ ਹੀ ਜਿਉਂ ਸਕਿਆ। ਉਹਦੀ ਮੌਤ ਭੇਤ ਭਰੀ ਹਾਲਤ ’ਚ ਹੋਈ ਜਿਸ ਦਾ ਪਤਾ ਹੀ ਹਫ਼ਤੇ ਬਾਅਦ ਲੱਗਿਆ।

Advertisement

ਸੋਨੀ ਲਿਸਟਨ ਦਾ ਕੱਦ 6 ਫੁੱਟ 1 ਇੰਚ ਤੇ ਮੁਹੰਮਦ ਅਲੀ ਦਾ 6 ਫੁੱਟ ਢਾਈ ਇੰਚ ਸੀ, ਪਰ ਦੋਹਾਂ ਦਾ ਵਜ਼ਨ ਇੱਕੋ ਜਿੰਨਾ 215 ਪੌਂਡ ਸੀ। ਸੋਨੀ ਲਿਸਟਨ ਦਾ ਜਨਮ 8 ਮਈ 1932 ਨੂੰ ਸੇਂਟ ਫਰਾਂਸਿਸ ਕਾਉਂਟੀ, ਅਰਕਾਂਸਸ, ਅਮਰੀਕਾ ਵਿੱਚ ਟੋਬ ਲਿਸਟਨ ਦੇ ਘਰ ਹੈਲਨ ਬਾਸਕਿਨ ਦੀ ਕੁੱਖੋਂ ਹੋਇਆ। ਹੈਲਨ ਬਾਸਕਿਨ, ਟੋਬ ਲਿਸਟਨ ਤੋਂ 30 ਸਾਲ ਛੋਟੀ ਸੀ। ਟੋਬ ਲਿਸਟਨ ਦੇ ਏਨੇ 26 ਬੱਚੇ ਹੋਣੇ ਹੈਰਾਨੀ ਪ੍ਰਗਟ ਕਰਦੇ ਹਨ, ਪਰ ਪੂਰਾ ਵੇਰਵਾ ਪੜ੍ਹ ਕੇ ਹੈਰਾਨੀ ਘਟ ਸਕਦੀ ਹੈ। ਇਹ ਤੱਥ ਜ਼ਰੂਰ ਹੈਰਾਨੀ ਪ੍ਰਗਟ ਕਰਦਾ ਹੈ ਕਿ ਅਜਿਹੇ ਪਿਛੋਕੜ ਵਾਲਾ ਬੱਚਾ ਵੀ ਵਿਸ਼ਵ ਚੈਂਪੀਅਨ ਬਣ ਸਕਦਾ ਹੈ।

Advertisement

ਸੋਨੀ ਦਾ ਜਮਾਂਦਰੂ ਨਾਂ ਚਾਰਲਸ ਲਿਸਟਨ ਸੀ। ਕੋਈ ਉਹਦੀ ਜਨਮ ਮਿਤੀ 1932 ਦੀ ਮੰਨਦਾ ਹੈ, ਕੋਈ 1930 ਤੇ ਕੋਈ ਉਸ ਤੋਂ ਵੀ ਪਹਿਲਾਂ ਦੀ। 1965 ਤੱਕ ਅਮਰੀਕਾ ਦੀ ਅਰਕਾਂਸਸ ਸਟੇਟ ਵਿੱਚ ਬੱਚਿਆਂ ਦੇ ਜਨਮ ਸਰਟੀਫਿਕੇਟ ਬਣਵਾਉਣੇ ਲਾਜ਼ਮੀ ਨਹੀਂ ਸਨ। ਸੋਨੀ ਲਿਸਟਨ ਨੇ ਖੁਦ ਦੱਸਿਆ ਸੀ ਕਿ ਉਸ ਕੋਲ ਆਪਣੀ ਜਨਮ ਮਿਤੀ ਦਾ ਕੋਈ ਸਰਟੀਫਿਕੇਟ ਨਹੀਂ, ਪਰ ਉਹ ਆਪਣਾ ਜਨਮ 8 ਮਈ 1932 ਨੂੰ ਹੋਇਆ ਮੰਨਦਾ ਹੈ। ਮਰਦਮਸ਼ੁਮਾਰੀ ਦੇ ਰਿਕਾਰਡ ਮੁਤਾਬਿਕ ਸੋਨੀ ਲਿਸਟਨ ਦਾ ਜਨਮ 22 ਜੁਲਾਈ 1930 ਨੂੰ ਹੋਇਆ ਹੀ ਵਧੇਰੇ ਮਾਨਤਾ ਪ੍ਰਾਪਤ ਹੈ। ਉਹਦਾ ਦੇਹਾਂਤ 30 ਦਸੰਬਰ 1970 ਨੂੰ ਲਾਸ ਵੇਗਾਸ ਵਿਖੇ ਹੋਇਆ, ਪਰ ਉਸ ਦਾ ਪਤਾ 7 ਜਨਵਰੀ 1971 ਨੂੰ ਲੱਗਾ ਸੀ। ਕੋਈ ਮੌਤ ਦਾ ਕਾਰਨ ਨਸ਼ੇ ਦੀ ਓਵਰ ਡੋਜ਼, ਕੋਈ ਖ਼ੁਦਕੁਸ਼ੀ ਤੇ ਕੋਈ ਕਤਲ ਕਹਿੰਦਾ ਰਿਹਾ।

ਸੋਨੀ ਦਾ ਰੰਗ ਸਾਂਵਲਾ ਸੀ, ਵਾਲ ਛੱਲੇਦਾਰ, ਦੰਦ ਮੋਤੀਆਂ ਵਰਗੇ ਤੇ ਜੁੱਸਾ ਮਸਕੁਲਰ ਸੀ। ਨੱਕ ਮੋਟਾ ਤੇ ਨਾਸਾਂ ਚੌੜੀਆਂ ਸਨ। ਹੱਥਾਂ ਦੀਆਂ ਉਂਗਲਾਂ ਵੀ ਅੰਗੂਠਿਆਂ ਵਾਂਗ ਮੋਟੀਆਂ ਸਨ। ਜਦੋਂ ਮੁੱਠਾਂ ਮੀਚਦਾ ਤਾਂ ਉਹਦੇ ਮੁੱਕੇ ਲੋਹੇ ਦੇ ਗੋਲੇ ਲੱਗਦੇ। ਪੇਸ਼ੇਵਰ ਮੁੱਕੇਬਾਜ਼ ਵਜੋਂ ਉਸ ਨੇ 54 ਭੇੜ ਭਿੜੇ ਜਿਨ੍ਹਾਂ ’ਚੋਂ 50 ਜਿੱਤੇ। ਉਨ੍ਹਾਂ ’ਚੋਂ 39 ਭੇੜ ਵਿਰੋਧੀ ਨੂੰ ਨਾਕ ਆਊਟ ਕਰ ਕੇ ਜਿੱਤੇ।

ਸੋਨੀ ਦੇ ਮਾਪੇ ਮੁਜਾਰੇ ਕਿਸਾਨ ਸਨ ਜੋ ਗ਼ਰੀਬੀ ਨਾਲ ਗੁਜ਼ਾਰਾ ਕਰਦੇ ਸਨ। ਉਹ 1916 ਵਿੱਚ ਮਿਸੀਸਿਪੀ ਤੋਂ ਅਰਕਾਂਸਸ ਆਏ ਤੇ ਅਰਕਾਂਸਸ ਸਟੇਟ ’ਚ ਜੌਹਨਸਨ ਟਾਊਨਸ਼ਿਪ ਨੇੜੇ ਸੇਂਟ ਫਰਾਂਸਿਸ ਕਾਊਂਟੀ ’ਚ ਰਹਿਣ ਲੱਗੇ। ਸੋਨੀ ਦਾ ਪਿਓ ਟੋਬ ਲਿਸਟਨ ਉਦੋਂ ਪੰਜਾਹ ਸਾਲਾਂ ਦੇ ਨੇੜੇ ਸੀ ਜਦ ਕਿ ਉਹਦੀ ਪਤਨੀ ਹੈਲਨ ਬਾਸਕਿਨ ਵੀਹ ਸਾਲਾਂ ਤੋਂ ਵੀ ਘੱਟ ਉਮਰ ਦੀ ਸੀ। ਉਦੋਂ ਉਨ੍ਹਾਂ ਦਾ ਦੂਜਾ ਵਿਆਹ ਹੋਇਆ। ਹੈਲਨ ਕੋਲ ਪਹਿਲੇ ਵਿਆਹ ਦਾ 1 ਬੱਚਾ ਸੀ ਜਦ ਕਿ ਟੋਬ ਕੋਲ ਪਹਿਲੇ ਵਿਆਹ ਦੇ 13 ਬੱਚੇ ਸਨ। ਦੂਜੇ ਵਿਆਹ ’ਚੋਂ ਉਨ੍ਹਾਂ ਦੇ 12 ਬੱਚੇ ਪੈਦਾ ਹੋਏ ਜਿਨ੍ਹਾਂ ’ਚ ਸੋਨੀ 11ਵੇਂ ਥਾਂ ਜੰਮਿਆ। ਇੰਜ 26 ਪਤਰੇਏ ਤੇ ਮਤਰੇਏ ਭੈਣ-ਭਰਾਵਾਂ ’ਚ ਉਹ 25ਵੇਂ ਨੰਬਰ ’ਤੇ ਸੀ। ਏਡਾ ਵੱਡਾ ਪਰਿਵਾਰ ਕਿਵੇਂ ਪਲਦਾ ਤੇ ਰਹਿੰਦਾ ਹੋਵੇਗਾ, ਅੰਦਾਜ਼ਾ ਆਪੇ ਲਾਇਆ ਜਾ ਸਕਦਾ ਹੈ।

ਟੋਬ ਲਿਸਟਨ ਸਖ਼ਤ ਸੁਭਾਅ ਦਾ ਸ਼ਰਾਬੀ ਬਾਪ ਸੀ। ਉਹ ਅਕਸਰ ਨਿਆਣਿਆਂ ਨੂੰ ਕੁੱਟਦਾ ਮਾਰਦਾ ਰਹਿੰਦਾ। ਸੋਨੀ ਨੂੰ ਸਗੋਂ ਵਧੇਰੇ ਕੁੱਟਦਾ। ਬਾਪ ਦੀ ਕੁੱਟਮਾਰ ਦੇ ਦਾਗ ਸੋਨੀ ਦੇ ਪਿੰਡੇ ’ਤੇ ਦਹਾਕਿਆਂ ਤੱਕ ਦਿਸਦੇ ਰਹੇ। ਸ਼ਾਇਦ ਇਹ ਬਚਪਨ ਤੇ ਅੱਲ੍ਹੜ ਅਵਸਥਾ ਦੀ ਕੁੱਟ-ਮਾਰ ਹੀ ਸੀ ਜਿਸ ਨੇ ਸੋਨੀ ਨੂੰ ਜੁਰਮ ਦੀ ਦੁਨੀਆ ’ਚ ਧੱਕਿਆ। ਪਹਿਲਾਂ ਉਹ ਸਾਧਾਰਨ ਜੁਰਮ ’ਚ ਜੇਲ੍ਹ ਜਾਣ ਵਾਲਾ ਸਾਧਾਰਨ ਮੁਜਰਮ ਬਣਿਆ, ਫਿਰ ਖ਼ਾਸ ਜੁਰਮ ’ਚ ‘ਖ਼ਾਸ’ ਬਣ ਗਿਆ। ਖ਼ਾਸ ਗੱਲ ਇਹ ਕਿ ਉਹ ਜੇਲ੍ਹ ’ਚ ਹੀ ਮੁੱਕੇਬਾਜ਼ੀ ਸਿੱਖ ਕੇ ਵਿਸ਼ਵ ਚੈਂਪੀਅਨ ਬਣਿਆ।

ਸਾਲ 1946 ’ਚ ਸੋਨੀ ਦੀ ਮਾਂ ਵੱਡੇ ਬੱਚਿਆਂ ਨੂੰ ਲੈ ਕੇ ਫੈਕਟਰੀਆਂ ’ਚ ਕੰਮ ਕਰਨ ਸੇਂਟ ਲੂਈਸ ਚਲੀ ਗਈ। ਸੋਨੀ ਦੀ ਉਮਰ ਉਦੋਂ ਚੌਦਾਂ ਕੁ ਸਾਲਾਂ ਦੀ ਸੀ। ਉਹ ਹੋਰ ਕੁੱਟ ਖਾਣ ਲਈ ਪਿਓ ਕੋਲ ਹੀ ਰਹਿ ਗਿਆ। ਅਗਲੇ ਸਾਲ ਉਹ ਵੀ ਕਿਰਾਏ ਜੋਗੇ ਪੈਸੇ ’ਕੱਠੇ ਕਰ ਕੇ ਮਾਂ ਕੋਲ ਚਲਾ ਗਿਆ। ਸੇਂਟ ਲੂਈਸ ਉਸ ਨੂੰ ਸਕੂਲ ਪੜ੍ਹਨ ਪਾਇਆ ਗਿਆ, ਪਰ ਉਹ ਪੜ੍ਹਾਈ ’ਚ ਚੱਲ ਨਾ ਸਕਿਆ। ਸਕੂਲ ਦੀ ਥਾਂ ਉਹ ਬਦਮਾਸ਼ਾਂ ਨਾਲ ਰਲ ਕੇ ਜੁਰਮਾਂ ਦੀ ਦੁਨੀਆ ’ਚ ਦਾਖਲ ਹੋ ਗਿਆ।

ਇੱਕ ਗੈਂਗ ਨੇ ਉਹਦਾ ਤਕੜਾ ਕੱਦ-ਕਾਠ ਵੇਖਦਿਆਂ ਉਹਨੂੰ ਆਪਣਾ ਆਗੂ ਚੁਣ ਲਿਆ। ਉਹ ਲੁੱਟਾਂ-ਖੋਹਾਂ ਤੋਂ ਅਗਾਂਹ ਡਾਕੇ ਮਾਰਨ ਲੱਗੇ। ਇੱਕ ਡਾਕੇ ’ਚ ਉਹਦੀ ਪੀਲੀ ਸ਼ਰਟ ਸੋਨੀ ਦੀ ਪਛਾਣ ਬਣ ਗਈ। ਸੇਂਟ ਲੂਈਸ ਦੀ ਪੁਲੀਸ ਨੇ ਉਹਦਾ ਨਾਂ ਹੀ ‘ਯੈਲੋ ਸ਼ਰਟ ਬੈਂਡਿਟ’ ਰੱਖ ਲਿਆ। ਜਨਵਰੀ 1950 ਵਿੱਚ ਉਸ ਨੂੰ ਇੱਕ ਡਾਕੇ ’ਚ ਗ੍ਰਿਫ਼ਤਾਰ ਕਰ ਲਿਆ ਗਿਆ। ਉਦੋਂ ਉਹਨੇ ਆਪਣੀ ਉਮਰ 20 ਸਾਲ ਦੀ ਥਾਂ 18 ਸਾਲ ਦੱਸੀ। ਉਸ ’ਤੇ ਚਾਰਜ ਲੱਗੇ, ਮੁਕੱਦਮਾ ਚੱਲਿਆ ਜਿਸ ’ਚ 5 ਸਾਲ ਕੈਦ ਮਿਲੀ। 1 ਜੂਨ 1950 ਨੂੰ ਉਹ ਮਿਸੂਰੀ ਸਟੇਟ ਦੀ ਮੁਜਰਮ ਸੁਧਾਰ ਜੇਲ੍ਹ ’ਚ ਕੈਦ ਕੱਟਣ ਲੱਗਾ। ਇਸ ਤੋਂ ਪਹਿਲਾਂ ਵੀ ਉਹ ਜੇਲ੍ਹ ਜਾ ਚੁੱਕਾ ਸੀ ਤੇ ਮੁੱਕੇਬਾਜ਼ੀ ਦੇ ਮੁੱਢਲੇ ਗੁਰ ਸਿੱਖ ਚੁੱਕਾ ਸੀ। ਮਸੂਰੀ ਸਟੇਟ ਦੀ ਸਖ਼ਤ ਜੇਲ੍ਹ ’ਚ ਉਹ ਸਾਊ ਕੈਦੀ ਬਣਿਆ ਰਿਹਾ। ਜੇਲ੍ਹ ਦੇ ਅਥਲੈਟਿਕ ਡਾਇਰੈਕਟਰ ਆਰ.ਏ. ਸਟੀਵਨਜ਼ ਨੇ ਸੋਨੀ ਲਿਸਟਨ ਦਾ ਕੱਦ-ਕਾਠ ਵੇਖ ਕੇ ਉਸ ਨੂੰ ਚੈਂਪੀਅਨ ਮੁੱਕੇਬਾਜ਼ ਬਣਨ ਦੀ ਸਲਾਹ ਦਿੱਤੀ। ਸਟੀਵਨਜ਼ ਧਰਮੀ ਬੰਦਾ ਸੀ ਜੋ ਉਸ ਨੂੰ ਸੁਧਾਰਨਾ ਤੇ ਨੇਕ ਇਨਸਾਨ ਬਣਾਉਣਾ ਚਾਹੁੰਦਾ ਸੀ। ਉਸ ਨੇ ਲਿਸਟਨ ਦੀ ਪਰਖ ਲਈ ਮੁੱਕੇਬਾਜ਼ੀ ਦਾ ਮੁਕਾਬਲਾ ਰੱਖ ਲਿਆ। ਉਸ ਸਮੇਂ ਹੈਵੀਵੇਟ ਮੁਕਾਬਲਿਆਂ ਵਿੱਚ ਮੁੱਕੇਬਾਜ਼ ਠਰੂਮੈਨ ਵਿਲਸਨ ਦਾ ਬੜਾ ਨਾਂ ਸੀ। ਦੋਹਾਂ ’ਚ ਬੜਾ ਸਖ਼ਤ ਮੁਕਾਬਲਾ ਸ਼ੁਰੂ ਹੋਇਆ। ਵੇਖਣ ਵਾਲੇ ਸੋਚਦੇ ਸਨ ਕਿ ਮੁਕਾਬਲਾ ਇੱਕਪਾਸੜ ਹੋਵੇਗਾ, ਪਰ ਦੂਜੇ ਰਾਊਂਡ ’ਚ ਹੀ ਵਿਲਸਨ ਦੀਆਂ ਚੀਕਾਂ ਨਿਕਲ ਗਈਆਂ। ਉਹ ਦੁਹਾਈਆਂ ਪਾਉਣ ਲੱਗਾ, “ਮੈਨੂੰ ਰਿੰਗ ’ਚੋਂ ਬਾਹਰ ਕੱਢੋ, ਨਹੀਂ ਤਾਂ ਇਹ ਰਿੱਛ ਮੈਨੂੰ ਮਾਰ ਸੁੱਟੇਗਾ।”

ਹੋਣਹਾਰ ਮੁੱਕੇਬਾਜ਼ ਹੋਣ ਕਾਰਨ 31 ਅਕਤੂਬਰ 1952 ਨੂੰ ਸੋਨੀ ਨੂੰ ਪੈਰੋਲ ਮਿਲ ਗਈ। ਜੇਲ੍ਹੋਂ ਬਾਹਰ ਨਿਕਲ ਕੇ ਕੁਝ ਸਮਾਂ ਉਸ ਨੇ ਸ਼ੌਕੀਆ ਮੁੱਕਬਾਜ਼ੀ ਕੀਤੀ। 6 ਮਾਰਚ 1953 ਨੂੰ ਉਸ ਨੇ 1952 ਦੀਆਂ ਓਲੰਪਿਕ ਖੇਡਾਂ ਦੇ ਹੈਵੀਵੇਟ ਚੈਂਪੀਅਨ ਸੈਂਡਰਜ਼ ਨੂੰ ਹਰਾ ਕੇ ਚੈਂਪੀਅਨਾਂ ਦਾ ਸ਼ਿਕਾਗੋ ਗੋਲਡਨ ਗਲੱਵਜ਼ ਟੂਰਨਾਮੈਂਟ ਜਿੱਤ ਲਿਆ। ਉਹਦੇ ਨਾਲ ਸੋਨੀ ਲਿਸਟਨ ਦੀ ਹੋਰ ਵੀ ਬੱਲੇ-ਬੱਲੇ ਹੋਈ। ਫਿਰ ਜਿਹੜਾ ਵੀ ਉਹਦੇ ਮੂਹਰੇ ਆਉਂਦਾ ਗਿਆ ਨਾਕ ਆਊਟ ਹੁੰਦਾ ਗਿਆ। 23 ਜੂਨ 1953 ਨੂੰ ਸੇਂਟ ਲੂਈਸ ਦੇ ਸਾਰੇ ਵਜ਼ਨ ਵਰਗਾਂ ਦੇ ਗੋਲਡਨ ਗਲੱਵਜ਼ ਚੈਂਪੀਅਨ ਯੂਐੱਸਏ ਵੱਲੋਂ ਪੱਛਮੀ ਯੂਰਪ ਦੇ ਇੱਕ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਸ਼ਾਮਲ ਹੋਏ। ਲਿਸਟਨ ਨੇ ਪੱਛਮੀ ਜਰਮਨੀ ਦੇ ਪ੍ਰਸਿੱਧ ਮੁੱਕੇਬਾਜ਼ ਹੈਰਮਨ ਨੂੰ 2:16 ਮਿੰਟਾਂ ਵਿੱਚ ਹੀ ਨਾਕ ਆਊਟ ਕਰ ਦਿੱਤਾ। ਉਹ ਯੂਰਪੀ ਚੈਂਪੀਅਨਸ਼ਿਪ ਦਾ ਤਗ਼ਮਾ ਜੇਤੂ ਸੀ। ਸ਼ੌਕੀਆ ਮੁੱਕੇਬਾਜ਼ੀ ਵਿੱਚ ਪੈਸੇ ਨਾ ਮਿਲਦੇ ਹੋਣ ਕਰਕੇ ਸੋਨੀ ਕਦੇ ਕਦੇ ਲੁੱਟ-ਮਾਰ ਫਿਰ ਵੀ ਕਰ ਲੈਂਦਾ। ਇਹ ਬਹਿਵਤ ਪਹਿਲਾਂ ਤਾਂ ਉਸ ਦਾ ਡੰਗ ਹੀ ਸਾਰਦੀ ਰਹੀ, ਪਰ ਬਾਅਦ ਵਿੱਚ ਉਹਦੇ ਵਾਰ ਵਾਰ ਜੇਲ੍ਹ ਜਾਣ ਦਾ ਕਾਰਨ ਵੀ ਬਣਦੀ ਰਹੀ।

ਲਿਸਟਨ ਨੇ ਬਤੌਰ ਪੇਸ਼ਾਵਰ ਮੁੱਕੇਬਾਜ਼ ਪਹਿਲਾ ਭੇੜ 2 ਸਤੰਬਰ 1953 ਨੂੰ ਭਿੜਿਆ ਜਿਸ ਵਿੱਚ ਨਾਮਵਰ ਮੁੱਕੇਬਾਜ਼ ਡੌਨ ਸਮਿੱਥ ਨੂੰ ਪਹਿਲੇ ਰਾਊਂਡ ਵਿੱਚ ਹੀ ਨਾਕ ਆਊਟ ਕਰ ਦਿੱਤਾ। ਉਦੋਂ ਤੱਕ ਉਹਦਾ ਕੱਦ 6 ਫੁੱਟ 1 ਇੰਚ ਹੋ ਗਿਆ ਸੀ ਤੇ ਜੁੱਸਾ ਵੀ ਪੂਰਾ ਭਰ ਗਿਆ ਸੀ। 7 ਸਤੰਬਰ 1954 ਨੂੰ ਬੇਸ਼ੱਕ ਉਹ ਮਾਰਟੀ ਮਾਰਸ਼ਲ ਤੋਂ ਹਾਰਿਆ ਵੀ, ਪਰ 21 ਅਪਰੈਲ 1955 ਨੂੰ ਉਸ ਨੂੰ ਹਰਾਇਆ ਵੀ। ਉਨ੍ਹਾਂ ਵਿਚਕਾਰ ਤੀਜਾ ਮੁਕਾਬਲਾ 6 ਮਾਰਚ 1956 ਨੂੰ ਹੋਇਆ ਜੋ ਫਿਰ ਸੋਨੀ ਲਿਸਟਨ ਨੇ ਜਿੱਤਿਆ।

5 ਮਈ 1956 ਨੂੰ ਉਹ ਇੱਕ ਪੁਲੀਸਮੈਨ ਨਾਲ ਝਗੜਾ ਕਰ ਬੈਠਾ। ਉਹਦੀ ਬੰਦੂਕ ਖੋਹ ਲਈ ਤੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਉਸ ਜੁਰਮ ਬਦਲੇ ਲਿਸਟਨ ਨੂੰ 9 ਮਹੀਨਿਆਂ ਦੀ ਜੇਲ੍ਹ ਹੋਈ, ਪਰ 6 ਮਹੀਨਿਆਂ ਬਾਅਦ ਹੀ ਪੈਰੋਲ ’ਤੇ ਬਾਹਰ ਆ ਗਿਆ। ਫਿਰ ਉਹ ਸੇਂਟ ਲੂਈਸ ਛੱਡ ਕੇ ਫਿਲਾਡੈਲਫੀਆ ਚਲਾ ਗਿਆ। 1958 ’ਚ ਉਹ ਫਿਰ ਮੁੱਕੇਬਾਜ਼ੀ ’ਚ ਸਰਗਰਮ ਹੋ ਗਿਆ। ਉਸ ਸਾਲ ਉਸ ਨੇ 8 ਮੁਕਾਬਲੇ ਲੜੇ ਜਿਨ੍ਹਾਂ ’ਚੋਂ 6 ਨਾਕ ਆਊਟ ਨਾਲ ਜਿੱਤੇ। 1959 ’ਚ ਉਸ ਨੇ ਕਹਿੰਦੇ ਕਹਾਉਂਦੇ ਮੁੱਕੇਬਾਜ਼ਾਂ ਮਾਈਕ ਡੀਜੌਹਨ ਤੇ ਕਲੀਵਲੈਂਡ ਵਿਲੀਅਮਜ਼ ਵਰਗਿਆਂ ਦੀ ਗੋਡੀ ਲੁਆ ਦਿੱਤੀ। 1960 ’ਚ ਕਈ ਵੱਡੇ ਭੇੜ ਜਿੱਤੇ। 7 ਸਤੰਬਰ 1960 ਨੂੰ ਈਡੀ ਮੈਕਨ ਵੀ ਹਰਾਇਆ। ਫਿਰ ਉਹਦੇ ਮੂਹਰੇ ਗੋਰੇ ਰੰਗ ਦਾ ਹੈਵੀਵੇਟ ਵਿਸ਼ਵ ਚੈਂਪੀਅਨ ਫਲੋਇਡ ਪੈਟਰਸਨ ਸੀ ਜੋ ਸਾਂਵਲੀ ਨਸਲ ਦੇ ਲਿਸਟਨ ਦੇ ਮੁਜਰਮਾਨਾ ਕਾਰਿਆਂ ਤੋਂ ਕੰਨ ਭੰਨਦਾ ਸੀ, ਪਰ ਮੀਡੀਆ ਗੋਰੇ-ਕਾਲੇ ਦੀ ਫਾਈਟ ਲਈ ਦੋਹਾਂ ਨੂੰ ‘ਚੁੱਕ’ ਦੇ ਰਿਹਾ ਸੀ।

ਜਨਵਰੀ 1962 ਵਿੱਚ ਪੈਟਰਸਨ ਸਲਾਹ ਲੈਣ ਲਈ ਅਮਰੀਕਾ ਦੇ ਪ੍ਰਧਾਨ ਜੌਹਨ ਐੱਫ ਕੈਨੇਡੀ ਨੂੰ ਮਿਲਿਆ। ਕੈਨੇਡੀ ਨੇ ਸਲਾਹ ਦਿੱਤੀ ਕਿ ਉਹ ਮੁਜਰਮ ਮੁੱਕੇਬਾਜ਼ ਨਾਲ ਨਾ ਲੜੇ, ਪਰ ਉਨ੍ਹਾਂ ਦਾ ਮੁਕਾਬਲਾ ਟਾਲਿਆ ਨਾ ਜਾ ਸਕਿਆ। ਇੰਜ ਸੋਨੀ ਲਿਸਟਨ 25 ਸਤੰਬਰ 1962 ਨੂੰ ਉਦੋਂ ਦੇ ਮਾਨਤਾ ਪ੍ਰਾਪਤ ਹੈਵੀਵੇਟ ਵਿਸ਼ਵ ਚੈਂਪੀਅਨ ਫਲੋਏਡ ਪੈਟਰਸਨ ਨੂੰ ਨਾਕ ਆਊਟ ਕਰ ਕੇ ਪਹਿਲੀ ਵਾਰ ਵਿਸ਼ਵ ਬੌਕਸਿੰਗ ਚੈਂਪੀਅਨ ਬਣਿਆ। ਰਹਿੰਦੀ ਕਸਰ ਉਸ ਨੇ 1963 ’ਚ ਦੂਜੀ ਵਾਰ ਵਿਸ਼ਵ ਚੈਂਪੀਅਨ ਬਣ ਕੇ ਕੱਢ ਦਿੱਤੀ। 1964 ’ਚ ਜਦੋਂ ਮੁਹੰਮਦ ਅਲੀ ਨੇ ਉਸ ਨੂੰ ਹਰਾਇਆ ਤਾਂ ਚਰਚਾ ਚੱਲੀ ਕਿ ਮੁਕਾਬਲੇ ਤੋਂ ਪਹਿਲੀ ਰਾਤ ਸੋਨੀ ਨੇ ਰੱਜ ਕੇ ਸ਼ਰਾਬ ਪੀਤੀ ਸੀ ਜਿਸ ਕਾਰਨ ਉਹ ਨਿਢਾਲ ਜਿਹਾ ਸੀ। ਸੱਜਾ ਮੋਢਾ ਵੀ ਕੁਝ ਕਸਰਿਆ ਹੋਇਆ ਸੀ। 1965 ’ਚ ਉਹ ਮੁਹੰਮਦ ਅਲੀ ਤੋਂ ਦੂਜੀ ਵਾਰ ਹਾਰਿਆ ਤਾਂ ਚਰਚਾ ਇਹ ਵੀ ਚੱਲੀ ਕਿ ਮੈਚ ‘ਫਿਕਸ’ ਸੀ। ਫਿਰ ਵੀ ਉਹ 1970 ਤੱਕ ਜਿੱਤਾਂ ਜਿੱਤਦਾ ਸਰਗਰਮ ਮੁੱਕੇਬਾਜ਼ ਰਿਹਾ।

ਮੁੱਕੇਬਾਜ਼ੀ ’ਚ ਧੁੰਮਾਂ ਪਾਉਣ ਵਾਲੇ ਵਿਸ਼ਵ ਚੈਂਪੀਅਨ ਸੋਨੀ ਲਿਸਟਨ ਦਾ ਅੰਤ ਦੁਖਾਂਤਕ ਹੋਇਆ। ਉਹਦੀ ਪਤਨੀ ਜੇਰਲਡਾਈਨ, ਨੇਵਾਡਾ ਵਾਲੀ ਰਿਹਾਇਸ਼ ਤੋਂ ਬਾਹਰ ਗਈ ਹੋਈ ਸੀ। ਉਹ ਬਾਰਾਂ ਦਿਨਾਂ ਬਾਅਦ 5 ਜਨਵਰੀ 1971 ਨੂੰ ਘਰ ਪਰਤੀ ਤਾਂ ਪਤੀ ਮਰਿਆ ਪਿਆ ਸੀ। ਪੁਲੀਸ ਨੇ ਪੜਤਾਲ ਕੀਤੀ ਤਾਂ ਘਰ ’ਚ ਹੈਰੋਇਨ ਦੇ ਪੈਕਟ ਤੇ ਸਰਿੰਜ ਮਿਲੀ। ਲਿਸਟਨ ਦੀ ਨਾੜ ਉਤੇ ਸੂਈ ਦਾ ਨਿਸ਼ਾਨ ਵੀ ਪਿਆ ਹੋਇਆ ਸੀ। ਪੁਲੀਸ ਦੀ ਪੜਤਾਲ ਇਸ ਸਿੱਟੇ ’ਤੇ ਪੁੱਜੀ ਕਿ ਸਾਬਕਾ ਵਿਸ਼ਵ ਚੈਂਪੀਅਨ ਹੈਰੋਇਨ ਦੀ ਓਵਰ ਡੋਜ ਨਾਲ ਮਰਿਆ, ਪਰ ਮੌਤ ਦੇ ਅਧਿਕਾਰਤ ਸਰਟੀਫਿਕੇਟ ਵਿੱਚ ਲਿਸਟਨ ਦੀ ਮੌਤ ਫੇਫੜੇ ਤੇ ਦਿਲ ਫੇਲ੍ਹ ਹੋਣ ਕਾਰਨ ਦਰਜ ਕੀਤੀ ਗਈ। ਅਫ਼ਵਾਹਾਂ ਤਾਂ ਇਹ ਵੀ ਉੱਡੀਆਂ ਕਿ ਹੋ ਸਕਦੈ ਕਿਸੇ ਨੇ ਉਹਦਾ ਕਤਲ ਕਰ ਦਿੱਤਾ ਹੋਵੇ! ਜੁਰਮ ਦੀ ਦੁਨੀਆ ਵਿੱਚ ਕੁਝ ਵੀ ਹੋ ਸਕਦੈ।

ਸੋਨੀ ਲਿਸਟਨ ਦਾ ਵਿਆਹ 3 ਸਤੰਬਰ 1957 ਨੂੰ ਸੇਂਟ ਲੂਈਸ ਵਿਖੇ ਜੇਰਲਡਾਈਨ ਚੈਂਬਰਜ਼ ਨਾਲ ਹੋਇਆ ਸੀ। ਜੇਰਲਡਾਈਨ ਕੋਲ ਪਹਿਲੇ ਵਿਆਹ ਦੀ ਇੱਕ ਧੀ ਸੀ। ਸੋਨੀ ਲਿਸਟਨ ਨੇ ਵੀ ਸਵੀਡਨ ਤੋਂ ਇੱਕ ਬੱਚਾ ਗੋਦ ਲੈ ਲਿਆ ਸੀ। ਸੋਨੀ ਲਿਸਟਨ ਦੇ ਜੀਵਨੀਕਾਰ ਪਾਲ ਗਲੈਂਡਰ ਨੇ ਤਾਂ ਇਹ ਵੀ ਲਿਖਿਆ ਕਿ ਉਸ ਦੇ ਪਤਨੀ ਬਾਹਰੇ ਕੁਝ ਬੱਚੇ ਹਨ। ਉਸ ਦੀ ਪਤਨੀ ਦਾ ਕਹਿਣਾ ਹੈ ਕਿ ਉਸ ਦਾ ਪਤੀ ਭਲਾ ਪੁਰਸ਼ ਸੀ ਜਿਸ ਨਾਲ ਉਸ ਨੇ ਬੜੇ ਚੰਗੇ ਦਿਨ ਕੱਟੇ। ਉਹ ਬੱਚਿਆਂ ਨੂੰ ਬੜਾ ਪਿਆਰ ਕਰਦਾ ਸੀ। ਉਹ ਬੇਸ਼ੱਕ ਅਨਪੜ੍ਹ ਸੀ, ਪਰ ਸਮਝਦਾਰ ਸੀ। ਉਹ ਉਲਝੇ ਸੁਭਾਅ ਦਾ ਦਿਲਚਸਪ ਬੰਦਾ ਸੀ। ਮੁੱਕੇਬਾਜ਼ ਜੋਜ਼ੇ ਟੋਰਸ ਦਾ ਕਹਿਣਾ ਹੈ ਕਿ ਉਸ ਨੇ ਕੋਈ ਅਥਲੀਟ, ਬੇਸਬਾਲ, ਬਾਸਕਟਬਾਲ ਜਾਂ ਫੁੱਟਬਾਲ ਦਾ ਖਿਡਾਰੀ ਸੋਨੀ ਲਿਸਟਨ ਤੋਂ ਸਮਾਰਟ ਤੇ ਸਮਝਦਾਰ ਨਹੀਂ ਵੇਖਿਆ।

‘ਰਿੰਗ ਮੈਗਜ਼ੀਨ’ ਨੇ ਉਸ ਨੂੰ ਸਰਬ ਸਮਿਆਂ ਦੇ ਮਹਾਨਤਮ ਮੁੱਕੇਬਾਜ਼ਾਂ ਵਿੱਚ ਦਸਵੇਂ ਸਥਾਨ, ਮੁੱਕੇਬਾਜ਼ੀ ਦੇ ਪ੍ਰੌੜ ਲੇਖਕ ਹਰਬ ਗੋਲਡਮੈਨ ਨੇ ਦੂਜੇ ਸਥਾਨ ਤੇ ‘ਸਪੋਰਟਸ ਇਲੱਸਟ੍ਰੇਟਿਡ’ ਦੇ ਸੀਨੀਅਰ ਐਡੀਟਰ ਰਿਚਰਡ ਓਬਰਾਈਨ ਨੇ ਤੀਜੇ ਸਥਾਨ ’ਤੇ ਰੱਖਿਆ ਹੈ। ‘ਸਪੋਰਟਸ ਸਟਾਰ’ ਦੇ ਐਲਫੀ ਪੌਟਸ ਹਾਰਮਰ ਨੇ ਹੈਵੀਵੇਟ ਮੁੱਕੇਬਾਜ਼ਾਂ ’ਚ ਤੀਜੇ ਤੇ ਸਭਨਾਂ ਵਜ਼ਨ ਵਰਗਾਂ ਦੇ ਮੁੱਕੇਬਾਜ਼ਾਂ ਵਿੱਚ ਛੇਵੇਂ ਸਥਾਨ ਦਾ ਮੁੱਕੇਬਾਜ਼ ਮੰਨਿਆ ਹੈ। ਸੋਨੀ ਲਿਸਟਨ ਦੀ ਮੌਤ ਤੋਂ 20 ਸਾਲ ਬਾਅਦ 1991 ’ਚ ਉਸ ਦਾ ਨਾਂ ਇੰਟਰਨੈਸ਼ਨਲ ਬੌਕਸਿੰਗ ਹਾਲ ਵਿੱਚ ਸਥਾਪਿਤ ਕੀਤਾ ਗਿਆ। ਉਸ ਦੀ ਕਬਰ ਲਾਸ ਵੇਗਾਸ, ਨੇਵਾਡਾ ਦੇ ਪੈਰਾਡਾਈਜ਼ ਮੈਮੋਰੀਅਲ ਗਾਰਡਨਜ਼ ਵਿੱਚ ਹੈ ਜਿੱਥੇ ਕੋਈ ਮੇਲਾ ਤਾਂ ਭਾਵੇਂ ਨਹੀਂ ਭਰਦਾ, ਪਰ ਉਸ ਦੇ ਪ੍ਰਸੰਸਕ ਫੁੱਲ ਭੇਟਾ ਕਰਨ ਅਜੇ ਵੀ ਆਉਂਦੇ ਜਾਂਦੇ ਹਨ। ਉਹ ਉਸ ਨੂੰ ਮੁਜਰਮ ਪੱਖੋਂ ਘੱਟ, ਪਰ ਵਿਸ਼ਵ ਚੈਂਪੀਅਨ ਪੱਖੋਂ ਵੱਧ ਯਾਦ ਕਰਦੇ ਹਨ।

ਈ-ਮੇਲ: principalsarwansingh@gmail.com

Advertisement
×