DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੁੱਸਾ ਅਤੇ ਮਨੁੱਖੀ ਜੀਵਨ

ਬਾਬਾ ਫਰੀਦ ਨੇ ਮਨੁੱਖੀ ਮਨ ਨੂੰ ਗੁੱਸੇ ਤੋਂ ਨਿਰਲੇਪ ਰਹਿਣ ਦੀ ਨਸੀਹਤ ਦਿੰਦਿਆਂ ਕਿਹਾ ਹੈ, ‘ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹੰਢਾਇ।।’ ਗੁੱਸਾ ਭਾਵ ਕ੍ਰੋਧ ਪੰਜ ਮੂਲ ਮਾਨਵੀ ਪ੍ਰਵਿਰਤੀਆਂ ਵਿੱਚੋਂ ਇੱਕ ਪ੍ਰਮੁੱਖ ਪ੍ਰਵਿਰਤੀ ਹੈ। ਇਨ੍ਹਾਂ ਪੰਜ ਮੂਲ ਪ੍ਰਵਿਰਤੀਆਂ...

  • fb
  • twitter
  • whatsapp
  • whatsapp
Advertisement

ਬਾਬਾ ਫਰੀਦ ਨੇ ਮਨੁੱਖੀ ਮਨ ਨੂੰ ਗੁੱਸੇ ਤੋਂ ਨਿਰਲੇਪ ਰਹਿਣ ਦੀ ਨਸੀਹਤ ਦਿੰਦਿਆਂ ਕਿਹਾ ਹੈ, ‘ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨਿ ਨ ਹੰਢਾਇ।।’ ਗੁੱਸਾ ਭਾਵ ਕ੍ਰੋਧ ਪੰਜ ਮੂਲ ਮਾਨਵੀ ਪ੍ਰਵਿਰਤੀਆਂ ਵਿੱਚੋਂ ਇੱਕ ਪ੍ਰਮੁੱਖ ਪ੍ਰਵਿਰਤੀ ਹੈ। ਇਨ੍ਹਾਂ ਪੰਜ ਮੂਲ ਪ੍ਰਵਿਰਤੀਆਂ (ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ) ਨੂੰ ਮਾਨਵੀ ਸ਼ਖ਼ਸੀਅਤ ਦੇ ਪੰਜ ਵਿਕਾਰ ਵੀ ਮੰਨਿਆ ਗਿਆ ਹੈ। ਗੁੱਸਾ ਮਨੁੱਖੀ ਜੀਵਨ ਦੀਆਂ ਇਨ੍ਹਾਂ ਮੂਲ ਪ੍ਰਵਿਰਤੀਆਂ ਵਿੱਚੋਂ ਹੀ ਇੱਕ ਕੁਦਰਤੀ ਅਤੇ ਆਮ ਪ੍ਰਵਿਰਤੀ ਹੈ। ਇਨ੍ਹਾਂ ਨੂੰ ਨਿਅੰਤਰਣ ਵਿੱਚ ਰੱਖਣਾ ਹੀ ਮਾਨਵੀ ਜੀਵਨ ਦਾ ਗੌਰਵ ਹੈ।

ਗੁੱਸਾ ਇੱਕ ਕੁਦਰਤੀ ਭਾਵਨਾ ਹੈ ਜੋ ਅਸੀਂ ਉਸ ਸਮੇਂ ਮਹਿਸੂਸ ਕਰਦੇ ਹਾਂ ਜਦੋਂ ਕੋਈ ਗੱਲ ਸਾਨੂੰ ਬੁਰੀ ਲੱਗਦੀ ਹੈ, ਸਾਡੇ ਨਾਲ ਸਾਨੂੰ ਅਨਿਆਂ ਜਾਂ ਨਾ ਇਨਸਾਫੀ ਹੋ ਰਹੀ ਮਹਿਸੂਸ ਹੁੰਦੀ ਹੈ ਜਾਂ ਕੁਝ ਸਾਡੀਆਂ ਉਮੀਦਾਂ ਦੇ ਖਿਲਾਫ਼ ਵਾਪਰਦਾ ਹੈ। ਗੁੱਸੇ ਦੀ ਭਾਵਨਾ ਪੈਦਾ ਹੋਣ ਨਾਲ ਮਨੁੱਖੀ ਮਨ ਅੰਦਰ ਬੇਚੈਨੀ ਅਤੇ ਚਿੜਚਿੜਾਪਣ ਮਹਿਸੂਸ ਹੋਣ ਲੱਗਦਾ ਹੈ। ਮਨ ਅਸ਼ਾਂਤ ਹੋ ਜਾਂਦਾ ਹੈ, ਸੋਚਣ ਦੀ ਸਮਰੱਥਾ ਘੱਟ ਹੋ ਜਾਂਦੀ ਹੈ। ਗੁੱਸਾ ਆਉਣਾ ਇੱਕ ਸਧਾਰਨ ਮਾਨਵੀ ਵਰਤਾਰਾ ਹੈ। ਗੁੱਸੇ ਦਾ ਸਭ ਤੋਂ ਪਹਿਲਾ ਹਮਲਾ ਸਾਡੀ ਸੰਵੇਦਨਾ ਉੱਪਰ ਹੁੰਦਾ ਹੈ। ਮਨੁੱਖ ਤਰਕ ਜਾਂ ਦਲੀਲ ਦਾ ਪੱਲਾ ਛੱਡ ਭਾਵੁਕਤਾ ਦੇ ਵਹਿਣ ਵਿੱਚ ਵਹਿ ਜਾਂਦਾ ਹੈ। ਇਸ ਪ੍ਰਵਿਰਤੀ ਦੇ ਜਾਗ੍ਰਿਤ ਹੋਣ ਨਾਲ ਮਨੁੱਖ ਦੀ ਸੋਚਣ ਸ਼ਕਤੀ ਪ੍ਰਭਾਵਿਤ ਹੁੰਦੀ ਹੈ। ਸੋਚਣ ਦਾ ਕੰਮ ਮਨੁੱਖੀ ਮਨ ਕਰਦਾ ਹੈ। ਮਨ ਦੇ ਗੁੱਸੇ ਦੀ ਭਾਵਨਾ ਦਾ ਸ਼ਿਕਾਰ ਹੋ ਜਾਣ ਨਾਲ ਮਨ ਆਪਣੀ ਸੋਚਣ ਦੀ ਸੁਭਾਵਿਕਤਾ ਅਤੇ ਮੌਲਿਕਤਾ ਗੁਆ ਬੈਠਦਾ ਹੈ। ਇਸੇ ਲਈ ਗੁੱਸੇ ਦੇ ਅਧੀਨ ਲਿਆ ਗਿਆ ਫ਼ੈਸਲਾ ਤਰਕ ਸੰਗਤ ਅਤੇ ਸਹੀ ਨਹੀਂ ਹੁੰਦਾ। ਅਕਸਰ ਗੁੱਸੇ ਵਿੱਚ ਲਏ ਗਏ ਫ਼ੈਸਲਿਆਂ ’ਤੇ ਮਨੁੱਖ ਨੂੰ ਪਛਤਾਉਣਾ ਪੈਂਦਾ ਹੈ ਕਿਉਂਕਿ ਇਹ ਸਹੀ ਨਹੀਂ ਹੁੰਦੇ। ਗੁੱਸੇ ਦੇ ਪ੍ਰਭਾਵ ਅਧੀਨ ਲਏ ਗਏ ਫ਼ੈਸਲਿਆਂ ਦੀ ਮਨੁੱਖ ਨੂੰ ਆਪਣੇ ਜੀਵਨ ਵਿੱਚ ਬਹੁਤ ਵੱਡੀ ਕੀਮਤ ਚੁਕਾਉਣੀ ਪੈਂਦੀ ਹੈ।

Advertisement

ਗੁੱਸਾ ਇੱਕ ਅਜਿਹੀ ਮਨੁੱਖੀ ਭਾਵਨਾ ਹੈ ਜਿਸ ਨੂੰ ਜੇਕਰ ਸਹੀ ਸਮੇਂ ਤੇ ਸਹੀ ਦ੍ਰਿਸ਼ਟੀ ਵਿੱਚ ਵਰਤਿਆ ਜਾਵੇ ਤਾਂ ਇਹ ਲਾਭਦਾਇਕ ਵੀ ਸਾਬਤ ਹੋ ਸਕਦੀ ਹੈ, ਪ੍ਰੰਤੂ ਜਦੋਂ ਇਹ ਕਾਬੂ ਤੋਂ ਬਾਹਰ ਹੋ ਜਾਂਦੀ ਹੈ ਤਾਂ ਇਹ ਨੁਕਸਾਨਦਾਇਕ ਹੀ ਸਾਬਤ ਹੁੰਦੀ ਹੈ। ਗੁੱਸੇ ਦੇ ਪੈਦਾ ਹੋਣ ਦੇ ਕਈ ਕਾਰਨ ਹੋ ਸਕਦੇ ਹਨ। ਆਮ ਤੌਰ ’ਤੇ ਇਹ ਮਨੁੱਖ ਦੀਆਂ ਅਧੂਰੀਆਂ ਇੱਛਾਵਾਂ, ਅਸਫਲਤਾਵਾਂ, ਤਣਾਅ, ਈਰਖਾ ਜਾਂ ਡਰ ਵਿੱਚੋਂ ਜਨਮ ਲੈਂਦਾ ਹੈ। ਅਜੋਕੇ ਸਮੇਂ ਦੇ ਤੇਜ਼ ਰਫ਼ਤਾਰ ਮਨੁੱਖੀ ਜੀਵਨ ਵਿੱਚ ਲੋਕ ਬਹੁਤ ਜ਼ਿਆਦਾ ਦਬਾਅ ਹੇਠ ਜਿਊਂਦੇ ਹਨ, ਜਿਸ ਕਾਰਨ ਉਹ ਛੋਟੀਆਂ ਛੋਟੀਆਂ ਗੱਲਾਂ ’ਤੇ ਵੀ ਗੁੱਸੇ ਹੋ ਜਾਂਦੇ ਹਨ। ਜੀਵਨ ਦੀਆਂ ਵੱਖ ਵੱਖ ਪਰਿਸਥਿਤੀਆਂ ਵਿੱਚ ਵਿਚਰਦਿਆਂ ਦਰਪੇਸ਼ ਆਉਣ ਵਾਲੀਆਂ ਸਮੱਸਿਆਵਾਂ ਅਕਸਰ ਗੁੱਸੇ ਨੂੰ ਵਧਾਉਣ ਦਾ ਕਾਰਨ ਬਣਦੀਆਂ ਹਨ।

Advertisement

ਗੁੱਸੇ ਦਾ ਮਨੁੱਖ ਦੇ ਮਨ ਅਤੇ ਸਰੀਰ ਉੱਪਰ ਬਹੁਤ ਗਹਿਰਾ ਅਸਰ ਪੈਂਦਾ ਹੈ। ਜਦੋਂ ਮਨੁੱਖ ਗੁੱਸੇ ਦੇ ਅਧੀਨ ਹੁੰਦਾ ਹੈ, ਉਸ ਸਮੇਂ ਉਸ ਦੇ ਦਿਲ ਦੀ ਧੜਕਣ ਬਹੁਤ ਤੇਜ਼ ਹੋ ਜਾਂਦੀ ਹੈ, ਬਲੱਡ ਪ੍ਰੈੱਸ਼ਰ ਵਧ ਜਾਂਦਾ ਹੈ, ਮਨ ਬੇਚੈਨ ਹੋ ਜਾਂਦਾ ਹੈ। ਮੈਡੀਕਲ ਸਾਇੰਸ ਨੇ ਇਹ ਸਿੱਧ ਕੀਤਾ ਹੈ ਕਿ ਲੰਮੇ ਸਮੇਂ ਤੱਕ ਗੁੱਸੇ ਵਿੱਚ ਰਹਿਣ ਨਾਲ ਦਿਲ ਦੀਆਂ ਬਿਮਾਰੀਆਂ, ਤਣਾਅ ਅਤੇ ਨੀਂਦ ਦੀ ਕਮੀ ਵਰਗੀਆਂ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਮਨੋਵਿਗਿਆਨ ਵੀ ਇਹ ਦੱਸਦਾ ਹੈ ਕਿ ਗੁੱਸਾ ਮਨੁੱਖ ਨੂੰ ਨਕਾਰਾਤਮਕ ਸੋਚ ਦਾ ਧਾਰਨੀ ਬਣਾਉਂਦਾ ਹੈ ਅਤੇ ਉਸ ਦੀ ਸੋਚਣ-ਸਮਝਣ ਦੀ ਸ਼ਕਤੀ ਨੂੰ ਕਮਜ਼ੋਰ ਕਰ ਦਿੰਦਾ ਹੈ। ਗੁੱਸਾ ਕੇਵਲ ਮਨੁੱਖ ਦੇ ਵਿਅਕਤੀਤਵ ਵਿੱਚ ਹੀ ਵਿਗਾੜ ਨਹੀਂ ਸਿਰਜਦਾ ਸਗੋਂ ਇਹ ਉਸ ਦੇ ਸਮਾਜਿਕ ਜੀਵਨ ਵਿੱਚ ਵੀ ਵਿਗਾੜ ਲਿਆਉਂਦਾ ਹੈ।

ਗੁੱਸੇ ਕਾਰਨ ਮਨੁੱਖ ਨੂੰ ਬਹੁਤ ਵੱਡੇ ਸਮਾਜਿਕ ਨੁਕਸਾਨ ਵੀ ਹੁੰਦੇ ਹਨ। ਗੁੱਸੇ ਅਧੀਨ ਮਨੁੱਖ ਅਕਸਰ ਕੌੜੇ (ਖਰਵੇ) ਸ਼ਬਦ ਬੋਲਦਾ ਹੈ, ਉਸ ਦੇ ਅਜਿਹੇ ਸ਼ਬਦ ਰਿਸ਼ਤਿਆਂ ਵਿੱਚ ਵੀ ਦਰਾੜ ਪੈਦਾ ਕਰ ਸਕਦੇ ਹਨ। ਦੋਸਤਾਂ, ਪਰਿਵਾਰਕ ਮੈਂਬਰਾਂ ਅਤੇ ਸਾਥੀਆਂ ਨਾਲ ਦੂਰੀਆਂ ਵਧ ਸਕਦੀਆਂ ਹਨ। ਗੁੱਸਾ ਅਕਸਰ ਝਗੜਿਆਂ ਅਤੇ ਹਿੰਸਾ ਦਾ ਕਾਰਨ ਬਣਦਾ ਹੈ, ਜਿਸ ਨਾਲ ਨਾ ਕੇਵਲ ਮਨੁੱਖ ਦੀ ਨਿੱਜੀ ਜ਼ਿੰਦਗੀ ਅਸਹਿਜ ਹੋ ਜਾਂਦੀ ਹੈ ਸਗੋਂ ਕਈ ਵਾਰ ਇਸ ਪ੍ਰਵਿਰਤੀ ਕਾਰਨ ਸਮਾਜ ਵਿੱਚ ਵੀ ਅਸ਼ਾਂਤੀ ਫੈਲਦੀ ਹੈ। ਜਿਸ ਤਰ੍ਹਾਂ ਹਰ ਵਸਤ-ਵਰਤਾਰੇ ਦੇ ਇੱਕ ਤੋਂ ਵਧੇਰੇ ਪੱਖ ਹੁੰਦੇ ਹਨ, ਉਸੇ ਤਰ੍ਹਾਂ ਹੀ ਗੁੱਸੇ ਦੇ ਵੀ ਦੋ ਪੱਖ ਹੁੰਦੇ ਹਨ; ਚੰਗਾ ਅਤੇ ਮਾੜਾ।

ਗੁੱਸਾ ਆਉਣਾ ਅਤੇ ਗੁੱਸੇ ਦਾ ਹੋਣਾ ਮਨੁੱਖ ਲਈ ਹਰ ਪਰਸਥਿਤੀ ਵਿੱਚ ਮਾੜਾ ਨਹੀਂ ਹੁੰਦਾ। ਕਈ ਵਾਰ ਗੁੱਸਾ ਮਨੁੱਖ ਲਈ ਚੰਗਾ ਵੀ ਹੁੰਦਾ ਹੈ। ਇਹ ਗੁੱਸਾ ਹੀ ਹੈ, ਜਿਹੜਾ ਮਨੁੱਖ ਨੂੰ ਅਨਿਆਂ ਅਤੇ ਜ਼ੁਲਮ ਦੇ ਖਿਲਾਫ਼ ਮਜ਼ਬੂਤ ਹੋ ਕੇ ਖੜ੍ਹਾ ਹੋਣ ਦੀ ਹਿੰਮਤ ਦਿੰਦਾ ਹੈ। ਗੁੱਸਾ ਮਨੁੱਖ ਨੂੰ ਆਪਣੇ ਅਧਿਕਾਰਾਂ ਦੀ ਪ੍ਰਾਪਤੀ ਲਈ ਲੜਨ ਦੀ ਪ੍ਰੇਰਨਾ ਵੀ ਦਿੰਦਾ ਹੈ ਅਤੇ ਉਸ ਸ਼ਕਤੀ ਦਾ ਆਧਾਰ ਵੀ ਬਣਦਾ ਹੈ। ਇਸ ਲਈ ਗੁੱਸੇ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦੇ ਯਤਨ ਕਰਨ ਦੀ ਥਾਂ ’ਤੇ ਇਸ ਨੂੰ ਕਾਬੂ ਵਿੱਚ ਲਿਆਉਣਾ ਵਧੇਰੇ ਮਹੱਤਵਪੂਰਨ ਅਤੇ ਸਾਰਥਕ ਹੋ ਸਕਦਾ ਹੈ।

ਗੁੱਸੇ ਨੂੰ ਮਨੁੱਖੀ ਭਾਵਨਾਵਾਂ ਵਿੱਚੋਂ ਮਿਟਾਇਆ ਨਹੀਂ ਜਾ ਸਕਦਾ, ਖਾਰਜ ਨਹੀਂ ਕੀਤਾ ਜਾ ਸਕਦਾ, ਹਾਂ ਇਸ ਨੂੰ ਨਿਯੰਤਰਿਤ ਕੀਤਾ ਜਾ ਸਕਦਾ ਹੈ। ਗੁੱਸੇ ’ਤੇ ਕਾਬੂ ਪਾਉਣ ਲਈ ਕਈ ਢੰਗ ਤਰੀਕੇ ਅਪਣਾਏ ਜਾ ਸਕਦੇ ਹਨ। ਇਸ ਦਿਸ਼ਾ ਵਿੱਚ ਸਭ ਤੋਂ ਪਹਿਲਾਂ ਮਨੁੱਖ ਨੂੰ ਆਪਣੇ ਸਵੈ ਉੱਪਰ ਨਿਯੰਤਰਣ ਕਰਨਾ ਸਿੱਖਣਾ ਚਾਹੀਦਾ ਹੈ। ਜਿਊਂਦੇ ਜੀ ਮਨੁੱਖ ਦਾ ਗੁੱਸੇ ਤੋਂ ਖਹਿੜਾ ਛੁੱਟ ਨਹੀਂ ਸਕਦਾ, ਜੀਵਨ ਵਿੱਚ ਗੁੱਸੇ ਨਾਲ ਮਨੁੱਖ ਦਾ ਵਾਸਤਾ ਪੈਣਾ ਸੁਭਾਵਿਕ ਹੈ। ਗੁੱਸੇ ਦੀ ਪ੍ਰਸਥਿਤੀ ਵਿੱਚ ਮਨੁੱਖ ਲਈ ਸਭ ਤੋਂ ਮਹੱਤਵਪੂਰਨ ਉਸ ਸਮੇਂ ਕੁਝ ਪਲਾਂ ਲਈ ਚੁੱਪ ਰਹਿਣਾ, ਸ਼ਾਂਤ ਰਹਿਣਾ ਬਹੁਤ ਅਹਿਮ ਹੁੰਦਾ ਹੈ ਜੋ ਕਿ ਮੁਸ਼ਕਿਲ ਹੈ ਅਸੰਭਵ ਨਹੀਂ। ਜਦੋਂ ਵੀ ਗੁੱਸਾ ਆਵੇ, ਮਨੁੱਖ ਨੂੰ ਲੰਬੇ, ਭਰਵੇਂ, ਡੂੰਘੇ ਸਾਹ ਲੈਣੇ ਚਾਹੀਦੇ ਹਨ। ਇਸ ਦਿਸ਼ਾ ਵਿੱਚ ਧਿਆਨ (ਮੈਡੀਟੇਸ਼ਨ), ਯੋਗਾ ਅਤੇ ਕਸਰਤ ਆਦਿ ਕਿਰਿਆਵਾਂ ਮਨੁੱਖੀ ਮਨ ਨੂੰ ਸ਼ਾਂਤ ਕਰਨ ਵਿੱਚ ਮਦਦਗਾਰ ਸਾਬਤ ਹੋ ਸਕਦੀਆਂ ਹਨ।

ਸਕਾਰਾਤਮਕ ਸੋਚ ਹਮੇਸ਼ਾਂ ਮਨੁੱਖ ਨੂੰ ਸਮੱਸਿਆਵਾਂ ਨੂੰ ਸਮਝਣ ਅਤੇ ਉਨ੍ਹਾਂ ਦਾ ਬਿਹਤਰ ਹੱਲ ਕਰਨ ਦੇ ਸਮਰੱਥ ਬਣਾਉਂਦੀ ਹੈ। ਮਨੁੱਖ ਦਾ ਸਕਾਰਾਤਮਕ ਦ੍ਰਿਸ਼ਟੀਕੋਣ ਉਸ ਦੀ ਗੁੱਸੇ ਦੀ ਭਾਵਨਾ ਨੂੰ ਸ਼ਾਂਤ ਕਰ ਸਕਦਾ ਹੈ, ਉਸ ਨੂੰ ਘਟਾ ਸਕਦਾ ਹੈ। ਗੁੱਸੇ ਨੂੰ ਕਿਸੇ ਵੀ ਤਰ੍ਹਾਂ ਮਨੁੱਖੀ ਜੀਵਨ ਵਿੱਚੋਂ ਪੂਰਨ ਤੌਰ ’ਤੇ ਖਾਰਜ ਨਹੀਂ ਕੀਤਾ ਜਾ ਸਕਦਾ। ਵਿਅਕਤੀਗਤ ਅਤੇ ਸਮਾਜਿਕ ਪੱਧਰ ’ਤੇ ਗੁੱਸੇ ਦਾ ਬੇਕਾਬੂ ਹੋਣਾ ਭਾਵ ਵਧਣਾ ਹਾਨੀਕਾਰਕ ਹੈ। ਮਨੁੱਖ ਨੂੰ ਆਪਣੇ ਗੁੱਸੇ ’ਤੇ ਕਾਬੂ ਰੱਖਣ ਅਤੇ ਇਸ ਨੂੰ ਸਹੀ ਦਿਸ਼ਾ ਵਿੱਚ ਵਰਤਣ ਦੀ ਜਾਂਚ ਜਦੋਂ ਆ ਜਾਵੇਗੀ, ਉਸ ਨਾਲ ਨਾ ਸਿਰਫ਼ ਮਨੁੱਖ ਦਾ ਵਿਅਕਤੀਗਤ ਜੀਵਨ ਸੁਖਮਈ ਹੋ ਜਾਵੇਗਾ ਸਗੋਂ ਸਮਾਜਿਕ ਵਿਕਾਸ ਲਈ ਲੋੜੀਦੀ ਸ਼ਾਂਤੀ ਵੀ ਕਾਇਮ ਹੋ ਜਾਵੇਗੀ।

ਸੰਪਰਕ: 94173-75266

Advertisement
×