DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਬਿਹਤਰੀਨ ਅਦਾਕਾਰਾ ਅਤੇ ਨ੍ਰਤਕੀ ਨੀਲੋ

ਜੇਕਰ ਪਾਕਿਸਤਾਨੀ ਫਿਲਮ ਅਭਿਨੇਤਰੀਆਂ ਦੀ ਗੱਲ ਕਰੀਏ ਤਾਂ ਉਸ ਵਿੱਚ ਬਹੁਤ ਸਾਰੇ ਨਾਂ ਉੱਭਰ ਕੇ ਸਾਹਮਣੇ ਆਉਂਦੇ ਹਨ ਜਿਵੇਂ ਸਬੀਹਾ, ਅੰਜੂਮਨ, ਦੀਬਾ, ਆਲੀਆ, ਆਸੀਆ, ਮੁਮਤਾਜ਼ ਚਕੋਰੀ, ਬਾਬਰਾ ਸ਼ਰੀਫ਼, ਫ਼ਿਰਦੌਸ, ਹੁਸਨਾ ਤੇ ਸ਼ੀਰੀਂ। ਪਰ ਅਦਾਕਾਰਾ ਨੀਲੋ ਇੱਕ ਵੱਖਰੀ ਸ਼ਖ਼ਸੀਅਤ ਦੀ ਮਾਲਕ...

  • fb
  • twitter
  • whatsapp
  • whatsapp
Advertisement

ਜੇਕਰ ਪਾਕਿਸਤਾਨੀ ਫਿਲਮ ਅਭਿਨੇਤਰੀਆਂ ਦੀ ਗੱਲ ਕਰੀਏ ਤਾਂ ਉਸ ਵਿੱਚ ਬਹੁਤ ਸਾਰੇ ਨਾਂ ਉੱਭਰ ਕੇ ਸਾਹਮਣੇ ਆਉਂਦੇ ਹਨ ਜਿਵੇਂ ਸਬੀਹਾ, ਅੰਜੂਮਨ, ਦੀਬਾ, ਆਲੀਆ, ਆਸੀਆ, ਮੁਮਤਾਜ਼ ਚਕੋਰੀ, ਬਾਬਰਾ ਸ਼ਰੀਫ਼, ਫ਼ਿਰਦੌਸ, ਹੁਸਨਾ ਤੇ ਸ਼ੀਰੀਂ। ਪਰ ਅਦਾਕਾਰਾ ਨੀਲੋ ਇੱਕ ਵੱਖਰੀ ਸ਼ਖ਼ਸੀਅਤ ਦੀ ਮਾਲਕ ਸੀ ਜਿਸ ਨੂੰ ਮਨਮੋਹਕ ਅਦਾਕਾਰੀ ਅਤੇ ਨ੍ਰਿਤ ’ਤੇ ਮੁਹਾਰਤ ਹਾਸਲ ਸੀ। ਨੀਲੋ ਦਾ ਜਨਮ 30 ਜੂਨ, 1940 ਨੂੰ ਜ਼ਿਲ੍ਹਾ ਸਰਗੋਧਾ (ਅਣਵੰਡੇ ਪੰਜਾਬ) ਦੇ ਪਿੰਡ ਭੇਰਾ ਦੇ ਈਸਾਈ ਪਰਿਵਾਰ ਵਿੱਚ ਹੋਇਆ ਸੀ। ਨੀਲੋ ਦਾ ਬਚਪਨ ਦਾ ਨਾਮ ਸੰਥਿਆ ਅਲੈਗਜੈਂਡਰ ਫਰਨਾਂਡਿਸ ਸੀ।

ਉਸ ਨੂੰ ਬਚਪਨ ਤੋਂ ਹੀ ਫਿਲਮਾਂ ਵਿੱਚ ਕੰਮ ਕਰਨ ਦਾ ਸ਼ੌਕ ਸੀ ਜੋ 12 ਸਾਲ ਦੀ ਉਮਰ ਵਿੱਚ ਹੀ ਉਸ ਨੂੰ ਲਾਹੌਰ ਲੈ ਆਇਆ। sਉਸ ਨੂੰ ਸਭ ਤੋਂ ਪਹਿਲਾ ਬਰੇਕ 1956 ਵਿੱਚ ਫਿਲਮ ‘ਭਵਾਨੀ ਜੰਕਸ਼ਨ’ ਵਿੱਚ ਮਿਲਿਆ ਸੀ। ਇਸ ਪਿੱਛੋਂ ਉਸ ਨੂੰ ਫਿਲਮ ‘ਸਾਤ ਲਾਖ’ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਇਸ ਫਿਲਮ ਨੇ ਉਸ ਦੀ ਸਰਵੋਤਮ ਅਦਾਕਾਰੀ ਅਤੇ ਇਸ ’ਤੇ ਫਿਲਮਾਏ ਗੀਤਾਂ ਕਰਕੇ ਸਫਲਤਾ ਦੇ ਝੰਡੇ ਗੱਡ ਦਿੱਤੇ। ਇਸ ਫਿਲਮ ਨੂੰ ਪਾਕਿਸਤਾਨ ਦੇ ਵੱਕਾਰੀ ਪੁਰਸਕਾਰ ‘ਨਿਗਾਰ ਐਵਾਰਡ’ ਨਾਲ ਨਿਵਾਜਿਆ ਗਿਆ।

Advertisement

ਨੀਲੋ ਇੱਕ ਗ਼ੈਰਤਮੰਦ ਅਦਾਕਾਰਾ ਸੀ। ਉਸ ਨੇ ਕਦੇ ਵੀ ਗ਼ਲਤ ਦੁਨੀਆਵੀ ਕਦਰਾਂ-ਕੀਮਤਾਂ ਨਾਲ ਸਮਝੌਤਾ ਨਹੀਂ ਕੀਤਾ। ਘਟਨਾ ਉਸ ਵੇਲੇ ਦੀ ਹੈ ਜਦੋਂ ਈਰਾਨ ਦੇ ਸ਼ਾਹ ਨੂੰ ਪਾਕਿਸਤਾਨ ਆਉਣ ਦਾ ਸੱਦਾ ਭੇਜਿਆ ਗਿਆ। ਸ਼ਾਹ ਦੀ ਆਮਦ ’ਤੇ ਗਵਰਨਰ ਨੇ ਨੀਲੋ ਦੇ ਰਕਸ ਦਾ ਇੱਕ ਪ੍ਰੋਗਰਾਮ ਉਲੀਕ ਰੱਖਿਆ ਸੀ, ਪਰ ਅਦਾਕਾਰਾ ਨੀਲੋ ਨੇ ਸ਼ਾਹ ਦੇ ਸਵਾਗਤੀ ਪ੍ਰੋਗਰਾਮ ਨੂੰ ਠੁਕਰਾ ਦਿੱਤਾ ਸੀ। ਗਵਰਨਰ ਨੇ ਆਪਣੇ ਅਸਰ ਰਸੂਖ਼ ਨਾਲ ਨੀਲੋ ਨੂੰ ਘਰ ਤੋਂ ਜ਼ਬਰੀ ਚੁਕਵਾਉਣ ਦੇ ਹੁਕਮ ਦੇ ਦਿੱਤੇ ਸਨ। ਇਸ ਹਰਕਤ ਤੋਂ ਨਾਰਾਜ਼ ਹੋ ਕੇ ਨੀਲੋ ਨੇ ਕਾਫ਼ੀ ਮਾਤਰਾ ਵਿੱਚ ਨੀਂਦ ਦੀਆਂ ਗੋਲੀਆਂ ਖਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਡਾਕਟਰਾਂ ਦੀਆਂ ਕੋਸ਼ਿਸ਼ਾਂ ਸਦਕਾ ਉਸ ਨੂੰ ਨਵੀਂ ਜ਼ਿੰਦਗੀ ਮਿਲੀ। ਇਸ ਘਟਨਾ ਤੋਂ ਪ੍ਰਭਾਵਿਤ ਹੋ ਕੇ ਫਿਲਮ ਡਾਇਰੈਕਟਰ ਤੇ ਲੇਖਕ ਜਨਾਬ ਰਿਆਜ਼ ਸ਼ਾਹਿਦ ਨੇ ਨੀਲੋ ਨੂੰ ਵਿਆਹ ਦੀ ਪੇਸ਼ਕਸ਼ ਕਰ ਦਿੱਤੀ।

Advertisement

ਸੰਨ 1965 ਵਿੱਚ ਰਿਆਜ਼ ਸ਼ਾਹਿਦ ਅਤੇ ਅਦਾਕਾਰਾ ਨੀਲੋ ਵਿਆਹ ਦੇ ਬੰਧਨ ਵਿੱਚ ਬੱਝੇ। ਵਿਆਹ ਤੋਂ ਬਾਅਦ ਨੀਲੋ ਨੇ ਆਪਣਾ ਪਰਿਵਾਰਕ ਨਾਂ ‘ਆਬਿਦਾ ਰਿਆਜ਼’ ਰੱਖ ਲਿਆ। ਇਨ੍ਹਾਂ ਦੇ ਘਰ ਦੋ ਪੁੱਤਰ ਅਤੇ ਇੱਕ ਧੀ ਨੇ ਜਨਮ ਲਿਆ। ਵਿਆਹ ਤੋਂ ਕੁਝ ਅਰਸੇ ਮਗਰੋਂ ਨੀਲੋ ਨੇ ਪਤੀ ਦੀ ਸਲਾਹ ਨਾਲ ਫਿਲਮ ਇੰਡਸਟਰੀ ਤੋਂ ਦੂਰੀ ਬਣਾ ਲਈ ਸੀ। ਉਸ ਦੀ ਜ਼ਿੰਦਗੀ ਵਿੱਚ ਇੱਕ ਸਮਾਂ ਉਹ ਵੀ ਆਇਆ ਜਦੋਂ ਉਸ ਦੇ ਪਤੀ ਰਿਆਜ਼ ਸ਼ਾਹਿਦ ਦੀ ਬਲੱਡ ਕੈਂਸਰ ਕਰਕੇ ਮੌਤ ਹੋ ਗਈ ਸੀ। ਪਤੀ ਦੀ ਮੌਤ ਤੋਂ ਬਾਅਦ ਉਹ ਆਰਥਿਕ ਤੌਰ ’ਤੇ ਲਾਚਾਰ ਹੋ ਗਈ। ਲਿਹਾਜ਼ਾ ਉਸ ਨੂੰ 1972 ਵਿੱਚ ਦੁਬਾਰਾ ਫਿਲਮ ਇੰਡਸਟਰੀ ਵੱਲ ਰੁਖ਼ ਕਰਨਾ ਪਿਆ। ਉਸ ਨੇ ਫਿਲਮ ‘ਖ਼ਤਰਨਾਕ’ ਵਿੱਚ ਕੰਮ ਕੀਤਾ। ਇਸ ਫਿਲਮ ਨੇ ਵੀ ਸਫਲਤਾ ਦੇ ਝੰਡੇ ਗੱਡ ਦਿੱਤੇ ਜਿਸ ਸਦਕਾ ਨੀਲੋ ਦੀ ਆਰਥਿਕ ਸਥਿਤੀ ਸੁਧਰ ਗਈ। ‘ਖ਼ਤਰਨਾਕ’ ਫਿਲਮ ਤੋਂ ਪਹਿਲਾਂ ਉਸ ਨੇ ਫਿਲਮ ‘ਜ਼ਰਕਾ’ ਵਿੱਚ ਅਦਾਕਾਰੀ ਕੀਤੀ ਜਿਸ ਦੇ ਡਾਇਰੈਕਟਰ ਉਸ ਦੇ ਪਤੀ ਸਨ। ਇਹ ਫਿਲਮ ਨੀਲੋ ਦੀ ਜ਼ਿੰਦਗੀ ਵਿੱਚ ਮੀਲ ਦਾ ਪੱਥਰ ਸਾਬਤ ਹੋਈ। ਫਿਲਮ ਦੀ ਸਫਲਤਾ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਆਪਣੀ ਧੀ ਦਾ ਨਾਮ ਵੀ ‘ਜ਼ਰਕਾ’ ਰੱਖਿਆ ਸੀ।

ਨੀਲੋ ਨੇ ਆਪਣੀ ਜ਼ਿੰਦਗੀ ਵਿੱਚ 150 ਦੇ ਕਰੀਬ ਉਰਦੂ, ਪੰਜਾਬੀ ਤੇ ਪਸ਼ਤੋ ਫਿਲਮਾਂ ਵਿੱਚ ਕੰਮ ਕੀਤਾ। ਫਿਲਮ ਇੰਡਸਟਰੀ ਵਿੱਚ ਉਹ ਪੰਜਾਹ ਸਾਲ ਸਰਗਰਮ ਰਹੀ। ਉਸ ਦੀਆਂ ਹਿੱਟ ਫਿਲਮਾਂ ਹਨ:- ਜ਼ਰਕਾ, ਸ਼ੇਰ ਦੀ ਬੱਚੀ, ਲਾਡੋ, ਖ਼ਤਰਨਾਕ, ਡਾਚੀ, ਦਿਲ ਦਾ ਜਾਨੀ, ਜੱਟ ਕੁੜੀਆਂ ਤੋਂ ਡਰਦਾ ਮਾਰਾ, ਸਾਤ ਲਾਖ, ਸਬੀਰਾ, ਚੰਗੇਜ਼ ਖ਼ਾਨ, ਦਰਬਾਰ, ਕੋਇਲ, ਸੁੱਚੇ ਮੋਤੀ, ਨਾਗਿਨ, ਯਾਰ ਬੇਲੀ, ਅਜਰਾ ਅਤੇ ਬੰਜਾਰਨ ਆਦਿ। ਅਦਾਕਾਰਾ ਨੀਲੋ ਨੂੰ ਆਪਣੀ ਬਿਹਤਰੀਨ ਅਦਾਕਾਰੀ ਸਦਕਾ ਕਈ ਪੁਰਸਕਾਰਾਂ ਨਾਲ ਨਿਵਾਜਿਆ ਗਿਆ। ਉਸ ਨੂੰ ਚਾਰ ਵਾਰੀ ਪਾਕਿਸਤਾਨ ਦਾ ਵੱਕਾਰੀ ਪੁਰਸਕਾਰ ‘ਨਿਗਾਰ ਐਵਾਰਡ’ ਪ੍ਰਾਪਤ ਹੋਇਆ। ਇਸ ਤੋਂ ਇਲਾਵਾ ਉਸ ਨੂੰ ਇੱਕ ਹੋਰ ਐਵਾਰਡ ‘ਸਿਤਾਰਾ-ਏ-ਇਮਤਿਆਜ਼’ ਰਾਸ਼ਟਰਪਤੀ ਵੱਲੋਂ ਪ੍ਰਦਾਨ ਕੀਤਾ ਗਿਆ।

ਨੀਲੋ ਦੇ ਦੋ ਪੁੱਤਰਾਂ ਦੇ ਨਾਮ ਸ਼ਾਨ ਤੇ ਸ਼ਾਹਿਦ ਹਨ ਜੋ ਕਿ ਫਿਲਮ ਇੰਡਸਟਰੀ ਵਿੱਚ ਅਦਾਕਾਰ ਦੇ ਤੌਰ ’ਤੇ ਚੰਗਾ ਨਾਮ ਕਮਾ ਰਹੇ ਹਨ। ਨੀਲੋ ਨੂੰ ਆਪਣੀ ਢਲਦੀ ਉਮਰ ’ਚ ਆ ਕੇ ਫਿਲਮਾਂ ਤੋਂ ਕਿਨਾਰਾ ਕਰਨਾ ਪਿਆ। ਅਖ਼ੀਰ ਇਹ ਅਭਿਨੇਤਰੀ 23 ਜਨਵਰੀ, 2021 ਨੂੰ ਆਪਣੇ ਚਾਹੁਣ ਵਾਲਿਆਂ ਨੂੰ ਸਦਾ ਲਈ ਵਿਛੋੜਾ ਦੇ ਗਈ।

ਸੰਪਰਕ: 99152-95279

Advertisement
×