DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੈਡਮਿੰਟਨ ਦੀ ਵਿਸ਼ਵ ਚੈਂਪੀਅਨ ਪੀ ਵੀ ਸਿੰਧੂ

ਪੀ ਵੀ ਸਿੰਧੂ ਭਾਰਤ ਦੀ ਪਹਿਲੀ ਖਿਡਾਰਨ ਹੈ ਜੋ ਬੈਡਮਿੰਟਨ ਦੀ ਵਿਸ਼ਵ ਚੈਂਪੀਅਨ ਬਣੀ ਅਤੇ ਓਲੰਪਿਕ ਖੇਡਾਂ ’ਚੋਂ ਦੋ ਮੈਡਲ ਜਿੱਤੀ। ਉਸ ਨੇ ਵਿਸ਼ਵ ਚੈਂਪੀਅਨਸ਼ਿਪਾਂ ’ਚੋਂ ਪੰਜ ਅਤੇ ਮਹਾਂਦੀਪੀ ਖੇਡਾਂ ਵਿੱਚੋਂ ਦਰਜਨ ਤੋਂ ਵੱਧ ਮੈਡਲ ਜਿੱਤੇ। ਉਮੀਦ ਹੈ ਉਹ 2026...

  • fb
  • twitter
  • whatsapp
  • whatsapp
Advertisement

ਪੀ ਵੀ ਸਿੰਧੂ ਭਾਰਤ ਦੀ ਪਹਿਲੀ ਖਿਡਾਰਨ ਹੈ ਜੋ ਬੈਡਮਿੰਟਨ ਦੀ ਵਿਸ਼ਵ ਚੈਂਪੀਅਨ ਬਣੀ ਅਤੇ ਓਲੰਪਿਕ ਖੇਡਾਂ ’ਚੋਂ ਦੋ ਮੈਡਲ ਜਿੱਤੀ। ਉਸ ਨੇ ਵਿਸ਼ਵ ਚੈਂਪੀਅਨਸ਼ਿਪਾਂ ’ਚੋਂ ਪੰਜ ਅਤੇ ਮਹਾਂਦੀਪੀ ਖੇਡਾਂ ਵਿੱਚੋਂ ਦਰਜਨ ਤੋਂ ਵੱਧ ਮੈਡਲ ਜਿੱਤੇ। ਉਮੀਦ ਹੈ ਉਹ 2026 ਦੀਆਂ ਏਸ਼ਿਆਈ ਖੇਡਾਂ ਤੇ ਕਾਮਨਵੈਲਥ ਖੇਡਾਂ ਅਤੇ 2028 ਦੀਆਂ ਓਲੰਪਿਕ ਖੇਡਾਂ ਵਿੱਚ ਵੀ ਜਲਵਾ ਵਿਖਾਏਗੀ। ਉਹਦਾ ਪੂਰਾ ਨਾਂ ਪੁਸਰਲਾ ਵੇਂਗਟਾ ਸਿੰਧੂ ਹੈ। ਉਹ ਸਾਨੀਆ ਮਿਰਜ਼ਾ ਤੇ ਸਾਇਨਾ ਨੇਹਵਾਲ ਦੇ ਸ਼ਹਿਰ ਹੈਦਰਾਬਾਦ ਦੀ ਜੰਮਪਲ ਹੈ।

ਉਸ ਦਾ ਗੁਰੂ ਬੈਡਮਿੰਟਨ ਦਾ ਨਾਮਵਰ ਖਿਡਾਰੀ ਫੁਲੇਲਾ ਗੋਪੀਚੰਦ ਸੀ ਜਿਸ ਦੀ ਬੈਡਮਿੰਟਨ ਅਕੈਡਮੀ ਵਿੱਚ ਉਸ ਨੇ ਕਦੇ ਨਾ ਭੁੱਲਣ ਵਾਲੇ ਗੁਰ ਸਿੱਖੇ। ਉਹਦਾ ਪਹਿਲਾ ਕੋਚ ਮਹਿਬੂਬ ਅਲੀ ਸੀ। ਬਾਅਦ ਵਿੱਚ ਨਾਮਵਰ ਕੋਚ ਕਿਮ ਜੀ ਨਿਊਨ, ਪਾਰਕ ਟੀ-ਸੈਗ, ਮੁਹੰਮਦ ਹਾਫ਼ਿਜ਼ ਹਾਸ਼ਮ, ਅਨੂਪ ਸ੍ਰੀਧਰ ਤੇ ਇਰਵਾਨਸਿਆਹ ਅਲੀ ਪ੍ਰਾਤਮਾ ਵੱਖ ਵੱਖ ਟੂਰਨਾਮੈਂਟਾਂ ਲਈ ਉਸ ਨੂੰ ਕੋਚਿੰਗ ਦਿੰਦੇ ਰਹੇ। ਉਹ ਭਾਰਤ ਦੀ ਸ਼ਾਨ ਹੈ ਤੇ ਤੇਲੰਗਾਨਾ ਦਾ ਮਾਣ। ਉਹ 13 ਸਾਲ ਦੀ ਉਮਰ ਤੋਂ ਜੂਨੀਅਰ ਪੱਧਰ ਦੇ ਨੈਸ਼ਨਲ ਮੁਕਾਬਲਿਆਂ ’ਚੋਂ ਜਿੱਤਾਂ ਜਿੱਤਦੀ ਵਿਸ਼ਵ ਪੱਧਰੀ ਮੁਕਾਬਲੇ ਜਿੱਤਣ ਲੱਗ ਪਈ ਸੀ। ਉਸ ਨੇ ਨੈਸ਼ਨਲ ਖੇਡਾਂ, ਕਾਮਨਵੈਲਥ ਖੇਡਾਂ, ਏਸ਼ਿਆਈ ਖੇਡਾਂ, ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪਾਂ, ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪਾਂ ਤੇ ਉਬੇਰ ਕੱਪ ਤੋਂ ਲੈ ਕੇ ਅਨੇਕ ਟੂਰ ਕੱਪ ਜਿੱਤੇ।

Advertisement

ਸਾਲ 2019 ਵਿੱਚ ਉਹ ਬੈਡਮਿੰਟਨ ਦੀ ਵਿਸ਼ਵ ਚੈਂਪੀਅਨ ਬਣੀ। ਉਸੇ ਸਾਲ ਸਿੰਧੂ ਨੇ ਚੀਨੀ ਸਪੋਰਟਸ ਬਰਾਂਡ ਨੀ ਲਿੰਗ ਤੋਂ ਚਾਰ ਸਾਲਾਂ ਲਈ 50 ਕਰੋੜ ਰੁਪਏ ਦੀ ਸਪਾਂਸਰਸ਼ਿਪ ’ਤੇ ਦਸਤਖ਼ਤ ਕੀਤੇ। ਮਈ 2024 ’ਚ ਉਹ ਵੈੱਲਨੈੱਸ ਬਰਾਂਡ ਹੂਪ ਦੀ ਬਰਾਂਡ ਅਬੈਂਸਡਰ ਬਣੀ। ਉਸ ਨੂੰ ਮਿਲੇ ਇਨਾਮਾਂ ਸਨਮਾਨਾਂ ਦਾ ਕੋਈ ਪਾਰਾਵਾਰ ਨਹੀਂ ਰਿਹਾ। ਤੇਲੰਗਾਨਾ ਸਰਕਾਰ ਵੱਲੋਂ ਉਸ ਨੂੰ 5 ਕਰੋੜ ਦੀ ਰਾਸ਼ੀ ਤੇ ਪਲਾਟ ਦਿੱਤਾ ਗਿਆ। ਆਂਧਰਾ ਪ੍ਰਦੇਸ ਸਰਕਾਰ ਵੱਲੋਂ 3 ਕਰੋੜ ਰੁਪਏ ਤੇ ਇੱਕ ਹਜ਼ਾਰ ਗਜ਼ ਦਾ ਪਲਾਟ ਦੇ ਕੇ ਸਰਕਾਰੀ ਨੌਕਰੀ ਡਿਪਟੀ ਕੁਲੈਕਟਰ ਆਫ ਆਂਧਰਾ ਪ੍ਰਦੇਸ਼ ਦਿੱਤੀ ਗਈ। ਦਿੱਲੀ ਸਰਕਾਰ ਨੇ 2 ਕਰੋੜ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਨੇ 75 ਲੱਖ ਰੁਪਏ, ਹਰਿਆਣਾ ਸਰਕਾਰ ਨੇ 50 ਲੱਖ ਰੁਪਏ, ਮੱਧ ਪ੍ਰਦੇਸ਼ ਸਰਕਾਰ ਨੇ 50 ਲੱਖ ਰੁਪਏ, 50 ਲੱਖ ਰੁਪਏ ਯੁਵਕ ਭਲਾਈ ਤੇ ਖੇਡਾਂ ਮੰਤਰਾਲੇ ਨੇ, 50 ਲੱਖ ਰੁਪਏ ਬੈਡਮਿੰਟਨ ਐਸੋਸੀਏਸ਼ਨ ਆਫ ਇੰਡੀਆ ਨੇ, 30 ਲੱਖ ਰੁਪਏ ਇੰਡੀਅਨ ਓਲੰਪਿਕ ਐਸੋਸੀਏਸ਼ਨ ਨੇ, 5 ਲੱਖ ਰੁਪਏ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੇ, 1 ਲੱਖ ਰੁਪਿਆ ਸਲਮਾਨ ਖ਼ਾਨ ਨੇ ਤੇ ਬੀਐੱਮ ਡਬਲਯੂ ਕਾਰ ਕ੍ਰਿਕਟਰ ਸਚਿਨ ਤੇਂਦੁਲਕਰ ਨੇ ਭੇਟ ਕੀਤੀ। ਮਹਿੰਦਰਾ ਗਰੁੱਪ ਨੇ ਮਹਿੰਦਰਾ ਥਾਰ ਅਰਪਿਤ ਕੀਤੀ ਅਤੇ ਐਕਟਰ ਵਿਜੇਚੰਦਰ ਨੇ ਦੋ ਏਕੜ ਜ਼ਮੀਨ ਹੀ ਉਹਦੇ ਨਾਂ ਕਰਾ ਦਿੱਤੀ। ਇਹ ਤਾਂ ਓਲੰਪਿਕ ਖੇਡਾਂ ’ਚੋਂ ਸਿਲਵਰ ਮੈਡਲ ਜਿੱਤਣ ਦਾ ਇਨਾਮ ਸੀ ਜਦ ਕਿ ਹੋਰਨਾਂ ਜਿੱਤਾਂ ਦੇ ਇਨਾਮਾਂ ਦਾ ਤਾਂ ਕੋਈ ਅੰਤ ਹੀ ਨਹੀਂ।

Advertisement

ਉਸ ਦੀਆਂ ਖੇਡ ਜਿੱਤਾਂ ਨੂੰ ਮੁੱਖ ਰੱਖਦਿਆਂ ਭਾਰਤ ਸਰਕਾਰ ਨੇ ਉਸ ਨੂੰ ਅਰਜਨ ਐਵਾਰਡ ਤੇ ਮੇਜਰ ਧਿਆਨ ਚੰਦ ਖੇਲ ਰਤਨ ਐਵਾਰਡ ਦੇਣ ਤੋਂ ਇਲਾਵਾ ਪਦਮ ਸ਼੍ਰੀ ਤੇ ਪਦਮ ਭੂਸ਼ਨ ਦੇ ਪੁਰਸਕਾਰ ਦਿੱਤੇ। 2024 ਦੇ ਫੋਰਬਜ਼ ਮੈਗਜ਼ੀਨ ਦੀ ਸੂਚੀ ਵਿੱਚ ਪੀਵੀ ਸਿੰਧੂ ਨੂੰ ਕੁਲ ਦੁਨੀਆ ’ਚ ਸਭ ਤੋਂ ਵੱਧ ਖੇਡ ਕਮਾਈ ਕਰਨ ਵਾਲੀਆਂ ਖਿਡਾਰਨਾਂ ਵਿੱਚੋਂ 17ਵੇਂ ਸਥਾਨ ’ਤੇ ਗਿਣਿਆ ਗਿਆ।

ਉਸ ਨੂੰ ਗਿੱਟੇ ਤੇ ਗੋਡੇ ਦੀ ਮੋਚ ਕਾਰਨ ਕੁਝ ਟੂਰਨਾਮੈਂਟ ਛੱਡਣੇ ਪਏ ਸਨ, ਪਰ ਇਲਾਜ ਪਿੱਛੋਂ ਉਹ ਸੰਭਲ ਜਾਂਦੀ ਰਹੀ। ਪੈਰਿਸ-2024 ਦੀਆਂ ਓਲੰਪਿਕ ਖੇਡਾਂ ਸਮੇਂ ਇੰਡੀਅਨ ਓਲੰਪਿਕ ਕਮੇਟੀ ਨੇ ਪੀਵੀ ਸਿੰਧੂ ਤੇ ਟੇਬਲ ਟੈਨਿਸ ਦੀ ਖਿਡਾਰਨ ਸ਼ਰਥ ਕਮਲ ਨੂੰ ਓਲੰਪਿਕ ਖੇਡਾਂ ਲਈ ਭਾਰਤੀ ਦਲ ਦੀਆਂ ਝੰਡਾਬਰਦਾਰ ਬਣਾਇਆ। ਉਸ ਨੇ 2024 ਸਈਅਦ ਮੋਦੀ ਇੰਟਰਨੈਸ਼ਨਲ ਟੂਰਨਾਮੈਂਟ ਦੇ ਫਾਈਨਲ ਵਿੱਚ ਚੀਨ ਦੀ ਵੂ ਲੂਇਓ ਨੂੰ ਹਰਾ ਕੇ ਮੋਦੀ ਟਾਈਟਲ ਜਿੱਤਿਆ ਸੀ। ਮਾਰਚ 2017 ਦੀ ‘ਇਕਨੋਮਿਕ ਟਾਈਮਜ਼’ ਦੀ ਰਿਪੋਰਟ ਮੁਤਾਬਿਕ ਸਿੰਧੂ ਦੀ ਬਰਾਂਡ ਅੰਡੋਰਸਮੈਟਾਂ ਤੋਂ ਰੋਜ਼ਾਨਾ ਕਮਾਈ ਇੱਕ ਕਰੋੜ ਤੋਂ ਸਵਾ ਕਰੋੜ ਸੀ। ਉਸ ਨੂੰ ਕੰਪਨੀਆਂ ਆਪਣੀਆਂ ਵਸਤਾਂ ਦੀ ਮਾਰਕੀਟ ਲਈ ਅੰਡੋਰਸ ਕਰਦੀਆਂ ਆ ਰਹੀਆਂ ਹਨ। 2025 ਵਿੱਚ ਉਹ ਬੈਡਮਿੰਟਨ ਵਰਲਡ ਫੈਡਰੇਸ਼ਨ ਦੇ ਅਥਲੀਟ ਕਮਿਸ਼ਨ ਲਈ ਤੀਜੀ ਵਾਰ ਚੁਣੀ ਗਈ।

ਉਹਦਾ ਕੱਦ 5 ਫੁੱਟ 10 ਇੰਚ ਹੈ ਤੇ ਵਜ਼ਨ 65 ਕਿਲੋਗ੍ਰਾਮ। ਰੰਗ ਰਤਾ ਸਾਂਵਲਾ, ਨੈਣ ਨਕਸ਼ ਤਿੱਖੇ ਤੇ ਜੁੱਸਾ ਛਾਂਟਵਾਂ। ਲੰਮੇ ਵਾਲਾਂ ਵਾਲੀ ਸਿੰਧੂ 2010 ਤੋਂ ਬੈਡਮਿੰਟਨ ਕੋਰਟਾਂ ਦਾ ਸ਼ਿੰਗਾਰ ਹੈ। ਜਿਵੇਂ ਸਾਇਨਾ ਨੇਹਵਾਲ ਦੀ ਖੱਬੀ ਗੱਲ੍ਹ ’ਤੇ ਕਾਲਾ ਤਿਲ ਉਹਦੀ ਵਿਸ਼ੇਸ਼ ਪਛਾਣ ਹੈ, ਉਵੇਂ ਪੀਵੀ ਸਿੰਧੂ ਦੀ ਠੋਡੀ ਦਾ ਕਾਲਾ ਤਿਲ ਵੀ ਉਹਦੀ ਵੱਖਰੀ ਪਛਾਣ ਹੈ। ਜਿਵੇਂ ਸਾਇਨਾ ਦੀ ਇੱਕ ਭੈਣ ਹੈ, ਉਵੇਂ ਸਿੰਧੂ ਦੀ ਵੀ ਇੱਕੋ ਭੈਣ ਹੈ। ਜਿਵੇਂ ਸਾਇਨਾ ਦੇ ਮਾਪੇ ਖ਼ੁਦ ਖਿਡਾਰੀ ਸਨ, ਉਵੇਂ ਸਿੰਧੂ ਦੇ ਮਾਪੇ ਵੀ ਖਿਡਾਰੀ ਰਹੇ। ਮਾਪਿਆਂ ਦਾ ਆਪਣੀਆਂ ਧੀਆਂ ਨੂੰ ਚੋਟੀ ਦੀਆਂ ਖਿਡਾਰਨਾਂ ਬਣਾਉਣ ’ਚ ਮਿਸਾਲੀ ਯੋਗਦਾਨ ਹੈ। ਦੋਹਾਂ ਦੇ ਪਿਤਾ ਸਵੇਰ ਸਾਰ ਆਪਣੀਆਂ ਧੀਆਂ ਨੂੰ ਬਚਪਨ ਤੋਂ ਹੀ ਕਈ ਕਿਲੋਮੀਟਰ ਦੂਰ ਕੋਚਿੰਗ ਦੁਆਉਣ ਲਿਜਾਂਦੇ ਤੇ ਲਿਆਉਂਦੇ ਰਹੇ। ਸਿਜਦਾ ਹੈ ਅਜਿਹੇ ਮਾਪਿਆਂ ਨੂੰ।

ਪੀਵੀ ਸਿੰਧੂ ਦਾ ਜਨਮ 5 ਜੁਲਾਈ 1995 ਨੂੰ ਪਿਤਾ ਪੀਵੀ ਰਮਨਾ ਦੇ ਘਰ ਮਾਤਾ ਪੀ ਵਿਜਯਾ ਦੀ ਕੁੱਖੋਂ ਤੇਲੰਗਾਨਾ ਦੇ ਸ਼ਹਿਰ ਹੈਦਰਾਬਾਦ ਵਿੱਚ ਹੋਇਆ। ਉਹਦੀ ਮਾਂ ਵਿਜੇਵਾੜਾ ਤੋਂ ਸੀ ਤੇ ਪਿਤਾ ਇਲੂਰੋ ਤੋਂ। ਉਹ ਨਿਰਮਲ ’ਚ ਜੰਮਿਆ ਸੀ ਤੇ ਗੰਟੂਰ ਵਿੱਚ ਰਿਹਾ। ਹੁਣ ਵੀ ਉਹ ਆਪਣੇ ਜੱਦੀ ਪਿੰਡਾਂ ’ਚ ਜਾਂਦੇ ਰਹਿੰਦੇ ਹਨ। ਸਿੰਧੂ ਔਕਸੀਲੀਅਮ ਹਾਈ ਸਕੂਲ ਹੈਦਰਾਬਾਦ ’ਚ ਪੜ੍ਹੀ। ਉਹਦੇ ਮਾਤਾ-ਪਿਤਾ ਦੋਵੇਂ ਵਾਲੀਵਾਲ ਦੇ ਖਿਡਾਰੀ ਸਨ ਜੋ ਭਾਰਤੀ ਟੀਮਾਂ ’ਚ ਖੇਡੇ। ਪਿਤਾ ਨੂੰ ਵਾਲੀਬਾਲ ਦੀ ਖੇਡ ਵਿੱਚ ਸ਼ਾਨਦਾਰ ਯੋਗਦਾਨ ਪਾਉਣ ਲਈ ਅਰਜਨ ਐਵਾਰਡ ਵੀ ਮਿਲਿਆ। ਸਿੰਧੂ ਨੇ ਛੋਟੀ ਉਮਰ ਤੋਂ ਹੀ ਆਪਣੇ ਮਾਪਿਆਂ ਨੂੰ ਖੇਡਾਂ ਲਈ ਸਖ਼ਤ ਮਿਹਨਤ ਕਰਦੇ ਵੇਖਿਆ ਸੀ ਤੇ ਸਖ਼ਤ ਮਿਹਨਤ ਕਰਨ ਦੀ ਪ੍ਰੇਰਨਾ ਲਈ ਸੀ। ਉਸ ਦਾ ਪਿਤਾ ਪੀਵੀ ਰਮਨਾ ਸਿਓਲ-1986 ਦੀਆਂ ਏਸ਼ਿਆਈ ਖੇਡਾਂ ਸਮੇਂ ਭਾਰਤੀ ਵਾਲੀਬਾਲ ਟੀਮ ਦਾ ਮੈਂਬਰ ਸੀ ਜੋ ਕਾਂਸੀ ਦਾ ਤਗ਼ਮਾ ਜਿੱਤੀ। ਉਹ ਰੋਜ਼ਾਨਾ 56 ਕਿਲੋਮੀਟਰ ਦਾ ਸਫ਼ਰ ਕਰ ਕੇ ਸਿੰਧੂ ਨੂੰ ਪਹਿਲਾਂ ਮਹਿਬੂਬ ਅਲੀ ਦੀ ਅਕੈਡਮੀ ਸਿਕੰਦਰਾਬਾਦ ਤੇ ਫਿਰ ਗੋਪੀਚੰਦ ਬੈਡਮਿੰਟਨ ਅਕੈਡਮੀ ਲਿਜਾਂਦਾ ਰਿਹਾ।

ਭਾਵੇਂ ਸਿੰਧੂ ਛੋਟੀ ਉਮਰੇ ਹੀ ਲੰਮਾ ਕੱਦ ਕੱਢ ਗਈ ਸੀ ਜੋ ਵਾਲੀਬਾਲ ਦੀ ਖੇਡ ਦੇ ਅਨੁਕੂਲ ਸੀ, ਪਰ ਉਹ ਵਾਲੀਬਾਲ ਖਿਡਾਰਨ ਬਣਨ ਦੀ ਥਾਂ ਬੈਡਮਿੰਟਨ ਦੀ ਖੇਡ ਵੱਲ ਹੀ ਰੁਚਿਤ ਹੋਈ। ਸਿੰਧੂ ਨੂੰ ਵਾਲੀਬਾਲ ਖੇਡਣ ਦੀ ਪ੍ਰੇਰਨਾ ਭਾਰਤ ਦੇ ਇੰਗਲੈਂਡ ਕੱਪ ਜੇਤੂ ਪੁਲੇਲਾ ਗੋਪੀਚੰਦ ਦੀ ਪ੍ਰਸਿੱਧੀ ਤੋਂ ਮਿਲੀ ਸੀ। ਉਹ 2001 ’ਚ ਆਲ ਇੰਗਲੈਂਡ ਬੈਡਮਿੰਟਨ ਚੈਂਪੀਅਨਸ਼ਿਪ ਜਿੱਤਣ ਪਿੱਛੋਂ ਕੁਲ ਦੁਨੀਆ ’ਚ ਮਸ਼ਹੂਰ ਹੋ ਚੁੱਕਾ ਸੀ।

ਉਹ ਅੱਠਾਂ ਸਾਲਾਂ ਦੀ ਹੋਈ ਤਾਂ ਉਸ ਨੇ ਬੈਡਮਿੰਟਨ ਖੇਡਣ ਦੀ ਬਾਕਾਇਦਾ ਸਿਖਲਾਈ ਲੈਣੀ ਸ਼ੁਰੂ ਕਰ ਦਿੱਤੀ। ਉਹਦੇ ਮਾਪੇ ਤੜਕਸਾਰ ਉੱਠਦੇ। ਮਾਂ ਸਿੰਧੂ ਨੂੰ ਤਿਆਰ ਕਰਦੀ ਤੇ ਪਿਤਾ ਧੀ ਨੂੰ ਬੈਡਮਿੰਟਨ ਦੀ ਟ੍ਰੇਨਿੰਗ ਲਈ ਘਰੋਂ 30 ਕਿਲੋਮੀਟਰ ਦੂਰ ਮਹਿਬੂਬ ਅਲੀ ਬੈਡਮਿੰਟਨ ਅਕੈਡਮੀ ਲੈ ਜਾਂਦਾ। ਫਿਰ ਉਹ ਬੈਡਮਿੰਟਨ ਦੇ ਚੀਫ ਨੈਸ਼ਨਲ ਕੋਚ ਰਹੇ ਐੱਸ ਐੱਮ ਆਰਿਫ਼ ਤੋਂ ਕੋਚਿੰਗ ਲੈਣ ਲਈ ਲਾਲ ਬਹਾਦਰ ਸਟੇਡੀਅਮ ਹੈਦਰਾਬਾਦ ਜਾਣ ਲੱਗ ਪਏ। ਸਕੂਲ ਪੜ੍ਹਦਿਆਂ ਉਹ ਫੁਲੇਲਾ ਗੋਪੀਚੰਦ ਬੈਡਮਿੰਟਨ ਅਕੈਡਮੀ ’ਚ ਦਾਖਲ ਹੋ ਗਈ। ਗੋਪੀ ਚੰਦ ਦੀ ਰਹਿਨੁਮਾਈ ਵਿੱਚ ਸਿੰਧੂ ਨੇ ਆਪਣੀ ਖੇਡ ਵਿੱਚ ਬਹੁਤ ਸੁਧਾਰ ਕੀਤਾ। ਉਹ ਹਰ ਰੋਜ਼ ਘੰਟਿਆਂ ਬੱਧੀ ਪ੍ਰੈਕਟਿਸ ਕਰਦੀ। ਉੱਥੇ ਉਹਨੇ ਫੁੱਟਵਰਕ, ਸਮੈਸ਼ ਤੇ ਖੇਡ ਤਕਨੀਕ ਵੱਲ ਵਿਸ਼ੇਸ਼ ਧਿਆਨ ਦਿੱਤਾ। ਉੱਥੇ ਹੀ ਗੋਪੀਚੰਦ ਨੇ ਪੇਸ਼ੀਨਗੋਈ ਕਰ ਦਿੱਤੀ ਸੀ ਕਿ ਸਿੰਧੂ ਭਵਿੱਖ ਦੀ ਵਿਸ਼ਵ ਚੈਂਪੀਅਨ ਬਣ ਸਕਦੀ ਹੈ।

ਸਿੰਧੂ ਅਜੇ 9 ਸਾਲਾਂ ਦੀ ਸੀ ਕਿ ਅੰਡਰ-10 ਵਰਗ ਦੇ ਸਿੰਗਲ ਮੁਕਾਬਲਿਆਂ ’ਚ ਪਹਿਲੀ ਵੱਡੀ ਜਿੱਤ ਜਿੱਤੀ। ਫਿਰ ਅੰਡਰ-13 ਡਬਲਜ਼ ਮੁਕਾਬਲੇ ਜਿੱਤੀ ਤੇ 51ਵੀਆਂ ਨੈਸ਼ਨਲ ਸਕੂਲ ਗੇਮਜ਼ ਵਿੱਚੋਂ ਗੋਲਡ ਮੈਡਲ ਜਿੱਤਿਆ। 2009 ’ਚ ਉਸ ਨੇ ਪਹਿਲੀ ਵਾਰ ਸਬ-ਜੂਨੀਅਰ ਏਸ਼ੀਅਨ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਭਾਗ ਲਿਆ ਜਿੱਥੇ ਕਾਂਸੀ ਦਾ ਤਗ਼ਮਾ ਜਿੱਤਿਆ ਤੇ ਸੀਨੀਅਰਾਂ ਦੇ ਮੁਕਾਬਲਿਆਂ ’ਚ ਸ਼ਾਮਲ ਹੋਣਾ ਸ਼ੁਰੂ ਕਰ ਲਿਆ। 2010 ਵਿੱਚ ਉਹ ਇਰਾਨ ਫਜਰ ਇੰਟਰਨੈਸ਼ਨਲ ਚੈਲੰਜ ਦੇ ਕੁਆਟਰ ਫਾਈਨਲ ਵਿੱਚ ਪਹੁੰਚ ਗਈ। 2013 ਤੋਂ ਬੈਡਮਿੰਟਨ ਦੀਆਂ ਵਿਸ਼ਵ ਚੈਂਪੀਅਨਸ਼ਿਪਾਂ ’ਚ ਭਾਗ ਲੈਣ ਲੱਗ ਪਈ। 2013 ਤੇ 2014 ਵਿੱਚ ਉਸ ਨੇ ਵਿਸ਼ਵ ਚੈਂਪੀਅਨਸ਼ਿਪਾਂ ’ਚੋਂ ਕਾਂਸੀ ਦੇ ਦੋ ਤਗ਼ਮੇ ਜਿੱਤੇ। 2017 ਤੇ 2018 ਵਿੱਚ ਦੋਵੇਂ ਵਾਰ ਚਾਂਦੀ ਦੇ ਤਗ਼ਮੇ ਹਾਸਲ ਕੀਤੇ। 2019 ਵਿੱਚ ਵਿਸ਼ਵ ਚੈਂਪੀਅਨਸ਼ਿਪ ਦਾ ਗੋਲਡ ਮੈਡਲ ਜਿੱਤਿਆ। 2016 ’ਚ ਰੀਓ ਦੀਆਂ ਓਲੰਪਿਕ ਖੇਡਾਂ ’ਚੋਂ ਸਿਲਵਰ ਮੈਡਲ ਜਿੱਤਿਆ ਤੇ 2021 ਵਿੱਚ ਟੋਕੀਓ ਦੀਆਂ ਓਲੰਪਿਕ ਖੇਡਾਂ ’ਚੋਂ ਕਾਂਸੀ ਦਾ ਤਗ਼ਮਾ। 2014 ’ਚ ਏਸ਼ਿਆਈ ਖੇਡਾਂ ’ਚੋਂ ਵੀ ਕਾਂਸੀ ਦਾ ਤਗ਼ਮਾ ਜਿੱਤਿਆ ਸੀ। 2014 ਤੇ 2016 ਵਿੱਚ ਉਬੇਰ ਕੱਪ ’ਚੋਂ ਕਾਂਸੀ ਦੇ ਤਗ਼ਮੇ ਜਿੱਤੇ।

ਪੀਵੀ ਸਿੰਧੂ ਨੇ ਤਿੰਨ ਕਾਮਨਵੈਲਥ ਖੇਡਾਂ ’ਚ ਭਾਗ ਲਿਆ। 2014 ’ਚ ਮਹਿਲਾਵਾਂ ਦੇ ਸਿੰਗਲਜ਼ ਮੁਕਾਬਲਿਆਂ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। 2018 ਵਿੱਚ ਮਹਿਲਾਵਾਂ ਦੇ ਸਿੰਗਲਜ਼ ਮੁਕਾਬਲਿਆਂ ’ਚ ਸਿਲਵਰ ਮੈਡਲ ਤੇ ਮਿਕਸਡ ਟੀਮ ਈਵੈਂਟ ’ਚ ਗੋਲਡ ਮੈਡਲ ਜਿੱਤਿਆ। 2022 ਦੀਆਂ ਕਾਮਨਵੈਲਥ ਖੇਡਾਂ ਵਿੱਚੋਂ ਮਹਿਲਾਵਾਂ ਸਿੰਗਲਜ਼ ਦੇ ਮੁਕਾਬਲਿਆਂ ਦਾ ਗੋਲਡ ਮੈਡਲ ਅਤੇ ਮਿਕਸਡ ਟੀਮ ਦਾ ਸਿਲਵਰ ਮੈਡਲ ਜਿੱਤਿਆ। ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪਾਂ ’ਚੋਂ 2014 ਤੇ 2022 ਦੇ ਕਾਂਸੀ ਦੇ ਮੈਡਲ ਜਿੱਤੇ। ਉਸ ਨੂੰ 2013 ਵਿੱਚ ਅਰਜਨ ਐਵਾਰਡ, 2015 ’ਚ ਪਦਮ ਸ਼੍ਰੀ, 2016 ’ਚ ਮੇਜਰ ਧਿਆਨ ਚੰਦ ਖੇਲ ਰਤਨ ਐਵਾਰਡ ਤੇ 2020 ਵਿੱਚ ਪਦਮ ਭੂਸ਼ਨ ਪੁਰਸਕਾਰ ਮਿਲੇ।

ਉਸ ਨੇ ਸੀਨੀਅਰ ਮਹਿਲਾਵਾਂ ਸਿੰਗਲਜ਼ ਦਾ ਪਹਿਲਾਂ ਟਾਈਟਲ ਮਾਲਦੀਵ ਇੰਟਰਨੈਸ਼ਨਲ ਚੈਲੰਜ 2011 ਵਿੱਚ ਕੇਵਲ 16 ਸਾਲ ਦੀ ਉਮਰੇ ਜਿੱਤ ਕੇ ਆਪਣੀ ਹੋਣਹਾਰੀ ਵਿਖਾ ਦਿੱਤੀ ਸੀ। ਚੀਨ ’ਚ ਪਹਿਲਾ ਸੁਪਰ ਸੀਰੀਜ਼ ਟਾਈਟਲ ਜਿੱਤਣ ਪਿੱਛੋਂ ਉਸ ਨੇ ਤਿੰਨ ਹੋਰ ਸੁਪਰ ਸੀਰੀਜ਼ ਟਾਈਟਲ ਜਿੱਤੇ। ਕੋਰੀਆ ਓਪਨ ਸਤੰਬਰ 2017 ਤੇ ਵਿਸ਼ਵ ਬੈਡਮਿੰਟਨ ਟੂਰ ਦਸੰਬਰ 2018 ਜਿੱਤਣ ਵਾਲੀ ਉਹ ਪਹਿਲੀ ਭਾਰਤੀ ਖਿਡਾਰਨ ਹੈ। 2023 ਵਿੱਚ ਗਿੱਟੇ ਦੀ ਮੋਚ ਕਾਰਨ ਉਹ ਸਿਖਰ ਦੀ ਫਾਰਮ ’ਚ ਨਹੀਂ ਸੀ ਫਿਰ ਵੀ ਏਸ਼ੀਆ ਮਿਕਸਡ ਟੀਮ ਚੈਂਪੀਅਨਸ਼ਿਪ ’ਚੋਂ ਕਾਂਸੀ ਦਾ ਮੈਡਲ ਜਿੱਤਣ ’ਚ ਕਾਮਯਾਬ ਹੋ ਗਈ, ਪਰ ਅਕਤੂਬਰ 2023 ਵਿੱਚ ਗੋਡੇ ਦੀ ਸੱਟ ਕਾਰਨ ਉਸ ਨੂੰ ਫਰੈਂਚ ਓਪਨ 750 ’ਚੋਂ ਲਾਂਭੇ ਰਹਿਣਾ ਪਿਆ। ਮਾਰਚ 2024 ’ਚ ਉਹ ਮੁੜ ਕਾਇਮ ਹੋਈ ਤਾਂ ਅਕਤੂਬਰ ’ਚ ਫ੍ਰੈਂਚ ਓਪਨ ਸੁਪਰ 750 ਦੇ ਕੁਆਟਰ ਫਾਈਨਲ ’ਚ ਪਹੁੰਚੀ।

2024 ਦੀਆਂ ਓਲੰਪਿਕ ਖੇਡਾਂ ’ਚੋਂ ਗੋਲਡ ਮੈਡਲ ਜਿੱਤਣ ਦੀ ਆਸ ਨਾਲ ਉਹ ਇੰਡੋਨੇਸ਼ੀਅਨ ਕੋਚ ਅਗਸ ਡਵੀ ਸੰਤੋਸੋ ਤੋਂ ਕੋਚਿੰਗ ਲੈਣ ਬੰਗਲੂਰੂ ਗਈ ਤੇ ਉਹਦੀ ਨਿਗਰਾਨੀ ਹੇਠ ਤਿਆਰੀ ਕਰਨ ਲੱਗੀ। ਅਪਰੈਲ 2024 ’ਚ ਟ੍ਰਾਇਲ ਹੋਏ ਤਾਂ ਉਹ ਤੀਜੀ ਵਾਰ ਓਲੰਪਿਕ ਖੇਡਾਂ ਵਿੱਚ ਭਾਗ ਲੈਣ ਲਈ ਚੁਣੀ ਗਈ। ਬਦਕਿਸਮਤੀ ਨਾਲ ਉਹ ਕੋਈ ਮੈਡਲ ਨਾ ਜਿੱਤ ਸਕੀ। 2012 ਵਿੱਚ ਜਦੋਂ ਉਹ ਕੇਵਲ 17 ਸਾਲਾਂ ਦੀ ਸੀ ਤਾਂ ਉਹਦੀ ਗਿਣਤੀ ਉਪਰਲੀਆਂ 20 ਖਿਡਾਰਨਾਂ ਵਿੱਚ ਹੋਣ ਲੱਗ ਪਈ ਸੀ। ਸਿੰਧੂ 22 ਸਾਲਾਂ ਦੀ ਹੋਈ ਤਾਂ ਅਪਰੈਲ 2017 ਵਿੱਚ ਉਸ ਨੂੰ ਵਿਸ਼ਵ ਰੈਂਕ ਦੀ ਨੰਬਰ 2 ਖਿਡਾਰਨ ਐਲਾਨਿਆ ਗਿਆ। ਚੀਨ ਦੀ ਯਾਂਗ ਨਿੰਗ ਤੋਂ ਬਾਅਦ ਬੈਡਮਿੰਟਨ ਦੀ ਉਹ ਦੂਜੀ ਖਿਡਾਰਨ ਹੈ ਜਿਸ ਨੇ ਵਿਸ਼ਵ ਚੈਂਪੀਅਨਸ਼ਿਪਾਂ ’ਚੋਂ ਪੰਜ ਮੈਡਲ ਜਿੱਤੇ। ਇੱਕ ਸੋਨੇ ਦਾ, ਦੋ ਚਾਂਦੀ ਤੇ ਦੋ ਕਾਂਸੀ ਦੇ।

ਰੀਓ-2016 ਦੀਆਂ ਓਲੰਪਿਕ ਖੇਡਾਂ ’ਚ ਲਗਾਤਾਰ ਜਿੱਤਾਂ ਜਿੱੱਤਦੀ ਫਾਈਨਲ ਵਿੱਚ ਪੁੱਜੀ ਸੀ। ਫਾਈਨਲ ਵਿੱਚ ਉਹਦਾ ਮੁਕਾਬਲਾ ਸਪੇਨ ਦੀ ਨਾਮਵਰ ਖਿਡਾਰਨ ਕ੍ਰੋਲੀਨਾ ਮਰੀਨ ਨਾਲ ਹੋਇਆ ਜੋ ਬੜਾ ਨਾਟਕੀ ਰਿਹਾ। ਸਿੰਧੂ ਲਈ ਉਹ ਸੁਨਹਿਰੀ ਮੌਕਾ ਸੀ, ਪਰ ਕ੍ਰੋਲੀਨਾ ਦੇ ਪ੍ਰੌਢ ਤਜਰਬੇ ਅੱਗੇ ਫਾਈਨਲ ਮੈਚ ਹਾਰ ਗਈ। ਉਹਦੇ ਲਈ ਓਲੰਪਿਕ ਖੇਡਾਂ ਦੀ ਉਹ ਪਹਿਲੀ ਪਾਰੀ ਸੀ। ਟੋਕੀਓ-2021 ਓਲੰਪਿਕਸ ਵਿੱਚ ਉਸ ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਇੰਜ ਉਹ ਪਹਿਲੀ ਭਾਰਤੀ ਨਾਰੀ ਬਣ ਗਈ ਜੋ ਓਲੰਪਿਕ ਖੇਡਾਂ ’ਚੋਂ ਦੋ ਤਗ਼ਮੇ ਜਿੱਤੀ। ਉਸ ਨੇ ਸੁਪਰਸੀਰੀਜ਼ ਟਾਈਟਲ 2016 ਚਾਈਨਾ ਓਪਨ, 2017 ਚਾਈਨਾ ਓਪਨ ਤੇ 2018 ਬੀਡਬਲਯੂਐੱਫ ਵਰਲਡ ਟੂਰ ਫਾਈਨਲਜ਼ ਤੇ ਕਾਮਨਵੈਲਥ ਖੇਡਾਂ ਦੇ ਲਗਾਤਾਰ 3 ਮੈਡਲ ਜਿੱਤੇ। ਇੱਕ ਸਿਲਵਰ ਮੈਡਲ ਏਸ਼ਿਆਈ ਖੇਡਾਂ ਵਿੱਚੋਂ ਤੇ 2 ਕਾਂਸੀ ਦੇ ਮੈਡਲ ਉਬੇਰ ਕੱਪ ’ਚੋਂ ਜਿੱਤੇ। 2018 ਵਿੱਚ ਉਸ ਦੀ ਖੇਡ ਕਮਾਈ 8.5 ਮਿਲੀਅਨ ਡਾਲਰ, 2019 ’ਚ 5.5 ਮਿਲੀਅਨ ਡਾਲਰ, 2021 ਵਿੱਚ 7.2 ਮਿਲੀਅਨ ਡਾਲਰ ਤੇ 20-24 ਵਿੱਚ 7.1 ਮਿਲੀਅਨ ਡਾਲਰ ਹੋਈ। ਫੋਰਬਸ ਦੀ ਸੂਚੀ ਅਨੁਸਾਰ ਸਿੰਧੂ 2018-2024 ਦੌਰਾਨ ਸਭ ਤੋਂ ਮਹਿੰਗੀ ਬੈਡਮਿੰਟਨ ਖਿਡਾਰਨ ਸਾਬਤ ਹੋਈ।

ਸਿੰਧੂ ਦਾ ਵਿਆਹ ਵਪਾਰੀ ਵੈਂਕਟਾ ਦੱਤਾ ਨਾਲ 22 ਦਸੰਬਰ 2024 ਨੂੰ ਹੋਇਆ। ਜੁਲਾਈ 2013 ਤੋਂ ਸਿੰਧੂ ਸਹਾਇਕ ਸਪੋਰਟਸ ਮੈਨੇਜਰ ਲੱਗੀ ਤੇ ਰੀਓ ਤੋਂ ਸਿਲਵਰ ਮੈਡਲ ਜਿੱਤਣ ਨਾਲ ਡਿਪਟੀ ਸਪੋਰਟਸ ਮੈਨੇਜਰ ਬਣ ਗਈ। ਬ੍ਰਿਜਸਟੋਨ ਇੰਡੀਆ ਦੀ ਉਹ ਪਹਿਲੀ ਬਰਾਂਡ ਅੰਬੈਸਡਰ ਬਣੀ। ਜੁਲਾਈ 2017 ਨੂੰ ਉਸ ਨੂੰ ਆਂਧਰਾ ਪ੍ਰਦੇਸ ਸਰਕਾਰ ਵੱਲੋਂ ਡਿਪਟੀ ਕੁਲੈਕਟਰ (ਗਰੁੱਪ-1) ਨਿਯੁਕਤ ਕਰ ਦਿੱਤਾ ਗਿਆ।

ਉਸ ਨੇ ਬੈਡਮਿੰਟਨ ਵਰਲਡ ਫੈਡਰੇਸ਼ਨ ਟੂਰ ਦੇ 5 ਸੁਪਰ ਟਾਈਟਲ ਤੇ 7 ਰਨਰਜ਼ ਅੱਪ ਸਥਾਨ ਜਿੱਤੇ ਹਨ। ਸਿੰਧੂ ਦੀ ਖੇਡ ਸ਼ੈਲੀ ਸ਼ਕਤੀਸ਼ਾਲੀ ਤੇ ਤੇਜ਼ ਹੈ। ਉਹ ਆਪਣੀ ਸਮੈਸ਼ ਤੇ ਲੰਮੇ ਕਦਮਾਂ ਨਾਲ ਵਿਰੋਧੀਆਂ ਨੂੰ ਦਬਾਅ ਹੇਠ ਰੱਖਦੀ ਹੈ। ਪੈਰਾਂ ਦੀ ਛੋਹਲੀ ਹੈ ਤੇ ਕੋਰਟ ਵਿੱਚ ਫੁਰਤੀ ਨਾਲ ਵਿਚਰਦੀ ਹੈ। ਉਹਦੀ ਰਣਨੀਤੀ ’ਚ ਧੀਰਜ ਤੇ ਇਕਸਾਰਤਾ ਦੇ ਵਿਸ਼ੇਸ਼ ਗੁਣ ਹਨ। ਉਹਦੀ ਕਾਰਗੁਜ਼ਾਰੀ ਨੌਜੁਆਨਾਂ ਨੂੰ ਪ੍ਰੇਰਦੀ ਹੈ ਕਿ ਮਿਹਨਤ ਤੇ ਦ੍ਰਿੜਤਾ ਨਾਲ ਕੋਈ ਵੀ ਸੁਪਨਾ ਸਾਕਾਰ ਕੀਤਾ ਜਾ ਸਕਦਾ ਹੈ। ਉਸ ਨੇ ਭਾਰਤ ਵਿੱਚ ਬੈਡਮਿੰਟਨ ਦੀ ਖੇਡ ਨੂੰ ਹੋਰ ਵੀ ਹਰਮਨ ਪਿਆਰਾ ਖੇਡ ਬਣਾਇਆ ਹੈ। ਹੁਣ ਬੱਚੇ ਤੇ ਨੌਜੁਆਨ ਬੜੀ ਵੱਡੀ ਗਿਣਤੀ ਵਿੱਚ ਸਿੰਧੂ ਨੂੰ ਆਪਣਾ ਆਦਰਸ਼ ਮੰਨਦੇ ਹਨ। ਉਸ ਦੀਆਂ ਬੈਡਮਿੰਟਨ ਦੀ ਖੇਡ ਵਿੱਚ ਮਾਰੀਆਂ ਮੱਲਾਂ ਭਾਰਤ ਹੀ ਨਹੀਂ ਵਿਸ਼ਵ ਦੇ ਖੇਡ ਇਤਿਹਾਸ ਵਿੱਚ ਹਮੇਸ਼ਾਂ ਯਾਦ ਰੱਖੀਆਂ ਜਾਣਗੀਆਂ ਅਤੇ ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਪ੍ਰੇਰਨਾ ਸਰੋਤ ਬਣੀ ਰਹੇਗੀ।

ਈ-ਮੇਲ: principalsarwansingh@gmail.com

Advertisement
×