ਨਵੀਂ ਦਿੱਲੀ: ਅਰਜਨਟੀਨੀ ਫ਼ਿਲਮਸਾਜ਼ ਪਾਬਲੋ ਸੀਜ਼ਰ ਨੂੰ ਭਾਰਤ ਆਉਣਾ ਬਹੁਤ ਪਸੰਦ ਹੈ ਅਤੇ ਉਹ ਇਥੇ ‘ਭਾਰਤੀ ਕਮਰਸ਼ੀਅਲ’ ਫ਼ਿਲਮਾਂ ਦਾ ਆਨੰਦ ਮਾਣਦਾ ਹੈ। ਖ਼ਬਰ ਏਜੰਸੀ ਆਈਏਐੱਨਐੱਸ ਨਾਲ ਗੱਲਬਾਤ ਕਰਦਿਆਂ ਉਸ ਨੇ ਆਖਿਆ,‘‘ਕਮਰਸ਼ੀਅਲ ਸਿਨੇ ਜਗਤ ’ਚ ਉਹ ਅਦਾਕਾਰ ਹੁੰਦੇ ਹਨ ਜਿਹੜੇ ਬਹੁਤ ਪ੍ਰਸਿੱਧ ਹੋਣ। ਤੁਸੀਂ ਅਮਿਤਾਭ ਬੱਚਨ ਦਾ ਨਾਮ ਲੈ ਸਕਦੇ ਹੋ, ਜਿਨ੍ਹਾਂ ਨੂੰ ਹਰ ਕੋਈ ਜਾਣਦਾ ਹੈ। ਭਾਰਤ ਵਿੱਚ ਨਹੀਂ ਸਗੋਂ ਪੱਛਮੀ ਮੁਲਕਾਂ ਵਿੱਚ ਵੀ। ਉਨ੍ਹਾਂ ਦੀ ਪ੍ਰਸਿੱਧੀ ਮੈਰਾਡੋਨਾ ਵਰਗੀ ਹੈ ਜਿਸ ਨੂੰ ਭਾਰਤ ’ਚ ਹਰ ਕੋਈ ਜਾਣਦਾ ਹੈ। ਇਹ ਕਿੰਨਾ ਪ੍ਰਭਾਵਸ਼ਾਲੀ ਹੈ ਕਿ ਏਸ਼ੀਆ ਖਿੱਤੇ ਦੇ ਇਕ ਅਦਾਕਾਰ ਨੂੰ ਪੂਰਾ ਵਿਸ਼ਵ ਜਾਣਦਾ ਹੈ।’’ ਸੀਜ਼ਰ ਨੇ ਆਪਣੀ ਫ਼ਿਲਮ ‘ਥਿਕਿੰਗ ਆਫ਼ ਹਿਮ’ ਵਿੱਚ ਬਿੱਗ ਬੀ ਨੂੰ ਲੈਣ ਬਾਰੇ ਸੋਚਿਆ ਸੀ। ਇਹ ਫ਼ਿਲਮ ਭਾਰਤ ਦੇ ਮਹਾਨ ਨਾਵਲਕਾਰ ਰਾਬਿੰਦਰਨਾਥ ਟੈਗੋਰ ਅਤੇ ਅਰਜਨਟੀਨੀ ਲੇਖਿਕਾ ਵਿਕਟੋਰੀਆ ਓਕਾਪੋ ਦੇ ਸਬੰਧਾਂ ਬਾਰੇ ਸੀ ਪਰ ਇਹ ਯੋਜਨਾ ਸਿਰੇ ਨਹੀਂ ਚੜ੍ਹ ਸਕੀ ਸੀ। ਫ਼ਿਲਹਾਲ ਪਾਬਲੋ ਬੌਲੀਵੁੱਡ ਦੀ ਮਹਾਨ ਹਸਤੀ ਨਾਲ ਇਕ ਦਿਨ ਜ਼ਰੂਰ ਕੰਮ ਕਰਨ ਦੇ ਸੁਫ਼ਨੇ ਦੇਖ ਰਿਹਾ ਹੈ। ਉਸ ਨੇ ਆਖਿਆ,‘‘ਜੇਕਰ ਮੈਨੂੰ ਕਦੇ ਅਮਿਤਾਭ ਬਚਨ ਨਾਲ ਕੰਮ ਕਰਨ ਦਾ ਮੌਕਾ ਮਿਲਦਾ ਹੈ ਤਾਂ ਬਹੁਤ ਖੁਸ਼ ਹੋਵਾਂਗਾ। -ਆਈਏਐੱਨਐੱਸ