ਸਾਂਵਲ ਧਾਮੀ
ਸਾਡਾ ਪਿੰਡ ਮੱਲਵਾਲੀ ਪਾਕਿਸਤਾਨ ’ਚ ਰਹਿ ਗਿਆ ਏ। ਸਾਡਾ ਜ਼ਿਲ੍ਹਾ ਕੈਂਬਲਪੁਰ, ਤਹਿਸੀਲ ਪਿੰਡੀ ਘੇਬ ਤੇ ਡਾਕਖਾਨਾ ਜੰਡ ਹੁੰਦਾ ਸੀ। ਉੱਥੇ ਮੁਸਲਮਾਨ ਬਹੁਤ ਸਨ ਤੇ ਹਿੰਦੂ ਥੋੜ੍ਹੇ। ਆਟੇ ’ਚ ਲੂਣ ਦੇ ਬਰਾਬਰ। ਅਰੋੜੇ, ਕਪੂਰ ਤੇ ਖੰਨੇ। ਬਹੁਤੇ ਘਰਾਂ ਵਿੱਚ ਅੱਧੇ ਭਰਾ ਸਿੱਖ ਤੇ ਅੱਧੇ ਮੋਨੇ ਹੁੰਦੇ। ਮੇਰੇ ਪਿਤਾ ਜੀ ਦਾ ਨਾਮ ਸੰਤ ਰਾਮ ਖੰਨਾ ਸੀ ਤੇ ਮਾਤਾ ਦਾ ਨਾਂ ਰਾਮ ਲੁਭਾਈ।
ਪਿਤਾ ਜੀ ਨੂੰ ਜੂਆ ਖੇਡਣ ਦਾ ਸ਼ੌਕ ਸੀ। ਦਾਦਾ ਜੀ ਨੇ ਦੋ-ਤਿੰਨ ਦਫ਼ਾ ਦੁਕਾਨ ਪਾ ਕੇ ਦਿੱਤੀ। ਉਨ੍ਹਾਂ ਹਰ ਵਾਰ ਉਜਾੜ ਦਿੱਤੀ। ਆਖ਼ਰ ਕਿਸੇ ਬਰਤਨਾਂ ਵਾਲੇ ਦੇ ਨਾਲ ਫੇਰੀ ਉੱਤੇ ਜਾਣ ਲੱਗ ਪਏ। ਫਿਰ ਸਾਡੇ ਦਾਦੇ ਨੇ ਪੁੱਛਿਆ- ਜੇ ਤੈਨੂੰ ਦੁਕਾਨ ਪਾ ਦਈਏ, ਫਿਰ ਤਾਂ ਨਹੀਂ ਕਰੇਂਗਾ ਏਦਾਂ? ਪਿਤਾ ਜੀ ਨੇ ਤੋਬਾ ਕੀਤੀ ਤਾਂ ਦਾਦੇ ਨੇ ਉਨ੍ਹਾਂ ਨੂੰ ਮੁਸਲਮਾਨਾਂ ਦੇ ਪਿੰਡ ਦਬੂਲੇ ’ਚ ਕਰਿਆਨੇ ਦੀ ਦੁਕਾਨ ਪਾ ਦਿੱਤੀ। ਜਦੋਂ ਮੈਂ ਹੋਸ਼ ਸੰਭਾਲੀ ਤਾਂ ਇਹ ਦੁਕਾਨ ਖ਼ੂਬ ਚੱਲਦੀ ਸੀ। ਪਠਾਣਾਂ ਨੇ ਕਣਕ-ਬਾਜਰਾ ਲੈ ਕੇ ਸੌਦਾ ਲੈਣ ਆਉਣਾ। ਸਾਡੇ ਪਿਤਾ ਜੀ ਬਹੁਤ ਮੂੰਹ ਜ਼ੋਰ ਸਨ। ਜਿਹੜਾ ਬੱਚਾ ਥੋੜ੍ਹਾ ਜਿਹਾ ਜਵਾਨ ਹੁੰਦਾ, ਉਹਨੂੰ ਕੁੱਟਣ ਲੱਗ ਪੈਂਦੇ। ਉਹ ਆਪਣੇ ਵੱਲੋਂ ਤਾਂ ਔਲਾਦ ਨੂੰ ਕਾਬੂ ’ਚ ਰੱਖਦੇ ਸੀ, ਪਰ ਸਾਨੂੰ ਬੜਾ ਦੁਖ ਹੁੰਦਾ ਸੀ। ਅਸੀਂ ਛੇ ਭਰਾ ਸਾਂ ਅਤੇ ਇੱਕ ਸਾਡੀ ਭੈਣ ਸੀ। ਵੱਡੇ ਭਰਾ ਦਾ ਨਾਂ ਕਸਤੂਰੀ ਲਾਲ ਸੀ। ਉਸ ਤੋਂ ਛੋਟੀ ਰਾਮ ਪਿਆਰੀ। ਮੇਰਾਂ ਨਾਂ ਗਿਰਧਾਰੀ ਲਾਲ, ਮੈਥੋਂ ਛੋਟਾ ਨਾਨਕ ਚੰਦ, ਉਸ ਤੋਂ ਛੋਟਾ ਤੀਰਥ ਰਾਮ, ਉਸ ਤੋਂ ਛੋਟਾ ਰੇਸ਼ਮ ਲਾਲ ਤੇ ਸਭ ਤੋਂ ਛੋਟਾ ਦਰਸ਼ਨ ਲਾਲ।
ਮਾਂ ਦੱਸਦੀ ਹੁੰਦੀ ਸੀ ਕਿ ਜਦੋਂ ਮੈਂ ਜੰਮਿਆਂ ਤਾਂ ਨਰੜੇ ਪਿੰਡ ਤੋਂ ਉਹਦੀ ਸਹੇਲੀ ਮੈਨੂੰ ਦੇਖਣ ਆਈ ਸੀ। ਆਖਣ ਲੱਗੀ- ਜੇ ਮੇਰੇ ਘਰ ਕੁੜੀ ਹੋਈ ਤਾਂ ਇਸ ਮੁੰਡੇ ਦਾ ਰਿਸ਼ਤਾ ਮੈਂ ਲੈ ਲੈਣਾ। ਕੁਝ ਮਹੀਨਿਆਂ ਬਾਅਦ ਉਹਦੇ ਕੁੜੀ ਹੋਈ ਤਾਂ ਉਹਨੇ ਮਾਂ ਨੂੰ ਸੁਨੇਹਾ ਘੱਲਿਆ-ਆਪਣੀ ਨੂੰਹ ਤਾਂ ਦੇਖ ਜਾਓ। ਮਾਂ ਗਈ ਤੇ ਨਵਜੰਮੀ ਕੁੜੀ ਦੇ ਗਾਨਾਂ ਬੰਨ੍ਹ ਆਈ। ਲਓ ਜੀ, ਮੇਰਾ ਰਿਸ਼ਤਾ ਹੋ ਗਿਆ। ਉਦੋਂ ਮੈਂ ਦੁੱਧ ਚੁੰਘਦਾ ਬੱਚਾ ਸੀ।
ਮੇਰੇ ਨਾਨਿਆਂ ਦਾ ਪਿੰਡ ਸੁਰਗ ਸੀ। ਮੇਰੇ ਦੋ ਮਾਮੇ ਸਿੱਖ ਸਨ ਤੇ ਦੋ ਹਿੰਦੂ। ਵੱਡਾ ਮਾਮਾ ਸਰਦਾਰ ਗੁਲਾਬ ਸਿੰਘ ਚੋਪੜਾ ਬੱਚਿਆਂ ਨੂੰ ਮੁਫ਼ਤ ਪੜ੍ਹਾਉਂਦਾ ਹੁੰਦਾ ਸੀ। ਇੱਕ ਦਿਨ ਉਹ ਘੋੜੇ ਉੱਤੇ ਆਇਆ ਤੇ ਮੈਨੂੰ ਆਪਣੇ ਨਾਲ ਲੈ ਗਿਆ। ਚਾਰ ਜਮਾਤਾਂ ਮੈਂ ਨਾਨਕਿਆਂ ਕੋਲ ਰਹਿ ਕੇ ਪੜ੍ਹੀਆਂ ਤੇ ਫਿਰ ਮਰਵਾਲੀ ਪਿੰਡ ’ਚ ਦੋ ਸਾਲ ਪੜ੍ਹਿਆ। ਜਦੋਂ ਮੈਂ ਛੇਵੀਂ ਕੀਤੀ ਤਾਂ ਮੇਰੀ ਹੋਣ ਵਾਲੀ ਸੱਸ ਦੀ ਮੌਤ ਹੋ ਗਈ। ਮੇਰੇ ਸਹੁਰੇ ਨੇ ਦੂਜਾ ਵਿਆਹ ਕਰਵਾ ਲਿਆ। ਉਹ ਵੀ ਪਠਾਣਾਂ ਦੇ ਪਿੰਡ ’ਚ ਦੁਕਾਨ ਕਰਦਾ ਸੀ।
ਛੇ ਜਮਾਤਾਂ ਪੜ੍ਹਨ ਤੋਂ ਬਾਅਦ ਮੈਂ ਦੁਕਾਨਦਾਰੀ ’ਚ ਪੈ ਗਿਆ। ਮੇਰੇ ਹੋਣ ਵਾਲੇ ਸਹੁਰੇ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਸਾਡੇ ਪਿਤਾ ਨੂੰ ਸੁਨੇਹਾ ਘੱਲਿਆ ਕਿ ਮੁੰਡੇ ਨੂੰ ਹੋਰ ਪੜ੍ਹਾਓ। ਉਹਦੇ ਕੋਈ ਲੜਕਾ ਨਹੀਂ ਸੀ। ਦੋ ਲੜਕੀਆਂ ਹੀ ਸਨ। ਇੱਕ ਉਹਨੇ ਵਿਆਹ ਦਿੱਤੀ ਸੀ।
ਪਿੰਡ ਤੋਂ ਦਸ ਕੁ ਮੀਲ ਦੂਰ ਜੰਡ ਪਿੰਡ ’ਚ ਸਨਾਤਨ ਧਰਮ ਹਾਈ ਸਕੂਲ ਹੁੰਦਾ ਸੀ। ਉੱਥੇ ਬੋਰਡਿੰਗ ’ਚ ਮੈਨੂੰ ਤੇ ਮੇਰੇ ਛੋਟੇ ਭਰਾ ਨੂੰ ਦਾਖਲ ਕਰਵਾ ਦਿੱਤਾ। ਮੇਰੇ ਪਿੰਡ ਦਾ ਮੁੰਡਾ ਦੋਸਤ ਸ਼ੇਰ ਖਾਨ ਮਲਿਕ ਵੀ ਮੇਰੇ ਨਾਲ ਪੜ੍ਹਦਾ ਹੁੰਦਾ ਸੀ। ਗਰਮੀਆਂ ਦੀ ਛੁੱਟੀਆਂ ਤੋਂ ਦੋ ਕੁ ਦਿਨ ਪਹਿਲਾਂ ਸਾਡੀ ਮਾਤਾ ਜੀ ਦੀ ਮੌਤ ਹੋ ਗਈ। ਸਾਡੀ ਜ਼ਮੀਨ ਵਾਹੁਣ ਵਾਲਾ ਮੁਸਲਮਾਨ ਮੈਨੂੰ ਲੈਣ ਆਇਆ।
ਦੂਜੀ ਵੱਡੀ ਜੰਗ ਦੇ ਸ਼ੁਰੂਆਤੀ ਦਿਨਾ ’ਚ ਅੰਗਰੇਜ਼ ਚੁਣਵੇਂ ਜਵਾਨ ਭਰਤੀ ਕਰਦੇ ਸਨ। ਜਦੋਂ ਪਿੰਡ ਦੇ ਮੁੰਡੇ ਭਰਤੀ ਹੋਣ ਲਈ ਤੁਰੇ ਤਾਂ ਸਾਡਾ ਵੱਡਾ ਭਾਈ ਕਸਤੂਰੀ ਲਾਲ ਵੀ ਉਨ੍ਹਾਂ ਨਾਲ ਤੁਰ ਪਿਆ। ਮੁਸਲਮਾਨਾਂ ਦੇ ਮੁੰਡੇ ਮਖੌਲ ਕਰਨ-ਦੇਖ ਲਓ, ਕਰਾੜ ਭਰਤੀ ਹੋਣ ਚੱਲਾ ਏ। ਸਾਡਾ ਭਾਈ ਬਹੁਤ ਸੋਹਣਾ ਜਵਾਨ ਸੀ। ਉਹ ਭਰਤੀ ਹੋ ਗਿਆ ਤੇ ਬਾਕੀ ਸਾਰੇ ਰਹਿ ਗਏ। ਉਨ੍ਹਾਂ ਭਾਈ ਨੂੰ ਅੰਬਾਲਾ ਛਾਉਣੀ ਪਹੁੰਚਣ ਦੀ ਤਰੀਕ ਦੱਸ ਦਿੱਤੀ। ਜਦੋਂ ਉਹਨੇ ਘਰ ਆ ਕੇ ਦੱਸਿਆ ਤਾਂ ਘਰ ’ਚ ਰੋਣ-ਪਿੱਟਣ ਸ਼ੁਰੂ ਹੋ ਗਿਆ। ਉਹਨੂੰ ਸਾਰੇ ਮੁੜ-ਮੁੜ ਪੁੱਛਣ- ਆਹ ਕੀ ਕਰ ਆਇਆਂ? ਸਾਢੇ ਅਠਾਰਾਂ ਰੁਪਈਆਂ ਲਈ ਮੌਤ ਚੁਣ ਲਈ ਏ। ਉਦੋਂ ਮਹੀਨੇ ਦੀ ਐਨੀ ਤਨਖਾਹ ਹੁੰਦੀ ਸੀ।
ਸਿਆਣੇ ਲੋਕ ਕਹਿਣ ਲੱਗੇ-ਹੁਣ ਇਹਨੂੰ ਜਾਣਾ
ਹੀ ਪੈਣਾ। ਜੇ ਨਾ ਗਿਆ ਤਾਂ ਉਨ੍ਹਾਂ ਇਹਨੂੰ ਫੜ ਕੇ
ਲੈ ਜਾਣਾ। ਫਿਰ ਇਹਦਾ ਕੋਰਟ-ਮਾਰਸ਼ਲ ਹੋਏਗਾ।
ਸਜ਼ਾ ਵੀ ਹੋਏਗੀ। ਇਸ ਵਿੱਚ ਹੀ ਭਲਾ ਕਿ ਤੁਸੀਂ ਇਹਨੂੰ ਆਪ ਹੀ ਉੱਥੇ ਛੱਡ ਆਓ। ਸਾਡੇ ਪਿਤਾ ਹੋਰੀਂ ਉਹਨੂੰ ਅੰਬਾਲੇ ਛੱਡ ਆਏ। ਉਹਨੇ ਫ਼ੌਜ ਦੀ ਨੌਕਰੀ ਮਸਾਂ ਸੱਤ ਕੁ ਵਰ੍ਹੇ ਹੀ ਕੀਤੀ। ਪਾਕਿਸਤਾਨ ਬਣਨ ਤੋਂ ਦੋ ਸਾਲ ਪਹਿਲਾਂ ਉਹ ਲਾਹੌਰ ਦੇ ਮਿਲਟਰੀ ਡੇਅਰੀ ਫਾਰਮ ’ਚ ਕੰਪੋਡਰ ਭਰਤੀ ਹੋ ਗਿਆ। ਦੋ ਕੁ ਮਹੀਨਿਆਂ ਬਾਅਦ, ਮੈਂ ਵੀ ਪਿਤਾ ਹੋਰਾਂ ਨਾਲ ਲੜ ਕੇ ਉਨ੍ਹਾਂ ਕੋਲ ਲਾਹੌਰ ਪਹੁੰਚ ਗਿਆ। ਜਿਸ ਵਕਤ ਮੈਂ ਲਾਹੌਰ ਆਇਆ ਤਾਂ ਮੇਰੀ ਭੈਣ ਵੀ ਨਾਲ ਹੀ ਆ ਗਈ। ਜੀਜਾ ਫ਼ੌਜੀ ਸੀ ਤੇ ਉਦੋਂ ਫਰੰਟੀਅਰ ’ਚ ਤਾਇਨਾਤ ਸੀ। ਸੰਤਾਲੀ ਦੇ ਮਾਰਚ ਮਹੀਨੇ ਉਹ ਵੀ ਲਾਹੌਰ ਆ ਗਿਆ। ਉਹਨੂੰ ਪਤਾ ਲੱਗ ਗਿਆ ਸੀ ਕਿ ਲਾਹੌਰ ਹਿੰਦੋਸਤਾਨ ’ਚ ਨਹੀਂ ਆਉਣਾ।
ਜਿਸ ਵਕਤ ਲਾਹੌਰ ਅੰਦਰ ਬਹੁਤ ਲੁੱਟ-ਮਾਰ ਹੋਣ ਲੱਗੀ ਤਾਂ ਗਵਾਲੇ ਕਹਿਣ- ਚਲੋ ਚੱਲੀਏ, ਸਦਰ ਬਜ਼ਾਰ। ਅਸੀਂ ਵੀ ਦੁਕਾਨਾਂ ’ਚੋਂ ਕੋਈ ਮਾਲ ਚੁੱਕ ਲਿਆਉਂਦੇ ਆਂ। ਉਨ੍ਹਾਂ ਨੂੰ ਬਿਲਕੁਲ ਨਹੀਂ ਸੀ ਪਤਾ ਕਿ ਊਠ ਕਿਸ ਕਰਵਟ ਬੈਠਣਾ ਏ! ਸਾਡੇ ਭਾਈ ਨਾਲ ਹੁਸ਼ਿਆਰਪੁਰ ਦੇ ਪਿੰਡ ਨੰਗਲ ਸ਼ਹੀਦਾਂ ਦਾ ਹਰੀ ਰਾਮ ਵੀ ਕੰਪੋਡਰ ਸੀ। ਹਰੀ ਰਾਮ ਸਾਡੇ ਭਰਾ ਨੂੰ ਕਹਿੰਦਾ- ਮੈਂ ਆਪਣੇ ਬੱਚੇ ਛੱਡਣ ਚੱਲਾਂ। ਤੂੰ ਵੀ ਭੇਜ ਦੇ। ਜਿਸ ਵੇਲੇ ਠੰਢ ਹੋ ਗਈ ਤਾਂ ਵਾਪਸ ਲੈ ਆਵਾਂਗੇ। ਮੈਨੂੰ ਤੇ ਭਰਜਾਈ ਨੂੰ ਇੱਧਰ ਭੇਜ ਦਿੱਤਾ। ਉਹਦੇ ਕੁੱਛੜ ਭਤੀਜੀ ਸੀ। ਅਸੀਂ ਮੁਗ਼ਲਪੁਰੇ ਤੋਂ ਗੱਡੀ ਬੈਠੇ ਤੇ ਖਾਲਸਾ ਕਾਲਜ ਅੰਮ੍ਰਿਤਸਰ ਕੋਲ ਆਣ ਉੱਤਰੇ। ਤਿੰਨ-ਚਾਰ ਦਿਨ ਤੋਂ ਬਾਅਦ ਅਨਾਊਂਸਮੈਂਟ ਹੋਈ ਕਿ ਗੱਡੀ ਜਲੰਧਰ ਨੂੰ ਜਾ ਰਹੀ ਹੈ। ਹਰੀ ਰਾਮ ਕਹਿੰਦਾ-ਈ ਉੱਠੋ। ਅਸੀਂ ਗੱਡੀ ’ਚ ਬੈਠ ਗਏ। ਮੈਂ ਸੋਚਿਆ-ਮੈਂ ਜੇ ਅੰਮ੍ਰਿਤਸਰੋਂ ਲਾਹੌਰ ਨਾ ਜਾ ਸਕਿਆ ਤਾਂ ਹੁਸ਼ਿਆਰਪੁਰੋਂ ਕਿੱਥੇ ਮੁੜ ਹੋਣਾ! ਮੈਂ ਗੱਡੀ ’ਚੋਂ ਉਤਰ ਗਿਆ। ਮੈਂ ਕਿਹਾ-ਮੈਂ ਤਾਂ ਵਾਪਸ ਜਾਣਾ। ਹਾਲਾਂਕਿ ਮੈਂ ਲਾਹੌਰ ਨੂੰ ਉੱਜੜਦਾ ਵੇਖ ਆਇਆ ਸਾਂ। ਹਰੀ ਰਾਮ ਨੇ ਸਿੱਕੇ ਵਾਲੀ ਪੈਨਸਿਲ ਨਾਲ ਆਪਣਾ ਪਤਾ ਲਿਖ ਕੇ ਦੇ ਦਿੱਤਾ। ਗੱਡੀ ਜਲੰਧਰ ਵੱਲ ਤੁਰ ਪਈ ਤੇ ਮੈਂ ਵਾਪਸ ਖਾਲਸਾ ਕਾਲਜ ਪਹੁੰਚ ਗਿਆ। ਓਧਰੋਂ ਹਿੰਦੂ-ਸਿੱਖਾਂ ਨੂੰ ਲਿਆਉਣ ਲਈ ਬੜੇ ਟੱਰਕ ਜਾਂਦੇ ਸੀ। ਮੈਂ ਉਨ੍ਹਾਂ ਦੇ ਡਰਾਈਵਰਾਂ ਨੂੰ ਕਹਾਂ ਕਿ ਮੈਨੂੰ ਵੀ ਨਾਲ ਲੈ ਚੱਲੋ। ਉਹ ਕਹਿਣ-ਲੋਕੀਂ ਓਧਰੋਂ ਆਉਂਦੇ ਪਏ ਨੇ ਤੇ ਤੂੰ ਓਧਰ ਨੂੰ ਜਾਂਦਾ ਪਿਆ। ਕਿਤੇ ਤੂੰ ਮੁਸਲਮਾਨ ਤਾਂ ਨਹੀਂ?
ਇੱਕ ਦਿਨ ਮੈਂ ਸੋਚਿਆ ਹਰਿਮੰਦਰ ਸਾਹਿਬ ਦੇ ਦਰਸ਼ਨ ਕਰ ਕੇ ਆਵਾਂ। ਮੈਂ ਤੁਰ ਪਿਆ। ਕਿਸੇ ਡੇਅਰੀ ਫਾਰਮ ’ਚੋਂ ਦੁੱਧ ਲੈ ਕੇ ਗੱਡੀ ਰੋਜ਼ਾਨਾ ਲਾਹੌਰ ਨੂੰ ਜਾਂਦੀ ਹੁੰਦੀ ਸੀ। ਮੈਂ ਗੱਡੀ ਪਛਾਣ ਲਈ। ਮੈਂ ਹੱਥ ਦਿੱਤਾ। ਉਹਨੇ ਗੱਡੀ ਰੋਕ ਲਈ। ਉਹਦੇ ’ਚ ਬੈਠ ਕੇ ਮੈਂ ਲਾਹੌਰ ਪਹੁੰਚ ਗਿਆ। ਮੈਂ ਭਰਾ ਨੂੰ ਹਰੀ ਰਾਮ ਦਾ ਪਤਾ ਦਿੱਤਾ ਤਾਂ ਉਹ ਪੜ੍ਹ ਨਾ ਹੋਵੇ। ਮੱਥੇ ’ਤੇ ਹੱਥ ਮਾਰ ਕੇ ਭਰਾ ਬੋਲਿਆ-ਬੇੜਾ ਗਰਕ। ਪਤਨੀ ਵੀ ਗਈ ਤੇ ਪੈਸੇ ਵੀ ਗਏ। ਸ਼ਾਮ ਪਈ ਤਾਂ ਮੈਂ ਬਾਹਰ ਵਾਲ ਕਟਵਾਉਣ ਗਿਆ। ਜਿਸ ਵੇਲੇ ਮੈਂ ਕਟਿੰਗ ਕਰਵਾ ਰਿਹਾ ਸੀ ਤਾਂ ਵਾਲ ਕੱਟਣ ਵਾਲਾ ਕਹਿੰਦਾ-ਇਸ ਮੁਹੱਲੇ ’ਚ ਬਸ ਇੱਕ ਹਿੰਦੂ ਰਹਿ ਗਿਆ। ਮੈਂ ਕੋਈ ਜਵਾਬ ਨਾ ਦਿੱਤਾ। ਮੈਂ ਕੰਬਦੇ ਦਿਲ ਨਾਲ ਵਾਲ ਕਟਵਾਏ ਤੇ ਤੇਜ਼ ਕਦਮੀਂ ਭਾਈ ਕੋਲ ਮੁੜ ਆਇਆ।
ਕੁਝ ਦਿਨਾਂ ਬਾਅਦ ਭਰਜਾਈ ਦੀ ਚਿੱਠੀ ਪਹੁੰਚ ਗਈ। ਅੰਬਾ ਭਵਨ ਹੁਸ਼ਿਆਰਪੁਰ ਤੋਂ। ਉਹਨੇ ਲਿਖਿਆ ਸੀ-ਬੜੇ ਔਖੇ ਦਿਨ ਕੱਟ ਰਹੀ ਆਂ।
ਜਦੋਂ ਖ਼ਤਰਾ ਵਧ ਗਿਆ ਤਾਂ ਅਸੀਂ ਡੇਅਰੀ ਫਾਰਮ ’ਚੋਂ ਪਸ਼ੂ-ਹਸਪਤਾਲ ਦੇ ਡਾਕਟਰਾਂ ਦੇ ਕਵਾਟਰਾਂ ’ਚ
ਆ ਗਏ। ਅਸੀਂ ਫਿਰ ਉਨ੍ਹਾਂ ਨਾਲ ਹੀ ਇੱਧਰ ਆਏ। ਅੰਮ੍ਰਿਤਸਰ ਤੋਂ ਬਾਅਦ ਜਦੋਂ ਜਲੰਧਰ ਆਏ ਤਾਂ
ਇੱਥੇ ਬਹੁਤ ਅੱਗਾਂ ਲੱਗੀਆਂ ਹੋਈਆਂ ਸਨ।
ਤਿੰਨ-ਚਾਰ ਦਿਨਾਂ ਬਾਅਦ ਅਸੀਂ ਹੁਸ਼ਿਆਰਪੁਰ ਆ ਗਏ। ਭਾਬੀ ਤੇ ਭਤੀਜੀ ਨੂੰ ਨਾਲ ਲਿਆ ਤੇ ਕਮਰਾ ਕਿਰਾਏ ਉੱਤੇ ਲੈ ਲਿਆ।
ਅਸੀਂ ਦੋ ਭਰਾ, ਜਿਹੜੇ ਪਿਤਾ ਜੀ ਨਾਲ ਲੜ ਕੇ ਲਾਹੌਰ ਆ ਗਏ ਸਾਂ, ਉਹੀ ਇੱਧਰ ਆਏ। ਪਿਤਾ ਜੀ, ਚਾਚਾ ਨਰਾਇਣ ਦਾਸ, ਚਾਚੀ ਇੱਛਰਾਂ ਦੇਵੀ ਤੇ ਚਾਰੋਂ ਛੋਟੇ ਭਰਾ ਨਾਨਕ, ਰੇਸ਼ਮ, ਤੀਰਥ ਤੇ ਦਰਸ਼ਨ; ਬਾਕੀ ਸਭ ਪਾਕਿਸਤਾਨ ਰਹਿ ਗਏ। ਪਾਕਿਸਤਾਨ ਬਣਨ ਤੋਂ ਬਾਅਦ ਸਾਡੇ ਜੀਜਾ ਜੀ ਨੇ ਸਾਡੇ ਪਿੰਡ ਮਿਲਟਰੀ ਭੇਜੀ। ਸਾਡੇ ਦਾਦਾ ਜੀ ਬਿਰਧ ਸਨ। ਦਾਦੀ ਦੀ ਲੱਤ ’ਤੇ ਸੱਟ ਲੱਗੀ ਹੋਈ ਸੀ ਤੇ ਉਹ ਤੁਰ ਨਹੀਂ ਸਕਦੀ। ਇਹ ਸਭ ਤਾਂ ਬਹਾਨੇ ਸਨ। ਦਰਅਸਲ, ਉਹ ਆਪਣਾ ਵਤਨ ਨਹੀਂ ਸਨ ਛੱਡਣਾ ਚਾਹੁੰਦੇ।
ਬਾਅਦ ’ਚ ਪਤਾ ਲੱਗਿਆ ਕਿ ਉਹ ਸੰਤਾਲੀ ਤੋਂ ਬਾਅਦ ਮੁਸਲਮਾਨ ਹੋ ਗਏ ਸਨ। ਓਥੇ ਉਨ੍ਹਾਂ ਦੇ ਵਿਆਹ ਵੀ ਹੋ ਗਏ। ਇੱਕ ਦੇ ਸਹੁਰੇ ਤਾਂ ਸੰਤਾਲੀ ’ਚ ਉਨ੍ਹਾਂ ਵਾਂਗ ਹੀ ਓਥੇ ਰਹਿ ਗਏ ਸਨ। ਸਾਡੇ ਪਿੰਡ ਤੋਂ ਚਾਰ-ਪੰਜ ਮੀਲ ਦੂਰ ਝੱਫੜੀ ਪਿੰਡ ਸੀ। ਨਿਕਾਹ ਤੋਂ ਬਾਅਦ ਉਹ ਮੇਰੇ ਭਰਾ ਨੂੰ ਵੀ ਓਥੇ ਲੈ ਗਏ।
ਮੇਰਾ ਵਿਆਹ ਉਸੀ ਕੁੜੀ ਨਾਲ ਹੋਇਆ, ਜਿਹਦੇ ਗੁੱਟ ਉੱਤੇ ਮਾਂ ਨੇ ਗਾਨਾ ਬੰਨ੍ਹਿਆ ਸੀ। ਮੇਰੇ ਵਿਆਹ ਉੱਤੇ ਆਏ ਰਿਸ਼ਤੇਦਾਰਾਂ ਨਾਲ ਪਿੰਡੀ ਘੇਬ ਦੀਆਂ ਗੱਲਾਂ ਹੁੰਦੀਆਂ ਰਹੀਆਂ। ਉਸ ਦਿਨ ਮੇਰੀ ਭਤੀਜੀ ਨੇ ਮੈਥੋਂ ਓਧਰਲਾ ਪਤਾ ਪੁੱਛ ਲਿਆ। ਕੁਝ ਦਿਨਾਂ ਬਾਅਦ ਉਹਨੇ ਕਿਸੇ ਕੋਲੋਂ ਉਰਦੂ ’ਚ ਚਿੱਠੀ ਲਿਖਵਾ ਦਿੱਤੀ। ਫਿਰ ਉਨ੍ਹਾਂ ਦਾ ਟੈਲੀਫੋਨ ਆਉਣ ਲੱਗ ਪਿਆ। ਦਾਦਾ, ਦਾਦੀ, ਪਿਤਾ ਤੇ ਚਾਚਾ ਜੀ ਗੁਜ਼ਰ ਚੁੱਕੇ ਸਨ। ਭਰਾਵਾਂ ’ਚੋਂ ਵੀ ਇੱਕ ਗੁਜ਼ਰ ਗਿਆ ਸੀ। ਨਾਨਕ ਚੰਦ ਦਾ ਨਾਂ ਸ਼ੇਖ਼ ਅਬਦੁੱਲਾ ਹੋ ਗਿਆ ਸੀ। ਸਾਡੀ ਜ਼ਮੀਨ ਵੀ ਇੱਧਰੋਂ ਗਿਆਂ ਨੂੰ ਮਿਲ ਗਈ ਸੀ। ਪਹਿਲਾਂ ਉਹ ਕਿਰਾਏ ਉੱਤੇ ਰਹਿੰਦੇ ਸੀ ਤੇ ਫਿਰ ਉਨ੍ਹਾਂ ਨੇ ਕਮਾਈ ਕਰ ਕੇ ਆਪਣੇ ਘਰ ਬਣਾ ਲਏ ਸਨ।
ਚਾਚੀ ਜਿਉਂਦੀ ਸੀ। ਉਹਨੂੰ ਆਪਣੇ ਵੱਡੇ ਭਰਾਵਾਂ ਦੇ ਗੁਜ਼ਰ ਜਾਣ ਦਾ ਪਤਾ ਲੱਗ ਗਿਆ ਸੀ। ਉਹ ਛੋਟੇ ਭਰਾ ਬਾਰੇ ਪੁੱਛਦੀ ਸੀ ਕਿ ਉਹ ਕਿੱਥੇ ਏ? ਮੈਨੂੰ ਇੰਨਾ ਕੁ ਪਤਾ ਸੀ ਕਿ ਉਹ ਮੇਰਠ ਸਟੇਸ਼ਨ ਉੱਤੇ ਛਾਬੜੀ ਲਾਉਂਦਾ ਸੀ। ਉਹ ਕਹਿੰਦੀ ਸੀ ਕਿ ਉਹਦਾ ਪਤਾ ਲੈ ਕੇ ਦੱਸਿਓ। ਭਰਾਵਾਂ ਨਾਲ ਚਾਰ-ਪੰਜ ਸਾਲ ਰਾਬਤਾ ਰਿਹਾ। ਇਸੇ ਦੌਰਾਨ ਵੱਡਾ ਭਾਈ ਵੀ ਤੁਰ ਗਿਆ। ਆਪਣਾ ਪਿੰਡ ਵੇਖਣ ਨੂੰ ਬੜਾ ਦਿਲ ਕਰਦਾ ਸੀ। ਮੈਂ ਤੇ ਪਤਨੀ ਨੇ ਪਾਸਪੋਰਟ ਵੀ ਬਣਵਾ ਲਏ ਕਿ ਉਨ੍ਹਾਂ ਨੂੰ ਮਿਲ ਕੇ ਆਉਂਦੇ ਆਂ। ਸਾਡੀ ਓਧਰ ਜਾਣ ਨੂੰ ਤਿਆਰੀ ਸੀ ਕਿ ਕਾਰਗਿਲ ਦਾ ਯੁੱਧ ਹੋ ਗਿਆ। ਫਿਰ ਕੀ ਜਾਣਾ ਸੀ? ਦਸ ਸਾਲਾਂ ਬਾਅਦ ਫਿਰ ਕੋਸ਼ਿਸ਼ ਕੀਤੀ ਤਾਂ ਮੁੰਬਈ ਵਾਲਾ ਕਾਂਢ ਹੋ ਗਿਆ। ਫਿਰ ਅਸੀਂ ਬੈਠ ਗਏ ਆਰਾਮ ਨਾਲ। ਡਰਦਿਆਂ ਫੋਨ ਕਰਨੇ ਤੇ ਸੁਣਨੇ ਵੀ ਬੰਦ ਕਰ ਦਿੱਤੇ।
ਭਰਾਵਾਂ ਨੂੰ ਮਿਲਣ ਲਈ ਦਿਲ ਤਾਂ ਅੱਜ ਵੀ ਤੜਫ਼ਦਾ, ਪਰ ਹਿੰਮਤ ਨਹੀਂ ਹੁੰਦੀ। ਸੋਚਦਾਂ ਹਾਂ ਕਿ ਮਿਲ ਕੇ ਵਿੱਛੜਾਂਗਾ ਤਾਂ ਫਿਰ ਤੋਂ ਦੁਖੀ ਹੋਵਾਂਗਾ, ਫਿਰ ਤੋਂ ਰੋਵਾਂਗਾ, ਫਿਰ ਤੋਂ ਤੜਫਾਂਗਾ। ਹੁਣ ਤਾਂ ਅਗਲੀ ਦੁਨੀਆ ਦੀ ਤਿਆਰੀ ਆ। ਨਾ ਹੁਣ ਭਰਾਵਾਂ ਨੂੰ ਮਿਲ ਹੋਣਾ, ਨਾ ਭਤੀਜੇ-ਭਤੀਜੀਆਂ ਨੂੰ। ਉਨ੍ਹਾਂ ਲਈ ਬਸ ਹੁਣ ਦੁਆ ਹੀ ਕਰ ਸਕਦਾਂ ਕਿ ਜਿਉਂਦੇ ਰਹਿਣ। ਜਿੱਥੇ ਰਹਿਣ, ਖ਼ੁਸ਼ ਰਹਿਣ।
ਸੰਪਰਕ: 97818-43444