DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਏਸ਼ੀਆ ਦਾ ਉੱਡਣਾ ਦੌੜਾਕ ਅਬਦੁੱਲ ਖ਼ਾਲਿਕ

ਪਾਕਿਸਤਾਨ ਦਾ ਅਥਲੀਟ ਅਬਦੁੱਲ ਖ਼ਾਲਿਕ ਭਾਰਤ ਦੇ ਮਿਲਖਾ ਸਿੰਘ ਵਰਗਾ ਹੀ ਉੱਡਣਾ ਦੌੜਾਕ ਸੀ। ਦੋਹਾਂ ਦਾ ਜਨਮ ਲਹਿੰਦੇ ਪੰਜਾਬ ’ਚ ਹੋਇਆ ਸੀ। ਮਿਲਖਾ ਸਿੰਘ ਦਾ ਪਿੰਡ ਗੋਬਿੰਦਪੁਰਾ, ਜ਼ਿਲ੍ਹਾ ਮੁਜ਼ੱਫਰਗੜ੍ਹ ਤੇ ਅਬਦੁੱਲ ਖ਼ਾਲਿਕ ਦਾ ਪਿੰਡ ਜੰਡ ਅਵਾਨ, ਜ਼ਿਲ੍ਹਾ ਚਕਵਾਲ ਸੀ। 1947...

  • fb
  • twitter
  • whatsapp
  • whatsapp
Advertisement

ਪਾਕਿਸਤਾਨ ਦਾ ਅਥਲੀਟ ਅਬਦੁੱਲ ਖ਼ਾਲਿਕ ਭਾਰਤ ਦੇ ਮਿਲਖਾ ਸਿੰਘ ਵਰਗਾ ਹੀ ਉੱਡਣਾ ਦੌੜਾਕ ਸੀ। ਦੋਹਾਂ ਦਾ ਜਨਮ ਲਹਿੰਦੇ ਪੰਜਾਬ ’ਚ ਹੋਇਆ ਸੀ। ਮਿਲਖਾ ਸਿੰਘ ਦਾ ਪਿੰਡ ਗੋਬਿੰਦਪੁਰਾ, ਜ਼ਿਲ੍ਹਾ ਮੁਜ਼ੱਫਰਗੜ੍ਹ ਤੇ ਅਬਦੁੱਲ ਖ਼ਾਲਿਕ ਦਾ ਪਿੰਡ ਜੰਡ ਅਵਾਨ, ਜ਼ਿਲ੍ਹਾ ਚਕਵਾਲ ਸੀ। 1947 ’ਚ ਪੰਜਾਬ ਦੇ ਦੋ ਟੁਕੜੇ ਕਰਨ ਵੇਲੇ ਅਬਦੁੱਲ ਖ਼ਾਲਿਕ ਤਾਂ ਪਾਕਿਸਤਾਨ ’ਚ ਰਹਿ ਗਿਆ ਜਦਕਿ ਮਿਲਖਾ ਸਿੰਘ ਨੂੰ ਉੱਜੜ ਕੇ ਭਾਰਤ ਆਉਣਾ ਪਿਆ। ਜਵਾਨ ਹੋ ਕੇ ਦੋਵੇਂ ਹਿੰਦ-ਪਾਕਿ ਫੌਜਾਂ ’ਚ ਭਰਤੀ ਹੋਏ ਤੇ ਏਸ਼ੀਆ ਦੇ ਸਭ ਤੋਂ ਤੇਜ਼ਤਰਾਰ ਦੌੜਾਕ ਬਣੇ। ਦੋਹਾਂ ਨੇ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ’ਤੇ ਦਰਜਨਾਂ ਮੈਡਲ ਜਿੱਤੇ ਅਤੇ ਏਸ਼ੀਆ ਦੇ ਬੈਸਟ ਅਥਲੀਟ ਮੰਨੇ ਗਏ।

ਸਾਲ 1954 ’ਚ ਅਬਦੁੱਲ ਖ਼ਾਲਿਕ ਮਨੀਲਾ ਵਿਖੇ ਦੂਜੀਆਂ ਏਸ਼ਿਆਈ ਖੇਡਾਂ ’ਚ ਦੌੜਿਆ ਤਾਂ ਭਾਰਤ ਦੇ ਪ੍ਰਧਾਨ ਮੰਤਰੀ ਨਹਿਰੂ ਨੇ ਉਸ ਨੂੰ ‘ਫਲਾਈਂਗ ਬਰਡ ਆਫ਼ ਏਸ਼ੀਆ’ ਕਹਿ ਕੇ ਸਲਾਹਿਆ। 1960 ਵਿੱਚ ਮਿਲਖਾ ਸਿੰਘ ਲਾਹੌਰ ’ਚ ਦੌੜਿਆ ਤਾਂ ਪਾਕਿਸਤਾਨ ਦੇ ਸਦਰ ਅਯੂਬ ਖਾਂ ਨੇ ਉਸ ਨੂੰ ‘ਫਲਾਈਂਗ ਸਿੱਖ’ ਦਾ ਖ਼ਿਤਾਬ ਦਿੱਤਾ।

Advertisement

ਅਬਦੁੱਲ ਖ਼ਾਲਿਕ ਪਾਕਿਸਤਾਨ ਦਾ ਪਹਿਲਾ ਅਥਲੀਟ ਸੀ ਜਿਸ ਨੇ ਆਪਣੇ ਦੇਸ਼ ਦਾ ਨਾਂ ਏਸ਼ਿਆਈ ਖੇਡਾਂ ’ਚ ਚਮਕਾਇਆ। ਉਸ ਨੇ 1954 ਤੇ 1958 ਦੀਆਂ ਏਸ਼ਿਆਈ ਖੇਡਾਂ ’ਚੋਂ 5 ਮੈਡਲ ਜਿੱਤੇ। ਇਸ ਵਿੱਚ 2 ਸੋਨੇ, 2 ਚਾਂਦੀ ਤੇ 1 ਕਾਂਸੀ ਦਾ ਸੀ। ਉਸ ਦੀ ਪ੍ਰਮੁੱਖ ਦੌੜ 100 ਮੀਟਰ ਸੀ। ਉਂਜ ਉਹ 200 ਮੀਟਰ ਦੌੜ ਦਾ ਵੀ ਨਾਮੀ ਦੌੜਾਕ ਸੀ। 1958 ਵਿੱਚ ਟੋਕੀਓ ਦੀਆਂ ਏਸ਼ਿਆਈ ਖੇਡਾਂ ’ਚ ਖ਼ਾਲਿਕ ਤੇ ਮਿਲਖਾ ਸਿੰਘ ਵਿਚਕਾਰ 200 ਮੀਟਰ ਦੀ ਦੌੜ ਬੜੀ ਫਸਵੀਂ ਲੱਗੀ ਸੀ। ਕੋਈ ਕਹਿੰਦਾ ਸੀ ਖ਼ਾਲਿਕ ਜਿੱਤੇਗਾ, ਕੋਈ ਮਿਲਖਾ ਸਿੰਘ। ਕਈਆਂ ਦੀਆਂ ਸ਼ਰਤਾਂ ਲੱਗ ਗਈਆਂ ਸਨ। 200 ਮੀਟਰ ਦੌੜ ਤੋਂ ਪਹਿਲਾਂ ਖ਼ਾਲਿਕ 100 ਮੀਟਰ ਦੀ ਦੌੜ ਜਿੱਤ ਚੁੱਕਾ ਸੀ ਤੇ ਮਿਲਖਾ ਸਿੰਘ 400 ਮੀਟਰ ਦੀ। ਉਨ੍ਹਾਂ ’ਚੋਂ ਜਿਹੜਾ ਵੀ 200 ਮੀਟਰ ਦੀ ਦੌੜ ਜਿੱਤਦਾ ਉਸੇ ਨੇ ਏਸ਼ਿਆਈ ਖੇਡਾਂ ਦਾ ਬੈਸਟ ਅਥਲੀਟ ਬਣਨਾ ਸੀ।

Advertisement

ਖੇਡ ਮੁਕਾਬਲੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਖ਼ਾਲਿਕ ਤੇ ਮਿਲਖਾ ਸਿੰਘ ਮੀਡੀਆ ਦੇ ਕੇਂਦਰ ਵਿੱਚ ਸਨ। ਜਦੋਂ ਉਹ ਟੋਕੀਓ ਦੇ ਖੇਡ ਪਿੰਡ ਪਹੁੰਚੇ ਤਾਂ ਵਧੇਰੇ ਕੈਮਰੇ ਉਨ੍ਹਾਂ ਦੋਹਾਂ ਦੁਆਲੇ ਸਨ। ਖ਼ਾਲਿਕ ਤਜਰਬੇ ਪੱਖੋਂ ਪ੍ਰੌੜ ਸੀ। ਉਸ ਨੂੰ 100 ਮੀਟਰ ਦੌੜ ਜਿੱਤ ਲੈਣ ਪਿੱਛੋਂ 200 ਮੀਟਰ ਦੌੜ ਜਿੱਤ ਲੈਣ ਦਾ ਪੂਰਾ ਭਰੋਸਾ ਸੀ। ਉਸ ਨੇ ਮੀਡੀਆ ਨੂੰ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਇਸ ਬਚੂੰਗੜੇ ਨੇ ਮੇਰਾ ਮੁਕਾਬਲਾ ਕੀ ਕਰਨੈ? ਉੱਥੇ ਹੀ ਇੱਕ ਲੜਕੀ ਨੇ ਮਿਲਖਾ ਸਿੰਘ ਨੂੰ ਕਿਹਾ ਸੀ, “ਜੇ ਅੱਜ ਅਬਦੁੱਲ ਖ਼ਾਲਿਕ ਨੂੰ ਹਰਾ ਦੇਵੇਂ ਤਾਂ ਜੋ ਮੰਗੇਗਾਂ ਸੋ ਮਿਲੇਗਾ।”

ਖ਼ਾਲਿਕ ਨੂੰ ਥੱਲਵੀਂ ਲੇਨ ਮਿਲੀ ਤੇ ਮਿਲਖਾ ਸਿੰਘ ਨੂੰ ਉਤਲੀ। ਦੌੜ ਸ਼ੁਰੂ ਹੋਈ ਤਾਂ ਕਰਵ ’ਤੇ ਪਤਾ ਨਹੀਂ ਸੀ ਲੱਗਦਾ ਕਿ ਕਿਹੜਾ ਅੱਗੇ ਹੈ ਤੇ ਕਿਹੜਾ ਪਿੱਛੇ। ਸਟਰੇਟ ’ਤੇ ਆਏ ਤਾਂ ਦੋਵੇਂ ਬਰਾਬਰ ਸਨ। ਫਿਨਿਸ਼ ਲਾਈਨ ਤੋਂ ਤਿੰਨ ਚਾਰ ਮੀਟਰ ਪਿੱਛੇ ਮਿਲਖਾ ਸਿੰਘ ਦੀ ਸੱਜੀ ਲੱਤ ਦਾ ਮਸਲ ਖਿੱਚਿਆ ਗਿਆ ਜਿਸ ਨਾਲ ਸੱਜੀ ਲੱਤ ਖੱਬੀ ’ਚ ਫਸ ਗਈ ਤੇ ਉਹ ਭੁੜਕ ਕੇ ਫਿਨਿਸ਼ ਲਾਈਨ ਉੱਤੇ ਜਾ ਡਿੱਗਾ। ਖ਼ਾਲਿਕ ਵੀ ਬਰਾਬਰ ਫੀਤੇ ਨੂੰ ਛੋਹਿਆ। ਦਰਸ਼ਕਾਂ ਨੂੰ ਪਤਾ ਹੀ ਨਾ ਲੱਗਾ ਕਿ ਫਸਟ ਕੌਣ ਹੈ ਤੇ ਸੈਕਿੰਡ ਕੌਣ? ਖ਼ਾਲਿਕ ਜੇਤੂ ਅੰਦਾਜ਼ ’ਚ ਛਾਲਾਂ ਮਾਰਦਾ ਰਿਹਾ ਜਿਵੇਂ ਉਹੋ ਹੀ ਅੱਵਲ ਆਇਆ ਹੋਵੇ। ਆਖ਼ਰ ਕੈਮਰੇ ਦੇ ਫੋਟੋ ਪਰਖ ਕੇ ਅੱਧੇ ਘੰਟੇ ਪਿੱਛੋਂ ਐਲਾਨ ਹੋਇਆ ਕਿ ਮਿਲਖਾ ਸਿੰਘ ਅੱਵਲ, ਅਬਦੁੱਲ ਖ਼ਾਲਿਕ ਦੋਮ। ਐਲਾਨ ਸੁਣਨ ਸਾਰ ਖ਼ਾਲਿਕ ਦੀਆਂ ਅੱਖਾਂ ਭਰ ਆਈਆਂ। ਮਿਲਖਾ ਸਿੰਘ 200 ਤੇ 400 ਮੀਟਰ ਦੌੜਾਂ ਦੀ ਜਿੱਤ ਨਾਲ ਏਸ਼ੀਆ ਦਾ ਬੈਸਟ ਅਥਲੀਟ ਬਣ ਗਿਆ। ਹਾਲਾਂਕਿ ਅਬਦੁੱਲ ਖ਼ਾਲਿਕ 1956 ਦੀਆਂ ਓਲੰਪਿਕ ਖੇਡਾਂ ਵਿੱਚ ਮੈਲਬੌਰਨ ਵਿਖੇ ਮਿਲਖਾ ਸਿੰਘ ਤੋਂ ਕਿਤੇ ਬਿਹਤਰ ਕਾਰਗੁਜ਼ਾਰੀ ਵਿਖਾ ਚੁੱਕਾ ਸੀ।

ਅਬਦੁੱਲ ਖ਼ਾਲਿਕ ਦਾ ਜਨਮ 23 ਮਾਰਚ 1933 ਨੂੰ ਪਿੰਡ ਜੰਡ ਅਵਾਨ ’ਚ ਸਜਾਵਲ ਖਾਂ ਦੇ ਘਰ ਹੋਇਆ ਸੀ ਤੇ ਮੌਤ 10 ਮਾਰਚ 1988 ਨੂੰ ਰਾਵਲਪਿੰਡੀ ਵਿੱਚ ਹੋਈ। ਉਹ ਛੋਟਾ ਹੁੰਦਾ ਹੀ ਪੰਜਾਬ ਦੀ ਦੇਸੀ ਖੇਡ ਕਬੱਡੀ ਖੇਡਣ ਲੱਗ ਪਿਆ ਸੀ। ਪੰਦਰਾਂ ਕੁ ਸਾਲਾਂ ਦਾ ਸੀ ਜਦੋਂ ਪਿੰਡ ਪੰਜਾਲ ਨੇੜੇ ਕਬੱਡੀ ਟੂਰਨਾਮੈਂਟ ਖੇਡਦਾ ਪਾਕਿਸਤਾਨ ਦੀ ਫੌਜ ਦੇ ਬ੍ਰਿਗੇਡੀਅਰ ਸੀ.ਐੱਚ.ਐੱਮ. ਰੋਡ੍ਹਮ ਦੀ ਨਜ਼ਰੇ ਚੜ੍ਹ ਗਿਆ। ਉਹ ਪਾਕਿਸਤਾਨ ਆਰਮੀ ਸਪੋਰਟਸ ਕੰਟਰੋਲ ਬੋਰਡ ਦਾ ਮੁਖੀ ਸੀ। ਉਸ ਨੇ ਹੀ ਖ਼ਾਲਿਕ ਨੂੰ 1948 ਵਿੱਚ ਬੱਚਾ ਕੰਪਨੀ ’ਚ ਭਰਤੀ ਕੀਤਾ। ਫੌਜ ’ਚ ਭਰਤੀ ਹੋ ਕੇ ਉਹ ਰਕਰੂਟੀ ਦੇ ਨਾਲ ਤੇਜ਼ਤਰਾਰ ਦੌੜਾਂ ਦੀ ਕੋਚਿੰਗ ਵੀ ਲੈਣ ਲੱਗ ਪਿਆ।

ਉਸ ਤੋਂ ਪਹਿਲਾਂ ਸਪਰਿੰਟ ਦੌੜਾਂ ਬਾਰੇ ਉਸ ਨੂੰ ਕੁਝ ਵੀ ਪਤਾ ਨਹੀਂ ਸੀ। ਬਾਅਦ ਵਿੱਚ ਮਿਲਖਾ ਸਿੰਘ ਵੀ ਫੌਜ ’ਚ ਭਰਤੀ ਹੋ ਕੇ ਦੌੜਾਕ ਬਣਿਆ। ਉਦੋਂ ਤੱਕ ਮਿਲਖਾ ਸਿੰਘ ਨੂੰ ਵੀ ਨਹੀਂ ਸੀ ਪਤਾ ਕਿ 400 ਮੀਟਰ ਦੌੜ ਟ੍ਰੈਕ ਦੇ ਕਿੰਨੇ ਚੱਕਰ ਹੁੰਦੀ ਹੈ! ਜਦੋਂ ਉਸ ਨੂੰ ਦੱਸਿਆ ਗਿਆ ਕਿ 400 ਮੀਟਰ ਦੌੜ ਟ੍ਰੈਕ ਦਾ ਇੱਕੋ ਚੱਕਰ ਹੁੰਦੀ ਹੈ ਤਾਂ ਉਸ ਨੇ ਕਿਹਾ ਸੀ, ਮੈਂ ਇੱਕ ਚੱਕਰ ਦੀ ਥਾਂ ਦਸ ਚੱਕਰ ਦੌੜ ਸਕਦਾਂ। ਫਿਰ ਉਹਦੇ ਉਸਤਾਦ ਨੇ ਸਮਝਾਇਆ ਸੀ ਕਿ ਦਸਾਂ ਚੱਕਰਾਂ ਜਿੰਨਾ ਜ਼ੋਰ ਇੱਕੋ ਚੱਕਰ ’ਚ ਲਾਉਣਾ ਹੁੰਦਾ। ਖ਼ਾਲਿਕ ਵੀ ਇਸੇ ਤਰ੍ਹਾਂ ਦੌੜਾਕ ਬਣਿਆ ਸੀ। ਟ੍ਰੈਕ ਦੀਆਂ ਦੌੜਾਂ ਦਾ ਉਸ ਨੂੰ ਵੀ ਕੋਈ ਗਿਆਨ ਨਹੀਂ ਸੀ। ਜਿਵੇਂ ਮਿਲਖਾ ਸਿੰਘ ਨੇ ਅੰਤਰਰਾਸ਼ਟਰੀ ਪੱਧਰ ਦੀਆਂ 82 ਦੌੜਾਂ ਵਿੱਚੋਂ 79 ਮੈਡਲ ਜਿੱਤੇ, ਉਵੇਂ ਅਬਦੁੱਲ ਖ਼ਾਲਿਕ ਨੇ ਵੀ ਅੰਤਰਰਾਸ਼ਟਰੀ ਪੱਧਰ ਦੇ 36 ਗੋਲਡ, 15 ਸਿਲਵਰ ਤੇ 12 ਕਾਂਸੀ ਦੇ ਮੈਡਲ ਜੋੜ ਕੇ 63 ਮੈਡਲ ਜਿੱਤੇ।

ਅਬਦੁੱਲ ਖ਼ਾਲਿਕ ਨੇ ਸਕੂਲੀ ਪੜ੍ਹਾਈ ਲਾਗਲੇ ਪਿੰਡ ਹੰਸੋਲਾ ਦੇ ਮਿਡਲ ਸਕੂਲ ਤੋਂ ਕੀਤੀ। ਉਹ ਤਿੰਨ ਮੀਲ ਦੌੜ ਕੇ ਪੜ੍ਹਨ ਜਾਂਦਾ ਤੇ ਦੌੜਦਾ ਹੀ ਮੁੜਦਾ। ਉਹਦਾ ਦਮ ਪੱਕ ਗਿਆ ਸੀ। ਰਹਿੰਦਾ ਖੂੰਹਦਾ ਰਕਰੂਟੀ ਨੇ ਪਕਾਅ ਦਿੱਤਾ ਸੀ। ਬੱਚਾ ਕੰਪਨੀ ਦੇ ਮੁਕਾਬਲੇ ਜਿੱਤਦਾ ਉਹ ਦੇਸ਼ ਭਰ ਦੀ ਫੌਜ ਦੇ ਮੁਕਾਬਲੇ ਜਿੱਤਣ ਲੱਗਾ। ਨੈਸ਼ਨਲ ਖੇਡਾਂ ’ਚ ਉਹ ਫੌਜ ਵੱਲੋਂ ਜਾਂਦਾ ਤੇ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ’ਚ ਪਾਕਿਸਤਾਨ ਦੀ ਨੁਮਾਇੰਦਗੀ ਕਰਦਾ। 1954 ਦੀਆਂ ਦੂਜੀਆਂ ਏਸ਼ਿਆਈ ਖੇਡਾਂ ਇੰਡੋਨੇਸ਼ੀਆ ਦੇ ਸ਼ਹਿਰ ਮਨੀਲਾ ’ਚ ਹੋਈਆਂ। ਖ਼ਾਲਿਕ ਉੱਥੇ ਪਹਿਲੀ ਵਾਰ ਪਾਕਿਸਤਾਨ ਵੱਲੋਂ ਭਾਗ ਲੈਣ ਗਿਆ। ਉਸ ਨੇ 100 ਮੀਟਰ ਦੌੜ 10.6 ਸੈਕਿੰਡ ’ਚ ਲਾ ਕੇ ਏਸ਼ੀਆ ਦਾ ਨਵਾਂ ਰਿਕਾਰਡ ਰੱਖਿਆ। ਮਨੀਲਾ ਤੋਂ ਖ਼ਾਲਿਕ ਨੇ 1 ਗੋਲਡ ਮੈਡਲ ਜਿੱਤਿਆ ਤੇ 4+100 ਮੀਟਰ ਰਿਲੇਅ ਦੌੜ ’ਚ 1 ਸਿਲਵਰ ਮੈਡਲ ਹਾਸਲ ਕੀਤਾ।

ਸਾਲ 1954 ’ਚ ਹੀ ਖ਼ਾਲਿਕ ਨੇ ਰਾਸ਼ਟਰ ਮੰਡਲ ਤੇ ਬ੍ਰਿਟਿਸ਼ ਅੰਪਾਇਰ ਖੇਡਾਂ ’ਚ ਭਾਗ ਲਿਆ। ਉੱਥੇ ਉਹ 100 ਗਜ਼ ਦੌੜ ਦੇ ਸੈਮੀ ਫਾਈਨਲ ਅਤੇ 4+110 ਗਜ਼ ਦੌੜ ਦੇ ਫਾਈਨਲ ਵਿੱਚ ਪੁੱਜਾ। 1955 ’ਚ ਉਸ ਨੇ ਏਥਨਜ਼ ਵਿਖੇ ਵਰਲਡ ਮਿਲਟਰੀ ਗੇਮਜ਼ ਵਿੱਚ ਭਾਗ ਲਿਆ। 1956 ’ਚ ਵਰਲਡ ਮਿਲਟਰੀ ਗੇਮਜ਼ ਬਰਲਿਨ ਵਿਖੇ ਉਸ ਨੇ 100 ਮੀਟਰ ਦੌੜ 10.4 ਸੈਕਿੰਡ ਵਿੱਚ ਲਾ ਕੇ ਕਾਂਸੀ ਦਾ ਮੈਡਲ ਜਿੱਤਿਆ। ਉੱਥੇ ਉਸ ਨੇ 200 ਮੀਟਰ ਸਪਾਟ ਤੇ 4+100 ਮੀਟਰ ਰਿਲੇਅ ਦੌੜਾਂ ’ਚ ਵੀ ਕਾਂਸੀ ਦੇ ਤਗ਼ਮੇ ਜਿੱਤੇ।

ਫਿਰ ਉਸ ਨੂੰ ਪਾਕਿਸਤਾਨ ਅਥਲੈਟਿਕਸ ਟ੍ਰੇਨਿੰਗ ਪ੍ਰੋਗਰਾਮ ਅਧੀਨ ਇੰਗਲੈਂਡ ਭੇਜਿਆ ਗਿਆ ਜਿੱਥੇ ਉਹ ਯੂਰਪੀਨ ਦੌੜਾਕਾਂ ਨਾਲ ਦੌੜਿਆ। ਉਸ ਨੇ 15 ਮੁਲਕਾਂ ਦੇ ਸਪਰਿੰਟਰਾਂ ਵਿਰੁੱਧ ਦੌੜਾਂ ਲਾਈਆਂ ਜਿਨ੍ਹਾਂ ਨਾਲ ਚੋਖਾ ਤਜਰਬਾ ਹਾਸਲ ਕੀਤਾ। ਓਲੰਪਿਕ ਪਾਰਕ ਵਿੱਚ 100 ਮੀਟਰ ਦੌੜ ਫਿਰ 10.4 ਸੈਕਿੰਡ ’ਚ ਲਾਈ ਜੋ ਓਲੰਪਿਕ ਚੈਂਪੀਅਨ ਬੌਬੀ ਮਾਰੋ ਦੇ 10.3 ਸੈਕਿੰਡ ਦੇ ਕਰੀਬ ਸੀ। ਪਾਕਿਸਤਾਨੀਆਂ ਨੂੰ ਜਾਪਣ ਲੱਗ ਪਿਆ ਕਿ ਓਲੰਪਿਕ ਖੇਡਾਂ-1956 ’ਚ ਉਹ ਕੋਈ ਮੈਡਲ ਜ਼ਰੂਰ ਜਿੱਤ ਸਕਦਾ ਹੈ। ਉਸ ਦਾ ਟਾਈਮ ਵਿਸ਼ਵ ’ਚ ਸੱਤਵੇਂ ਥਾਂ ਗਿਣਿਆ ਗਿਆ। ਓਲੰਪਿਕ ਖੇਡਾਂ-1956 ’ਚ ਉਹ 100 ਮੀਟਰ ਤੇ 200 ਮੀਟਰ ਦੌੜਾਂ ਦੇ ਸੈਮੀ ਫਾਈਨਲ ’ਚ ਪੁੱਜ ਗਿਆ, ਪਰ ਕੋਈ ਮੈਡਲ ਨਾ ਜਿੱਤ ਸਕਿਆ।

ਸਾਲ 1956 ’ਚ ਹੀ ਦਿੱਲੀ ਦੇ ਨੈਸ਼ਨਲ ਸਟੇਡੀਅਮ ਵਿੱਚ ਪਹਿਲੀ ਇੰਡੋ/ਪਾਕਿ ਮੀਟ ਹੋਈ। ਉੱਥੇ ਉਸ ਨੇ 100 ਤੇ 200 ਮੀਟਰ ਦੌੜਾਂ ਦੇ ਨਵੇਂ ਏਸ਼ਿਆਈ ਰਿਕਾਰਡ ਰੱਖੇ। 100 ਮੀਟਰ ਦਾ 10.4 ਸੈਕਿੰਡ ਤੇ 200 ਮੀਟਰ ਦਾ 21.4 ਸੈਕਿੰਡ। 1957 ਵਿੱਚ ਖ਼ਾਲਿਕ ਨੇ ਇੰਗਲੈਂਡ, ਇਰਾਨ, ਯੂਨਾਨ ਤੇ ਸਕਾਟਲੈਂਡ ਦੀਆਂ ਅਥਲੈਟਿਕਸ ਮੀਟਾਂ ’ਚੋਂ 1 ਸਿਲਵਰ ਤੇ 11 ਗੋਲਡ ਮੈਡਲ ਜਿੱਤੇ। 1958 ਦੀਆਂ ਏਸ਼ਿਆਈ ਖੇਡਾਂ ’ਚੋਂ ਉਸ ਨੇ 100 ਮੀਟਰ ਦੌੜ ਦਾ ਗੋਲਡ, 200 ਮੀਟਰ ਦੌੜ ਦਾ ਸਿਲਵਰ ਤੇ 4+100 ਮੀਟਰ ਰਿਲੇਅ ਦੌੜ ਦਾ ਕਾਂਸੀ ਦਾ ਮੈਡਲ ਜਿੱਤ ਕੇ ਧੰਨ ਧੰਨ ਕਰਾਈ। ਉਹਦੀਆਂ ਜਿੱਤਾਂ ਸਦਕਾ ਏਸ਼ਿਆਈ ਖੇਡ ਦੀ ਤਗ਼ਮਾ ਸੂਚੀ ’ਚ ਪਾਕਿਸਤਾਨ ਛੇਵੇਂ ਥਾਂ ਰਿਹਾ। 1958 ’ਚ ਖ਼ਾਲਿਕ ਨੇ ਜਾਪਾਨ, ਚੀਨ ਤੇ ਸਕਾਟਲੈਂਡ ’ਚ ਦੌੜਦਿਆਂ 3 ਹੋਰ ਮੈਡਲ ਜਿੱਤੇ। 1958 ’ਚ ਕਾਰਡਿਫ ਦੀਆਂ ਕਾਮਨਵੈਲਥ ਖੇਡਾਂ ਦੇ ਸੈਮੀ ਫਾਈਨਲ ’ਚ ਉਸ ਨੇ 100 ਗਜ਼ ਦੀ ਦੌੜ 9.8 ਸੈਕਿੰਡ ’ਚ ਲਾਈ। 1959 ’ਚ ਯੂ.ਕੇ, ਸਵੀਡਨ ਤੇ ਆਇਰਲੈਂਡ ਦੀਆਂ ਕੌਮਾਂਤਰੀ ਮੀਟਾਂ ’ਚੋਂ 9 ਗੋਲਡ, 7 ਸਿਲਵਰ ਤੇ 4 ਕਾਂਸੀ ਦੇ ਮੈਡਲ ਜਿੱਤੇ।

ਸਾਲ 1960 ’ਚ ਰੋਮ ਦੀਆਂ ਓਲੰਪਿਕ ਖੇਡਾਂ ਸਮੇਂ ਮਿਲਖਾ ਸਿੰਘ ਪੂਰੀ ਤਿਆਰੀ ’ਚ ਸੀ ਜਦੋਂਕਿ ਅਬਦੁੱਲ ਖ਼ਾਲਿਕ ਓਨਾ ਆਸਵੰਦ ਨਹੀਂ ਸੀ। ਮਿਲਖਾ ਸਿੰਘ 400 ਮੀਟਰ ਦੌੜ ’ਚ ਚੌਥੇ ਸਥਾਨ ’ਤੇ ਰਿਹਾ, ਪਰ ਖ਼ਾਲਿਕ ਨਾ 100 ਮੀਟਰ ਦੀ ਦੌੜ ਵਿੱਚ ਤੇ ਨਾ 4+100 ਮੀਟਰ ਦੀ ਰਿਲੇਅ ਰੇਸ ’ਚ ਕੋਈ ਜਲਵਾ ਵਿਖਾ ਸਕਿਆ। 1960 ’ਚ ਲਾਹੌਰ ਵਿਖੇ ਪਾਕਿਸਤਾਨ, ਭਾਰਤ ਤੇ ਇਰਾਨ ਦੀ ਅਥਲੈਟਿਕਸ ਮੀਟ ਹੋਈ। ਮਿਲਖਾ ਸਿੰਘ ਅਣਮੰਨੇ ਜਿਹੇ ਮਨ ਨਾਲ ਪਾਕਿਸਤਾਨ ਗਿਆ ਕਿਉਂਕਿ ਉਸ ਨੂੰ 1947 ’ਚ ਮਾਰੇ ਗਏ ਉਹਦੇ ਮਾਂ-ਬਾਪ ਤੇ ਘਰ ਦੇ ਜੀਅ ਯਾਦ ਆ ਰਹੇ ਸਨ, ਪਰ ਭਾਰਤ ਦੇ ਪ੍ਰਧਾਨ ਮੰਤਰੀ ਨਹਿਰੂ ਦੀ ਇੱਛਾ ਮੁਤਾਬਿਕ ਉਸ ਨੂੰ ਲਾਹੌਰ ਜਾਣਾ ਪਿਆ। ਉਹ ਸਟੇਡੀਅਮ ’ਚ ਦਾਖਲ ਹੋਇਆ ਤਾਂ ਔਰਤਾਂ ਨੇ ਬੁਰਕੇ ਹਟਾ ਕੇ ਮਿਲਖਾ ਸਿੰਘ ਦੇ ਦਰਸ਼ਨ ਕੀਤੇ। ਉੱਥੇ ਵੀ ਟੋਕੀਓ ਵਾਲੇ ਹੀ ਨਤੀਜੇ ਨਿਕਲੇ। 100 ਮੀਟਰ ਦੀ ਦੌੜ ਅਬਦੁੱਲ ਖ਼ਾਲਿਕ ਨੇ ਜਿੱਤੀ ਸੀ ਤੇ 400 ਮੀਟਰ ਦੀ ਦੌੜ ਮਿਲਖਾ ਸਿੰਘ ਨੇ। 200 ਮੀਟਰ ਦੌੜ ਦਾ ਮੁਕਾਬਲਾ ਦੋਹਾਂ ਦੌੜਾਕਾਂ ਤੇ ਦੋਹਾਂ ਦੇਸ਼ਾਂ ਵਿਚਕਾਰ ਮੁੱਛ ਦਾ ਸਵਾਲ ਸੀ।

ਮਿਲਖਾ ਸਿੰਘ ਉਸ ਦੌੜ ਨੂੰ ਆਪਣੀ ਸਿਖਰ ਦੀ ਦੌੜ ਮੰਨਦਾ ਸੀ ਜੋ ‘ਭਾਗ ਮਿਲਖਾ ਭਾਗ’ ਫਿਲਮ ਵਿੱਚ ਵੀ ਫਿਲਮਾਈ ਗਈ। ਅਬਦੁੱਲ ਖ਼ਾਲਿਕ ਆਪਣੇ ਦੇਸ਼ ਵਿੱਚ ਇਸ ਦੌੜ ਨੂੰ ਹਰ ਹੀਲੇ ਜਿੱਤਣਾ ਚਾਹੁੰਦਾ ਸੀ। ਲਾਹੌਰ ਦੇ ਸਟੇਡੀਅਮ ਦਾ ਸਮੁੱਚਾ ਮਾਹੌਲ ਬੇਸ਼ੱਕ ਅਬਦੁੱਲ ਖ਼ਾਲਿਕ ਦੇ ਹੱਕ ਵਿੱਚ ਸੀ, ਉਹਦੀ ਜ਼ਿੰਦਾਬਾਦ ਵੀ ਹੋਰ ਰਹੀ ਸੀ, ਪਰ ਮਿਲਖਾ ਸਿੰਘ ਨੇ ਉਹ ਦੌੜ ਏਨੇ ਜੋਸ਼ ਨਾਲ ਲਾਈ ਕਿ ਅਬਦੁੱਲ ਖ਼ਾਲਿਕ ਨੂੰ 10 ਮੀਟਰ ਪਿੱਛੇ ਛੱਡ ਗਿਆ। ਇੱਥੋਂ ਤੱਕ ਕਿ ਭਾਰਤ ਦਾ ਇੱਕ ਹੋਰ ਦੌੜਾਕ ਮੱਖਣ ਸਿੰਘ ਵੀ ਉਸ ਤੋਂ ਮੂਹਰੇ ਨਿਕਲ ਗਿਆ। ਅਨਾਊਂਸਰ ਨੇ ਕਿਹਾ ਕਿ ਇਹ ਦੌੜ ਮਿਲਖਾ ਸਿੰਘ ਨੇ ਦੌੜ ਕੇ ਨਹੀਂ ਉੁੱਡ ਕੇ ਲਾਈ ਹੈ। ਉਸ ਸਮੇਂ ਪਾਕਿਸਤਾਨ ਦਾ ਸਦਰ ਜਨਰਲ ਅਯੂਬ ਖਾਂ ਵੀ ਸਟੇਡੀਅਮ ਵਿੱਚ ਮੌਜੂਦ ਸੀ। ਉਸ ਨੇ ਵਿਕਟਰੀ ਸਟੈਂਡ ਉੱਤੇ ਮਿਲਖਾ ਸਿੰਘ ਨੂੰ ਮੈਡਲ ਪਹਿਨਾਉਂਦਿਆਂ ‘ਫਲਾਈਂਗ ਸਿੱਖ’ ਦਾ ਖ਼ਿਤਾਬ ਦਿੱਤਾ ਜੋ ਹਮੇਸ਼ਾਂ ਲਈ ਮਿਲਖਾ ਸਿੰਘ ਦੇ ਨਾਂ ਨਾਲ ਜੁੜ ਗਿਆ।

ਅਬਦੁੱਲ ਖ਼ਾਲਿਕ ਨੇ 1948 ਤੋਂ 1978 ਤੱਕ ਪਾਕਿਸਤਾਨੀ ਫੌਜ ’ਚ ਨੌਕਰੀ ਕੀਤੀ ਅਤੇ ਸੂਬੇਦਾਰ ਬਣ ਕੇ ਰਿਟਾਇਰ ਹੋਇਆ। ਇਸ ਦੌਰਾਨ ਉਹ ਪਾਕਿਸਤਾਨ ਦੀ ਫੌਜ ਅਤੇ ਪੰਜਾਬ ਖੇਡ ਮਹਿਕਮੇ ਦੇ ਅਥਲੀਟਾਂ ਨੂੰ ਗਾਹੇ ਬਗਾਹੇ ਕੋਚਿੰਗ ਵੀ ਦਿੰਦਾ ਰਿਹਾ। 1974 ਤੋਂ 1978 ਤੱਕ ਉਹ ਨੈਸ਼ਨਲ ਕੋਚ ਰਿਹਾ। ਉਸ ਨੇ ਪਾਕਿਸਤਾਨ ਦੀ ਫੌਜ ਵੱਲੋਂ 1965 ਤੇ 1971 ਦੀਆਂ ਜੰਗਾਂ ਵੀ ਲੜੀਆਂ। 1971 ਵਿੱਚ ਬੰਗਲਾ ਦੇਸ਼ ਦੀ ਲੜਾਈ ਦੌਰਾਨ ਪਾਕਿਸਤਾਨ ਦੇ 93 ਹਜ਼ਾਰ ਫੌਜੀਆਂ ਨੂੰ ਜਨਰਲ ਨਿਆਜ਼ੀ ਦੀ ਅਗਵਾਈ ਵਿੱਚ ਹਥਿਆਰ ਸੁੱਟਣੇ ਪਏ ਤਾਂ ਉਨ੍ਹਾਂ ਫੌਜੀਆਂ ਵਿੱਚ ਅਬਦੁੱਲ ਖ਼ਾਲਿਕ ਵੀ ਸ਼ਾਮਲ ਸੀ। ਉਹ ਕੁਝ ਸਮਾਂ ਗਵਾਲੀਅਰ ਤੇ ਕੁਝ ਸਮਾਂ ਮੇਰਠ ਦੀਆਂ ਜੇਲ੍ਹਾਂ ਵਿੱਚ ਕੈਦ ਰਿਹਾ। ਖੇਡ ਹਲਕਿਆਂ ਰਾਹੀਂ ਜਦੋਂ ਉਸ ਦਾ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਪਤਾ ਲੱਗਾ ਤਾਂ ਉਸ ਨੂੰ ਰਿਹਾਅ ਕਰਨ ਦੀ ਪੇਸ਼ਕਸ਼ ਹੋਈ। ਅਬਦੁੱਲ ਖ਼ਾਲਿਕ ਜਿੱਥੇ ਉੱਚ ਪੱਧਰ ਦਾ ਖਿਡਾਰੀ ਸੀ, ਉੱਥੇ ਦੇਸ਼ਭਗਤ ਫੌਜੀ ਵੀ ਸੀ। ਉਸ ਨੇ ਇਕੱਲਿਆਂ ਰਿਹਾਅ ਹੋਣ ਦੀ ਪੇਸ਼ਕਸ਼ ਠੁਕਰਾਉਂਦਿਆਂ ਕਿਹਾ, ‘‘ਮੈਂ ’ਕੱਲਾ ਨਹੀਂ, ਆਪਣੇ ਸਾਰੇ ਫੌਜੀ ਸਾਥੀਆਂ ਨਾਲ ਹੀ ਰਿਹਾਅ ਹੋਵਾਂਗਾ।’’ ਤੇ ਹੋਇਆ ਵੀ ਇੰਜ ਹੀ।

ਹਾਂ! ਇਹ ਜ਼ਰੂਰ ਹੋਇਆ ਕਿ ਉਸ ਨੇ ਏਸ਼ੀਆ ਦੇ ਚੈਂਪੀਅਨ ਪ੍ਰਦੁੱਮਣ ਸਿੰਘ, ਮਿਲਖਾ ਸਿੰਘ ਤੇ ਗੁਰਬਚਨ ਸਿੰਘ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਜੋ ਪੂਰੀ ਕਰ ਦਿੱਤੀ ਗਈ। ਪ੍ਰਦੁੱਮਣ ਸਿੰਘ ਤਾਂ ਫੌਜ ’ਚ ਡਿਊਟੀ ’ਤੇ ਹੋਣ ਕਰਕੇ ਉਸ ਨੂੰ ਮਿਲ ਨਾ ਸਕਿਆ ਜਿਸ ਦਾ ਉਸ ਨੂੰ ਮਰਦੇ ਦਮ ਤੱਕ ਮਲਾਲ ਰਿਹਾ! ਮਿਲਖਾ ਸਿੰਘ ਉਸ ਨੂੰ ਬੜੇ ਅਦਬ ਪਿਆਰ ਨਾਲ ਮਿਲਿਆ ਤੇ ਘੁੱਟ ਗਲਵੱਕੜੀਆਂ ਪਾਈਆਂ। ਗੁਰਬਚਨ ਸਿੰਘ ਨੇ ਵੱਡਾ ਪੁਲੀਸ ਅਫ਼ਸਰ ਹੋਣ ਕਾਰਨ ਜੇਲ੍ਹ ਦੇ ਸਟਾਫ ਨੂੰ ਤਾਕੀਦ ਵੀ ਕੀਤੀ ਕਿ ਏਸ਼ੀਆ ਦੇ ਉੱਡਣੇ ਦੌੜਾਕ ਅਬਦੁੱਲ ਖ਼ਾਲਿਕ ਦੀ ਖੁਰਾਕ ਦਾ ਖ਼ਾਸ ਖ਼ਿਆਲ ਰੱਖਿਆ ਜਾਵੇ।

ਅਬਦੁੱਲ ਖ਼ਾਲਿਕ ਦਾ ਸਾਰਾ ਪਰਿਵਾਰ ਹੀ ਖਿਡਾਰੀਆਂ ਦਾ ਪਰਿਵਾਰ ਕਿਹਾ ਜਾਂਦਾ ਹੈ। ਉਸ ਦਾ ਛੋਟਾ ਭਰਾ ਅਬਦੁੱਲ ਮਲਿਕ ਵੀ ਇੰਟਰਨੈਸ਼ਨਲ ਅਥਲੀਟ ਰਿਹੈ। ਖ਼ਾਲਿਕ ਦੇ ਅੱਗੋਂ ਚਾਰ ਪੁੱਤਰ ਹੋਏ। ਵੱਡਾ ਗੁਲਾਮ ਅੱਬਾਸ ਤੇ ਉਸ ਤੋਂ ਛੋਟਾ ਮੁਹੰਮਦ ਅਸ਼ਫਾਕ ਪਾਕਿਸਤਾਨ ਦੀ ਫੌਜ ’ਚ ਨੌਕਰੀ ਕਰਦੇ ਖੇਡਦੇ ਵੀ ਰਹੇ। ਮੁਹੰਮਦ ਅਸ਼ਫਾਕ ਦੀ ਟਰੈਕਟਰ ਚਲਾਉਂਦਿਆਂ ਟਰੈਕਟਰ ਉਲਟ ਜਾਣ ਕਾਰਨ ਮੌਤ ਹੋ ਗਈ। ਤੀਜਾ ਪੁੱਤਰ ਮੁਹੰਮਦ ਏਜਾਜ਼ ਪਾਕਿਸਤਾਨ ਸਪੋਰਟਸ ਬੋਰਡ ਵਿੱਚ ਕੋਚ ਤੇ ਸਭ ਤੋਂ ਛੋਟਾ ਪਿੰਡ ਦੇ ਸਕੂਲ ਵਿੱਚ ਪੀਟੀ ਮਾਸਟਰ ਰਿਹਾ। ਅਬਦੁੱਲ ਖ਼ਾਲਿਕ 10 ਮਾਰਚ 1988 ਨੂੰ ਕੇਵਲ 55 ਸਾਲ ਦੀ ਉਮਰੇ ਰਾਵਲਪਿੰਡੀ ਵਿੱਚ ਫੌਤ ਹੋਇਆ। ਪਾਕਿਸਤਾਨ ਦੇ ਉਸ ਮਹਾਨ ਅਥਲੀਟ ਨੂੰ ‘ਪ੍ਰਾਈਡ ਆਫ ਪਾਕਿਸਤਾਨ’ ਦੇ ਸਭ ਤੋਂ ਵੱਡੇ ਖ਼ਿਤਾਬ ਨਾਲ ਸਨਮਾਨਿਆ ਗਿਆ ਅਤੇ ਉਸ ਦਾ ਸਟੈਚੂ ਰਾਵਲਪਿੰਡੀ ਦੇ ਅਯੂਬ ਪਾਰਕ ਵਿੱਚ ਸਥਾਪਿਤ ਕੀਤਾ ਗਿਆ।

ਈ-ਮੇਲ: principalsarwansingh@gmail.com

Advertisement
×