ਕਾਮੇਡੀ ਦੇ ਸ਼ਾਹਸਵਾਰ
ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬੀ ਕਾਮੇਡੀ ਦੇ ਖੇਤਰ ਵਿੱਚ ਬਹੁਤ ਵੱਡੀ ਤਬਦੀਲੀ ਆਈ ਹੈ। ਇਸ ਅਰਸੇ ਦੌਰਾਨ ਇਸ ਕਲਾ ਨੇ ਆਪਣੀ ਵੱਖਰੀ ਆਧੁਨਿਕ ਪਛਾਣ ਬਣਾ ਲਈ ਹੈ। ਇਸ ਖੇਤਰ ਵਿੱਚ ਵਿਚਰਦੇ ਸਾਰੇ ਕਲਾਕਾਰ ਪੰਜਾਬ ਦੀ ਰਵਾਇਤੀ ਭੰਡ ਪਰੰਪਰਾ ਨੂੰ ਆਧੁਨਿਕ...
ਪਿਛਲੇ ਤਿੰਨ ਦਹਾਕਿਆਂ ਤੋਂ ਪੰਜਾਬੀ ਕਾਮੇਡੀ ਦੇ ਖੇਤਰ ਵਿੱਚ ਬਹੁਤ ਵੱਡੀ ਤਬਦੀਲੀ ਆਈ ਹੈ। ਇਸ ਅਰਸੇ ਦੌਰਾਨ ਇਸ ਕਲਾ ਨੇ ਆਪਣੀ ਵੱਖਰੀ ਆਧੁਨਿਕ ਪਛਾਣ ਬਣਾ ਲਈ ਹੈ। ਇਸ ਖੇਤਰ ਵਿੱਚ ਵਿਚਰਦੇ ਸਾਰੇ ਕਲਾਕਾਰ ਪੰਜਾਬ ਦੀ ਰਵਾਇਤੀ ਭੰਡ ਪਰੰਪਰਾ ਨੂੰ ਆਧੁਨਿਕ ਸੰਚਾਰ ਸਾਧਨਾਂ ਦੀ ਬਦੌਲਤ ਨਵੇਂ ਰੂਪ ਵਿੱਚ ਪੇਸ਼ ਕਰ ਰਹੇ ਹਨ। ਭਗਵੰਤ ਮਾਨ ਤੇ ਜਸਪਾਲ ਭੱਟੀ ਦੀ ਇਸ ਖੇਤਰ ਵਿੱਚ ਆਮਦ ਤੋਂ ਪਹਿਲਾਂ ਪੰਜਾਬੀ ਕਾਮੇਡੀ ਦੀ ਉਹ ਪਛਾਣ ਨਹੀਂ ਸੀ ਬਣੀ ਜੋ ਅੱਜ ਬਣ ਚੁੱਕੀ ਹੈ। ਉਨ੍ਹਾਂ ਸਮਿਆਂ ’ਚ ਹਲਕੀ-ਫੁਲਕੀ ਚੁਟਕਲੇਬਾਜ਼ੀ, ਵਧੇਰੇ ਕਰਕੇ ਸਰੋਤਿਆਂ ਦੀਆਂ ਭਾਵਨਾਵਾਂ ਨਾਲ ਛੇੜ-ਛਾੜ ਤੱਕ ਹੀ ਸੀਮਿਤ ਸੀ। ਇਸ ਨਾਲ ਜੁੜੇ ਲੋਕਾਂ ਨੂੰ ‘ਭੰਡ’ ਕਿਹਾ ਜਾਂਦਾ ਸੀ।
ਪਹਿਲਾਂ ਕਾਮੇਡੀ ਕਲਾਕਾਰਾਂ ਦਾ ਖੇਤਰ ਫਿਲਮਾਂ ਤੱਕ ਹੀ ਸੀਮਿਤ ਸੀ। ਖਰੈਤੀ ਭੈਂਗਾ ਨਾਂ ਦਾ ਕਲਾਕਾਰ ਪੰਜਾਬੀ ਫਿਲਮਾਂ ਵਿੱਚ ਕਾਮੇਡੀਅਨਾਂ ’ਚੋਂ ਸਭ ਤੋਂ ਪਹਿਲਾ ਚਰਚਿਤ ਨਾਂ ਹੈ। ਇਸ ਤੋਂ ਬਾਅਦ ਮਿਹਰ ਮਿੱਤਲ ਨੇ ਪੰਜਾਬੀ ਫਿਲਮ ਜਗਤ ਵਿੱਚ ਆਪਣਾ ਮੁਕਾਮ ਕਾਇਮ ਕੀਤਾ। ਕੋਈ ਵੀ ਪੰਜਾਬੀ ਫਿਲਮ ਮਿਹਰ ਮਿੱਤਲ ਦੀ ਮੌਜੂਦਗੀ ਤੋਂ ਬਿਨਾਂ ਅਧੂਰੀ ਸਮਝੀ ਜਾਂਦੀ ਸੀ।
ਸਟੇਜੀ ਪੇਸ਼ਕਾਰੀ ਵਿੱਚ ਕਾਮੇਡੀਅਨ ਵਜੋਂ ਕੇ. ਦੀਪ ਤੇ ਜਗਮੋਹਨ ਕੌਰ ਦੀ ਜੋੜੀ ਨੇ ‘ਪੋਸਤੀ’ ਤੇ ‘ਮਾਈ ਮੋਹਣੋਂ’ ਦੇ ਕਿਰਦਾਰਾਂ ਵਿੱਚ 1980 ਵਿੱਚ ਸ਼ੁਰੂਆਤ ਕੀਤੀ ਸੀ ਤੇ ਤਵਿਆ ਦੇ ਰੂਪ ਵਿੱਚ ਕਾਮੇਡੀ ਦਾ ਰੂਪ ਉੱਭਰਕੇ ਸਾਹਮਣੇ ਆਇਆ ਸੀ। ‘ਪੋਸਤੀ ਕੈਨੇਡਾ ਵਿੱਚ’ ‘ਪੋਸਤੀ ਲੰਡਨ ਵਿੱਚ’ ਤੇ ‘ਪੋਸਤੀ ਦੁਬਈ ਵਿੱਚ’ ਆਦਿ ਤਵੇ ਰਿਕਾਰਡ ਹੋ ਕੇ ਮਾਰਕੀਟ ਵਿੱਚ ਆਏ ਜਿਨ੍ਹਾਂ ਨੇ ਕਾਮੇਡੀ ਦੇ ਖੇਤਰ ਵਿੱਚ ਅਹਿਮ ਸਥਾਨ ਪ੍ਰਾਪਤ ਕੀਤਾ। ਜਲੰਧਰ ਦੂਰਦਰਸ਼ਨ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਇਸ ਮਾਧਿਅਮ ਤੋਂ ਪੰਜਾਬੀ ਪ੍ਰੋਗਰਾਮ ‘ਰੌਣਕ ਮੇਲਾ’ ਸ਼ੁਰੂ ਹੋਇਆ। ਇਸ ਪ੍ਰੋਗਰਾਮ ਜ਼ਰੀਏ ਰੌਣਕੀ ਰਾਮ ਦੇ ਕਿਰਦਾਰ ਵਿੱਚ ਬਲਵਿੰਦਰ ਵਿੱਕੀ ਨੇ ਆਪਣਾ ਚੋਖਾ ਨਾਂ ਬਣਾਇਆ। ਕੈਸੇਟ ਕਲਚਰ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਜਸਵਿੰਦਰ ਭੱਲਾ ਤੇ ਬਾਲ ਮੁਕੰਦ ਸ਼ਰਮਾ ਨੇ 1988 ਵਿੱਚ ਆਪਣੀ ਕਾਮੇਡੀ ਦੇ ਅੰਦਾਜ਼ ਨੂੰ ਕੈਸੇਟਾਂ ਜ਼ਰੀਏ ਨਵਾਂ ਅੰਜ਼ਾਮ ਦਿੱਤਾ। ‘ਛਣਕਾਟਾ-88’ ਉਨ੍ਹਾਂ ਦੀ ਪਹਿਲੀ ਆਡੀਓ ਕੈਸੇਟ ਮਾਰਕੀਟ ਵਿੱਚ ਆਈ। ਇਸ ਤੋਂ ਬਾਅਦ ਇਹ ਸਫ਼ਰ ਬਾਦਸਤੂਰ ਜਾਰੀ ਰਿਹਾ। ਇਸ ਜੋੜੀ ਦੇ ਨਾਲ ਇਸਤਰੀ ਕਲਾਕਾਰਾ ਨੀਲੂ ਨੇ ਵੀ ਸ਼ਮੂਲੀਅਤ ਕੀਤੀ। ‘ਛਣਕਾਟਾ-2004’ (ਅੰਮ੍ਰਿਤਸਰ ਦਾ ਪਾਣੀ) ਵਿੱਚ ਨੀਲੂ ਦੀ ਥਾਂ ਚਰਚਿਤ ਮਾਡਲ ਤੇ ਐਂਕਰ ਸੁੱਖੀ ਪਵਾਰ ਨੂੰ ਲਿਆ ਗਿਆ। ਇਸ ਵਿੱਚ ਗਾਇਕੀ ਦਾ ਰੰਗ ਸੁਖਵਿੰਦਰ ਸੁੱਖੀ ਨੇ ਭਰਿਆ। ਭੱਲੇ ਹੁਰਾਂ ਦੀ ਕਾਮੇਡੀ ਵਿੱਚ ਭੰਡਪੁਣੇ ਨੂੰ ਆਧੁਨਿਕ ਢੰਗ ਨਾਲ ਪੇਸ਼ ਕੀਤਾ ਗਿਆ। ਡੇਢ ਦਰਜਨ ਦੇ ਕਰੀਬ ਆਡੀਓ ਕੈਸੇਟਾਂ ਨਾਲ ਇਨ੍ਹਾਂ ਨੇ ਮਾਰਕੀਟ ਵਿੱਚ ਭਰਵੀਂ ਹਾਜ਼ਰੀ ਲਗਵਾਈ।
ਫਿਰ ਇਸ ਖੇਤਰ ਵਿੱਚ ‘ਅਤਰੋ-ਚਤਰੋ’ ਔਰਤ ਪਾਤਰਾਂ ਦੇ ਰੂਪ ਵਿੱਚ ਦੇਸ਼ ਰਾਜ ਤੇ ਸਰੂਪ ਪਰਿੰਦਾ ਨੇ ਪ੍ਰਵੇਸ਼ ਕੀਤਾ। ਇਸ ਜੋੜੀ ਨੇ ਵੀ ਕਾਫ਼ੀ ਪ੍ਰਸਿੱਧੀ ਖੱਟੀ। ਇਨ੍ਹਾਂ ਦੀ ਠੇਠ ਬੋਲੀ ਨਾਲ ਔਰਤਾਂ ਦੇ ਲਿਬਾਸ ਵਿੱਚ ਕੀਤੀ ਕਾਮੇਡੀ ਦੀ ਕਾਫ਼ੀ ਚਰਚਾ ਹੋਈ। ਫਿਰ ਮਾਲਵੇ ਦੇ ਜੰਮਪਲ ਨੇਕ ਮਟਰਾਂ ਵਾਲੇ ਨੇ ‘ਪੁਲੀਸ ਨਾਕਾ’ ਨਾਂ ਦੀ ਆਡੀਓ ਕੈਸੇਟ ਨਾਲ ਧਮਾਕੇਦਾਰ ਢੰਗ ਨਾਲ ਕਾਮੇਡੀ ਖੇਤਰ ਵਿੱਚ ਪ੍ਰਵੇਸ਼ ਕੀਤਾ। ਇਸ ਦਾ ਆਪਣਾ ਵੱਖਰਾ ਅੰਦਾਜ਼ ਸੀ। ਬੜੀ ਕਾਹਲੀ ਵਿੱਚ ਬੋਲ ਕੇ ਲੋਕਾਂ ਦੇ ਢਿੱਡੀਂ ਪੀੜਾਂ ਪਾਉਣ ਵਾਲ ਇਹ ਇਕੱਲਾ ਇਕਹਿਰਾ ਕਲਾਕਾਰ ਬਠਿੰਡਾ ਦੇ ਥਰਮਲ ਪਲਾਂਟ ਦੀ ਨੌਕਰੀ ਵਿੱਚ ਵਧੇਰੇ ਰੁਚਿਤ ਹੋ ਕੇ ਰਹਿ ਗਿਆ। ਇਸ ਨੇ ‘ਪੁਲੀਸ ਨਾਕਾ’ ਤੇ ‘ਸਪੇਸ਼ਲ ਪੁਲੀਸ ਨਾਕਾ’ ਦੋ ਕੁ ਆਡੀਓ ਕੈਸੇਟਾਂ ਹੀ ਰਿਕਾਰਡ ਕਰਵਾਈਆਂ।
ਆਧੁਨਿਕ ਸੰਚਾਰ ਸਾਧਨਾਂ ਤੇ ਇਲੈੱਕਟ੍ਰਾਨਿਕ ਤਕਨੀਕ ਦੀ ਆਮਦ ਨਾਲ ਕਾਮੇਡੀ ਖੇਤਰ ਵਿੱਚ ਕਈ ਸਥਾਪਿਤ ਤੇ ਚਰਚਿਤ ਨਾਂ ਉੱਭਰ ਕੇ ਸਾਹਮਣੇ ਆਏ ਹਨ। ਭਗਵੰਤ ਮਾਨ ਆਧੁਨਿਕ ਪੰਜਾਬੀ ਕਾਮੇਡੀ ਦਾ ਉਹ ਕਲਾਕਾਰ ਰਿਹਾ ਹੈ ਜਿਸ ਨਾਲ ਵੀਹਵੀਂ ਸਦੀ ਵਿੱਚ ਕਾਮੇਡੀ ਦੇ ਇੱਕ ਨਵੇਂ ਦੌਰ ਦੀ ਸ਼ੁਰੂਆਤ ਹੁੰਦੀ ਹੈ। ਪੰਜਾਬੀ ਕਾਮੇਡੀਅਨਾਂ ਵਿੱਚੋਂ ਮਾਨ ਹੀ ਅਜਿਹਾ ਕਲਾਕਾਰ ਹੈ ਜਿਹੜਾ ਇਸ ਕਲਾ ਨੂੰ ਪੇਸ਼ੇ ਵਜੋਂ ਸਥਾਪਿਤ ਕਰਨ ਲਈ ਸਿਧਾਂਤਕ ਅੰਦਾਜ਼ ਵਿੱਚ ਪੇਸ਼ ਹੋਇਆ। ਉਸ ਨੇ ਕਿਹਾ ਸੀ, ‘‘ਪਹਿਲਾਂ ਇਸ ਖੇਤਰ ਦੇ ਕਲਾਕਾਰਾਂ ਦੀ ਹਾਲਤ ਇਹ ਸੀ ਕਿ ਜਦੋਂ ਕੋਈ ਪਾਰਟੀ ਕਿਸੇ ਕਲਾਕਾਰ ਦੇ ਪ੍ਰੋਗਰਾਮ ਦੀ ਬੁਕਿੰਗ ਕਰਨ ਲੁਧਿਆਣੇ ਕਿਸੇ ਕਲਾਕਾਰ ਕੋਲ ਜਾਂਦੀ ਸੀ ਤਾਂ ਉਹ ਕਹਿੰਦੇ ਸਨ ਕਿ ਦਮ ਦਿਵਾਉਣ ਲਈ ਕੋਈ ਹਸਾਉਣ ਵਾਲਾ ਵੀ ਇੱਕ ਅੱਧਾ ਨਾਲ ਲੈ ਆਇਓ, ਪਰ ਅੱਜ ਹਾਲਾਤ ਇਹ ਹਨ ਕਿ ਲੋਕ ਜਦੋਂ ਪ੍ਰੋਗਰਾਮ ਲਈ ਮੇਰੇ ਕੋਲ ਆਉਂਦੇ ਹਨ ਤਾਂ ਕਹਿਣਗੇ ਕਿ ‘ਦਮ ਦਿਵਾਉਣ ਲਈ ਇੱਕ ਅੱਧਾ ਗਾਉਣ ਵਾਲਾ ਵੀ ਨਾਲ ਲੈ ਆਇਓ।’’
ਪੰਜਾਬੀ ਕਾਮੇਡੀ ਦਾ ਘੇਰਾ ਹੁਣ ਸਿਰਫ਼ ਅਮਲੀਆਂ, ਛੜਿਆਂ ਤੇ ਡਰਾਈਵਰਾਂ ਤੱਕ ਨਹੀਂ ਰਹਿ ਗਿਆ। ਭਗਵੰਤ ਮਾਨ ਪੰਜਾਬੀ ਦੀ ਇਸ ਕਲਾ ਨੂੰ ਪਿੰਡਾਂ ਦੀਆਂ ਸੱਥਾਂ ’ਚੋਂ ਕੱਢ ਕੇ ਪਾਰਲੀਮੈਂਟ ਦੀਆਂ ਬਰੂਹਾਂ ’ਤੇ ਲੈ ਗਿਆ। 17 ਸਾਲ ਦੀ ਅੱਲੜ੍ਹ ਉਮਰ ਵਿੱਚ ਉਸ ਨੇ ਆਪਣੀ ਕਲਾ ਦਾ ਸਫ਼ਰ ‘ਗੋਭੀ ਦੀਏ ਕੱਚੀਏ ਵਪਾਰਨੇ’ ਨਾਂ ਦੀ ਪੈਰੋਡੀ ਆਡੀਓ ਕੈਸੇਟ ਤੋਂ ਸ਼ੁਰੂ ਕੀਤਾ ਸੀ। ਜਰਨੈਲ ਘੁਮਾਣ ਦੀ ਸਰਪ੍ਰਸਤੀ ਹੇਠ ਉਸ ਨੇ ‘ਕੁਲਫ਼ੀ ਗਰਮਾ ਗਰਮ’, ਮਿੱਠੀਆਂ ਮਿਰਚਾਂ’, ‘ਗੁਸਤਾਖ਼ੀ ਮੁਆਫ਼’, ‘ਕੋਕੋ ਦੇ ਬੱਚੇ’, ‘ਕੁਰਸੀ ਰਾਣੀ’, ‘ਧੱਕਾ ਸਟਾਰਟ’, ‘ਮੁਆਫ਼ ਕਰੋ’, ‘ਭਗਵੰਤ ਮਾਨ ਨਾਨ ਸਟਾਪ’, ‘ਭਗਵੰਤ ਮਾਨ ਫੁੱਲ ਸਪੀਡ’, ‘ਸਾਵਧਾਨ! ਅੱਗੇ ਭਗਵੰਤ ਮਾਨ’, ‘ਭਗਵੰਤ ਮਾਨ 420’, ‘ਭਗਵੰਤ ਮਾਨ ਹਾਜ਼ਰ ਹੋ’ ਤੇ ‘ਕੀ ਮੈਂ ਝੂਠ ਬੋਲਿਆ’ ਤੱਕ ਡੇਢ ਦਰਜਨ ਦੇ ਕਰੀਬ ਆਡੀਓ ਕੈਸੇਟਾਂ ਕਾਮੇਡੀ ਨਾਲ ਸਬੰਧਿਤ ਮਾਰਕੀਟ ਵਿੱਚ ਭੇਜੀਆਂ ਜਿਸ ਵਿੱਚ ਉਸ ਨੇ ਪਟਵਾਰੀ, ਅਧਿਆਪਕ, ਠੇਕੇਦਾਰ, ਆੜ੍ਹਤੀਏ, ਕ੍ਰਿਕਟਰ, ਕਾਲਜੀਏਟ ਮੁੰਡੇ-ਕੁੜੀਆਂ, ਅਮਲੀਆਂ ਤੋਂ ਇਲਾਵਾ ਭ੍ਰਿਸ਼ਟ ਸਿਆਸਤਦਾਨਾਂ, ਪੁਲੀਸ ਵਾਲਿਆਂ, ਸ਼ਰਾਬੀਆਂ, ਗਾਇਕਾਂ, ਗੀਤਕਾਰਾਂ, ਸਰਕਾਰੀ ਬੱਸਾਂ, ਕੰਡਕਟਰਾਂ, ਟਰੱਕ ਡਰਾਈਵਰਾਂ ਦੀਆਂ ਚਾਲਾਂ ਨੂੰ ਵਿਅੰਗਮਈ ਤਰੀਕੇ ਨਾਲ ਜਨਤਾ ਦੀ ਕਚਹਿਰੀ ਵਿੱਚ ਬੇਪਰਦ ਕੀਤਾ। ਭਗਵੰਤ ਮਾਨ ਨੇ ਦੋ ਨਿਰੋਲ ਗੀਤਾਂ ਦੀਆਂ ਕੈਸੇਟਾਂ ‘ਜੱਟਾਂ ਦਾ ਮੁੰਡਾ ਗਾਉਣ ਲੱਗਿਆ’ ਤੇ ‘ਦਮ ਲੈ ਲਓ’ ਆਪਣੇ ਵੱਖਰੇ ਅੰਦਾਜ਼ ਵਿੱਚ ਰਿਕਾਰਡ ਕਰਕੇ ਸਰੋਤਿਆਂ ਦੀ ਝੋਲੀ ਪਾਈਆਂ ਹਨ। ਟੀ.ਵੀ. ਚੈਨਲਾਂ ਰਾਹੀਂ ‘ਜੁਗਨੂੰ ਕਹਿੰਦਾ ਹੈ’, ‘ਜੁਗਨੂੰ ਮਸਤ-ਮਸਤ’ ਤੇ ‘ਡਾਇਲ ਏ ਪੰਜਾਬ’ ਨਾਲ ਉਹ ਆਪਣੀ ਕਲਾ ਦੀ ਮਹਿਕ ਬਿਖੇਰਦਾ ਰਿਹਾ। ‘ਬੀਬੋ ਭੂਆ’, ‘ਝੰਡਾ ਅਮਲੀ’, ‘ਭੋਲੇ ਕਾ ਟਿੱਡਾ’ ਉਸ ਦੁਆਰਾ ਸਿਰਜੇ ਚਰਚਿਤ ਪੇਂਡੂ ਪਾਤਰ ਹਨ।
ਪੰਜਾਬੀ ਕਾਮੇਡੀ ਖੇਤਰ ਵਿੱਚ ਜਸਪਾਲ ਭੱਟੀ ਕੌਮਾਂਤਰੀ ਪੱਧਰ ਦੀ ਪ੍ਰਸਿੱਧੀ ਵਾਲਾ ਨਾਮਵਰ ਕਾਮੇਡੀਅਨ ਰਿਹਾ ਹੈ। ਪੰਜਾਬੀ ਤੇ ਹਿੰਦੀ ਦੋਵੇਂ ਭਾਸ਼ਾਵਾਂ ਵਿੱਚ ਉਹ ਬਰਾਬਰ ਨਿਭਦਾ ਰਿਹਾ ਹੈ। ਉਸ ਨੇ ਆਪਣੀ ਕਲਾ ਦੀ ਸ਼ੁਰੂਆਤ ਹਿੰਦੀ ਤੋਂ ਹੀ ਕੀਤੀ ਸੀ। ਉਸ ਦਾ ਖੇਤਰ ਵਧੇਰੇ ਕਰਕੇ ਸ਼ਹਿਰੀ ਰਿਹਾ। ਪੜਿ੍ਹਆ-ਲਿਖਿਆ ਵਰਗ ਉਸ ਦੀ ਕਾਮੇਡੀ ਤੋਂ ਵਧੇਰੇ ਵਾਕਿਫ਼ ਹੈ। ਜਦੋਂਕਿ ਪੇਂਡੂ ਖਿੱਤੇ ਵਿੱਚ ਉਸ ਦੀ ਜਾਣ-ਪਛਾਣ ਕਾਫ਼ੀ ਘੱਟ ਹੈ। ਰੋਡ ਸ਼ੋਅ’ਜ਼ ਕਰਨ ਕਰਕੇ ਉਹ ਵਧੇਰੇ ਸ਼ਹਿਰੀ ਖੇਤਰ ਵਿੱਚ ਵਿਚਰਦਾ ਰਿਹਾ। ਉਸ ਦੀ ਕਾਮੇਡੀ ਪੂਰੀ ਤਰ੍ਹਾਂ ਆਧੁਨਿਕ ਹਾਲਾਤ ਦੇ ਅਨੁਕੂਲ ਸੀ। ਭੱਟੀ ਨੇ ਆਪਣੇ ਪ੍ਰੋਗਰਾਮਾਂ ਨੂੰ ਟੀ.ਵੀ. ਚੈਨਲਾਂ ਤੇ ਫਿਲਮਾਂ ਤੱਕ ਸੀਮਿਤ ਰੱਖਿਆ। ਸਿਆਸੀ ਵਿਅੰਗ ਉਸ ਦੀ ਕਾਮੇਡੀ ਦਾ ਮੁੱਖ ਆਧਾਰ ਰਹੇ ਹਨ।
ਸਟੇਜੀ ਪੇਸ਼ਕਾਰੀ ਵਿੱਚ ਭਗਵੰਤ ਮਾਨ ਤੋਂ ਬਾਅਦ ਗੁਰਪ੍ਰੀਤ ਘੁੱਗੀ ਦਾ ਨਾਂ ਆਉਂਦਾ ਹੈ। ਭਗਵੰਤ ਮਾਨ ਜਿੱਥੇ ਮਲਵਈ ਬੋਲੀ ’ਚ ਕਾਮੇਡੀ ਕਰਦਾ ਹੈ, ਪਰ ਘੁੱਗੀ ਦੀ ਕਾਮੇਡੀ ਵਿੱਚ ਦੁਆਬੇ ਦੀ ਬੋਲੀ ਦਾ ਪ੍ਰਭਾਵ ਵਧੇਰੇ ਝਲਕਦਾ ਹੈ। ਗੁਰਪ੍ਰੀਤ ਘੁੱਗੀ ਨੇ ਆਡੀਓ ਕੈਸੇਟਾਂ ਤੋਂ ਇਲਾਵਾ ਟੀ.ਵੀ. ਚੈਨਲ ਰਾਹੀਂ ਆਪਣੀ ਕਲਾ ਦਾ ਮੁਜ਼ਾਹਰਾ ਕੀਤਾ ਹੈ। ‘ਘੁੱਗੀ ਐਕਸਪ੍ਰੈੱਸ’ ਤੇ ‘ਘੁੱਗੀ ਆਨਲਾਈਨ’ ਟੀ.ਵੀ. ਪ੍ਰੋਗਰਾਮ ਉਸ ਦੇ ਚਰਚਿਤ ਸੀਰੀਅਲ ਹਨ। ਪੰਜਾਬੀ ਫਿਲਮਾਂ ‘ਅਸਾਂ ਨੂੰ ਮਾਣ ਵਤਨਾਂ ਦਾ’ ਵਿੱਚ ਪਟਵਾਰੀ ਦੇ ਕਿਰਦਾਰ ਤੇ ‘ਜੀ ਆਇਆ ਨੂੰ’ ਵਿੱਚ ਟਰੈਵਲ ਏਜੰਟ ਦਾ ਕਿਰਦਾਰ ਉਸ ਨੇ ਬਾਖੂਬੀ ਨਿਭਾਇਆ ਹੈ। ਦੁਆਬੇ ਤੇ ਮਾਝੇ ਦੇ ਖਿੱਤੇ ਵਿੱਚ ਘੁੱਗੀ ਸੱਭਿਆਚਾਰਕ ਮੇਲਿਆਂ ਵਿੱਚ ਭਰਵੀਂ ਹਾਜ਼ਰੀ ਲਗਾਉਂਦਾ ਹੈ। ਦੂਰਦਰਸ਼ਨ ਜਲੰਧਰ ਦੇ ਪ੍ਰੋਗਰਾਮਾਂ ਵਿੱਚ ਵੀ ਇਹ ਕਲਾਕਾਰ ਸਭ ਤੋਂ ਵੱਧ ਨਜ਼ਰ ਆਉਂਦਾ ਹੈ। ਘੁੱਗੀ ਦੀ ਜ਼ਿਹਨੀ ਸੋਚ ਭਗਵੰਤ ਮਾਨ ਨਾਲ ਕਾਫ਼ੀ ਮਿਲਦੀ-ਜੁਲਦੀ ਹੈ। ਮਾਰਕੀਟ ਵਿੱਚ ਉਸ ਦੀਆਂ ‘ਘੁੱਗੀ ਛੂ ਮੰਤਰ’ ਆਦਿ ਕੈਸੇਟਾਂ ਦੀ ਚਰਚਾ ਸੁਣੀ ਹੈ।
ਗੁਰਦੇਵ ਢਿੱਲੋਂ ਉਰਫ਼ ਭਜਨਾ ਅਮਲੀ ਇੱਕ ਅਮਲੀ ਦੇ ਕਿਰਦਾਰ ਵਿੱਚ ਕਾਮੇਡੀ ਕਰਨ ਵਾਲਾ ਕਲਾਕਾਰ ਹੈ। ਸਿਹਤ ਪੱਖੋਂ ਉਹ ਇੰਨ-ਬਿੰਨ ਅਮਲੀ ਜਾਪਦਾ ਹੈ। ਸਟੇਜੀ ਪੇਸ਼ਕਾਰੀ ਵਿੱਚ ਉਸ ਦਾ ਵਿਲੱਖਣ ਮੁਕਾਮ ਹੈ। ਅਮਲੀ ਸਾਡੇ ਸਮਾਜ ਦੇ ਸਭ ਤੋਂ ਵੱਧ ਮਜ਼ਾਕੀਏ ਰਹੇ ਹਨ। ਭਲੇ ਵੇਲਿਆਂ ਵਿੱਚ ਅਮਲੀ ਸਾਡੇ ਰਵਾਇਤੀ ਪੇਂਡੂ ਸਮਾਜ ਦੇ ਸਭ ਤੋਂ ਦਿਲਚਸਪ ਮਜ਼ਾਕੀਆਂ ਪਾਤਰ ਵਜੋਂ ਜਾਣੇ ਜਾਂਦੇ ਸਨ। ਢਿੱਲੋਂ ਨੇ ਅਮਲੀਆਂ ਦੀ ਪਰੰਪਰਾ ਨੂੰ ਆਪਣੀ ਕਾਮੇਡੀ ਦਾ ਆਧਾਰ ਬਣਾ ਕੇ ਇਸ ਖੇਤਰ ਵਿੱਚ ਆਪਣੀ ਜ਼ਿਕਰਯੋਗ ਥਾਂ ਹਾਸਲ ਕਰ ਲਈ ਹੈ। ਭੋਟੂ ਸ਼ਾਹ ਤੇ ਕਾਕੇ ਸ਼ਾਹ ਨੇ ਭੰਡਾਂ ਵਾਲੀ ਰਵਾਇਤੀ ਕਾਮੇਡੀ ਨੂੰ ਅਪਣਾ ਕੇ ਆਪਣੀ ਹੋਂਦ ਦਾ ਅਹਿਸਾਸ ਕਰਵਾਇਆ ਹੈ। ਭਈਏ ਕਲਚਰ ਨੂੰ ਕੈਸ਼ ਕਰਕੇ ਕੀਤੀ ਕਾਮੇਡੀ ਨਾਲ ਇਸ ਜੋੜੀ ਨੂੰ ਦਰਸ਼ਕਾਂ ਨੇ ਕਬੂਲ ਕੀਤਾ ਹੈ। ਸੁਰਿੰਦਰ ਫਰਿਸ਼ਤਾ ਨੇ ਘੁੱਲੇ ਸ਼ਾਹ ਦੇ ਰੂਪ ਵਿੱਚ ਦੂਰਦਰਸ਼ਨ ’ਤੇ ਕਈ ਪ੍ਰੋਗਰਾਮਾਂ ਵਿੱਚ ਭਾਗ ਲਿਆ ਹੈ।
ਜਗਤਾਰ ਜੱਗੀ ਨੇ ਆਪਣੀ ਸ਼ੁਰੂਆਤ ਭਗਵੰਤ ਮਾਨ ਨਾਲ ਸਹਿ-ਕਲਾਕਾਰ ਵਜੋਂ ਕੀਤੀ ਸੀ। ਪਿਛਲੇ ਕੁਝ ਅਰਸੇ ਤੋਂ ਉਹ ਆਪਣੇ ਆਪ ਨੂੰ ਵੱਖਰੇ ਤੌਰ ’ਤੇ ਸਥਾਪਤ ਕਰਨ ਦੀ ਕੋਸ਼ਿਸ਼ ’ਚ ਜੁਟਿਆ ਹੋਇਆ ਹੈ। ‘ਚੁਗਲੀਆਂ’ ਤੇ ‘ਬਰੇਕਾਂ ਫੇਲ੍ਹ’ ਆਡੀਓ ਕੈਸੇਟਾਂ ਨਾਲ ਉਸ ਨੇ ਆਪਣੀ ਆਜ਼ਾਦਾਨਾ ਪਛਾਣ ਕਾਇਮ ਕੀਤੀ ਹੈ। ਜਗਤਾਰ ਜੱਗੀ ਦੀ ਥਾਂ ਭਗਵੰਤ ਮਾਨ ਨਾਲ ਕੰਮ ਕਰਨ ਵਾਲਾ ਇੱਕ ਅਨੁਭਵੀ ਕਲਾਕਾਰ ਹੈ-ਰਾਣਾ ਰਣਬੀਰ। ਰਾਣਾ ਰਣਬੀਰ ਥੀਏਟਰ ਦਾ ਮੰਨਿਆ-ਪ੍ਰਮੰਨਿਆ ਕਲਾਕਾਰ ਹੈ। ਉਸ ਨੂੰ ਥੀਏਟਰ ਦੀ ਪੂਰੀ ਸੂਝ ਹੈ। ਅੱਜਕੱਲ੍ਹ ਉਹ ਫਿਲਮੀ ਕਲਾਕਾਰ ਵਜੋਂ ਆਪਣੀ ਕਲਾ ਦੇ ਜੌਹਰ ਵਿਖਾ ਰਿਹਾ ਹੈ। ਰਾਣਾ ਇੱਕ ਚੰਗਾ ਵਾਰਤਕ ਰਚੇਤਾ ਵੀ ਹੈ।
ਚਾਲੀ ਸਾਲ ਪਹਿਲਾਂ ਕਾਮੇਡੀ ਨੂੰ ਆਜ਼ਾਦਾਨਾ ਤੌਰ ’ਤੇ ਪ੍ਰਵਾਨਗੀ ਨਹੀਂ ਸੀ ਮਿਲੀ। ਇਸ ਕਲਾ ਨੂੰ ਨਵੇਂ ਰੂਪ ਵਿੱਚ ਪੇਸ਼ ਕਰਨ ਵਾਲਿਆਂ ’ਚ ਭਗਵੰਤ ਮਾਨ, ਜਸਪਾਲ ਭੱਟੀ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ ਤੇ ਗੁਰਦੇਵ ਢਿੱਲੋਂ ਦੀ ਅਹਿਮ ਭੂਮਿਕਾ ਰਹੀ ਹੈ।
ਉਪਰੋਕਤ ਕਾਮੇਡੀ ਕਲਾਕਾਰਾਂ ਤੋਂ ਇਲਾਵਾ ਡਿਪਟੀ ਰਾਜਾ, ਸੁਰਿੰਦਰ ਸ਼ਰਮਾ, ਸੁਰਿੰਦਰ ਫਰਿਸ਼ਤਾ ਉਰਫ਼ ਘੁੱਲੇ ਸ਼ਾਹ, ਨੇਕ ਜਮਾਲਪੁਰੀ, ਬੀਨਾ ਸਾਗਰ, ਮਿਲਾਪ ਚਮਕ, ਮਨੋਹਰ ਰਿਸ਼ੀ, ਅਨਿਲ ਸਨੌਰੀ, ਸਿਮਰਜੀਤ ਸਿੱਧੂ, ਰਣਜੀਤ ਪੱਪੂ, ਜਤਿੰਦਰ ਗੋਭੀ ਵਾਲਾ, ਨਹਿਲਾ-ਦਹਿਲਾ (ਗੁਰਤੇਜ ਸਿੰਘ-ਕੁਲਵੀਰ ਸਿੰਘ), ਚਾਚਾ ਚਪੇੜਾਂ ਵਾਲਾ (ਗੁਰਮੀਤ ਵੁੱਡਲਾਈਨ) ਤੇ ਬਲਵੰਤ ਮਾਨ ਆਦਿ ਕਲਾਕਾਰ ਵੀ ਗਾਹੇ-ਬਗਾਹੇ ਕਾਮੇਡੀ ਖੇਤਰ ਵਿੱਚ ਵਿਚਰਦੇ ਨਜ਼ਰੀਂ ਪੈਂਦੇ ਰਹਿੰਦੇ ਹਨ।
ਆਧੁਨਿਕ ਦੌਰ ਵਿੱਚ ਕਾਮੇਡੀ ਨੂੰ ਨਵੇਂ ਅਰਥ ਪ੍ਰਦਾਨ ਕਰਨ ਵਾਲੇ ਇਨ੍ਹਾਂ ਕਲਾਕਾਰਾਂ ਨੂੰ ਸਰੋਤਿਆਂ ਨੇ ਨਿੱਠ ਕੇ ਪ੍ਰਵਾਨ ਕੀਤਾ ਹੈ। ਭਵਿੱਖ ਵਿੱਚ ਵੀ ਇਸੇ ਦਿਸ਼ਾ ਵਿੱਚ ਨਵੇਂ ਉਪਰਾਲਿਆਂ ਦੀ ਆਸ ਬੱਝਦੀ ਨਜ਼ਰੀਂ ਪੈਂਦੀ ਹੈ ਕਿ ਨਵੇਂ ਚਿਹਰੇ ਇਸ ਆਧੁਨਿਕ ਢੰਗ ਨਾਲ ਸਥਾਪਿਤ ਹੋਈ ਕਾਮੇਡੀ ਕਲਾ ਜ਼ਰੀਏ ਸਥਾਪਤੀ ਦੇ ਨਵੇਂ ਦਿਸਹੱਦੇ ਸਿਰਜਣਗੇ ਤੇ ਕਾਮੇਡੀ ਕਲਾ ਦਾ ਘੇਰਾ ਹੋਰ ਵੀ ਵਿਸ਼ਾਲ ਹੋਵੇਗਾ।
ਸੰਪਰਕ: 98552-64144
