DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਅ’ ਦਾ ਆੜੀ ਰਾਣਾ ਰਣਬੀਰ

ਅਨੇਕਾਂ ਪੁਸਤਕਾਂ ਦਾ ਰਚੇਤਾ, ਵਰ੍ਹਿਆਂ ਤੋਂ ਗਲੀ ਮੁਹੱਲੇ ਤੇ ਦੇਸ਼ ਵਿਦੇਸ਼ ’ਚ ਥੀਏਟਰ ਦਾ ਦੀਵਾ ਵੀ ਨਾਲੋਂ ਨਾਲ ਬਾਲ ਰਿਹਾ ਹੈ।

  • fb
  • twitter
  • whatsapp
  • whatsapp
Advertisement

ਲਿਖਾਰੀ ਕਲਾ, ਨਾਟਕ ਕਲਾ ਤੇ ਫਿਲਮ ਕਲਾਂ, ਤਿੰਨੋਂ ਕਲਾਵਾਂ ’ਚ ਇੱਕੋ ਸੁਰ ਨਾਲ ਨਿਭਣ ਵਾਲਾ ਚਿਹਰਾ ਲੱਭਦੇ ਹਾਂ ਤਾਂ ਦੂਰੋਂ ਹੀ ਰਾਣਾ ਰਣਬੀਰ ਨਜ਼ਰ ਪੈਂਦੇ ਹਨ, ਜਿਨ੍ਹਾਂ ਕੋਲ ਕੁੱਜਾ ਵੀ ਹੈ ਅਤੇ ਕੁੱਜੇ ’ਚ ਸਮੁੰਦਰ ਵੀ। ਰਾਣਾ ਰਣਬੀਰ ਪਾਠਕ ਵਜੋਂ ਸਫ਼ਰ ’ਤੇ ਨਿਕਲਦਾ ਹੈ, ਵਾਇਆ ਥੀਏਟਰ ਸਿਨੇਮਾ ਦੀ ਦੁਨੀਆ ’ਚ ਪਹੁੰਚਦਾ ਹੈ। ਗੰਭੀਰ ਹੈ, ਸੰਜੀਦਾ ਹੈ, ਲਿਖਣ ’ਚ ਵੀ, ਅਦਾਕਾਰੀ ’ਚ ਵੀ। ਅਨੇਕਾਂ ਪੁਸਤਕਾਂ ਦਾ ਰਚੇਤਾ, ਵਰ੍ਹਿਆਂ ਤੋਂ ਗਲੀ ਮੁਹੱਲੇ ਤੇ ਦੇਸ਼ ਵਿਦੇਸ਼ ’ਚ ਥੀਏਟਰ ਦਾ ਦੀਵਾ ਵੀ ਨਾਲੋਂ ਨਾਲ ਬਾਲ ਰਿਹਾ ਹੈ। ਰਾਣਾ ਰਣਬੀਰ ‘ਪੰਜਾਬੀ ਟ੍ਰਿਬਿਊਨ’ ਦੇ ਵਿਹੜੇ ਆਇਆ, ਢੇਰ ਸਾਰੀਆਂ ਗੱਲਾਂ ਹੋਈਆ। ਪੇਸ਼ ਹੈ ਇਸ ਗੱਲਬਾਤ ਦੇ ਕੁਝ ਅੰਸ਼ :

Advertisement

ਤੁਸੀਂ ਧੂਰੀ ਦੀ ਮਿੱਟੀ ਤੋਂ ਕੈਨੇਡਾ ਤੱਕ ਦੀਆਂ ਫ਼ਿਜ਼ਾਵਾਂ ਦਾ ਸਫ਼ਰ ਕੀਤਾ, ਕਿਹੜੀ ਤਾਂਘ ਹੈ ਜੋ ਇਸ ਸਫ਼ਰ ’ਚ ਪੰਜਾਬੀਅਤ ਨੂੰ ਜਿੰਦਾ ਰੱਖਦੀ ਹੈ ?

Advertisement

ਕੋਈ ਇੱਕ ਤੱਤ ਸੋਹਣੀ ਜ਼ਿੰਦਗੀ ਜਿਉਣ ਦਾ ਵਸੀਲਾ ਨਹੀਂ ਬਣਦਾ। ਵੱਖ ਵੱਖ ਜਜ਼ਬਾਤ ਹੁੰਦੇ ਹਨ ਜਿਨ੍ਹਾਂ ਸਹਾਰੇ ਵਿਅਕਤੀ ਸੁਪਨਾ ਲੈਂਦਾ ਹੈ, ਪਛਾਣ ਬਣਾਉਂਦਾ ਹੈ ਤੇ ਇੱਕ ਸਫ਼ਰ ’ਤੇ ਨਿਕਲਦਾ ਹੈ। ਇਹੋ ਤੱਤ ਸਫ਼ਰ ਦਾ ਜ਼ਰੀਆ ਬਣਿਆ ਜਿਹੜਾ ਧੂਰੀ ਤੋਂ ਵਾਇਆ ਪਟਿਆਲਾ ਕੈਨੇਡਾ ਤੱਕ ਲੈ ਗਿਆ।

ਤੁਹਾਨੂੰ ਅੱਜ ਚਮਕ ਦਮਕ ਦੇ ਦੌਰ ’ਚ ਥੀਏਟਰ ਗੁੰਮਨਾਮ ਹੁੰਦਾ ਨਹੀਂ ਜਾਪਦਾ ?

ਇਹ ਗੱਲ ਠੀਕ ਹੈ ਕਿ ਉਮੀਦਾਂ ਮੁਤਾਬਿਕ ਥੀਏਟਰ ਅਗਾਂਹ ਨਹੀਂ ਵਧ ਸਕਿਆ। ਰੰਗਕਰਮੀ ਕੋਸ਼ਿਸ਼ ਵੀ ਕਰਦੇ ਹਨ ,ਪ੍ਰੰਤੂ ਦਰਸ਼ਕਾਂ ਨੂੰ ਉਸ ਤਰੀਕੇ ਨਾਲ ਜੋੜਨ ’ਚ ਸਫਲ ਨਹੀਂ ਹੋਏ। ਵੱਖਰੇ ਤਰੀਕੇ ਨਾਲ ਥੀਏਟਰ ਅੱਗੇ ਜ਼ਰੂਰ ਵਧ ਰਿਹਾ ਹੈ। ‘ਮਾਸਟਰ ਜੀ’ ਦੇ 95 ਸ਼ੋਅ ਹੋ ਚੁੱਕੇ ਹਨ, ਜੋ ਤਸੱਲੀ ਦੇਣ ਵਾਲੇ ਕਦਮ ਹਨ। ਥੀਏਟਰ ’ਚ ਲੋਕ ਪੈਸੇ ਦੇਣੋਂ ਝਿਜਕਦੇ ਹਨ। ਦੇਖਣਾ ਪਵੇਗਾ ਕਿ ਕੀ ਥੀਏਟਰ ਦਰਸ਼ਕਾਂ ਦੀ ਨਬਜ਼ ਨੂੰ ਫੜ ਰਿਹਾ ਹੈ। ਵੱਡੀ ਗੱਲ ਇਹ ਕਿ ਰੰਗਮੰਚ ਦੀ ਨਾ ਮਾਰਕੀਟਿੰਗ ਹੋ ਰਹੀ ਹੈ ਅਤੇ ਨਾ ਹੀ ਮੈਨੇਜਮੈਂਟ, ਪ੍ਰੰਤੂ ਹੌਲੀ ਹੌਲੀ ਥੀਏਟਰ ਰੁਜ਼ਗਾਰ ਦਾ ਸਾਧਨ ਬਣ ਰਿਹਾ ਹੈ।

ਤੁਸੀਂ ਕਦੇ ਸ਼ੈਂਪੀ ਦਾ ਕਿਰਦਾਰ ਨਿਭਾਇਆ ਅਤੇ ਕਦੇ ‘ਮਾਸਟਰ ਜੀ’ ਦਾ। ਕਿਸ ਕਿਰਦਾਰ ’ਚ ਤੁਹਾਨੂੰ ਜ਼ਿਆਦਾ ਤਸੱਲੀ ਮਿਲੀ।

ਵੈਸੇ ਤਾਂ ਹਰ ਇਨਸਾਨ ਆਪਣੀ ਜ਼ਿੰਦਗੀ ’ਚ ਕਈ ਕਿਰਦਾਰ ਨਿਭਾਉਂਦਾ ਹੈ। ਘਰ ’ਚ ਆਦਮੀ ਬਾਪ ਹੁੰਦੈ, ਦਫ਼ਤਰ ’ਚ ਮੁਲਾਜ਼ਮ। ਕਲਾਕਾਰ ਬਹੁਪੱਖੀ ਕਿਰਦਾਰ ਮਾਣਦਾ ਹੈ। ਕਦੇ ਉਹ ਡਾਕਟਰ ਦੇ ਕਿਰਦਾਰ ’ਚ, ਕਦੇ ਚੋਰ ਦੇ ਤੇ ਕਦੇ ਸਿਪਾਹੀ ਦੇ, ਕਹਿਣ ਤੋਂ ਭਾਵ ਇੱਕੋ ਜ਼ਿੰਦਗੀ ’ਚ ਕਈ ਜ਼ਿੰਦਗੀਆਂ ਜਿਉਣ ਦਾ ਮੌਕਾ ਮਿਲਦਾ ਹੈ। ਸ਼ੈਂਪੀ ਦਾ ਕਿਰਦਾਰ ਚੰਗਾ ਰਿਹਾ, ‘1984’ ਫਿਲਮ ਦੇ ਤਾਰੀ, ‘ਅਰਦਾਸ’ ਦੇ ਡਾਕੀਆ, ‘ਹਸ਼ਰ’ ਫਿਲਮ ਦੇ ਜੌਲੀ, ‘ਦਿਲ ਆਪਣਾ ਪੰਜਾਬੀ’ ’ਚ ਲੱਕੜ ਚੱਬ ਦੇ ਕਿਰਦਾਰ ਨੇ ਤਸੱਲੀ ਦਿੱਤੀ।

ਤੁਸੀਂ ਅਨੇਕਾਂ ਕਿਰਦਾਰ ਨਿਭਾਏ। ਕਿਰਦਾਰਾਂ ’ਚੋਂ ਬਾਹਰ ਆ ਕੇ ਅਸਲੀ ਰੰਗ ’ਚ ਰਹਿਣਾ ਕਿੰਨਾ ਕੁ ਮੁਸ਼ਕਿਲ ਹੈ। ਕਹਿਣ ਤੋਂ ਭਾਵ ਤੁਹਾਡਾ ਆਰਗੈਨਿਕ ਸਰੂਪ।

ਆਦਮੀ ਕਦੇ ਵੀ ਅਸਲ ’ਚ ਨਹੀਂ ਜੀ ਰਿਹਾ ਹੁੰਦਾ ਕਿਉਂਕਿ ਹਰ ਇਨਸਾਨ ਅਸਲੀਅਤ ਤੋਂ ਘਬਰਾਉਂਦਾ ਹੈ। ਇਕੱਲਤਾ ਤੋਂ ਡਰਦਾ ਹੈ। ਮੈਂ ਘਰ ’ਚ ਅਸਲੀਅਤ ਮਾਣਦਾ ਹਾਂ। ਅਸਲ ਕਿਰਦਾਰ ’ਚ ਪਾਠਕ ਵੀ ਹੁੰਦਾ ਹਾਂ, ਮਸਤਖੋਰਾ ਦੋਸਤ ਵੀ ਹੁੰਦਾ ਹਾਂ ਤੇ ਆਸ਼ਕ ਵੀ ਹੁੰਦਾ ਹਾਂ।

ਲੇਖਕ ਤੋਂ ਐਕਟਿੰਗ ਤੱਕ ਕਿਵੇਂ ਤਬਦੀਲ ਹੋਏ। ਕਿਸ ਲੇਖਕ ਨੂੰ ਆਪਣਾ ਰੋਲ ਮਾਡਲ ਮੰਨਦੇ ਹੋ?

ਬਿਨਾਂ ਕਿਸੇ ਹਉਮੈ ਤੋਂ ਆਖ ਰਿਹਾ ਹਾਂ ਕਿ ਮੈਂ ਕਿਸੇ ਤੋਂ ਪ੍ਰਭਾਵਿਤ ਨਹੀਂ ਅਤੇ ਨਾ ਹੀ ਕਿਸੇ ਦਾ ਅਸਰ ਕਬੂਲਦਾ ਹਾਂ। ਮੈਨੂੰ ਬਹੁਤ ਸਾਰੇ ਲੇਖਕ ਚੰਗੇ ਲੱਗਦੇ ਹਨ, ਜਿਵੇਂ ਗੁਰਦਿਆਲ ਸਿੰਘ, ਰਾਮ ਸਰੂਪ ਅਣਖੀ, ਸ਼ਿਵ ਕੁਮਾਰ ਬਟਾਲਵੀ, ਲਾਲ ਸਿੰਘ ਦਿਲ, ਅਵਤਾਰ ਪਾਸ਼, ਸੁਰਜੀਤ ਪਾਤਰ, ਜਸਵੰਤ ਜ਼ਫ਼ਰ ਤੇ ਬਲਜਿੰਦਰ ਨਸਰਾਲੀ ਤੇ ਹੋਰ। ਵੈਸੇ ਸੰਪੂਰਨ ਕੁਝ ਵੀ ਨਹੀਂ ਹੁੰਦਾ। ਮੈਂ ਸਿੱਖਦਾ ਰਹਿੰਦਾ ਹਾਂ, ਗ਼ਲਤੀਆਂ ਸੁਧਾਰਦਾ ਰਹਿੰਦਾ ਹਾਂ।

ਕਿਸ ਉਮਰ ’ਚ ਪੜ੍ਹਨ ਦਾ ਸਿਲਸਿਲਾ ਸ਼ੁਰੂ ਹੋਇਆ?

ਬਾਰ੍ਹਵੀਂ ਜਮਾਤ ਤੋਂ ਬਾਅਦ ਪੜ੍ਹਨਾ ਸ਼ੁਰੂ ਕੀਤਾ। ਚੰਗਾ ਸਾਹਿਤ ਕੀ ਹੈ ਅਤੇ ਸਾਹਿਤ ਦੀ ਬਹੁਤੀ ਸਮਝ, ਪੰਜਾਬੀ ‘ਵਰਸਿਟੀ ’ਚ ਪੈਰ ਪਾਉਣ ਮਗਰੋਂ ਆਈ। ਮੇਰੀ ਜ਼ਿੰਦਗੀ ’ਚ ਕਿਤਾਬਾਂ ਨਾ ਹੁੰਦੀਆਂ ਤਾਂ ਉਸ ਵਕਤ ਹਾਲਾਤ ਅਜਿਹੇ ਸਨ ਕਿ ਮੈਂ ਆਤਮ ਹੱਤਿਆ ਦੇ ਨੇੜੇ ਸੀ। ਕਿਤਾਬਾਂ ਨੇ ਸਵੈ ਵਿਸ਼ਵਾਸ ਭਰਿਆ। ਜ਼ਿੰਦਗੀ ਜਿਉਣ ਦਾ ਸਲੀਕਾ ਦਿੱਤਾ। ਚੰਗਾ ਪਾਠਕ ਤੇ ਸਰੋਤਾ ਬਣਿਆ। ਅਸਲ ’ਚ ਪਾਠਕ ਵੀ ਪੜ੍ਹਦੇ ਸਮੇਂ ਕਲਪਨਾ ’ਚ ਸਿਰਜਣਾ ਹੀ ਤਾਂ ਕਰਦਾ ਹੈ।

ਅੱਜ ਦਾ ਨੌਜਵਾਨ ਕਿਤਾਬਾਂ ਤੋਂ ਦੂਰ ਹੈ ਅਤੇ ਡਿਜੀਟਲ ਜ਼ਮਾਨੇ ’ਚ ਜਵਾਨੀ ਨੂੰ ਕਿਵੇਂ ਮੋੜਾ ਦਿੱਤਾ ਜਾ ਸਕਦਾ ਹੈ?

ਅਸਲ ’ਚ ਇਹ ਮਿੱਥ ਹੀ ਬਣ ਗਈ ਹੈ। ਜਿੰਨਾ ਸਾਹਿਤ ਹੁਣ ਰਚਿਆ ਜਾ ਰਿਹਾ ਹੈ, ਜਿੰਨੀ ਨੌਜਵਾਨ ਪੀੜ੍ਹੀ ਹੁਣ ਕਿਤਾਬਾਂ ਦਾ ਕੰਮ ਆਨਲਾਈਨ ਕਰ ਰਹੀ ਹੈ, ਜਿੰਨੀਆਂ ਕਿਤਾਬਾਂ ਹੁਣ ਵਿਕ ਰਹੀਆਂ ਹਨ, ਅਜਿਹਾ ਪਹਿਲਾਂ ਕਦੇ ਨਹੀਂ ਹੋਇਆ। ਇਹ ਸੋਚਣ ਵਾਲੀ ਗੱਲ ਹੈ ਕਿ ਸਾਹਿਤ ਕਿਹੋ ਜਿਹਾ ਰਚਿਆ ਜਾ ਰਿਹਾ ਹੈ। ਲੇਖਣੀ ਦਾ ਪੱਧਰ ਕਿਹੋ ਜਿਹਾ ਹੈ। ਨੌਜਵਾਨਾਂ ਦੀ ਕਿਤਾਬਾਂ ਤੋਂ ਦੂਰੀ ਹੈ ਤਾਂ ਇਸ ਲਈ ਲੇਖਕ ਖ਼ੁਦ, ਮਾਪੇ ਤੇ ਅਧਿਆਪਕ ਜ਼ਿੰਮੇਵਾਰ ਹਨ। ਲੇਖਕ ਖ਼ੁਦ ਵੀ ਚੰਗੀਆਂ ਕਿਤਾਬਾਂ ਦੀ ਦੱਸ ਪਾਵੇ ਤਾਂ ਹੀ ਪਾਠਕ ਪੈਦਾ ਹੋਣਗੇ।

ਤੁਸੀਂ ‘ਲਾਲ ਸਿੰਘ ਚੱਢਾ’ ਫਿਲਮ ਦੇ ਡਾਇਲਾਗ ਲਿਖੇ, ਪੌਲੀਵੁੱਡ ਤੋਂ ਬੌਲੀਵੁੱਡ ਤੱਕ ਦਾ ਸਫ਼ਰ ਕਿਹੋ ਜਿਹਾ ਰਿਹਾ।

ਆਮਿਰ ਖ਼ਾਨ ਨਾਲ ਕੰਮ ਕਰਨਾ ਇੱਕ ਪਾਠਸ਼ਾਲਾ ਵਾਂਗ ਸੀ। ਜਿਵੇਂ ਕਹਿੰਦੇ ਹੁੰਦੇ ਨੇ, ‘ਨਾਲੇ ਚੋਪੜੀਆਂ ਨਾਲੇ ਦੋ ਦੋ’। ਫੀਸ ਵੀ ਲਈ, ਆਮਿਰ ਖ਼ਾਨ ਦੀ ਸੰਗਤ ਵੀ ਮਾਣੀ। ਚੰਗਾ ਸਮਾਂ ਬਿਤਾਇਆ, ਬਹੁਤ ਕੁਝ ਸਿੱਖਣ ਨੂੰ ਮਿਲਿਆ।

ਪੰਜਾਬੀ ਸਿਨੇਮਾ ਨਵੇਂ ਤਜਰਬਿਆਂ ਦੇ ਦੌਰ ’ਚੋਂ ਗੁਜ਼ਰ ਰਿਹਾ ਹੈ। ਸਿਨੇਮਾ ’ਚ ਕਈ ਬਦਲਾਅ ਨਜ਼ਰ ਪੈਣ ਲੱਗੇ ਹਨ।

ਹਾਲੇ ਤਾਂ ਪੂਣੀ ਵੀ ਨਹੀਂ ਕੱਤੀ। ਪੰਜਾਬੀ ਸਿਨੇਮਾ ਨੇ ਹਾਲੇ ਬਹੁਤ ਬਿਹਤਰ ਹੋਣਾ ਹੈ। ਨਵੀਂ ਪੀੜ੍ਹੀ, ਨਵੀਂ ਸੋਚ ਅਤੇ ਨਵੀਂ ਤਕਨੀਕ ਨਾਲ ਪੰਜਾਬੀ ਸਿਨੇਮਾ ਵੱਲ ਆ ਰਹੀ ਹੈ। ਨਵੀਂ ਜਵਾਨੀ ਆਜ਼ਾਦ ਸੋਚ ਨਾਲ ਕੰਮ ਕਰੇਗੀ। ਜੇ ਪੰਜਾਬੀ ਹਿੰਦੀ ਫਿਲਮਾਂ ਨੂੰ ਬਿਜ਼ਨਸ ਦੇ ਸਕਦੇ ਹਨ ਤਾਂ ਪੰਜਾਬੀ ਨੂੰ ਕਿਉਂ ਨਹੀਂ ਦੇਣਗੇ। ਆਉਂਦੇ ਸਾਲਾਂ ’ਚ ਬਹੁਤ ਕਰਾਮਾਤਾਂ ਹੋਣੀਆਂ ਹਨ।

ਤੁਸੀਂ ਪੁਰਾਣੇ ਸਮਿਆਂ ਦੇ ਮੁਕਾਬਲੇ ਕੀ ਅੱਜ ਕੱਲ੍ਹ ਪੰਜਾਬੀ ਮੈਗਜ਼ੀਨ ਦੀ ਘਾਟ ਮਹਿਸੂਸ ਨਹੀਂ ਕਰ ਰਹੇ ?

ਹੁਣ ਜ਼ਮਾਨਾ ਡਿਜੀਟਲ ਦਾ ਹੈ। ਖ਼ਾਸ ਕਰਕੇ ਕੋਵਿਡ ਦੌਰਾਨ ਪੰਜਾਬੀ ਮੈਗਜ਼ੀਨਾਂ ਨੂੰ ਬਹੁਤ ਸੱਟ ਵੱਜੀ ਹੈ। ਮੈਗਜ਼ੀਨ ਘਟੇ ਹਨ ਅਤੇ ਡਿਜੀਟਲ ਰੁਝਾਨ ਵਧਿਆ ਹੈ। ਤਸੱਲੀ ਵਾਲੀ ਗੱਲ ਹੈ ਕਿ ‘ਹੁਣ’ ਵਰਗੇ ਮੈਗਜ਼ੀਨ ਸਾਡੇ ਕੋਲ ਹਨ।

ਤੁਸੀਂ ਸਮਝਦੇ ਹੋ ਕਿ ਲੇਖਕਾਂ ਨੂੰ ਦੱਖਣੀ ਸੂਬਿਆਂ ਵਰਗਾ ਮਾਣ ਸਤਿਕਾਰ ਸਰਕਾਰਾਂ ਹੱਥੋਂ ਨਹੀਂ ਮਿਲਦਾ?

ਪਹਿਲਾਂ ਇਹ ਦੇਖਣਾ ਪਵੇਗਾ ਕਿ ਕੀ ਲੇਖਕ ਆਪਣੀ ਲੇਖਣੀ ਜ਼ਰੀਏ ਸਮਾਜ ’ਚ ਆਪਣੀ ਬਣਦੀ ਭੂਮਿਕਾ ਨਿਭਾ ਰਿਹਾ ਹੈ। ਸਮਾਜ ਨੂੰ ਕਲਮ ਨਾਲ ਜਗਾ ਰਿਹਾ ਹੈ। ਵੈਸੇ ਸਰਕਾਰਾਂ ਕਦੇ ਵੀ ਲੇਖਕਾਂ ਦੇ ਹੱਕ ’ਚ ਨਹੀਂ ਭੁਗਤਦੀਆਂ ਕਿਉਂਕਿ ਲੇਖਕ ਦੀ ਲੇਖਣੀ ਹਕੂਮਤਾਂ ਦੇ ਰਾਸ ਨਹੀਂ ਆਉਂਦੀ। ਸਰਕਾਰਾਂ ਕਦੇ ਵੀ ਲੇਖਕਾਂ ਦਾ ਬਹੁਤਾ ਸਨਮਾਨ ਨਹੀਂ ਕਰਦੀਆਂ। ਜਿਨ੍ਹਾਂ ਦਾ ਸਰਕਾਰੀ ਸਨਮਾਨ ਹੁੰਦਾ ਵੀ ਹੈ, ਉਹ ਲੇਖਕ ਕਿਸੇ ਨਾ ਕਿਸੇ ਰੂਪ ’ਚ ਹਾਕਮ ਧਿਰ ਵੱਲ ਖੜ੍ਹਦੇ ਹਨ। ਐਵਾਰਡ ਵੀ ਹਮੇਸ਼ਾਂ ਸਰਕਾਰਾਂ ਦੇ ਨੇੜਲਿਆਂ ਨੂੰ ਹੀ ਮਿਲਦੇ ਹਨ। ਸਰਕਾਰਾਂ ਤੋਂ ਬਹੁਤੀ ਆਸ ਨਹੀਂ।

ਤੁਹਾਨੂੰ ਚੋਣ ਕਰਨੀ ਪਵੇ ਤਾਂ ਤੁਸੀਂ ਆਪਣੇ ਆਪ ਨੂੰ ਬਤੌਰ ਲੇਖਕ ਅੱਗੇ ਰੱਖੋਗੇ ਜਾਂ ਬਤੌਰ ਕਲਾਕਾਰ?

ਮੈਂ ਬਤੌਰ ਵਿਦਿਆਰਥੀ ਆਪਣੇ ਆਪ ਨੂੰ ਅੱਗੇ ਰੱਖਾਂਗਾ ਜਿਸ ’ਚ ਸਭ ਨੂੰ ਸਮਾਉਣ ਦੀ ਸਮਰੱਥਾ ਹੁੰਦੀ ਹੈ। ਉਂਜ ਮੈਂ ਐਕਟਰ ਹੋਣ ’ਚ ਸੁਖਾਲਾ ਮਹਿਸੂਸ ਕਰਦਾ ਹਾਂ। ਵਿਦਿਆਰਥੀ ਹੋਣਾ ਔਖਾ ਕੰਮ ਹੈ ਅਤੇ ਔਖਾ ਕੰਮ ਕਰਕੇ ਮੈਂ ਸਵਾਦ ਲੈਂਦਾ ਹਾਂ। ਮੈਂ ‘ਅ’ ਨੂੰ ਬਹੁਤ ਸੰਭਾਲ ਕੇ ਰੱਖਦਾ ਹਾਂ। ਜਿਵੇਂ ‘ਅ’ ਤੋਂ ਅੱਜ ਨੂੰ ਵੇਖਣਾ, ਅਸਲ ਨੂੰ ਵੇਖਣਾ, ਆਦਤਾਂ ਨੂੰ ਸੁਧਾਰਨਾ, ਅਕਲ ਨੂੰ ਲਿਸ਼ਕਾਉਣਾ, ਆਲੋਚਨਾ ਨੂੰ ਸਹਿਣਾ। ਆੜਾ ਉਦੋਂ ਆੜੀ ਬਣਦਾ ਹੈ ਜਦੋਂ ਤੁਸੀਂ ਵਿਦਿਆਰਥੀ ਬਣਦੇ ਹੋ।

Advertisement
×