ਕਾਂ ਦਾ ਬੱਚਾ : The Tribune India

ਕਾਂ ਦਾ ਬੱਚਾ

ਬਾਲ ਕਹਾਣੀ

ਕਾਂ ਦਾ ਬੱਚਾ

ਹਰੀ ਕ੍ਰਿਸ਼ਨ ਮਾਇਰ

ਪਤੰਗ ਦੀ ਡੋਰ ਨਾਲ ਉਲਝ ਕੇ ਧਰਤੀ ’ਤੇ ਡਿੱਗਦੇ ਕਾਂ ਦੇ ਬੱਚੇ ਨੂੰ ਕਤੂਰਿਆਂ ਨੇ ਦੂਰੋਂ ਹੀ ਦੇਖ ਲਿਆ ਸੀ। ਉਹ ਉਸ ਵੱਲ ਦੌੜ ਪਏ ਸਨ। ਕਤੂਰੇ ਚਾਹੁੰਦੇ ਸਨ ਕਿ ਅੱਜ ਕਾਂ ਦੇ ਬੱਚੇ ਨੂੰ ਹੀ ਆਪਣਾ ਭੋਜਨ ਬਣਾਉਣਾ ਹੈ। ਕਾਂ ਦਾ ਬੱਚਾ ਛੜੱਪੇ ਮਾਰਦਾ ਲੁਕਣ ਨੂੰ ਥਾਂ ਲੱਭ ਰਿਹਾ ਸੀ। ਉਸ ਨੇ ਕਤੂਰਿਆਂ ਨੂੰ ਆਪਣੇ ਵੱਲ ਆਉਂਦਿਆਂ ਨੂੰ ਦੇਖ ਲਿਆ ਸੀ। ਲੁਕਣ ਦਾ ਕੋਈ ਹੀਲਾ ਨਾ ਬਣਨ ’ਤੇ ਉਹ ਕਤੂਰਿਆਂ ਵੱਲ ਬਿਟ ਬਿਟ ਦੇਖੀ ਜਾਂਦਾ ਸੀ, ਜਿਵੇਂ ਤਰਲਾ ਪਾ ਰਿਹਾ ਹੋਵੇ, ‘‘ਮੈਂ ਭੋਰਾ ਭਰ ਨੇ ਥੋਡੀ ਭੁੱਖ ਕੀ ਮਿਟਾਉਣੀ ਹੈ?”

“ਮਸੀਂ ਸ਼ਿਕਾਰ ਹੱਥ ਆਇਆ, ਤੈਨੂੰ ਸੁੱਕਾ ਕਿਵੇਂ ਛੱਡ ਦੇਈਏ?” ਕਤੂਰੇ ਅੱਖਾਂ ਅੱਖਾਂ ਵਿੱਚ ਕਾਂ ਦੇ ਬੱਚੇ ਨੂੰ ਕਹਿ ਰਹੇ ਜਾਪਦੇ ਸਨ।

“ਜੇ ਮੈਨੂੰ ਛੱਡ ਦਿਉ ਤਾਂ ਤੁਹਾਡਾ ਬੜਾ ਪੁੰਨ ਹੋਵੇਗਾ।” ਕਾਂ ਦੇ ਬੱਚੇ ਨੇ ਇੱਕ ਵਾਰ ਫੇਰ ਤਰਲਾ ਪਾਇਆ। ਸਾਹਮਣੇ ਰੁੱਖ ’ਤੇ ਬੈਠੇ ਕਾਂ ਅਤੇ ਕਾਉਣੀ ਵੀ ਆਪਣੇ ਬੱਚੇ ਦੇ ਕੋਲ ਆ ਗਏ ਸਨ। ਜਦੋਂ ਕਤੂਰੇ ਬੱਚੇ ਕੋਲ ਆਉਣ ਲੱਗਦੇ, ਕਾਂ ਤੇ ਕਾਉਣੀ ਕਤੂਰਿਆਂ ’ਤੇ ਹੱਲਾ ਬੋਲ ਦਿੰਦੇ। ਬੱਚੇ ਦੀ ਮਦਦ ਲਈ ਹੋਰ ਕਾਂ ਵੀ ਇਕੱਠੇ ਹੋਣ ਲੱਗੇ ਸਨ। ਰਾਹ ਜਾਂਦੇ ਲੋਕ ਵੀ ਕਾਵਾਂ ਦੀ ਆਮਦ ਨੂੰ ਦੇਖ ਕੇ ਉੱਥੇ ਇਕੱਠੇ ਹੋ ਗਏ ਸਨ। ਲੋਕ ਆਪਸ ਵਿੱਚ ਗੱਲਾਂ ਕਰ ਰਹੇ ਸਨ। ਕੋਈ ਕਹਿੰਦਾ, ‘‘ਇੰਝ ਤਾਂ ਦੁੱਖ ਵੇਲੇ ਬੰਦੇ ਵੀ ਨਹੀਂ ’ਕੱਠੇ ਹੁੰਦੇ।” ਕਾਂ ਭਾਰੀ ਗਿਣਤੀ ਵਿੱਚ ਇਕੱਠੇ ਹੋ ਗਏ ਸਨ। ਕਾਵਾਂ ਨੇ ਰਲ ਕੇ ਕਤੂਰਿਆਂ ’ਤੇ ਹੱਲਾ ਬੋਲ ਦਿੱਤਾ ਸੀ। ਕੋਈ ਕਿਸੇ ਕਤੂਰੇ ਦੇ ਸਿਰ ’ਤੇ ਠੁੰਗ ਮਾਰਦਾ, ਕੋਈ ਪੂਛ ਖਿੱਚ ਲੈਂਦਾ। ਕੋਈ ਕੰਨ ’ਤੇ ਦੰਦੀ ਵੱਢਦਾ ਤੇ ਕੋਈ ਢਿੱਡ ਵਿੱਚ ਚੁੰਝ ਖੁਭੋ ਦਿੰਦਾ। ਕਤੂਰੇ ਬੌਂਦਲ ਗਏ ਸਨ। ਇੱਕ ਦੋ ਕਤੂਰੇ ਤਾਂ ਗਲੀ ਵੱਲ ਭੱਜ ਗਏ ਸਨ, ਪਰ ਇੱਕ ਕਤੂਰਾ ਖੁੰਦਕੀ ਸੀ। ਉਸ ਨੇ ਕਾਵਾਂ ਦੇ ਹਮਲੇ ਵਿਚਕਾਰ ਹੀ ਕਾਂ ਦੇ ਬੱਚੇ ਨੂੰ ਗਰਦਨ ਤੋਂ ਫੜਿਆ ਅਤੇ ਖੇਤ ਵੱਲ ਭੱਜ ਗਿਆ।

ਕਾਵਾਂ ਦਾ ਝੁੰਡ ਕਤੂਰੇ ਦੇ ਨਾਲ ਨਾਲ ਉੱਡ ਰਿਹਾ ਸੀ। ਕਾਂ ਜ਼ਬਰਦਸਤ ਹਮਲਾ ਕਰਕੇ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ। ਲੋਕ ਚੋਖੀ ਗਿਣਤੀ ਵਿੱਚ ਇਸ ਘਟਨਾ ਨੂੰ ਦੇਖਣ ਲਈ ਖਲੋ ਗਏ ਸਨ। ਔਰਤਾਂ ਵਿੱਚ ਮਮਤਾ ਜਾਗ ਪਈ। ਬੋਲੀਆਂ, ‘‘ਜੈ ਖਾਣਾ ਭੋਰਾ ਭਰ ਜਨੌਰ ਨੂੰ ਧੂਹ ਕੇ ਭੱਜ ਗਿਆ। ਉਹ ਵੀ ਕਿਸੇ ਮਾਂ ਦਾ ਬਲੂਰ ਆ। ਚੱਲੋ ਉਸ ਭੁੱਖੜ ਤੋਂ ਬੱਚੇ ਨੂੰ ਬਚਾਈਏ।”

ਔਰਤਾਂ ਖੇਤ ਵੱਲ ਭੱਜੀਆਂ। ਪਿੱਛੇ ਪਿੱਛੇ ਆਦਮੀ ਵੀ ਦੌੜੇ। ਹਰੇਕ ਦੇ ਹੱਥ ਵਿੱਚ ਪੱਥਰ ਸੀ, ਜੁੱਤੀ, ਚੱਪਲ ਜਾਂ ਸੋਟੀ। ਵੇਖਦਿਆਂ ਹੀ ਵੇਖਦਿਆਂ ਕਤੂਰੇ ਦੇ ਸਿਰ ’ਤੇ ਉੱਪਰੋ ਥੱਲੇ ਚਾਰ ਪੰਜ ਜੁੱਤੀਆਂ ਜਾ ਵੱਜੀਆਂ। ਉਹ ਕਾਂ ਦਾ ਬੱਚਾ ਥਾਏਂ ਛੱਡ ਕੇ ਚਾਊਂ ਚਾਊਂ ਕਰਦਾ ਦੌੜ ਗਿਆ। ਦੂਰ ਖੜ੍ਹੇ ਕਤੂਰਿਆਂ ਨੂੰ ਵੀ ਲੋਕਾਂ ਨੇ ਡਰਾ ਕੇ ਭਜਾ ਦਿੱਤਾ ਸੀ। ਕਾਂ ਦੇ ਬੱਚੇ ਦੀ ਗਰਦਨ ’ਤੇ ਕਤੂਰੇ ਨੇ ਦੰਦ ਖੋਭ ਦਿੱਤੇ ਸਨ। ਉਸ ਦੀ ਤਾਂ ਪਹਿਲਾਂ ਹੀ ਗਰਦਨ ਪਤੰਗ ਦੀ ਡੋਰ ਨਾਲ ਝਰੀਟੀ ਹੋਈ ਸੀ। ਹੁਣ ਕਤੂਰੇ ਦੇ ਦੰਦ ਖੁੱਭਣ ਨਾਲ ਉਹ ਦਰਦ ਮਹਿਸੂਸ ਕਰ ਰਿਹਾ ਸੀ। ਇੱਕ ਔਰਤ ਨੇ ਗਵਾਂਢੀਆਂ ਘਰੋਂ ਹਲਦੀ ਲੈ ਕੇ ਉਸ ਦੇ ਜ਼ਖ਼ਮਾਂ ’ਤੇ ਲਗਾ ਦਿੱਤੀ। ਲੋਕਾਂ ਨੇ ਕਾਂ ਦੇ ਬੱਚੇ ਨੂੰ ਚੁੱਕ ਕੇ ਰੁੱਖ ਦੇ ਤਣੇ ’ਤੇ ਰੱਖ ਦਿੱਤਾ। ਕਾਂ ਤੇ ਕਾਉਣੀ ਉੱਪਰਲੇ ਟਾਹਣੇ ਤੋਂ ਉਤਰ ਕੇ ਉਸ ਦੇ ਕੋਲ ਆ ਗਏ। ਕਾਉਣੀ ਨੇ ਬੱਚੇ ਨੂੰ ਆਪਣੇ ਖੰਭਾਂ ਹੇਠ ਲੁਕੋ ਲਿਆ। ਮਾਂ ਦੇ ਨਿੱਘ ਨਾਲ ਬੱਚੇ ਦੀ ਤਕਲੀਫ਼ ਵੀ ਘਟਣ ਲੱਗੀ ਸੀ।

ਇਕੱਠੇ ਹੋਏ ਕਾਂ ਦੋ ਦੋ ਚਾਰ ਚਾਰ ਕਰਕੇ ਉੱਡਣ ਲੱਗੇ। ਹਰ ਕਾਂ ਜਿਵੇਂ ਬੱਚੇ ਨੂੰ ਕਹਿ ਕੇ ਜਾ ਰਿਹਾ ਸੀ, ‘‘ਪੁੱਤਰਾ! ਡਰੀਂ ਨਾ, ਅਸੀਂ ਬੈਠੇ ਹਾਂ। ਹੁਣ ਖਾ ਪੀ ਤਕੜਾ ਹੋ, ਕੱਲ੍ਹ ਨੂੰ ਅੰਬਰ ਗਾਹੁਣੇ ਨੇ ਤੂੰ, ਬਾਜ਼ਾਂ ਵਿੱਚੋਂ ਦੀ ਉੱਡਣਾ।”

ਇੱਕ ਆਦਮੀ ਦੇ ਮੂੰਹੋਂ ਅਚਾਨਕ ਨਿਕਲਿਆ,‘‘ਦੁੱਖ ਵੰਡਾਉਣਾ ਕੋਈ ਇਨ੍ਹਾਂ ਜਨੌਰਾਂ ਕੋਲੋਂ ਸਿੱਖੇ।”

ਕਾਉਣੀ ਦੇ ਪੈਰ ’ਤੇ ਪੈਰ ਰੱਖੀਂ ਬੱਚਾ ਮਾਂ ਵੱਲ ਇੱਕ ਟੱਕ ਦੇਖੀ ਦਾ ਰਿਹਾ ਸੀ। ਕਾਉਣੀ ਬੱਚੇ ਦੀ ਗਰਦਨ ’ਤੇ ਹੋਏ ਜ਼ਖ਼ਮ ਨੂੰ ਹਲਕੀ ਚੁੰਝ ਨਾਲ ਸਹਿਲਾ ਰਹੀ ਸੀ।

“ਫੌਜੀਆਂ ਦੀ ਪਲਟਨ ਵਾਂਗ ਚੜ੍ਹ ਕੇ ਆ ਗਏ ਕਾਂ।” ਇੱਕ ਕਤੂਰੇ ਨੇ ਦੂਜੇ ਨੂੰ ਕਿਹਾ।

“ਸ਼ਿਕਾਰ ਮੁਕੱਦਰਾਂ ਨਾਲ ਮਿਲਦੇ ਨੇ।” ਦੂਜਾ ਕਤੂਰਾ ਬੋਲਿਆ।

“ਮਿਲ ਤਾਂ ਗਿਆ ਸੀ, ਪਰ ਐਨਾ ਨਹੀਂ ਪਤਾ ਸੀ ਕਿ ਕਾਂ ’ਕੱਠੇ ਹੋ ਕੇ ਸਾਨੂੰ ਭਜਾ ਦੇਣਗੇ।” ਪਹਿਲੇ ਕਤੂਰੇ ਨੇ ਕਿਹਾ।

ਦੋਵੇਂ ਕਤੂਰੇ ਰੁੱਖ ਦੇ ਤਣੇ ’ਤੇ ਬੈਠੇ ਕਾਵਾਂ ’ਤੇ ਕਚੀਚੀਆਂ ਵੱਟ ਰਹੇ ਸਨ। ਦੂਰ ਸੜਕ ’ਤੇ ਦੋ ਸਕੂਟਰ ਆਪਸ ਵਿੱਚ ਭਿੜ ਗਏ ਸਨ। ਇੱਕ ਆਦਮੀ ਸੜਕ ’ਤੇ ਲਹੂ ਲੁਹਾਣ ਹੋਇਆ ਪਿਆ ਸੀ। ਲੋਕ ਉਸ ਦੇ ਕੋਲੋਂ ਪਾਸਾ ਵੱਟ ਕੇ ਲੰਘ ਰਹੇ ਸਨ। ਕਾਂ ਤੇ ਕਾਉਣੀ ਟਿਕਟਿਕੀ ਲਗਾ ਕੇ ਉਸ ਜ਼ਖਮੀ ਬੰਦੇ ਵੱਲ ਦੇਖੀ ਦਾ ਰਹੇ ਸਨ। ਕਾਂ ਨੇ ਕਾਉਣੀ ਨੂੰ ਕਿਹਾ, ‘‘ਭਾਗਵਾਨੇ ਇਨਸਾਨਾਂ ਦਾ ਤਾਂ ਖ਼ੂਨ ਹੀ ਚਿੱਟਾ ਹੋ ਗਿਆ ਲੱਗਦਾ, ਜਨੌਰਾਂ ਵਿੱਚ ਤਾਂ ਅਜੇ ਵੀ ਮੋਹ ਮੁਹੱਬਤ ਜਿਉਂਦੀ ਹੈ।”

“ਹਾਂ, ਮੈਂ ਵੀ ਇਹੋ ਸੋਚਦੀ ਪਈ ਸਾਂ।” ਇਹ ਰਹਿੰਦਿਆਂ ਕਾਉਣੀ ਨੇ ਆਪਣੇ ਬੱਚੇ ਨੂੰ ਖੰਭਾਂ ਵਿੱਚ ਲੁਕੋ ਲਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਇੱਕ ਸੀ ‘ਬਾਪੂ ਭਾਈ’

ਇੱਕ ਸੀ ‘ਬਾਪੂ ਭਾਈ’

ਸ਼ਹਿਰ

View All