DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੁਰਾਤਨ ਸੰਗੀਤਕ ਵਿਰਾਸਤ ਦਾ ਪਹਿਰੇਦਾਰ ਬਲਜੀਤ ਟੰਡਨ ਮਾਣਕਿਆਂ

ਭਾਵੇਂ ਕਿ ਤਵਿਆਂ ਵਾਲੇ ਸੰਗੀਤ ਦਾ ਜ਼ਮਾਨਾ ਬਹੁਤ ਪੁਰਾਣਾ ਹੋ ਗਿਆ ਹੈ, ਪਰ ਸੰਗੀਤ ਦੇ ਪੁਰਾਣੇ ਆਸ਼ਿਕ ਅੱਜ ਵੀ ਇਸ ਅਨਮੋਲ ਵਿਰਾਸਤ ਨਾਲ ਜੁੜੇ ਹੋਏ ਹਨ। ਇੱਕ ਸਮਾਂ ਸੀ ਜਦੋਂ ਵਿਆਹ-ਸ਼ਾਦੀਆਂ ਮੌਕੇ ਕੋਠੇ ’ਤੇ ਜੁੜਵੇਂ ਮੰਜੇ ਖੜ੍ਹੇ ਕਰਕੇ ਸਪੀਕਰ ਵਜਾਉਣ...

  • fb
  • twitter
  • whatsapp
  • whatsapp
Advertisement

ਭਾਵੇਂ ਕਿ ਤਵਿਆਂ ਵਾਲੇ ਸੰਗੀਤ ਦਾ ਜ਼ਮਾਨਾ ਬਹੁਤ ਪੁਰਾਣਾ ਹੋ ਗਿਆ ਹੈ, ਪਰ ਸੰਗੀਤ ਦੇ ਪੁਰਾਣੇ ਆਸ਼ਿਕ ਅੱਜ ਵੀ ਇਸ ਅਨਮੋਲ ਵਿਰਾਸਤ ਨਾਲ ਜੁੜੇ ਹੋਏ ਹਨ। ਇੱਕ ਸਮਾਂ ਸੀ ਜਦੋਂ ਵਿਆਹ-ਸ਼ਾਦੀਆਂ ਮੌਕੇ ਕੋਠੇ ’ਤੇ ਜੁੜਵੇਂ ਮੰਜੇ ਖੜ੍ਹੇ ਕਰਕੇ ਸਪੀਕਰ ਵਜਾਉਣ ਦਾ ਰੁਝਾਨ ਸੀ। ਇਨ੍ਹਾਂ ਜੁੜਵੇਂ ਮੰਜਿਆਂ ’ਤੇ ਟੰਗੇ ਸਪੀਕਰ ਦੀ ਆਵਾਜ਼ ਦੂਰ-ਦੂਰ ਤੱਕ ਫੈਲਦੀ ਸੀ, ਜਿਸ ਤੋਂ ਵੱਜਦੇ ਸੰਗੀਤ ਦਾ ਆਨੰਦ ਹੀ ਵੱਖਰਾ ਹੁੰਦਾ ਸੀ।

ਉਨ੍ਹਾਂ ਸਮਿਆਂ ’ਚ ਸ਼ਗਨਾਂ ਵਾਲੇ ਘਰ ਕਈ-ਕਈ ਦਿਨ ਪਹਿਲਾਂ ਹੀ ‘ਸਪੀਕਰ ਵਾਲਾ ਭਾਈ’ ਆਪਣੀ ਤਵਿਆਂ ਵਾਲੀ ਮਸ਼ੀਨ, ਤਵਿਆਂ ਵਾਲੀ ਪੇਟੀ ਸਾਈਕਲ ’ਤੇ ਲੱਦ ਕੇ ਪਹੁੰਚ ਜਾਂਦਾ ਸੀ ਤੇ ਲਾਲ ਚੰਦ ਯਮਲੇ ਦਾ ਅਮਰ ਗੀਤ ‘ਸਤਿਗੁਰ ਨਾਨਕ ਤੇਰੀ ਲੀਲ੍ਹਾ ਨਿਆਰੀ ਆ..’ ਨਾਲ ਸੰਗੀਤਕ ਮਾਹੌਲ ਦੀ ਸ਼ੁਰੂਆਤ ਕਰਦਾ ਸੀ। ਉਦੋਂ ਪੰਜਾਬ ’ਚ ਉਂਗਲਾਂ ਦੇ ਪੋਟਿਆਂ ’ਤੇ ਗਿਣੇ ਜਾਣ-ਜੋਗੇ ਗਵੱਈਏ ਹੁੰਦੇ ਸਨ, ਜਿਨ੍ਹਾਂ ਦੀ ਚਾਰੇ ਪਾਸੇ ਬੱਲੇ-ਬੱਲੇ ਹੁੰਦੀ ਸੀ। ਸਮੇਂ ਦੇ ਗੇੜ ਅਤੇ ਵਿਗਿਆਨਕ ਤਰੱਕੀ ਸਦਕਾ ਸੰਗੀਤ ਸਾਧਨਾਂ ਵਿੱਚ ਵੱਡਾ ਪਰਿਵਰਤਨ ਹੋਇਆ ਹੈ। ਗਰਾਮੋਫੋਨ ਮਸ਼ੀਨਾਂ ਰਾਹੀਂ ਤਵਿਆਂ ਤੋਂ ਵੱਜਦਾ ਸੰਗੀਤ ਕੈਸੇਟਾਂ, ਸੀਡੀ ਡਿਸਕਾਂ ਤੋਂ ਹੁੰਦਾ ਹੋਇਆ ਅੱਜ ਪੈਨ ਡਰਾਇਵ ਅਤੇ ਦੇਸੀ ਚਿੱਪਾਂ ਵਿੱਚ ਸਿਮਟ ਕੇ ਰਹਿ ਗਿਆ ਹੈ।

Advertisement

ਭਾਵੇਂ ਤਵਿਆਂ ਵਾਲੇ ਸੰਗੀਤ ਦਾ ਜ਼ਮਾਨਾ ਬਹੁਤ ਪੁਰਾਣਾ ਹੋ ਗਿਆ ਹੈ, ਪਰ ਇਹ ਤਵੇ ਹੁਣ ਅਨਮੋਲ ਵਿਰਾਸਤ ਬਣ ਚੁੱਕੇ ਹਨ। ਅਕਸਰ ਵੇਖਣ ’ਚ ਆਉਂਦਾ ਹੈ ਕਿ ਜਿਹੜਾ ਕੰਮ ਸਰਕਾਰੀ ਅਦਾਰੇ ਦੇ ਜ਼ਿੰਮੇਵਾਰ ਆਹੁਦੇਦਾਰ ਨਹੀਂ ਕਰ ਪਾਉਂਦੇ, ਉਹ ਕੰਮ ਦੋ ਵਕਤ ਦੀ ਰੋਟੀ ਲਈ ਮਿਹਨਤ ਮੁਸ਼ੱਕਤ ਕਰਨ ਵਾਲਾ ਇੱਕ ਆਮ ਇਨਸਾਨ ਆਪਣੇ ਸ਼ੌਕ ਦੇ ਜਨੂੰਨ ਕਾਰਨ ਹੀ ਕਰ ਜਾਂਦਾ ਹੈ।

Advertisement

ਅਜਿਹੇ ਲੋਕਾਂ ’ਚੋਂ ਇੱਕ ਹੈ ਬਲਜੀਤ ਟੰਡਨ ਮਾਣਕਿਆ, ਜੋ ਪੁਰਾਤਨ ਸੰਗੀਤ ਦੇ ਵਿਸ਼ਾਲ ਭੰਡਾਰ ਨੂੰ ਸੰਭਾਲਣ ਲਈ ਯਤਨਸ਼ੀਲ ਹੈ। ਭਾਵੇਂ ਉਹ ਆਰਥਿਕਤਾ ਪੱਖੋਂ ਐਨਾ ਮਜ਼ਬੂਤ ਨਹੀਂ ਕਿ ਉਹ ਇਸ ਮਹਿੰਗੇ ਅਤੇ ਲੋਪ ਹੋ ਰਹੇ ਵਿਰਸੇ ਦੀ ਹਰੇਕ ਲੜੀ ਨੂੰ ਸਾਂਭ ਕੇ ਰੱਖ ਸਕੇ, ਪ੍ਰੰਤੂ ਉਸ ਦਾ ਜਜ਼ਬਾ, ਜਨੂੰਨ ਅਤੇ ਦੋਸਤਾਂ ਦੀ ਹੱਲਾਸ਼ੇਰੀ ਉਸ ਨੂੰ ਟਿਕ ਕੇ ਨਹੀਂ ਬੈਠਣ ਦਿੰਦੀ।

ਚੰਡੀਗੜ੍ਹ ਨੇੜਲੇ ਗੁਰਦੁਆਰੇ ਨਾਢਾ ਸਾਹਿਬ ਦੀ ਬੁੱਕਲ ਵਿੱਚ ਵਸੇ ਪਿੰਡ ਮਾਣਕਿਆ ਦੇ ਬਲਜੀਤ ਸਿੰਘ ਕੋਲ ਪੰਜਾਬੀ, ਹਿੰਦੀ, ਹਰਿਆਣਵੀ, ਭੋਜਪੁਰੀ, ਮਰਾਠੀ ਭਾਸ਼ਾਵਾਂ ਦੇ ਅਨੇਕਾਂ ਸੰਗੀਤਕ ਤਵੇ ਮੌਜੂਦ ਹਨ। ਇਸ ਤੋਂ ਇਲਾਵਾ ਵੱਖ-ਵੱਖ ਤਰ੍ਹਾਂ ਦੀਆਂ ਰਿਕਾਰਡ ਪਲੇਅਰ ਮਸ਼ੀਨਾਂ ਦਾ ਭੰਡਾਰ ਸੰਭਾਲਿਆ ਹੋਇਆ ਹੈ। ਉਸ ਕੋਲ ਮੌਜੂਦ ਰਿਕਾਰਡ ਤਵਿਆਂ ਦੀ ਕੋਈ ਗਿਣਤੀ ਨਹੀਂ। ਕਈ ਪੇਟੀਆਂ, ਅਲਮਾਰੀਆਂ, ਬਕਸੇ ਵਿੱਚ ਸੰਭਾਲਿਆ ਪਿਆ ਇਹ ਵਿਸ਼ਾਲ ਸੰਗੀਤਕ ਭੰਡਾਰ ਬੀਤੇ ਕੱਲ੍ਹ ਦੇ ਅਹਿਮ ਦਸਤਾਵੇਜ਼ ਹਨ, ਜੋ ਆਉਣ ਵਾਲੀ ਨਵੀਂ ਪੀੜ੍ਹੀ ਲਈ ਇੱਕ ਅਚੰਭੇ ਵਾਲੀ ਸੌਗਾਤ ਹੈ।

ਸੋਸ਼ਲ ਮੀਡੀਆ ’ਤੇ ਜੁੜੇ ਹੋਣ ਕਰਕੇ ਬਲਜੀਤ ਟੰਡਨ ਦੀ ਦੇਸ਼ਾਂ ਵਿਦੇਸ਼ਾਂ ਵਿੱਚ ਚੰਗੀ ਪਛਾਣ ਬਣ ਚੁੱਕੀ ਹੈ। ਉਸ ਦੀਆਂ ਸੰਗੀਤਕ ਵੰਨਗੀਆਂ ਨਾਲ ਜੁੜੇ ਉਸ ਦੇ ਪ੍ਰਸ਼ੰਸਕ ਉਸ ਦੀ ਹਮੇਸ਼ਾਂ ਹੌਸਲਾ ਅਫ਼ਜ਼ਾਈ ਕਰਦੇ ਰਹਿੰਦੇ ਹਨ। ਇਸ ਤੋਂ ਇਲਾਵਾ ਪੰਜਾਬ ਦੇ ਅਨੇਕਾਂ ਨਾਮੀਂ ਗਾਇਕ ਕਲਾਕਾਰਾਂ ਨਾਲ ਉਸ ਦੀ ਨੇੜਤਾ ਬਣੀ ਹੋਈ ਹੈ।

ਬਲਜੀਤ ਨੇ ਦੱਸਿਆ ਕਿ ਉਸ ਦੇ ਪਰਿਵਾਰ ਵਿੱਚ ਇਹ ਸ਼ੌਕ ਪਹਿਲਾਂ ਉਸ ਦੇ ਵੱਡੇ ਭਰਾ ਨੂੰ ਸੀ। ਭਾਰਤੀ ਫੌਜ ਵਿੱਚ ਨੌਕਰੀ ਕਰਦਾ ਇਹ ਭਰਾ ਜਦ ਛੁੱਟੀ ਕੱਟਣ ਪਿੰਡ ਆਉਂਦਾ ਤਾਂ ਆਪਣੇ ਸ਼ੌਕ ਲਈ ਗਰਾਮੋਫੋਨ ਅਤੇ ਤਵਿਆਂ ਦਾ ਸੈੱਟ ਅਕਸਰ ਚਲਾਉਂਦਾ। ਵੱਡੇ ਭਰਾ ਨੂੰ ਵੇਖਦਿਆਂ ਸੁਣਦਿਆਂ ਹੌਲੀ ਹੌਲੀ ਇਹ ਸ਼ੌਕ ਬਲਜੀਤ ਨੂੰ ਵੀ ਪੈ ਗਿਆ ਅਤੇ ਉਹੋ ਇਸ ਸ਼ੌਕ ਨੂੰ ਅੱਗੇ ਵਧਾਉਣ ਲੱਗਿਆ। ਉਸ ਨੇ ਦੂਰੋਂ ਨੇੜਿਓਂ ਨਵੇਂ-ਪੁਰਾਣੇ ਤਵੇ ਅਤੇ ਮਸ਼ੀਨਾਂ ਇਕੱਠੀਆਂ ਕਰ ਕੇ ਆਪਣੇ ਘਰ ਵਿੱਚ ਹੀ ਇੱਕ ਸੰਗੀਤਕ ਲਾਇਬ੍ਰੇਰੀ ਤਿਆਰ ਕਰ ਲਈ ਹੈ। ਪਹਿਲਾਂ ਪਹਿਲ ਉਸ ਨੇ ਟੇਪ ਰਿਕਾਰਡ ਅਤੇ ਕੈਸੇਟਾਂ ਦਾ ਖ਼ਜ਼ਾਨਾ ਸੰਭਾਲਿਆ, ਪ੍ਰੰਤੂ ਕਈ ਵਾਰ ਕੈਸੇਟ ਦਾ ਫੀਤਾ ਖ਼ਰਾਬ ਹੋ ਜਾਂਦਾ ਸੀ ਅਤੇ ਸੰਗੀਤ ਦਾ ਪੂਰਾ ਆਨੰਦ ਨਹੀਂ ਆਉਂਦਾ ਸੀ, ਤਾਂ ਫਿਰ ਉਸ ਨੇ ਗੀਤਾਂ ਦੇ ਤਵਿਆਂ ਨੂੰ ਵਧੇਰੇ ਤਰਜੀਹ ਦਿੱਤੀ। ਹਰੇਕ ਗਾਇਕ ਦਾ ਨਵਾਂ-ਪੁਰਾਣਾ ਤਵਾ ਅੱਜ ਵੀ ਬਲਜੀਤ ਦੀ ਸੰਗੀਤਕ ਲਾਇਬ੍ਰੇਰੀ ਦਾ ਸ਼ਿੰਗਾਰ ਹੈ।

ਉਸ ਕੋਲ ਚਾਂਦੀ ਰਾਮ ਚਾਂਦੀ, ਲਾਲ ਚੰਦ ਯਮਲਾ ਜੱਟ, ਹਰਚਰਨ ਗਰੇਵਾਲ-ਸੁਰਿੰਦਰ ਸੀਮਾ, ਗੁਰਦਿਆਲ ਨਿਰਮਾਣ, ਦੀਦਾਰ ਸੰਧੂ-ਸਨੇਹ ਲਤਾ, ਕਰਨੈਲ ਗਿੱਲ-ਪ੍ਰੀਤੀ ਬਾਲਾ, ਨਰਿੰਦਰ ਬੀਬਾ, ਗੁਰਮੀਤ ਬਾਵਾ, ਮੁਹੰਮਦ ਸਦੀਕ-ਰਣਜੀਤ ਕੌਰ, ਕੁਲਦੀਪ ਮਾਣਕ, ਸੁਰਿੰਦਰ ਛਿੰਦਾ-ਗੁਲਸ਼ਨ ਕੋਮਲ, ਅਮਰ ਸਿੰਘ ਚਮਕੀਲਾ-ਅਮਰਜੋਤ, ਕੇ ਦੀਪ-ਜਗਮੋਹਨ ਕੌਰ ਆਦਿ ਗਾਇਕ ਕਲਾਕਾਰਾਂ ਦੇ ਤਕਰੀਬਨ ਸਾਰੇ ਹੀ ਗੀਤ ਤਵਿਆਂ ’ਚ ਸੰਭਾਲੇ ਪਏ ਹਨ। ਇਸ ਕੰਮ ਵਿੱਚ ਉਸ ਦਾ ਸਾਥ ਅਵਤਾਰ ਸਿੰਘ ਟੰਡਨ, ਸੁਰਿੰਦਰ ਸਿੰਘ ਗਿੱਲ ਦੁਗਰੀ, ਪਾਲ ਫਿਆਲੀ ਵਾਲਾ, ਕੁਲਵੀਰ ਗਰੇਵਾਲ ਮਹਿਮੂਦਪੁਰ, ਸ਼ਾਮਦਾਸ ਜੰਮੂ, ਕਰਨਪਾਲ, ਅਰਜਨ ਸਿੰਘ, ਚੰਨ ਮਾਹੀ ਅਤੇ ਰਣਜੋਧ ਸਿੰਘ ਨੇ ਦਿੱਤਾ। ਬਲਜੀਤ ਟੰਡਨ ਪੇਸ਼ੇ ਵਜੋਂ ਪ੍ਰਾਈਵੇਟ ਨੌਕਰੀ ਕਰਦਾ ਹੈ। ਆਪਣੇ ਰੁਝੇਵਿਆਂ ਭਰੀ ਜ਼ਿੰਦਗੀ ’ਚੋਂ ਆਪਣੇ ਸ਼ੌਕ ਲਈ ਸਮਾਂ ਕੱਢਣਾ ਉਸ ਦਾ ਪਹਿਲਾ ਕੰਮ ਹੈ।

ਸੰਪਰਕ: 98146-07737

Advertisement
×