ਆਸ਼ਾ ਭੋਸਲੇ; ਇੱਕ ਆਵਾਜ਼, ਹਜ਼ਾਰ ਅੰਦਾਜ਼
ਆਸ਼ਾ ਭੋਸਲੇ ਸਭ ਤੋਂ ਹੁਨਰਮੰਦ ਅਤੇ ਪ੍ਰਤਿਭਾਸ਼ਾਲੀ ਗਾਇਕਾਵਾਂ ਵਿੱਚੋਂ ਇੱਕ ਸੀ, ਜਿਸ ਨੇ ਗੀਤਾਂ ਨੂੰ ਆਪਣੇ ਦਿਲ ਦੀਆਂ ਡੂੰਘਾਈਆਂ ਤੋਂ ਗਾਇਆ। ਆਸ਼ਾ ਭੋਸਲੇ ਦੀ ਕਲਾਤਮਕਤਾ ਬਹੁਤ ਹੀ ਖਾਸ ਸੱਭਿਆਚਾਰਕ ਸ਼ੈਲੀ ਨਾਲ ਸਬੰਧਤ ਸੀ। ਉਸ ਦੀ ਆਵਾਜ਼ ਮਾਸੂਮ, ਸ਼ਰਾਰਤੀ, ਸ਼ਰਧਾਮਈ ਅਤੇ...
ਆਸ਼ਾ ਭੋਸਲੇ ਸਭ ਤੋਂ ਹੁਨਰਮੰਦ ਅਤੇ ਪ੍ਰਤਿਭਾਸ਼ਾਲੀ ਗਾਇਕਾਵਾਂ ਵਿੱਚੋਂ ਇੱਕ ਸੀ, ਜਿਸ ਨੇ ਗੀਤਾਂ ਨੂੰ ਆਪਣੇ ਦਿਲ ਦੀਆਂ ਡੂੰਘਾਈਆਂ ਤੋਂ ਗਾਇਆ। ਆਸ਼ਾ ਭੋਸਲੇ ਦੀ ਕਲਾਤਮਕਤਾ ਬਹੁਤ ਹੀ ਖਾਸ ਸੱਭਿਆਚਾਰਕ ਸ਼ੈਲੀ ਨਾਲ ਸਬੰਧਤ ਸੀ। ਉਸ ਦੀ ਆਵਾਜ਼ ਮਾਸੂਮ, ਸ਼ਰਾਰਤੀ, ਸ਼ਰਧਾਮਈ ਅਤੇ ਦਿਲ ਖਿੱਚਵੀਂ ਭਾਵਨਾਤਮਕ ਸੀ। ਉਸ ਨੇ ਪੁਰਾਤਨ ਹਿੰਦੁਸਤਾਨੀ ਸ਼ਾਸਤਰੀ ਗਾਇਕੀ ਦੇ ਨਾਲ-ਨਾਲ ਭਾਰਤ ਭਰ ਦੀਆਂ ਸ਼ੈਲੀਆਂ, ਡਿਸਕੋ, ਪੋਲਕਾ, ਵਾਲਟਜ਼ ਅਤੇ ਲਾਤੀਨੀ ਸੰਗੀਤ ਨੂੰ ਸ਼ਾਮਲ ਕਰਕੇ ਬੌਲੀਵੁੱਡ ਪਿੱਠਵਰਤੀ ਗਾਇਕੀ ਨੂੰ ਮੁੜ ਪਰਿਭਾਸ਼ਿਤ ਕੀਤਾ।
ਦੱਖਣੀ ਏਸ਼ਿਆਈ ਪੌਪ ਦੀ ਰਾਣੀ ਆਸ਼ਾ ਨੇ ਸੰਗੀਤਕਾਰਾਂ ਲਈ ਅਰਧ ਕਲਾਸੀਕਲ ਸ਼ੈਲੀਆਂ ਅਤੇ ਸੱਭਿਆਚਾਰ-ਉਤਸ਼ਾਹੀ ਪੌਪ ਹਾਈਬ੍ਰਿਡ ਗਾਏ ਹਨ। ਉਸ ਦੀ ਸੰਗੀਤਮਈ ਸੰਦੂਕੜੀ ਹਰ ਤਰ੍ਹਾਂ ਦੇ ਗੀਤਾਂ, ਸ਼ਰਾਰਤੀ ਡਾਂਸ ਨੰਬਰਾਂ, ਕੈਬਰੇ, ਜੈਜ਼, ਪੌਪ, ਗ਼ਜ਼ਲਾਂ, ਲੋਕ ਗੀਤ, ਕੱਵਾਲੀਆਂ, ਭਜਨ ਅਤੇ ਰਬਿੰਦਰ ਸੰਗੀਤ ਦਾ ਵਿਸ਼ਾਲ ਭੰਡਾਰ ਸੀ।
ਆਸ਼ਾ ਭੋਸਲੇ ਨੇ ਆਪਣੇ ਆਪ ਨੂੰ ਵੱਡੀ ਭੈਣ ਲਤਾ ਮੰਗੇਸ਼ਕਰ ਦੇ ਪਰਛਾਵੇਂ ਤੋਂ ਦੂਰ ਰੱਖ ਕੇ ਆਪਣੀ ਵਿਲੱਖਣ ਪਛਾਣ ਬਣਾਈ ਅਤੇ ਬਾਬਾ ਬੋਹੜ ਦੀ ਛਾਵੇਂ ਵੀ ਆਪਣੀ ਹੋਂਦ ਦਾ ਲੋਹਾ ਮਨਵਾਇਆ। ਇੱਕ ਬਹੁ-ਪਰਤੀ ਆਵਾਜ਼ ਜਿਸ ਨੇ ਇੱਕ ਪ੍ਰੇਮੀ, ਇੱਕ ਭੈਣ, ਇੱਕ ਵੇਸਵਾ, ਬਗ਼ਾਵਤ ਦੀ ਕਗਾਰ ’ਤੇ ਇੱਕ ਔਰਤ ਦੀ ਆਤਮਾ ਨੂੰ ਵੱਖ-ਵੱਖ ਰੂਪਾਂ ਵਿੱਚ ਮੂਰਤੀਮਾਨ ਕੀਤਾ ਹੈ। ਉਹ 50ਵੇਂ ਅਤੇ 60ਵੇਂ ਦਹਾਕੇ ਦੀਆਂ ਬੌਲੀਵੁੱਡ ਅਭਿਨੇਤਰੀਆਂ ਲਈ ਪਿੱਠਵਰਤੀ ਗਾਇਕਾ ਵਜੋਂ ਆਪਣੇ ਆਪ ਵਿੱਚ ਇੱਕ ਪਛਾਣਨਯੋਗ ਆਈਕਨ ਬਣ ਗਈ। ਸੱਤਰ ਸਾਲ ਦੀ ਉਮਰ ਤੱਕ ਉਹ ਪਿੱਠਵਰਤੀ ਗਾਇਕੀ ਦੀ ਮਹਾਰਾਣੀ ਬਣੀ ਰਹੀ।
ਮਸਤੀ ਭਰੇ ਕੈਬਰੇ ਨੰਬਰਾਂ ਤੋਂ ਲੈ ਕੇ ਰੂਹ ਨੂੰ ਹਿਲਾ ਦੇਣ ਵਾਲੀਆਂ ਗ਼ਜ਼ਲਾਂ ਤੱਕ ਆਸ਼ਾ ਭੋਸਲੇ ਨੇ ਆਪਣੀ ਗਹਿਰੀ ਛਾਪ ਛੱਡੀ। ਚਾਹੇ ਉਹ ਮਧੂਬਾਲਾ ਦੇ ‘ਮੇਹਰਬਾਨ’ ਤੋਂ ਪਹਿਲਾਂ ਦਾ ਵਿਸਤ੍ਰਿਤ ‘ਆਈ-ਯੇ-ਯੇ-ਯੇ-ਯੇ’ ਹੋਵੇ ਜਾਂ ਸਾਧਨਾ ਦੇ ‘ਅਭੀ ਨਾ ਜਾਓ ਛੋੜ ਕਰ’ ਵਿੱਚ ‘ਨਹੀਂ, ਨਹੀਂ, ਨਹੀਂ, ਨਹੀਂ’ ਜਾਂ ਰੇਖਾ ਦੇ ‘ਬਸ ਏਕ ਬਾਰ ਮੇਰਾ ਕਹਾ ਮਾਨ ਲੀਜੀਏ’ ਤੱਕ ‘ਬਾਸ’ ਉਤੇ ਇੱਕ ਸਾਧਾਰਨ ਜ਼ੋਰ, ‘ਜਾਨੇ ਜਾਂ ਢੂੰਢਤਾ’ ਅਤੇ ਪਿੱਚ ਪ੍ਰਯੋਗ ਜੋ ਕਾਜੋਲ ਦੇ ‘ਜ਼ਰਾ ਸਾ ਝੂਮ ਲੂੰ ਮੈਂ’ ਵਿੱਚ ਠੰਢੀ ਪਵਨ ਨੂੰ ਥੋੜ੍ਹਾ ਜਿਹਾ ਉਭਾਰਿਆ ਗਿਆ ਸੀ, ਦੇ ਗੀਤ, ਇਹ ਸਾਰੇ ਉਸ ਦੀ ਗਾਇਕੀ ਦੇ ਵੱਖ ਵੱਖ ਰੰਗ-ਰੂਪ ਹਨ।
ਉਸ ਨੇ ਭਾਰਤੀ ਸਿਨੇਮਾ ਦੀਆਂ ਹੀਰੋਇਨਾਂ ਅਤੇ ਵੈਂਪਸ ਦੋਵਾਂ ਨੂੰ ਆਪਣੀ ਆਵਾਜ਼ ਦਿੱਤੀ। ਫਿਲਮ ‘ਤੀਸਰੀ ਮੰਜ਼ਿਲ’ (1966) ਵਿੱਚ ਆਸ਼ਾ ਨੇ ਮੁੱਖ ਅਦਾਕਾਰਾ ਆਸ਼ਾ ਪਾਰੇਖ ਲਈ ‘ਆਜਾ ਆਜਾ’ ਗੀਤ ਗਾਉਣ ਦੇ ਨਾਲ-ਨਾਲ ਇੱਕ ਨਾਈਟ ਕਲੱਬ ਡਾਂਸਰ ਰੂਬੀ (ਹੇਲਨ) ਵਾਸਤੇ ‘ਓ ਹਸੀਨਾ ਜ਼ੁਲਫੋਂਵਾਲੀ’ ਕੈਬਰੇ ਗੀਤ ਵੀ ਗਾਇਆ। ਉਹ ਸਿਰਫ਼ ਇੱਕ ਸੁਰ ਬਦਲਣ ਨਾਲ ਚੰਚਲਤਾ ਅਤੇ ਕੋਮਲ ਭਾਵਨਾਵਾਂ ਨੂੰ ਉਜਾਗਰ ਕਰ ਸਕਦੀ ਸੀ।
ਆਸ਼ਾ ਦੀ ਸ਼ੈਲੀ ਨੇ ਰਵਾਇਤੀ ਭਾਰਤੀ ਸ਼ੈਲੀਆਂ ਤੋਂ ਪਰੇ ਸੰਗੀਤਕ ਸ਼ੈਲੀਆਂ ਨਾਲ ਸ਼ਮੂਲੀਅਤ ਨੂੰ ਵੀ ਵਧਾਇਆ। ਆਰ.ਡੀ. ਬਰਮਨ ਅਤੇ ਹੋਰਾਂ ਨਾਲ ਉਸ ਦੇ ਵੱਖ-ਵੱਖ ਸਹਿਯੋਗਾਂ ਵਿੱਚ ਉਸ ਦੀ ਆਵਾਜ਼ ਕਈ ਤਰ੍ਹਾਂ ਦੇ ਸਾਜ਼ਾਂ ਨਾਲ ਸੰਗੀਤਕ ਪਰੰਪਰਾਵਾਂ ਦਾ ਨਿਰਮਾਣ ਕਰਦੀ ਹੈ ਜੋ ਆਪਣੇ ਵਿਦੇਸ਼ੀ ਮੂਲ ਦੇ ਬਾਵਜੂਦ, ਭਾਰਤੀ ਭਾਵਨਾਵਾਂ ਨੂੰ ਪ੍ਰਗਟ ਕਰਨ ਦੇ ਯੋਗ ਬਣ ਕੇ ਉੱਭਰਦੀਆਂ ਹਨ। ਜਿਵੇਂ ਫਿਲਮ ‘ਨੌਟੀ ਬੁਆਏ’ ਦੇ ਗੀਤ ‘ਹੋ ਗਈ ਸ਼ਾਮ’ ਵਿੱਚ ਢੋਲ, ਅਕਾਰਡੀਅਨ ਅਤੇ ਸੈਕਸੋਫੋਨ ਦੀ ਵਰਤੋਂ ਕੀਤੀ ਗਈ ਹੈ। ਜਦੋਂਕਿ ‘ਆਗੇ ਭੀ ਜਾਨੇ ਨਾ ਤੂੰ’ (ਵਕਤ, 1965) ਪੱਛਮੀ ਆਰਕੈਸਟਰਾ ਅਤੇ ਗਿਟਾਰ ਸੰਗੀਤ ਨਾਲ ਸ਼ੁਰੂ ਹੁੰਦਾ ਹੈ। ‘ਚੁਰਾ ਲਿਆ ਹੈ’ (ਯਾਦੋਂ ਕੀ ਬਾਰਾਤ, 1973) ਵਿੱਚ ਜ਼ੀਨਤ ਅਮਾਨ ਗਿਟਾਰ ਵਜਾਉਂਦੀ ਹੈ। ਹੈਲਨ-ਬਿੰਦੂ ਦੇ ਜ਼ਿਆਦਾਤਰ ਕੈਬਰੇ ਅਤੇ ਹੋਰ ਮਨਮੋਹਕ ਨੰਬਰਾਂ ਦੇ ਭੰਡਾਰ ਨੇ ਆਸ਼ਾ ਦੀ ਗਾਇਕੀ ਦੇ ਜਲਵੇ ਨੂੰ ਭਰਪੂਰ ਬਣਾਇਆ ਹੈ।
ਉਸ ਦੇ ਜੋਸ਼ਲੇ ਗੀਤਾਂ ਵਿੱਚ ਉਸ ਦੀ ਗਾਇਕੀ ਵਿੱਚ ਰੇਸ਼ਮੀ ਲਚਕ ਦੀ ਗੁਣਵੱਤਾ ਹੈ, ਜਦੋਂ ਕਿ ਉਦਾਸ ਗਾਣੇ ਉਸ ਦੀ ਗਾਇਕੀ ਦੇ ਸਿਖਰ ’ਤੇ ਕੇਂਦਰਿਤ ਹਨ। ‘ਈਨਾ ਮੀਨਾ ਡੀਕਾ’ ਦੀ ਫਿੱਕੀ ਫੁਲਕਾਰੀ, ‘ਕਾਹੇ ਤਰਸੇ ਜਿਆਰਾ’ ਦੀ ਕਲਾਸੀਕਲ ਰੌਣਕ, ‘ਪਾਨ ਖਾਏ ਸਈਆਂ’ ਦੇ ਪੇਂਡੂ ਸੁਹਜ, ‘ਨਿਗਾਹੇ ਮਿਲਨੇ ਕੋ’ ਦੀ ਛੂਤ ਵਾਲੀ ਅਦਾ, ‘ਦੁਨੀਆ ਮੈਂ ਲੋਗੋਂ ਕੋ’ ਦੀ ਮੌਜ-ਮਸਤੀ, ‘ਅਬ ਜੋ ਮਿਲੇ ਹੈ ਤੋ’ ਦਾ ਧੁੰਦਲਾ ਤੜਕਾ, ‘ਡਿਸਕੋ ਸਟੇਸ਼ਨ’ ਦੇ ਮਾਹੌਲ ਨੂੰ ਗਰਮਾਉਣ ਵਾਲੀਆਂ ਹਰਕਤਾਂ, ‘ਚੁਰਾ ਲਿਆ ਹੈ ਤੁਮਨੇ ਜੋ ਦਿਲ ਕੋ’ ਦਾ ਸੁਪਨਮਈ ਰੁਮਾਂਸ, ‘ਤਨਹਾ ਤਨਹਾ’ ਦੀ ਟਪਕਦੀ ਸੰਵੇਦਨਾ, ‘ਲੇ ਗਈ ਲੇ ਗਈ’ ਦੀ ਚੰਚਲ ਧੜਕਣ, ਯਾਨੀ ਆਸ਼ਾ ਭੋਸਲੇ ਦੀ ਪ੍ਰਤਿਭਾ ਦੀ ਕੋਈ ਸੀਮਾ ਨਹੀਂ ਹੈ।
ਆਸ਼ਾ ਭੋਸਲੇ ਦਾ ਜਨਮ 8 ਸਤੰਬਰ, 1933 ਨੂੰ ਪਿੰਡ ਗੋਆਰ (ਜ਼ਿਲ੍ਹਾ ਸਾਂਗਲੀ, ਮਹਾਰਾਸ਼ਟਰ) ਦੇ ਸੰਗੀਤਕ ਮਰਾਠੀ ਪਰਿਵਾਰ ਵਿੱਚ ਹੋਇਆ ਸੀ। ਉਸ ਦੇ ਪਿਤਾ ਪੰਡਿਤ ਦੀਨਾਨਾਥ ਮੰਗੇਸ਼ਕਰ ਇੱਕ ਥੀਏਟਰ ਕਲਾਕਾਰ ਅਤੇ ਇੱਕ ਕਲਾਸੀਕਲ ਗਾਇਕ ਸਨ। ਉਸ ਨੇ ਆਪਣੇ ਪਿਤਾ ਤੋਂ ਕਲਾਸੀਕਲ ਸ਼ੈਲੀ ਵਿੱਚ ਗਾਉਣਾ ਸਿੱਖਿਆ। ਬਾਲੜੀ ਉਮਰੇ ਉਸ ਦੇ ਪਿਤਾ ਦਾ ਦੇਹਾਂਤ ਹੋ ਗਿਆ ਸੀ। ਪਰਿਵਾਰ ਦਾ ਗੁਜ਼ਾਰਾ ਤੋਰਨ ਲਈ, ਉਸ ਨੇ ਅਤੇ ਉਸ ਦੀ ਵੱਡੀ ਭੈਣ ਲਤਾ ਨੇ ਫਿਲਮਾਂ ਵਿੱਚ ਕੰਮ ਕਰਨਾ ਸ਼ੁਰੂ ਕਰ ਦਿੱਤਾ। ਜ਼ਿੰਦਗੀ ਦੀਆਂ ਮੁਸ਼ਕਲਾਂ, ਗ਼ਰੀਬੀ ਅਤੇ ਅਣਗਿਣਤ ਕੌੜੇ ਤਜਰਬਿਆਂ ਨੇ ਆਸ਼ਾ ਦੇ ਸ਼ੁਰੂਆਤੀ ਜੀਵਨ ’ਤੇ ਗਹਿਰਾ ਦਾਗ ਛੱਡ ਦਿੱਤਾ ਸੀ। ਸਿੱਟੇ ਵਜੋਂ ਨਾ ਸਿਰਫ਼ ਉਸ ਦਾ ਪਰਿਵਾਰਕ ਜੀਵਨ ਸਗੋਂ ਸੁਨਹਿਰੀ ਫਿਲਮ ਉਦਯੋਗ ਵਿੱਚ ਉਸ ਦਾ ਕਰੀਅਰ ਵੀ ਅਣਗਹਿਲੀ ਨਾਲ ਸ਼ੁਰੂ ਹੋਇਆ।
ਸੰਗੀਤਕਾਰ ਦੱਤਾ ਦਾਵੇਕਰ ਨੇ ਆਸ਼ਾ ਵਿੱਚ ਬਹੁਤ ਪ੍ਰਤਿਭਾ ਵੇਖੀ ਅਤੇ ਮਰਾਠੀ ਫਿਲਮ ‘ਮਾਝਾ ਬਾਲ’ (1943) ਲਈ ਆਪਣਾ ਪਹਿਲਾ ਗੀਤ ‘ਚੱਲ ਚੱਲ ਚੱਲ ਨਵ ਬਾਲਾ’ ਰਿਕਾਰਡ ਕੀਤਾ। ਆਸ਼ਾ ਭੋਸਲੇ ਨੇ ਆਪਣੀ ਪਹਿਲੀ ਰਿਕਾਰਡਿੰਗ ਦੇ ਤਜਰਬੇ ਨੂੰ ਸਾਂਝਾ ਕਰਦੇ ਹੋਏ ਦੱਸਿਆ ਸੀ ਕਿ ਜਦੋਂ ਗੀਤ ਪੇਸ਼ ਕਰਦੇ ਸਮੇਂ ਉਹ ਆਪਣੀ ਪਿਚ ਵਧਾਉਣ ਲੱਗੀ ਤਾਂ ਉਹ ਬਹੁਤ ਘਬਰਾ ਗਈ, ਪਰ ਦੱਤਾ ਦਾਵੇਕਰ ਨੇ ਸਬਰ ਰੱਖਿਆ ਅਤੇ ਅੰਤ ਵਿੱਚ ਛੇ ਟੇਕਾਂ ਤੋਂ ਬਾਅਦ ਗੀਤ ਰਿਕਾਰਡ ਕੀਤਾ ਗਿਆ ਸੀ।
ਹੰਸਰਾਜ ਬਹਿਲ ਨੇ ਆਸ਼ਾ ਨੂੰ ਹਿੰਦੀ ਫਿਲਮ ਸੰਗੀਤ ਦੇ ਖੇਤਰ ਵਿੱਚ ਜ਼ੋਹਰਾਬਾਈ ਅਤੇ ਗੀਤਾ ਦੱਤ ਨਾਲ ਇੱਕ ਕੋਰਸ ‘ਸਾਵਨ ਆਇਆ ਰੇ’ (ਚੁਨਰੀਆ-1948) ਗਾਉਣ ਦਾ ਮੌਕਾ ਦਿੱਤਾ। ਉਸ ਨੇ ਵੱਖ-ਵੱਖ ਰਾਗਾਂ ਅਤੇ ਅੰਤਰਾਂ ਦੀਆਂ ਬਾਰੀਕੀਆਂ ਸਿਖਾਈਆਂ, ਜਿਸ ਨਾਲ ਆਸ਼ਾ ਨੂੰ ਉਸ ਦੀ ਗਾਇਕੀ ਦੀ ਸਮਰੱਥਾ ਵਿੱਚ ਸੁਧਾਰ ਕਰਨ ਵਿੱਚ ਮਦਦ ਮਿਲੀ। ਅਗਲੇ ਸਾਲ ਉਸ ਨੇ ਫਿਲਮ ‘ਰਾਤ ਕੀ ਰਾਨੀ’ (1949) ਲਈ ਆਸ਼ਾ ਦੇ ਦੋ ਸੋਲੋ ਗੀਤ ‘ਹੈ ਮੌਜ ਮੇਂ’ ਅਤੇ ‘ਹਮਾਰੇ ਦਿਲ ਪਰ’ ਰਿਕਾਰਡ ਕੀਤੇ। ਉਸ ਸਮੇਂ ਪ੍ਰਮੁੱਖ ਪਿੱਠਵਰਤੀ ਗਾਇਕਾਂ ਨੇ ‘ਹੀਰੋਇਨ ਗੀਤਾਂ’ ’ਤੇ ਏਕਾਧਿਕਾਰ ਕਰ ਲਿਆ, ਜਦੋਂ ਕਿ ਆਸ਼ਾ ਨੂੰ ਦੂਜੇ ਦਰਜੇ ਦੀਆਂ ਫਿਲਮਾਂ ਵਿੱਚ ਬਾਕੀ ਬਚੇ ਕੰਮ ਮਿਲਦੇ ਸਨ। ‘ਸੰਗਦਿਲ’ (1952) ਵਿੱਚ ‘ਧਰਤੀ ਸੇ ਦੂਰ’ ਅਤੇ ‘ਦਰਦ ਭਰੀ ਕਿਸੀ ਕੀ ਯਾਦ’ ਦੀ ਉਸ ਦੀ ਸੁਰੀਲੀ ਪੇਸ਼ਕਾਰੀ ਨੇ ਉਸ ਨੂੰ ਪਛਾਣ ਦਿੱਤੀ। ਨਤੀਜੇ ਵਜੋਂ ਬਿਮਲ ਰਾਏ ਅਤੇ ਰਾਜ ਕਪੂਰ ਵਰਗੇ ਫਿਲਮ ਨਿਰਦੇਸ਼ਕਾਂ ਨੇ ਉਸ ਨੂੰ ‘ਪਰਿਣੀਤਾ’ ਅਤੇ ‘ਬੂਟ ਪਾਲਿਸ਼’ ਆਦਿ ਫਿਲਮਾਂ ਵਿੱਚ ਗਾਉਣ ਦੇ ਮੌਕੇ ਦਿੱਤੇ।
ਆਸ਼ਾ ਭੋਸਲੇ ਪਹਿਲੀ ਵਾਰ ਓ.ਪੀ. ਨਈਅਰ ਨੂੰ ‘ਛਮ ਛਮਾ ਛਮ’ (1952) ਦੀ ਸੰਗੀਤ ਰਿਕਾਰਡਿੰਗ ’ਤੇ ਮਿਲੀ ਸੀ। ਓ.ਪੀ. ਨਈਅਰ ਉਸ ਦੀ ਪ੍ਰਤਿਭਾ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਆਸ਼ਾ ਨੂੰ ਇਸ ਫਿਲਮ ਦੇ ਬਾਰਾਂ ਵਿੱਚੋਂ 10 ਗੀਤ ਗਾਉਣ ਦਾ ਮੌਕਾ ਦਿੱਤਾ। ਉਨ੍ਹਾਂ ਨੇ ਆਸ਼ਾ ਦੀ ਆਵਾਜ਼ ਦਾ ਬਹੁਤ ਵਧੀਆ ਇਸਤੇਮਾਲ ਕੀਤਾ ਅਤੇ ਉਨ੍ਹਾਂ ਦੀ ਗਾਇਕੀ ਵਿੱਚ ਇੱਕ ਅਜਿਹਾ ਹੁਨਰ ਲਿਆਂਦਾ ਜਿਸ ਨਾਲ ਉਹ ਲਤਾ ਦੇ ਸੰਗੀਤ ਤੋਂ ਦੂਰ ਹੋ ਗਈ। ਫਿਲਮ ‘ਮੰਗੂ’ (1954) ਤੋਂ ਬਾਅਦ ਓ.ਪੀ. ਨੇ ਫਿਲਮ ‘ਸੀ.ਆਈ.ਡੀ.’ (1956) ਵਿੱਚ ਉਸ ਨੂੰ ਇੱਕ ਵੱਡਾ ਮੌਕਾ ਦਿੱਤਾ। ਆਸ਼ਾ ਨੂੰ ਇੱਕ ਵੱਡੀ ਸਫਲਤਾ ਮਿਲੀ, ਜਿਸ ਨੇ ਇੱਕ ਗਾਇਕਾ ਵਜੋਂ ਉਸ ਦੀ ਅਸਲ ਪਛਾਣ ਸਥਾਪਿਤ ਕੀਤੀ।
ਆਸ਼ਾ ਭੋਸਲੇ ਜੇਨ ਆਸਟਨ ਦੇ ਕਿਸੇ ਵੀ ਨਾਵਲ ਵਿੱਚੋਂ ਇੱਕ ਪਾਤਰ ਹੋ ਸਕਦੀ ਹੈ, ਜਿਸ ਦਾ ਪਿਛੋਕੜ ਭੈਣ-ਭਰਾ ਦੀ ਦੁਸ਼ਮਣੀ ਦਾ ਹੈ। ਪਰਛਾਵੇਂ ਵਿੱਚ ਜ਼ਿੰਦਗੀ ਜਿਉਣ ਦੀ ਆਦੀ, ਅਸੁਰੱਖਿਆ ਨਾਲ ਲੜਨ ਵਾਲੀ ਆਸ਼ਾ ਹਮੇਸ਼ਾਂ ਲਤਾ ਫੋਬੀਆ ਤੋਂ ਪੀੜਤ ਸੀ। ਉਸ ਦੇ ਸਲਾਹਕਾਰ ਓ.ਪੀ. ਨਈਅਰ ਨੂੰ ਮਹੀਨਿਆਂ ਤੱਕ ਉਸ ਨੂੰ ਯਕੀਨ ਦਿਵਾਉਣਾ ਪਿਆ ਕਿ ਉਸ ਦੇ ਕੋਲ ਇੱਕ ਨਿੱਜੀ ਆਵਾਜ਼ ਹੈ ਜੋ ਉਸ ਦੀ ਆਪਣੀ ਸ਼ੈਲੀ ਲਈ ਜ਼ਰੂਰੀ ਹੈ।
ਫਿਲਮ ‘ਨਯਾ ਦੌਰ’ (1957) ਨਾਲ ਉਸ ਦੀ ਜ਼ਿੰਦਗੀ ਤੋਂ ਸਲੇਟੀ ਬੱਦਲਾਂ ਦੇ ਪਰਛਾਵੇਂ ਵੱਖ ਹੋ ਗਏ। ਓ.ਪੀ. ਨਈਅਰ ਦੇ ਸੰਗੀਤ ਨਿਰਦੇਸ਼ਨ ਹੇਠ ‘ਮਾਂਗ ਕੇ ਸਾਥ ਤੁਮਹਾਰਾ’, ‘ਸਾਥੀ ਹਾਥ ਬਢਾਣਾ’ ਅਤੇ ‘ਉਡੇਂ ਜਬ ਜਬ ਜ਼ੁਲਫੇਂ ਤੇਰੀ’ ਵਰਗੇ ਗੀਤਾਂ ਨੇ ਆਸ਼ਾ ਨੂੰ ਪਿੱਠਵਰਤੀ ਗਾਇਕੀ ਦੇ ਸਿਖਰ ’ਤੇ ਪਹੁੰਚਾ ਦਿੱਤਾ। ਫਿਲਮ ‘ਨਯਾ ਦੌਰ’ ਉਸ ਦੀ ਜ਼ਿੰਦਗੀ ਦਾ ਖੂਬਸੂਰਤ ਮੋੜ ਸੀ, ਉਸ ਨੂੰ ਸਾਰੀਆਂ ਹੀਰੋਇਨਾਂ ਦੇ ਗੀਤ ਗਾਉਣ ਦਾ ਮੌਕਾ ਮਿਲਿਆ।
ਸਾਲ 1959 ਤੋਂ ਬਾਅਦ ਆਸ਼ਾ ਭਾਵਨਾਤਮਕ ਅਤੇ ਪੇਸ਼ੇਵਰ ਤੌਰ ’ਤੇ ਓ.ਪੀ. ਨਈਅਰ ਨਾਲ ਜੁੜ ਗਈ। ਉਹ 1972 ਦੇ ਅੱਧ ਤੱਕ ਓ.ਪੀ. ਨਈਅਰ ਦੇ ਸੰਗੀਤ-ਰੂਮ ਵਿੱਚ ਮੁੱਖ ਡੋਨਾ ਰਹੀ। ਆਸ਼ਾ ਭੋਸਲੇ, ਓ.ਪੀ. ਨਈਅਰ ਦੇ ਗੀਤ-ਕੋਸ਼ ਵਿੱਚ ਹੁਣ ਇੱਕੋ ਇੱਕ ਗਾਇਕਾ ਸੀ। ਉਨ੍ਹਾਂ ਨੇ ‘ਫਾਗੁਨ’, ‘ਨਯਾ ਦੌਰ’, ‘ਤੁਮਸਾ ਨਹੀਂ ਦੇਖਾ’, ‘ਹਾਵੜਾ ਬ੍ਰਿਜ’, ‘ਏਕ ਮੁਸਾਫਿਰ ਏਕ ਹਸੀਨਾ’, ‘ਕਸ਼ਮੀਰ ਕੀ ਕਲੀ’ ਆਦਿ ਵਰਗੀਆਂ ਕਈ ਹਿੱਟ ਫਿਲਮਾਂ ਵਿੱਚ ਮਿੱਠੜੀਆਂ ਸੰਗੀਤ ਰਚਨਾਵਾਂ ਸਰੋਤਿਆਂ ਦੀਆਂ ਝੋਲੀ ਪਾਈਆਂ। ਇਸ ਜੋੜੀ ਦੇ ਮਸ਼ਹੂਰ ਗੀਤ ਹਨ: ‘ਆਈਏ ਮੇਹਰਬਾਨ’ (ਹਾਵੜਾ ਬ੍ਰਿਜ, 1958); ‘ਯੇ ਰੇਸ਼ਮੀ ਜ਼ੁਲਫ਼ੋ ਕਾ ਅੰਧੇਰਾ’ (ਮੇਰੇ ਸਨਮ, 1965); ‘ਉੜੇ ਜਬ ਜਬ ਜ਼ੁਲਫੇ ਤੇਰੀ’ (ਨਯਾ ਦੌਰ 1957); ‘ਤੁਮਸਾ ਨਹੀਂ ਦੇਖਾ’, ‘ਮੈਂ ਪਿਆਰ ਕਾ ਰਾਹੀ ਹੂੰ’ (ਏਕ ਮੁਸਾਫਿਰ ਏਕ ਹਸੀਨਾ-1962), ‘ਦੀਵਾਨਾ ਹੁਆ ਬਾਦਲ’ ਤੇ ‘ਇਸ਼ਾਰੋ ਇਸ਼ਾਰੋ ਮੈਂ’ (ਕਸ਼ਮੀਰ ਕੀ ਕਲੀ-1964) ਅਤੇ ਹੋਰ ਕਈ ਮਨਮੋਹਕ ਮੀਲ ਪੱਥਰ ਹਨ। ‘ਦਿਲ ਔਰ ਮੁਹੱਬਤ’ ਅਤੇ ‘ਕਿਸਮਤ’ ਦੀਆਂ ਧੁਨਾਂ ਉਸੇ ਨਸ਼ੀਲੇ ਸੁਹਜ ਨੂੰ ਦਰਸਾਉਂਦਾ ਹੈ। ਇੱਕ ਵਾਰ ਜਦੋਂ ਓ.ਪੀ. ਨਈਅਰ ਫਿਲਮ ਸੰਗੀਤ ਦੇ ਦ੍ਰਿਸ਼ ਤੋਂ ਫਿੱਕਾ ਪੈਣਾ ਸ਼ੁਰੂ ਹੋਇਆ ਤਾਂ ਆਸ਼ਾ ‘ਚੈਨ ਸੇ ਹਮਕੋ ਕਭੀ ਜੀਨੇ ਨਾ ਦੀਆ’ ਕਹਿ ਕੇ ਉਸ ਤੋਂ ਵੱਖ ਹੋ ਗਈ ਅਤੇ ਫਿਲਮ ‘ਪ੍ਰਾਨ ਜਾਏ ਪਰ ਵਚਨ ਨਾ ਜਾਏ’ (1972) ਦੀ ਇਹ ਰਚਨਾ ਉਨ੍ਹਾਂ ਦੇ ਗੀਤ ਦਾ ਪ੍ਰਤੀਕ ਬਣ ਗਈ।
ਆਸ਼ਾ ਨੇ ਓ.ਪੀ. ਨਈਅਰ ਤੋਂ ਪਰੇ ਰਾਹੁਲ ਦੇਵ ਬਰਮਨ ਨੂੰ ਆਪਣਾ ਸੰਗੀਤਕ ਹਮਸਫ਼ਰ ਬਣਾ ਲਿਆ। ਆਸ਼ਾ ਅਤੇ ਰਾਹੁਲ 1957 ਤੋਂ ਹੀ ਇੱਕ ਦੂਸਰੇ ਦੇ ਜਾਣੂ ਸਨ, ਜਦੋਂ ਸਚਿਨ ਦੇਵ ਬਰਮਨ ਨੇ ਰਾਹੁਲ ਨੂੰ ‘ਨੌਂ ਦੋ ਗਿਆਰਾ’ ਫਿਲਮ ਦੇ ਗੀਤਾਂ ਲਈ ਆਸ਼ਾ ਨੂੰ ਰਿਹਰਸਲ ਕਰਾਉਣ ਦੀ ਜ਼ਿੰਮੇਵਾਰੀ ਦਿੱਤੀ ਸੀ। ਐੱਸ.ਡੀ. ਬਰਮਨ ਨੇ ਸਹੀ ਭਾਵਨਾ ਪ੍ਰਾਪਤ ਕਰਨ ਲਈ ਆਸ਼ਾ ਕੋਲੋਂ ‘ਅਬ ਕੇ ਬਰਸ’ (ਬੰਦਿਨੀ) ਗੀਤ ਲਗਭਗ ਸੱਤ ਵਾਰੀ ਰੀਟੇਕ ਤੋਂ ਬਾਅਦ ਰਿਕਾਰਡ ਕੀਤਾ ਸੀ। ਉਨ੍ਹਾਂ ਨੇ ‘ਕਾਲਾ ਪਾਣੀ’, ‘ਕਾਲਾ ਬਾਜ਼ਾਰ’, ‘ਇਨਸਾਨ ਜਾਗ ਉੱਠਾ’, ‘ਲਾਜਵੰਤੀ’, ‘ਸੁਜਾਤਾ’, ‘ਤੀਨ ਦੇਵੀਆਂ’ ਅਤੇ ‘ਜਵੈਲ ਥੀਫ’ ਆਦਿ ਫਿਲਮਾਂ ਵਿੱਚ ਆਸ਼ਾ ਲਈ ਕੁਝ ਸ਼ਾਨਦਾਰ ਸੁਰਾਂ ਦੀ ਰਚਨਾ ਕੀਤੀ।
ਆਰ.ਡੀ. ਬਰਮਨ ਦੇ ਸੰਗੀਤ ਨਿਰਦੇਸ਼ਨ ਵਾਲੀ ਫਿਲਮ ‘ਤੀਸਰੀ ਮੰਜ਼ਿਲ’ (1967) ਨਾਲ ਆਸ਼ਾ ਇੱਕ ਪੌਪ ਆਇਕਨ ਬਣ ਗਈ ਸੀ ਅਤੇ ਇਸ ਨਾਲ ਜਾਦੂਈ ਪੰਚਮ ਨਾਲ ਉਸ ਦਾ ਅਭੁੱਲ ਰਿਸ਼ਤਾ ਵੀ ਜੁੜ ਗਿਆ। ਜਦੋਂ ਉਸ ਨੇ ਪਹਿਲੀ ਵਾਰ ‘ਆਜਾ ਆਜਾ ਮੈਂ ਹਾਂ’ (ਤੀਸਰੀ ਮੰਜ਼ਿਲ-1966) ਗੀਤ ਦੀ ਧੁਨ ਸੁਣੀ ਤਾਂ ਉਹ ਪੱਛਮੀ ਡਾਂਸ ਨੰਬਰ ਗਾਉਣ ਤੋਂ ਡਰਦੀ ਸੀ। 10 ਦਿਨਾਂ ਦੀ ਰਿਹਰਸਲ ਤੋਂ ਬਾਅਦ, ਜਦੋਂ ਉਸ ਨੇ ਗਾਣਾ ਗਾਇਆ ਤਾਂ ਨਤੀਜਾ ਸ਼ਾਨਦਾਰ ਸੀ ਅਤੇ ਆਰ. ਡੀ. ਬਰਮਨ ਨੇ ਉਸ ਨੂੰ 100 ਰੁਪਏ ਦਾ ਨੋਟ ਦਿੱਤਾ।
‘ਤੀਸਰੀ ਮੰਜ਼ਿਲ’ ਵਿੱਚ ਆਸ਼ਾ ਦੀ ਵਿਲੱਖਣਤਾ ਨੇ ਨਾ ਸਿਰਫ਼ ਨੌਜਵਾਨ ਪੀੜ੍ਹੀ ਨੂੰ, ਸਗੋਂ ਅਖੌਤੀ ਬਜ਼ੁਰਗਾਂ ਨੂੰ ਵੀ ਮੋਹਿਤ ਕਰ ਲਿਆ। ਫਿਲਮ ‘ਤੀਸਰੀ ਮੰਜ਼ਿਲ’ ਦਾ ‘ਆਜਾ ਆਜਾ’ ਅਤੇ ਹੋਰ ਗੀਤ ‘ਓ ਹਸੀਨਾ ਜ਼ੁਲਫੋ ਵਾਲੀ’ ਅਤੇ ‘ਓ ਮੇਰੇ ਸੋਨਾ ਰੇ’ ਨੇ ਆਸ਼ਾ ਭੋਸਲੇ ਤੇ ਰਫੀ ਦੀ ਬੱਲੇ ਬੱਲੇ ਕਰਵਾ ਦਿੱਤੀ। ਫਿਲਮ ਦੇ ਮੁੱਖ ਅਦਾਕਾਰ ਸ਼ੰਮੀ ਕਪੂਰ ਨੇ ਇੱਕ ਵਾਰ ਕਿਹਾ ਸੀ, ‘‘ਜੇ ਮੇਰੇ ਲਈ ਮੁਹੰਮਦ ਰਫੀ, ਇਨ੍ਹਾਂ ਗੀਤਾਂ ਨੂੰ ਨਾ ਗਾਉਂਦੇ ਤਾਂ ਮੈਂ ਆਸ਼ਾ ਭੋਸਲੇ ਨੂੰ ਪਿੱਠਵਰਤੀ ਗਾਇਕ ਵਜੋਂ ਇਸਤੇਮਾਲ ਕਰਦਾ।’’
ਆਰ.ਡੀ. ਬਰਮਨ ਅਕਸਰ ਉਸ ਦੀ ਰੇਂਜ ਅਤੇ ਸੰਭਾਵਨਾ ਦੀ ਪੜਚੋਲ ਕਰਨ ਲਈ ਵਿਸ਼ੇਸ਼ ਧੁਨਾਂ ਬਣਾਉਂਦੇ ਸਨ। ‘ਤੀਸਰੀ ਮੰਜ਼ਿਲ’ ਤੋਂ ਲੈ ਕੇ ‘ਸ਼ਾਨ’ ਅਤੇ ਅੰਤ ਵਿੱਚ ‘ਇਜਾਜ਼ਤ’ ਤੱਕ ਉਸ ਨੇ ਕਈ ਨਵੀਆਂ ਸ਼ੈਲੀਆਂ ਦੀ ਪੜਚੋਲ ਕੀਤੀ। ਉਸ ਨੂੰ ‘ਦਇਆ ਯੇ ਮੈਂ ਕਹਾਂ ਆ ਫਸੀ’ (ਕਾਰਵਾਂ) ਵਿੱਚ ਹਰ ਲਾਈਨ ਤੋਂ ਬਾਅਦ ਵੱਖ-ਵੱਖ ਅੱਠਵੇਂ ਸਤਰ ਨੂੰ ਸਕੇਲ ਕਰਨਾ ਪਿਆ।
ਪੰਚਮ- ਆਸ਼ਾ ਦੇ ਪੱਛਮੀ ਗੀਤਾਂ ਜਿਵੇਂ ਕੈਬਰੇ ‘ਪੀਆ ਤੂੰ ਅਬ ਤੋ ਆਜਾ’ (ਕਾਰਵਾਂ), ‘ਦਮ ਮਾਰੋ ਦਮ’ (ਹਰੇ ਰਾਮਾ ਹਰੇ ਕ੍ਰਿਸ਼ਨਾ), ‘ਦੁਨੀਆ ਮੇਂ ਲੋਗੋਂ’ (ਅਪਨਾ ਦੇਸ਼), ਅਤੇ ‘ਚੁਰਾ ਲੀਆ ਹੈ ਤੁਮਨੇ’ (ਯਾਦੋਂ ਕੀ ਬਾਰਾਤ) ਆਦਿ ਨੇ ਬੌਲੀਵੁੱਡ ਵਿੱਚ ਤੂਫਾਨ ਲਿਆ ਦਿੱਤਾ। 1980 ਦੇ ਦਹਾਕੇ ਵਿੱਚ ਉਨ੍ਹਾਂ ਨੇ ‘ਮੇਰਾ ਕੁਛ ਸਮਾਨ’ ਅਤੇ ‘ਕਤਰਾ ਕਤਰਾ’ (ਇਜਾਜ਼ਤ-1987) ਵਰਗੇ ਸੂਖਮ ਗੀਤ ਵੀ ਬਣਾਏ।
ਰਾਹੁਲ ਦੇਵ ਬਰਮਨ ਨੇ ਮਜ਼ੇਦਾਰ ਜਵਾਬਾਂ ਅਤੇ ਕੁਝ ਸੰਵਾਦਾਂ ਲਈ ਉਸ ਦੀ ਆਵਾਜ਼ ਦੀ ਵਰਤੋਂ ਕਰਕੇ ਕ੍ਰਿਸ਼ਮਈ ਪ੍ਰਭਾਵ ਪਾਇਆ। ਜਿਵੇਂ ‘ਆਜਾ ਆਜਾ ਮੈਂ ਹੂੰ’ (ਤੀਸਰੀ ਮੰਜ਼ਿਲ), ‘ਸੁਨ ਸੁਨ ਕਸਮ ਸੇ’ (ਕਾਲਾ ਸੋਨਾ), ‘ਸਪਨਾ ਮੇਰਾ ਟੂਟ ਗਿਆ’ (ਖੇਲ ਖੇਲ ਮੇਂ), ‘ਘਰ ਜਾਏਗੀ ਤਰ ਜਾਏਗੀ’ (ਖੁਸ਼ਬੂ), ‘ਜਵਾਨ ਜਾਨੇਮਨ’ (ਨਮਕ ਹਲਾਲ), ‘ਸੁਨ ਸੁਨ ਦੀਦੀ’ (ਖੁਬਸੂਰਤ), ‘ਜਾਨੇ ਜਾਂ ਢੂੰਢਤਾ ਫਿਰ ਰਹਾ’ (ਜਵਾਨੀ ਦੀਵਾਨੀ), ‘ਝੁਕਾ ਕੇ ਸਰ ਕੋ ਪੂਛੋ’ (ਸੱਤੇ ਪੇ ਸੱਤਾ), ‘ਓ ਮਾਰੀਆ’ (ਸਾਗਰ) ਸਿਰਫ਼ ਮੁੱਠੀ ਭਰ ਉਦਾਹਰਨਾਂ ਹਨ ਕਿ ਕਿਵੇਂ ਆਸ਼ਾ ਦੀ ਸੰਗੀਤਕ ਰੂਹ ਨੇ ਆਰ.ਡੀ. ਬਰਮਨ ਦੇ ਅਦਭੁੱਤ ਜਾਦੂ ਨੂੰ ਚੰਗੀ ਤਰ੍ਹਾਂ ਸਮਝਿਆ।
ਦੋ ਹੋਰ ਵੱਡੇ ਮੀਲ ਪੱਥਰ ਸਨ ਜਦੋਂ ਉਸ ਨੇ ਖ਼ਯਾਮ ਲਈ ‘ਉਮਰਾਓ ਜਾਨ’ ਵਿੱਚ ਗ਼ਜ਼ਲਾਂ ਗਾਈਆਂ ਅਤੇ ‘ਰੰਗੀਲਾ’ ਲਈ ‘ਤਨਹਾ ਤਨਹਾ’ ਨੂੰ ਪੇਸ਼ ਕਰਨ ਲਈ ਰਹਿਮਾਨ ਨਾਲ ਆਪਣੀ ਗਾਇਕੀ ਨੂੰ ਜੋੜਿਆ। ਰੇਖਾ ਅਭਿਨੀਤ ਫਿਲਮ ‘ਉਮਰਾਓ ਜਾਨ’ (1981) ਵਿੱਚ ਆਸ਼ਾ ਭੋਸਲੇ ਨੇ ‘ਦਿਲ ਚੀਜ਼ ਕਿਆ ਹੈ’, ‘ਇਨ ਆਂਖੋਂ ਕੀ ਮਸਤੀ ਕੇ’ ਅਤੇ ‘ਯੇ ਕਿਆ ਜਗ੍ਹਾ ਹੈ ਦੋਸਤੋ’ ਵਰਗੀਆਂ ਦਿਲਕਸ਼ ਗ਼ਜ਼ਲਾਂ ਗਾਈਆਂ। ਇਨ੍ਹਾਂ ਗ਼ਜ਼ਲਾਂ ਦੇ ਸੰਗੀਤਕਾਰ ਖ਼ਯਾਮ ਸਨ। ਆਸ਼ਾ ਖੁਦ ਹੈਰਾਨ ਸੀ ਕਿ ਉਸ ਨੇ ਇਨ੍ਹਾਂ ਗ਼ਜ਼ਲਾਂ ਨੂੰ ਕਿੰਨੀ ਸਫਲਤਾਪੂਰਵਕ ਗਾਇਆ। ਇਨ੍ਹਾਂ ਗ਼ਜ਼ਲਾਂ ਨਾਲ ਉਸ ਨੇ ਆਪਣਾ ਪਹਿਲਾ ਰਾਸ਼ਟਰੀ ਪੁਰਸਕਾਰ ਜਿੱਤਿਆ ਅਤੇ ਆਪਣੀ ਬਹੁਪੱਖੀ ਪ੍ਰਤਿਭਾ ਨੂੰ ਸਾਬਤ ਕੀਤਾ।
ਬਾਹਠ ਸਾਲਾ ਆਸ਼ਾ ਨੇ ਨੌਜਵਾਨ ਅਦਾਕਾਰਾ ਉਰਮਿਲਾ ਮਾਤੋਂਡਕਰ ਲਈ ਫਿਲਮ ‘ਰੰਗੀਲਾ’ (1995) ਵਿੱਚ ਏ.ਆਰ. ਰਹਿਮਾਨ ਦੇ ਸੰਗੀਤ ਨਿਰਦੇਸ਼ਨ ਹੇਠ ‘ਤਨਹਾ ਤਨਹਾ’ ਅਤੇ ‘ਰੰਗੀਲਾ ਰੇ’ ਵਰਗੇ ਸੁਪਰਹਿੱਟ ਗੀਤ ਗਾ ਕੇ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ। ਬਾਅਦ ਵਿੱਚ ਉਸ ਨੇ ਏ.ਆਰ. ਰਹਿਮਾਨ ਦੇ ਨਿਰਦੇਸ਼ਨ ਹੇਠ ਕਈ ਹੋਰ ਗੀਤ ਗਾਏ। ਆਸ਼ਾ ਨੇ ‘ਤਕਸ਼ਕ’ ਅਤੇ ‘ਲਗਾਨ’ ਵਰਗੀਆਂ ਆਪਣੀਆਂ ਵਿਸ਼ਵਵਿਆਪੀ ਧੁਨਾਂ ਵਿੱਚ ਵੀ ਰੰਗ ਜੋੜਿਆ।
ਹਾਲਾਂਕਿ ਭੋਸਲੇ ਹਮੇਸ਼ਾਂ ਜ਼ਿਆਦਾਤਰ ਸੰਗੀਤ ਨਿਰਦੇਸ਼ਕਾਂ ਲਈ ਦੂਜੀ ਪਸੰਦ ਸੀ, ਸ਼ਾਇਦ ਓ.ਪੀ. ਨਈਅਰ ਨੂੰ ਛੱਡ ਕੇ ਜਿਨ੍ਹਾਂ ਲਈ ਲਤਾ ਮੰਗੇਸ਼ਕਰ ਮੌਜੂਦ ਨਹੀਂ ਸੀ। ਨਿਰਮਾਤਾ ਵੀ. ਸ਼ਾਂਤਾਰਾਮ ਅਤੇ ਸੰਗੀਤਕਾਰ ਹੰਸਰਾਜ ਬਹਿਲ ਵਰਗੇ ਲੋਕਾਂ ਦੇ ਅਨੁਸਾਰ, ਉਹ ਬਿਹਤਰ ਸੀ। ਕੋਈ ਹੈਰਾਨੀ ਨਹੀਂ ਕਿ ਉਸ ਦਾ ਹਮੇਸ਼ਾਂ ‘ਗੈਰ-ਗੰਭੀਰ’ ਕੈਬਰੇ ਗੀਤ ਗਾਉਣ ਲਈ ਮਜ਼ਾਕ ਉਡਾਇਆ ਜਾਂਦਾ ਸੀ।
ਆਪਣੇ ਸ਼ੁਰੂਆਤੀ ਕਰੀਅਰ ਵਿੱਚ ਆਸ਼ਾ ਸੰਗੀਤਕਾਰ ਲਈ ਚੋਣ ਨਹੀਂ, ਇੱਕ ਮਜਬੂਰੀ ਸੀ। ਆਸ਼ਾ ਨੇ ਹੰਸਰਾਜ ਬਹਿਲ, ਓ.ਪੀ. ਨਈਅਰ, ਖ਼ਯਾਮ, ਐੱਸ.ਡੀ. ਬਰਮਨ, ਨੌਸ਼ਾਦ, ਮਦਨ ਮੋਹਨ, ਸ਼ੰਕਰ-ਜੈਕਿਸ਼ਨ, ਰਵੀ, ਹੇਮੰਤ ਕੁਮਾਰ, ਐਨ ਦੱਤਾ, ਕਲਿਆਣਜੀ ਆਨੰਦਜੀ, ਊਸ਼ਾ ਖੰਨਾ, ਚਿਤਰਗੁਪਤ, ਰੋਸ਼ਨ, ਸਲਿਲ ਚੌਧਰੀ, ਆਰ.ਡੀ.ਬਰਮਨ, ਲਕਸ਼ਮੀਕਾਂਤ ਪਿਆਰੇਲਾਲ, ਕਲਿਆਣਜੀ ਆਨੰਦਜੀ, ਅਨੂ ਮਲਿਕ, ਜਤਿਨ ਲਲਿਤ, ਬੱਪੀ ਲਹਿਰੀ, ਏ.ਆਰ. ਰਹਿਮਾਨ ਅਤੇ ਇਲਿਆਰਾਜਾ ਵਰਗੇ ਸਾਰੇ ਮਸ਼ਹੂਰ ਸੰਗੀਤ ਨਿਰਦੇਸ਼ਕਾਂ ਨਾਲ ਕੰਮ ਕੀਤਾ ਹੈ।
ਆਸ਼ਾ ਨੇ ਸੰਗੀਤਕਾਰ ਰਵੀ ਦੀ ਪਹਿਲੀ ਫਿਲਮ ‘ਵਚਨ’ (1955) ਲਈ ਇੱਕ ਸੁਰੀਲੀ ਲੋਰੀ ‘ਚੰਦਾ ਮਾਮਾ ਦੂਰ ਕੇ’ ਗਾਈ ਸੀ। ਆਸ਼ਾ ਨੇ ਰਵੀ ਦੇ ਸੰਗੀਤ ਨਿਰਦੇਸ਼ਨ ਹੇਠ ਕੁੱਲ 385 ਗੀਤ ਗਾਏ ਸਨ। ਖ਼ਯਾਮ ਨੇ ਆਪਣੀ ਪਹਿਲੀ ਫਿਲਮ ‘ਬੀਵੀ’ (1950) ਵਿੱਚ ਵੀ ਆਸ਼ਾ ਤੋਂ ‘ਮੇਰੇ ਮਨ ਕੇ ਆਂਗਨ ਚਾਂਦ ਚਮਕਾ’ ਗੀਤ ਗਵਾਇਆ ਸੀ। ਐੱਸ. ਮਦਨ ਨੇ ‘ਯੇ ਰਾਤ ਯੇ ਫਿਜ਼ਾਏਂ’ (ਬਟਵਾਰਾ) ਨਾਲ ਆਪਣੀ ਸ਼ੁਰੂਆਤ ਕੀਤੀ ਸੀ। ਜੈਦੇਵ ਨੇ ਆਸ਼ਾ ਨੂੰ ‘ਹਮ ਦੋਨੋਂ’, ‘ਮੁਝੇ ਜੀਨੇ ਦੋ’, ‘ਦੋ ਬੂੰਦ ਪਾਨੀ’ ਅਤੇ ਹੋਰ ਫਿਲਮਾਂ ਵਿੱਚ ਗਾਉਣ ਲਈ ਮੌਕਾ ਦਿੱਤਾ। ਸ਼ੰਕਰ ਜੈਕਿਸ਼ਨ ਨੇ ਆਸ਼ਾ ਨਾਲ ਮੁਕਾਬਲਤਨ ਘੱਟ ਕੰਮ ਕੀਤਾ। ਮਦਨ ਮੋਹਨ ਨੇ ਆਸ਼ਾ ਦੀ ਆਵਾਜ਼ ਵਿੱਚ ਬਹੁਤ ਸਾਰੇ ਗੀਤ ਰਿਕਾਰਡ ਕੀਤੇ, ਜਿਸ ਵਿੱਚ ਪ੍ਰਸਿੱਧ ਲੋਕ ਗੀਤ ‘ਝੁਮਕਾ ਗਿਰਾ ਰੇ’ (ਮੇਰਾ ਸਾਇਆ) ਵੀ ਸ਼ਾਮਲ ਹੈ।
ਸੰਗੀਤਕਾਰ ਅਨੁ ਮਲਿਕ ਅਤੇ ਆਸ਼ਾ ਨੇ ‘ਫਿਲਹਾਲ...’ (ਫਿਲਹਾਲ) ਅਤੇ ‘ਕਿਤਾਬੇਂ ਬਹੁਤ ਸੀ’ (ਬਾਜ਼ੀਗਰ) ਸਮੇਤ ਕਈ ਹਿੱਟ ਗੀਤ ਰਿਕਾਰਡ ਕੀਤੇ। ਏ.ਆਰ. ਰਹਿਮਾਨ ਨੂੰ ‘ਰੰਗੀਲਾ’ (1994) ਨਾਲ ਆਸ਼ਾ ਭੌਸਲੇ ਦੀ ਵਾਪਸੀ ਦਾ ਸਿਹਰਾ ਦਿੱਤਾ ਜਾਂਦਾ ਹੈ। ਇਸ ਦੇ ‘ਤਨਹਾ ਤਨਹਾ’ ਵਰਗੇ ਗੀਤ ਨੇ ਸਰੋਤਿਆਂ ਦੇ ਦਿਲਾਂ ਨੂੰ ਕੀਲ ਲਿਆ ਸੀ। ਦੱਖਣ ਭਾਰਤੀ ਫਿਲਮਾਂ ਦੇ ਉੱਘੇ ਸੰਗੀਤਕਾਰ ਇਲਿਆਰਾਜਾ ਨੇ 1980 ਦੇ ਦਹਾਕੇ ਦੇ ਸ਼ੁਰੂ ਵਿੱਚ ਆਸ਼ਾ ਭੋਸਲੇ ਦੇ ਗੀਤਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਸੀ। ਹਾਲਾਂਕਿ ਓ.ਪੀ. ਨਈਅਰ, ਐੱਸ.ਡੀ. ਬਰਮਨ ਅਤੇ ਆਰ.ਡੀ. ਬਰਮਨ ਨੇ ਦਹਾਕੇ ਦਰ ਦਹਾਕੇ ਆਸ਼ਾ ਲਈ ਬਿਲਕੁਲ ਵੱਖਰੇ ਸੰਗੀਤ ਦੀ ਸਿਰਜਣਾ ਕਰਕੇ ਨਵੇਂ ਪੱਧਰ ਖੋਲ੍ਹੇ।
ਆਸ਼ਾ ਭੋਸਲੇ ਦਾ ਪੰਜਾਬੀ ਸਿਨੇਮਾ ਵਿੱਚ ਯੋਗਦਾਨ: ਆਸ਼ਾ ਭੋਸਲੇ ਨੇ 98 ਪੰਜਾਬੀ ਫਿਲਮਾਂ ਲਈ 232 ਗੀਤਾਂ ਦੀ ਪੇਸ਼ਕਸ਼ ਨਾਲ ਪੰਜਾਬੀ ਸਿਨੇਮਾ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਪਾਇਆ ਹੈ। ਹੰਸਰਾਜ ਬਹਿਲ ਨੇ ਆਸ਼ਾ ਦਾ ਪਹਿਲਾ ਪੰਜਾਬੀ ਫਿਲਮੀ ਗੀਤ ‘ਕਦੀ ਭੁੱਲ ਚੁਕ ਕੇ ਬੀਬਾ’ (ਲੱਛੀ-1949) ਰਿਕਾਰਡ ਕੀਤਾ ਸੀ। ਅਗਲੇ ਸਾਲ ਵਿਨੋਦ ਨੇ ‘ਮੁਟਿਆਰ’ (1950) ਲਈ ਉਸ ਦੀ ਸੁਰੀਲੀ ਆਵਾਜ਼ ਵਿੱਚ ਚਾਰ ਗੀਤ ਰਿਕਾਰਡ ਕੀਤੇ। ਇਹ ਸਾਰੇ ਗਾਣੇ ਬਹੁਤ ਮਸ਼ਹੂਰ ਹੋਏ ਅਤੇ ਆਸ਼ਾ ਭੋਸਲੇ ਨੂੰ ਪੰਜਾਬੀ ਸੰਗੀਤ ਨਿਰਦੇਸ਼ਕਾਂ ਵੱਲੋਂ ਪੇਸ਼ਕਸ਼ਾਂ ਦਾ ਜਿਵੇਂ ਇੱਕ ਹੜ੍ਹ ਹੀ ਆ ਗਿਆ ਸੀ। ਉਸਤਾਦ ਅੱਲ੍ਹਾ ਰਾਖਾ ਕੁਰੈਸ਼ੀ ਨੇ ਆਸ਼ਾ ਨੂੰ ‘ਮਦਾਰੀ’ (1950) ਅਤੇ ‘ਫੁੰਮਣ’ (1951) ਫਿਲਮਾਂ ਵਿੱਚ ਕਈ ਹਿੱਟ ਗੀਤ ਗਵਾਏ। ਆਸ਼ਾ ਭੋਸਲੇ ਨੇ ਸਰਦੂਲ ਕਵਾਤੜਾ ਦੀ ਅਗਵਾਈ ਹੇਠ ‘ਪੋਸਤੀ’ (1951) ਵਿੱਚ ਛੇ ਗੀਤ ਗਾ ਕੇ ਨਾਮਣਾ ਖੱਟਿਆ। ਇਸ ਫਿਲਮ ਦੇ ਸਾਰੇ ਗੀਤ ਸੁਪਰਹਿੱਟ ਹੋਏ, ਖਾਸ ਕਰਕੇ ‘ਦੋ ਗੁੱਤਾਂ ਕਰ ਮੇਰੀਆਂ’ ਅਤੇ ‘ਤੂੰ ਪੀਂਘ ਤੇ ਮੈਂ ਪਰਛਾਵਾਂ’ ਸੰਗੀਤਕ ਚਾਰਟ ਦੇ ਸਿਖਰ ’ਤੇ ਰਹੇ। ਪੰਡਿਤ ਹੇਮ ਰਾਜ ਨੇ ਉਸ ਨੂੰ ‘ਵਿਸਾਖੀ’ (1951) ਵਿੱਚ ਮੌਕਾ ਦਿੱਤਾ ਜਦੋਂ ਕਿ ‘ਲਾਰਾ ਲੱਪਾ’ (1953) ਵਿੱਚ ਉਸ ਨੇ ਧਨੀ ਰਾਮ ਲਈ ਦੋ ਗੀਤ ਗਾਏ। ਫਿਰ ਆਸ਼ਾ ਨੇ ‘ਅਸ਼ਟੱਲੀ’ (1954) ਵਿੱਚ ਤਿੰਨ ਸੋਲੋ ਗੀਤ ‘ਯਾਰ ਬਦਨੀਤੀਆਂ’, ‘ਕਿਤੇ ਸੌਂ ਗਏ’ ਅਤੇ ‘ਗੁੱਤ ਕਰਦੇ ਗੋਬਿੰਦੀਏ’ ਗਾਏ। ਬਾਅਦ ਵਿੱਚ ਆਸ਼ਾ ਨੇ ਸੰਗੀਤ ਜੋੜੀ ਹੁਸਨਲਾਲ-ਭਗਤਰਾਮ ਲਈ ‘ਸ਼ਾਹ ਜੀ’ (1954) ਵਿੱਚ ਕੁੱਲ ਸੱਤ ਗੀਤਾਂ ਵਿੱਚੋਂ ਪੰਜ ਗੀਤ ਗਾਏ ਸਨ।
ਸਾਲ 1957 ਵਿੱਚ ਐੱਸ.ਡੀ. ਬਾਤਿਸ਼ ਨੇ ਆਸ਼ਾ ਭੌਸਲੇ ਨੂੰ ਫਿਲਮਿਸਤਾਨ ਪ੍ਰੋਡਕਸ਼ਨ ‘ਹੁਲਾਰੇ’ ਅਤੇ ‘ਮੁਕਲਾਵਾ’ ਵਿੱਚ ਗਾਉਣ ਲਈ ਕਿਹਾ। ਉਸ ਨੇ ‘ਹੁਲਾਰੇ’ ਵਿੱਚ ਚਾਰ ਅਤੇ ‘ਮੁਕਲਾਵਾ’ ਵਿੱਚ ਛੇ ਹਿੱਟ ‘ਮੇਰੇ ਦਿਲ ਦਾ ਆਲ੍ਹਣਾ’, ‘ਲਾਲ ਘੱਗਰਾ ਸਲੇਟੀ ਚਾਦਰ’ ਅਤੇ ‘ਉੱਡ ਗਈਆਂ ਡਾਰਾਂ’ ਆਦਿ ਗੀਤ ਗਾਏ। ਆਸ਼ਾ ਨੇ ‘ਹੀਰ ਸਿਆਲ’ (1960) ਵਿੱਚ ‘ਮੁੰਡਾ ਮਾਰਦਾ ਗਲੀ ਦੇ ਵਿੱਚ ਗੇੜੇ’ ਅਤੇ ‘ਬਿੱਲੋ’ (1961) ਵਿੱਚ ‘ਅਸਾਂ ਚੰਨ ਨੂੰ ਗਵਾਹ ਕੀਤਾ’ ਸਮੇਤ ਪੰਜ ਹਿੱਟ ਗੀਤ ਗਾਏ। ਉਸ ਨੇ ‘ਜੀਜਾ ਜੀ’ (1961) ਵਿੱਚ ਪੰਜ ਗੀਤ ਗਾਏ ਜੋ ਕਿ ਸੰਗੀਤਕ ਜੋੜੀ ਸਪਨ-ਜਗਮੋਹਨ ਦੀ ਪਹਿਲੀ ਫਿਲਮ ਸੀ। ਆਸ਼ਾ ਨੇ ਸਾਲ 1961 ਦਾ ਅੰਤ ‘ਵਲਾਇਤ ਪਾਸ’ ’ਚ ਚਾਰ ਖੂਬਸੂਰਤ ਗੀਤ ‘ਚੱਲੇ ਮੇਰਾ ਗੋਫੀਆ’, ‘ਨੀਂ ਮੇਰੀਆਂ ਝਾਂਜਰਾਂ’ ਆਦਿ ਗਾ ਕੇ ਕੀਤਾ।
1962 ਵਿੱਚ ਉਸ ਕੋਲ ਦੋ ਸੁਪਰ ਮਿਊਜ਼ੀਕਲ ਹਿੱਟ ‘ਚੌਧਰੀ ਕਰਨੈਲ ਸਿੰਘ’ ਅਤੇ ‘ਪਰਦੇਸੀ ਢੋਲਾ’ ਸਨ ਜਿਨ੍ਹਾਂ ਵਿੱਚ ‘ਪਿਆਰ ਪੌਣਾ ਸੌਖਾ’, ‘ਪਹਿਲੀ ਪਹਿਲੀ ਵਾਰ’ ਅਤੇ ‘ਚੁੰਨੀ ਅਪਣੀ ਨੂੰ ਰੰਗ ਕੀਤਾ’ ਵਰਗੇ ਗੀਤ ਗਾਏ ਸਨ। ਉਸ ਨੇ ‘ਬੰਤੋ’ (1962) ਅਤੇ ‘ਛੜੀਆਂ ਦੀ ਡੋਲੀ’ (1963) ਵਿੱਚ ਇੱਕ-ਇੱਕ ਸੋਲੋ ਗੀਤੀ ਗਾਇਆ ਸੀ। ‘ਲਾਡੋ ਰਾਣੀ’ (1963) ਵਿੱਚ ਉਸ ਨੇ ਕੁੱਲ ਛੇ ਗੀਤਾਂ ਵਿੱਚੋਂ ਪੰਜ ਗੀਤ ਗਾਏ, ਜਦੋਂ ਕਿ ‘ਪਿੰਡ ਦੀ ਕੁੜੀ’ (1963) ਵਿੱਚ ‘ਹਾਲ ਪਾਰਿਆ ਹਾਏ ਨੀ’ ਗਾਇਆ ਸੀ। ਅਗਲੇ ਸਾਲ ਉਸ ਦੀਆਂ ਛੇ ਫਿਲਮਾਂ ‘ਗੀਤ ਬਹਾਰਾਂ ਦੇ’, ‘ਜੱਗਾ’, ‘ਕਿੱਕਲੀ’, ‘ਮੈਂ ਜੱਟੀ ਪੰਜਾਬ ਦੀ’, ‘ਸੱਤ ਸਾਲੀਆਂ’ ਅਤੇ ‘ਸਤਲੁਜ ਦੇ ਕੰਢੇ’ ਨੇ ਧਮਾਲਾਂ ਪਾ ਦਿੱਤੀਆਂ। ਇਨ੍ਹਾਂ ਫਿਲਮਾਂ ਦੇ ਕੁਝ ਹਿੱਟ ਗੀਤ ਸਨ: ‘ਇੱਕ ਪਾਸੇ ਟਾਹਲੀ’, ‘ਤੇਰਾ ਕਜਲਾ’, ‘ਕੋਠੇ ’ਤੇ ਆਵੀਂ’, ‘ਮੈਂ ਜੱਟੀ ਆ ਪੰਜਾਬ ਦੀ’, ‘ਇਨ੍ਹਾਂ ਅੱਖਾਂ ਨੂੰ ਘੁੰਡ ਵਿੱਚ’ ਅਤੇ ‘ਸੁਣ ਮੇਰੇ ਮਾਹੀ’ ਆਦਿ। 1965 ਵਿੱਚ ਉਸ ਦੇ ਹਿੱਟ ਗੀਤ ਚਾਰ ਫਿਲਮਾਂ ‘ਧਰਤੀ ਵੀਰਾਂ ਦੀ’, ‘ਸਪਨੀ’, ‘ਸੱਸੀ ਪੁੰਨੂੰ’ ਵਿੱਚ ਪ੍ਰਦਰਸ਼ਿਤ ਕੀਤੇ ਗਏ ਸਨ।
ਗੋਲਡਨ ਜੁਬਲੀ ਹਿੱਟ ਭਗਤੀ ਫਿਲਮ ‘ਨਾਨਕ ਨਾਮ ਜਹਾਜ਼ ਹੈ’ (1969) ਵਿੱਚ ਆਸ਼ਾ ਨੇ ਸੱਚੀ ਅਧਿਆਤਮਕ ਰਾਗੀ ਰਬਾਬੀ ਪਰੰਪਰਾ ਵਿੱਚ ਗੁਰਬਾਣੀ ਸ਼ਬਦ ‘ਮੇਰੇ ਸਾਹਿਬ ਤੂੰ ਮੈਂ ਮਨ ਨਿਮਾਣੀ’, ‘ਰੇ ਮਨ ਐਸੋ ਕਰ ਸੰਨਿਆਸਾ’, ‘ਪ੍ਰਭ ਜੁ ਕਹੀ ਲਾਜ ਹਮਾਰੀ’ ਦਾ ਉਚਾਰਣ ਕੀਤਾ। ਉਸ ਨੇ ‘ਨਾਨਕ ਦੁਖੀਆ ਸਭ ਸੰਸਾਰ’, ‘ਦੁਖ ਭੰਜਨ ਤੇਰਾ ਨਾਮ’, ‘ਮਨ ਜੀਤੇ ਜਗ ਜੀਤ’ ਅਤੇ ‘ਮਿੱਤਰ ਪਿਆਰੇ ਨੂੰ’ ਵਰਗੀਆਂ ਫਿਲਮਾਂ ਵਿੱਚ ਵੀ ਗੁਰਬਾਣੀ ਦਾ ਜਾਪ ਕੀਤਾ। ਉਸ ਦੀਆਂ ਹੋਰ ਪ੍ਰਸਿੱਧ ਫਿਲਮਾਂ ਸਨ: ‘ਜੀਤੋ’, ‘ਪਾਪੀ ਤੇਰੇ ਅਨੇਕ’, ‘ਸ਼ੇਰਨੀ’, ‘ਪ੍ਰੇਮੀ ਗੰਗਾਰਾਮ’, ‘ਸੰਤੋ ਬੰਤੋ’, ‘ਸਤਿ ਸ੍ਰੀ ਅਕਾਲ’, ‘ਧਿਆਨੁ ਭਗਤ’, ‘ਨੱਚਦੀ ਜਵਾਨੀ’ ਅਤੇ ‘ਦੁਨੀਆ ਮਤਲਬ ਦੀ’।
ਉਸ ਦੇ ਪ੍ਰਸਿੱਧ ਪੰਜਾਬੀ ਗੀਤਾਂ ਦੇ ਸੰਗ੍ਰਹਿ ਵਿੱਚ ਇਸ ਤੋਂ ਬਾਅਦ ਵੀ ਕਈ ਫਿਲਮਾਂ ਆਈਆਂ ਜਿਵੇਂ ‘ਮੁੰਡਾ ਕੁੜੀਆਂ ਤੱਕਣ ਦਾ ਮਾਰਾ’ (ਦੁਪੱਟਾ-1970); ‘ਨਿੱਕੀ ਨਿੱਕੀ ਗੱਲੇ ਤੁਸੀਂ’ (ਕਣਕਾਂ ਦੇ ਓਹਲੇ-1971); ‘ਜਦੋਂ ਜਦੋਂ ਵੀ ਬਨੇਰੇ ਬੋਲੇ ਕਾਂ’ (ਮਨ ਜੀਤੇ ਜਗ ਜੀਤ-1973); ‘ਨੀਂ ਮਾਹੀ ਮੈਨੂੰ ਕਾਲਾ ਮਿਲਿਆ’ (ਦੋ ਸ਼ੇਰ-1974); ‘ਬਨ ਕੇ ਮੈਂ ਮੋਰਨੀ’ (ਮੋਰਨੀ-1975); ‘ਅੱਗ ਲੱਗੇ ਮਹਿਲਾਂ ਨੂੰ’ (ਤੇਰੀ ਮੇਰੀ ਇਕ ਜਿੰਦੜੀ-1975); ‘ਵੇ ਚੰਨਾ ਪਾਈਏ ਭੁਲੇਖਾ’ (ਚੰਗੇ ਮੰਦੇ ਤੇਰੇ ਬੰਦੇ-1976); ‘ਆ ਗਈ ਰੁਤ ਸਾਉਣ ਦੀ’ (ਉਡੀਕਾਂ -1978); ‘ਅੰਬਰਾਂ ’ਚ ਲਾਈਏ ਚੱਲ ਉਡਾਰੀ’ (ਡੇਰਾ ਆਸ਼ਕਾਂ ਦਾ-1979); ‘ਜਿੱਥੋਂ ਗਈ ਲੰਘਦੀ’ (ਮਾਹੀ ਮੁੰਡਾ-1979); ‘ਯਾਰੀ ਹਾਣ ਦੇ ਮੁੰਡੇ’ (ਮੁਟਿਆਰ-1979); ‘ਨਿੱਤ ਨਵੇਂ ਫੁੱਲਾਂ ’ਤੇ’ (ਸੁੱਖੀ ਪਰਿਵਾਰ-1979); ‘ਕਿਤੇ ਵੇਖ ਸੱਜਣ’ (ਚੰਨ ਪ੍ਰਦੇਸੀ-1980); ‘ਦੱਸ ਮੇਰਿਆ ਦਿਲਬਰਾ ਵੇ’ ਅਤੇ ‘ਡਾਚੀ ਵਾਲਿਆ ਮੋੜ ਮੁਹਾਰ ਵੇ’ (ਸੱਸੀ ਪੁੰਨੂੰ-1983); ‘ਹੰਝੂਆਂ ’ਚ ਰਾਤ ਲੰਘਦੀ’ (ਮਿੱਟੀ ਵਤਨਾਂ ਦੀ-1995) ਅਤੇ ‘ਮੇਰੀ ਚੁੰਨੀ ਦਾ ਚਮਕੇ ਗੋਟਾ’ (ਸ਼ਹੀਦ-ਏ-ਮੁਹੱਬਤ ਬੂਟਾ ਸਿੰਘ-1998)।
ਆਸ਼ਾ ਭੋਸਲੇ ਆਪਣੀ ਬਹੁਪੱਖੀ ਆਵਾਜ਼ ਅਤੇ ਡੂੰਘੀ ਭਾਵਨਾਤਮਕ ਰੇਂਜ ਲਈ ਜਾਣੀ ਜਾਂਦੀ ਹੈ। ਉਸ ਨੇ ਪੰਜਾਬੀ ਫਿਲਮਾਂ ਤੋਂ ਇਲਾਵਾ ਆਪਣੀ ਬਹੁਮੁਖੀ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਦੇ ਹੋਏ ਕਈ ਰੂਹਾਨੀ ਗੁਰਬਾਣੀ ਸ਼ਬਦ ਅਤੇ ਭਗਤੀ ਵਾਲੇ ਕੀਰਤਨ ਰਿਕਾਰਡ ਕੀਤੇ ਹਨ। ਉਸ ਦੇ ਗੁਰਬਾਣੀ ਸੰਗ੍ਰਹਿ/ ਪੇਸ਼ਕਾਰੀਆਂ, ਉਸ ਦੀ ਭਾਵਨਾਤਮਕ ਡੂੰਘਾਈ ਅਤੇ ਸੂਖਮ ਸੰਗੀਤਕ ਰਚਨਾਵਾਂ ਵਜੋਂ ਜਾਣੀਆਂ ਜਾਂਦੀਆਂ ਹਨ। ਸਿੰਘ ਬੰਧੂ ਅਤੇ ਐੱਸ. ਮਹਿੰਦਰ ਨਾਲ ਉਸ ਦੀਆਂ ਰਿਕਾਰਡਿੰਗਾਂ ਅਰਥਪੂਰਨ ਹਨ।
ਆਸ਼ਾ ਭੋਸਲੇ ਦੁਆਰਾ ਗਾਏ ਗਏ ਕੁਝ ਪ੍ਰਸਿੱਧ ਗੁਰਬਾਣੀ ਸ਼ਬਦ ਹਨ: ਪ੍ਰਭ ਜੁ ਤੋ ਕੇ ਲਾਜ॥; ਮੇਰੇ ਸਾਹਿਬ ਮੇਰੇ ਸਾਹਿਬ॥ (ਨਾਨਕ ਨਾਮ ਜਹਾਜ਼ ਹੈ-1970); ਮੈਂ ਬੰਜਾਰਨ ਰਾਮ ਕੀ॥; ਏਕ ਪਿਤਾ ਏਕਸ ਕੇ ਹਮ ਬਾਰਿਕ॥; ਜਉ ਤਉ ਪ੍ਰੇਮ ਖੇਲਣ ਕਾ ਚਾਉ॥; ਮੈਂ ਚਰਨ ਗੁਰ ਮੀਠੇ॥; ਮੈਂ ਅੰਧੇਲੇ ਕੀ ਟੇਕ॥; ਰੇ ਮਨ ਆਇਸੋ ਕਰ ਸੰਨਿਆਸਾ॥; ਪਾਪੀ ਜਿਊਰੀਆ ਬੋਲ ਸਤਿਨਾਮ॥; ਪ੍ਰਭ ਮਿਲਬੇ ਕੋ ਪ੍ਰੀਤ ਮਨ ਲਾਗੀ; ਰਾਮ ਗਯੋ ਰਾਵਨ ਗਯੋ; ਘਰ ਕੀ ਨਾਰ ਬਹੁ ਹਿਤ ਜਸਯੋ; ਜਿਸੁ ਕੈ ਸਿਰਿ ਊਪਰਿ ਤੂ ਸਵਾਮੀ ਅਤੇ ਹੋਰ ਬਹੁਤ ਸਾਰੇ।
ਆਸ਼ਾ ਹਮੇਸ਼ਾਂ ਆਪਣੀ ਗਾਇਕੀ ਵਿੱਚ ਹੈਰਾਨੀ ਅਤੇ ਜੋਸ਼ ਦਾ ਤੱਤ ਪਾਉਂਦੀ ਰਹੀ: ‘ਹਾਲ ਕੈਸਾ ਹੈ ਜਨਾਬ ਕਾ’ (ਚਲਤੀ ਕਾ ਨਾਮ ਗਾਡੀ), ‘ਅੱਛਾ ਜੀ ਮੈਂ ਹਾਰੀ’ (ਕਾਲਾ ਪਾਣੀ), ‘ਖੁੱਲ੍ਹਮ ਖੁੱਲ੍ਹਾ ਪਿਆਰ’ (ਖੇਲ ਖੇਲ ਮੇਂ), ‘ਆਪ ਯਹਾਂ ਆਏ ਕਿਸ ਲਈ’ (ਕਲ ਆਜ ਔਰ ਕਲ) ਅਤੇ ‘ਮੈਂ ਤੁਮ ਕੋ ਕਿਆ ਕਹੂੰ’ (ਦਿ ਗ੍ਰੇਟ ਗੈਂਬਲਰ) ਆਦਿ। ਉਹ ਜਿਸ ਵੀ ਅਭਿਨੇਤਰੀ ਨੂੰ ਪਲੇਅਬੈਕ ਦਿੰਦੀ ਸੀ, ਉਸ ਨੂੰ ਮੂਰਤੀਮਾਨ ਕਰਨ ਦੀ ਯੋਗਤਾ ਰੱਖਦੀ ਸੀ।
ਆਸ਼ਾ ਨੇ ਮੁੱਖ ਧਾਰਾ ਦੀ ਪੌਪ ਸੰਗੀਤ ਸ਼ੈਲੀ ਵਿੱਚ ਆਪਣੇ ਆਪ ਨੂੰ ਮੁੜ ਸੁਰਜੀਤ ਕੀਤਾ। 1995 ਵਿੱਚ ਉਸ ਨੇ ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਉਸਤਾਦ ਅਲੀ ਅਕਬਰ ਖਾਨ ਨਾਲ ‘ਗਾਥਾ ਬੰਦਨ’ ਸਮਾਰੋਹ ਵਿੱਚ ਕਲਾਸੀਕਲ ਸੰਗੀਤ ਸਿੱਖਣ ਲਈ ਹਿੱਸਾ ਲਿਆ। ਬਾਅਦ ਵਿੱਚ ਉਨ੍ਹਾਂ ਨੇ ਕੈਲੀਫੋਰਨੀਆ ਵਿੱਚ ਲੀਗੇਸੀ ਲਈ ਗਿਆਰਾਂ ‘ਬੰਦਿਸ਼ਾਂ’ ਰਿਕਾਰਡ ਕੀਤੀਆਂ, ਇੱਕ ਨਿੱਜੀ ਐਲਬਮ ਜਿਸ ਨਾਲ ਉਨ੍ਹਾਂ ਨੇ ਗ੍ਰੈਮੀ ਐਵਾਰਡ ਨਾਮਜ਼ਦਗੀ ਜਿੱਤੀ। 1996 ਵਿੱਚ ਉਸ ਨੇ ਆਪਣਾ ਪਹਿਲਾ ਐਲਬਮ ‘ਰਾਹੁਲ ਐਂਡ ਆਈ’ ਰਿਲੀਜ਼ ਕੀਤਾ। ਉਸ ਦੇ ਅਗਲੇ ਐਲਬਮ ‘ਜਾਨਮ ਸਮਝਾ ਕਰੋ’ ਨੇ 1997 ਵਿੱਚ ਐੱਮਟੀਵੀ ਐਵਾਰਡ ਜਿੱਤਿਆ।
ਅਕਤੂਬਰ 2004 ਵਿੱਚ ਆਸ਼ਾ ਭੋਸਲੇ ਦੁਆਰਾ 1966 ਤੋਂ 2003 ਵਿਚਕਾਰ ਗਾਏ ਗੀਤਾਂ ਦੀ ਇੱਕ ਐਲਬਮ ‘ਦਿ ਵੇਰੀ ਬੈਸਟ ਆਫ ਆਸ਼ਾ ਭੋਸਲੇ’ ਰਿਲੀਜ਼ ਕੀਤੀ ਗਈ ਸੀ। 2005 ਵਿੱਚ ਉਸ ਨੇ ਤਾਮਿਲ ਫਿਲਮ ‘ਚੰਦਰਲੇਖਾ’ ਅਤੇ ਪੌਪ ਗੀਤ ‘ਲੱਕੀ ਲਿਪਸ’ ਗਾਇਆ। 2005 ਵਿੱਚ ਉਸ ਨੇ ਇੱਕ ਸਵੈ-ਸਿਰਲੇਖ ਐਲਬਮ ‘ਆਸ਼ਾ’ ਰਿਲੀਜ਼ ਕੀਤੀ ਜੋ ਚਾਰ ਗ਼ਜ਼ਲ ਉਸਤਾਦਾਂ ਮਹਿਦੀ ਹਸਨ, ਗੁਲਾਮ ਅਲੀ, ਫਰੀਦਾ ਖਾਨੁਮ ਅਤੇ ਜਗਜੀਤ ਸਿੰਘ ਨੂੰ ਸ਼ਰਧਾਂਜਲੀ ਸੀ, ਜਿਸ ਵਿੱਚ ਫਰੀਦਾ ਖਾਨੁਮ ਦੀ ਗ਼ਜ਼ਲ ‘ਆਜ ਜਾਨੇ ਕੀ ਜ਼ਿੱਦ ਨਾ ਕਰੋ’ ਅਤੇ ਗੁਲਾਮ ਅਲੀ ਦੀ ‘ਆਵਰਗੀ’ ਦੀਆਂ ਧੁਨਾਂ ਵਿਲੱਖਣ ਗੂੰਜ ਨਾਲ ਉੱਭਰਦੀਆਂ ਹਨ।
ਛੇ ਦਹਾਕਿਆਂ ਤੱਕ ਗਾਉਣ ਤੋਂ ਬਾਅਦ ਉਸ ਨੂੰ ਮਹੇਸ਼ ਕੋਡਿਆਲ ਦੁਆਰਾ ਨਿਰਦੇਸ਼ਤ ‘ਮਾਈ’ ਵਿੱਚ ਇੱਕ ਅਭਿਨੇਤਰੀ ਦੇ ਰੂਪ ਵਿੱਚ ਆਪਣਾ ਪਹਿਲਾ ਬ੍ਰੇਕ ਮਿਲਿਆ। ਇਸ ਫਿਲਮ ਵਿੱਚ ਉਸ ਨੇ ਪਦਮਿਨੀ ਕੋਹਲਾਪੁਰੀ ਦੀ ਮਾਂ ਦਾ ਕੇਂਦਰੀ ਕਿਰਦਾਰ ਨਿਭਾਇਆ। ਗਾਇਕਾ ਦਾ ਨਿੱਜੀ ਜੀਵਨ ਉਸ ਉਤਸ਼ਾਹ ਤੋਂ ਬਹੁਤ ਦੂਰ ਸੀ ਜੋ ਉਸ ਨੇ ਆਪਣੇ ਜਨਤਕ ਵਿਅਕਤੀਤਵ ਜਾਂ ਪੇਸ਼ੇਵਰ ਧਾਰਾ ਵਿੱਚ ਪ੍ਰਗਟ ਕੀਤਾ ਸੀ। ਆਸ਼ਾ ਭੋਸਲੇ ਦਾ ਨਿੱਜੀ ਜੀਵਨ ਵੀ ਬਹੁਤ ਮੁਸ਼ਕਿਲਾਂ ਭਰਿਆ ਰਿਹਾ।
ਆਸ਼ਾ ਕਹਿੰਦੀ ਸੀ, ‘ਲਤਾ ਮੇਰੀ ਭੈਣ ਅਤੇ ਮੇਰੀ ਮਨਪਸੰਦ ਗਾਇਕਾ ਹੈ। ਲੋਕ ਕਹਾਣੀਆਂ ਸੁਣਾਉਂਦੇ ਸਨ ਅਤੇ ਮੁਸੀਬਤ ਪੈਦਾ ਕਰਨ ਦੀ ਕੋਸ਼ਿਸ਼ ਕਰਦੇ ਸਨ, ਪਰ ਖੂਨ ਪਾਣੀ ਨਾਲੋਂ ਗਾੜ੍ਹਾ ਹੁੰਦਾ ਹੈ। ਮੈਨੂੰ ਯਾਦ ਹੈ, ਕਈ ਵਾਰ ਅਸੀਂ ਦੋਵੇਂ ਕਿਸੇ ਸਮਾਗਮ ਵਿੱਚ ਹੁੰਦੇ ਸੀ ਅਤੇ ਕੁਝ ਇੰਡਸਟਰੀ ਵਾਲੇ ਮੈਨੂੰ ਨਜ਼ਰਅੰਦਾਜ਼ ਕਰਦੇ ਸਨ ਅਤੇ ਸਿਰਫ਼ ਉਸ ਨਾਲ ਗੱਲਬਾਤ ਕਰਦੇ ਸਨ, ਜਿਵੇਂ ਕਿ ਆਪਣੀ ਵਫ਼ਾਦਾਰੀ ਸਾਬਤ ਕਰਨ ਲਈ। ਬਾਅਦ ਵਿੱਚ ਦੀਦੀ ਅਤੇ ਮੈਂ ਖੂਬ ਹੱਸਦੀਆਂ ਸਾਂ।’’
ਆਸ਼ਾ ਨੇ ਆਪਣੇ ਅੱਠ ਦਹਾਕਿਆਂ ਦੇ ਕਰੀਅਰ ਦੌਰਾਨ 950 ਤੋਂ ਵੱਧ ਬੌਲੀਵੁੱਡ ਫਿਲਮਾਂ ਵਿੱਚ 12000 ਤੋਂ ਵੱਧ ਗੀਤ ਗਾਉਣ ਦਾ ਵਿਸ਼ਵ ਰਿਕਾਰਡ ਕਾਇਮ ਕੀਤਾ। ਉਸ ਨੇ ਅਠਾਰਾਂ ਭਾਸ਼ਾਵਾਂ ਹਿੰਦੀ, ਮਰਾਠੀ, ਬੰਗਾਲੀ, ਗੁਜਰਾਤੀ, ਪੰਜਾਬੀ, ਤਾਮਿਲ, ਅੰਗਰੇਜ਼ੀ, ਰੂਸੀ, ਨੇਪਾਲੀ ਅਤੇ ਮਲਿਆਲਮ ਆਦਿ ਦੀਆਂ ਫਿਲਮਾਂ ਅਤੇ ਐਲਬਮਾਂ ਲਈ ਗੀਤ ਰਿਕਾਰਡ ਕੀਤੇ ਹਨ। ਹਿੰਦੀ ਤੇ ਮਰਾਠੀ ਫਿਲਮਾਂ ਤੋਂ ਬਾਅਦ ਸਭ ਤੋਂ ਜ਼ਿਆਦਾ ਪੰਜਾਬੀ ਫਿਲਮਾਂ (98) ਲਈ 232 ਗੀਤ ਗਾਏ ਹਨ।
ਉਸ ਨੂੰ ਸੰਗੀਤ ਦੀ ਦੁਨੀਆ ਦੇ ਲਗਪਗ ਸਾਰੇ ਸਨਮਾਨਾਂ ਨਾਲ ਨਿਵਾਜਿਆ ਜਾ ਚੁੱਕਿਆ ਹੈ। ਜਿਨ੍ਹਾਂ ਵਿੱਚ ਦੋ ਗ੍ਰੈਮੀ ਨਾਮਜ਼ਦਗੀਆਂ, 2000 ਵਿੱਚ ਸਿਨੇਮਾ ਦੇ ਖੇਤਰ ਵਿੱਚ ਭਾਰਤ ਦੇ ਸਭ ਤੋਂ ਉੱਚੇ ਪੁਰਸਕਾਰ ਦਾਦਾ ਸਾਹਿਬ ਫਾਲਕੇ ਪੁਰਸਕਾਰ, 2008 ਵਿੱਚ ਦੇਸ਼ ਦੇ ਦੂਜੇ ਸਭ ਤੋਂ ਉੱਚੇ ਨਾਗਰਿਕ ਸਨਮਾਨ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਰਾਜ ਸਰਕਾਰਾਂ ਦੁਆਰਾ ਦਿੱਤੇ ਗਏ ਹੋਰ ਵੀ ਬਹੁਤ ਸਾਰੇ ਪੁਰਸਕਾਰ ਹਨ। ਉਸ ਨੇ ‘ਉਮਰਾਓ ਜਾਨ’ ਅਤੇ ‘ਇਜਾਜ਼ਤ’ ਲਈ ਦੋ ਵਾਰ ਰਾਸ਼ਟਰੀ ਫਿਲਮ ਪੁਰਸਕਾਰ, ਅੱਠ ਵਾਰ ਫਿਲਮਫੇਅਰ ਬੈਸਟ ਪਲੇਬੈਕ ਸਿੰਗਰ ਐਵਾਰਡ ਅਤੇ 2001 ਵਿੱਚ ਫਿਲਮਫੇਅਰ ਲਾਈਫਟਾਈਮ ਅਚੀਵਮੈਂਟ ਐਵਾਰਡ ਪ੍ਰਾਪਤ ਕੀਤਾ ਹੈ। ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਨੇ 2011 ਵਿੱਚ ਉਸ ਨੂੰ ਸੰਗੀਤ ਇਤਿਹਾਸ ਵਿੱਚ ਸਭ ਤੋਂ ਵੱਧ ਰਿਕਾਰਡ ਕੀਤੇ ਕਲਾਕਾਰ ਵਜੋਂ ਮਾਨਤਾ ਦਿੱਤੀ।

