ਫਰਿਸ਼ਤਾ
ਬਾਲ ਕਹਾਣੀ ਗਰਮੀਆਂ ਦੇ ਦਿਨ ਸਨ। ਅਮੀਰ ਬਾਪ ਨਵੀਨ ਦੀ ਛੋਟੀ ਕੁੜੀ ਰਿੰਕੀ ਕੋਠੀ ਸਾਹਮਣੇ ਬਗੀਚੇ ਵਿੱਚ ਵ੍ਹੀਲ ਚੇਅਰ ’ਤੇ ਬੈਠੀ ਸੀ। ਉਸ ਦੇ ਚਿਹਰੇ ’ਤੇ ਇੰਜ ਘੋਰ ਉਦਾਸੀ ਸੀ ਜਿਵੇਂ ਹੱਸਣਾ ਮੁਸਕਰਾਉਣਾ ਉਸ ਕੋਲੋਂ ਕਿਸੇ ਨੇ ਖੋਹ ਲਿਆ ਹੋਵੇ।...
ਬਾਲ ਕਹਾਣੀ
ਗਰਮੀਆਂ ਦੇ ਦਿਨ ਸਨ। ਅਮੀਰ ਬਾਪ ਨਵੀਨ ਦੀ ਛੋਟੀ ਕੁੜੀ ਰਿੰਕੀ ਕੋਠੀ ਸਾਹਮਣੇ ਬਗੀਚੇ ਵਿੱਚ ਵ੍ਹੀਲ ਚੇਅਰ ’ਤੇ ਬੈਠੀ ਸੀ। ਉਸ ਦੇ ਚਿਹਰੇ ’ਤੇ ਇੰਜ ਘੋਰ ਉਦਾਸੀ ਸੀ ਜਿਵੇਂ ਹੱਸਣਾ ਮੁਸਕਰਾਉਣਾ ਉਸ ਕੋਲੋਂ ਕਿਸੇ ਨੇ ਖੋਹ ਲਿਆ ਹੋਵੇ।
ਅਚਾਨਕ ਇੱਕ ਮੈਲੇ ਕੁਚੈਲੇ ਕੱਪੜਿਆਂ ਵਾਲਾ ਅਜਨਬੀ ਜੁਆਕ ਭੱਜਿਆ ਭੱਜਿਆ ਉਸ ਕੋਠੀ ਮੂਹਰੇ ਆਣ ਖਲੋਤਾ। ਉਹ ਭੁੱਖਾ ਸੀ, ਖਾਣ-ਪੀਣ ਨੂੰ ਕੁਝ ਲੱਭਦਾ ਇੱਧਰ ਨਿਕਲ ਆਇਆ ਸੀ। ਕੁੜੀ ਤੋਂ ਕੁਝ ਖਾਣ-ਪੀਣ ਲਈ ਮਿਲਣ ਦੀ ਉਮੀਦ ਸੀ। ਕੋਈ ਪੁਰਾਣਾ ਨਿੱਕਰ-ਝੱਗਾ ਵੀ ਮਿਲ ਜਾਂਦਾ, ਪਰ ਉਹ ਕੁੜੀ ਨੂੰ ਉਦਾਸ ਦੇਖ ਕੇ ਉਸ ਦੇ ਸਾਹਮਣੇ ਨੱਚਣ ਟੱਪਣ ਲੱਗ ਪਿਆ। ਕੁੜੀ ਵੀ ਉਤਸੁਕਤਾ ਨਾਲ ਉਸ ਵੱਲ ਤੱਕਣ ਲੱਗੀ। ਪਹਿਲਾਂ ਤਾਂ ਉਸ ਨੇ ਇੱਕ ਚੱਕਰ ਵਿੱਚ ਗੇੜੇ ਕੱਢੇ, ਫਿਰ ਉਹ ਹਸਾਉਣੀਆਂ ਸ਼ਰਾਰਤਾਂ ਕਰਨ ਲੱਗਾ। ਕਦੇ ਬਾਹਾਂ ਉੱਪਰ ਨੂੰ ਲਹਿਰਾਉਂਦਾ, ਕਦੇ ਛੜੱਪੇ ਮਾਰਦਾ। ਖਿੜ ਖਿੜ ਕੇ ਹੱਸਦਾ। ਲੱਤਾਂ ਨੂੰ ਮਚਕੋੜ ਕੇ ਦੂਹਰੀਆਂ ਕਰ ਲੈਂਦਾ। ਰਿੰਕੀ ਵੀ ਕਦੀ ਹੱਸਦੀ, ਨੱਚਦੀ-ਟੱਪਦੀ ਹੁੰਦੀ ਸੀ, ਪਰ ਇੱਕ ਦੁਰਘਟਨਾ ਦੌਰਾਨ ਉਸ ਨੂੰ ਲਕਵਾ ਮਾਰ ਗਿਆ ਸੀ ਅਤੇ ਹੁਣ ਉਹ ਤੁਰਨ ਫਿਰਨ, ਬੋਲਣ ਅਤੇ ਹੱਸਣ ਤੋਂ ਲਾਚਾਰ ਹੋਈ ਬੈਠੀ ਸੀ।
ਉਹ ਮੁੰਡਾ ਵਾਰ ਵਾਰ ਹਸਾਉਣੀਆਂ ਹਰਕਤਾਂ ਨਾਲ ਕੁੜੀ ਦੇ ਚਿਹਰੇ ’ਤੇ ਹਾਸਾ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਹਾਸਾ ਜਿਸ ਨੂੰ ਲਿਆਉਣ ਲਈ ਰਿੰਕੀ ਦੇ ਪਿਉ ਨੇ ਕੋਈ ਹਸਪਤਾਲ, ਕੋਈ ਡਾਕਟਰ, ਕੋਈ ਮੰਦਰ ਤੇ ਗੁਰਦੁਆਰਾ ਨਹੀਂ ਸੀ ਛੱਡਿਆ। ਮਹਿੰਗੇ ਤੋਂ ਮਹਿੰਗਾ ਇਲਾਜ ਅਤੇ ਖਿਡੌਣੇ ਕੁੜੀ ਦੀ ਉਦਾਸੀ ਦੀ ਦਵਾਈ ਨਹੀਂ ਬਣ ਸਕੇ ਸਨ। ਉਹ ਨਾ ਬੋਲਦੀ, ਨਾ ਹੱਸਦੀ, ਨਾ ਤੁਰਦੀ ਅਤੇ ਨਾ ਦੌੜ ਸਕਦੀ ਸੀ। ਕੁੜੀ ਦਾ ਪਿਉ ਕੋਠੀ ਦੀ ਬਾਲਕੋਨੀ ਵਿੱਚ ਖੜ੍ਹਾ ਉਸ ਮੁੰਡੇ ਨੂੰ ਘੂਰ ਰਿਹਾ ਸੀ।
ਮੁੰਡੇ ਦੇ ਨੱਚਣ-ਟੱਪਣ ਨਾਲ ਜਿਵੇਂ ਰਿੰਕੀ ਦੇ ਮਨ ’ਤੇ ਕੋਈ ਜਾਦੂ ਧੂੜਿਆ ਗਿਆ ਸੀ। ਦੇਖਦੇ ਦੇਖਦੇ ਉਸ ਦੇ ਨਿੱਕੇ ਨਿੱਕੇ ਹੱਥਾਂ ਵਿੱਚ ਹਰਕਤ ਆ ਗਈ। ਉਸ ਨੇ ਤਾਲ਼ੀ ਵਜਾਈ। ਉਸ ਦੇ ਚਿਹਰੇ ਅਤੇ ਅੱਖਾਂ ਵਿੱਚ ਹਰਕਤ ਹੋਈ, ਬੁੱਲ੍ਹਾਂ ’ਚੋਂ ਦੰਦ ਦਿਸੇ। ਆਖ਼ਰ ਉਹ ਖਿੜ ਖਿੜਾ ਕੇ ਹੱਸਣ ਲੱਗੀ। ਨਵੀਨ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਉਸ ਦੇ ਮਨ ਅੰਦਰੋਂ ਆਵਾਜ਼ ਆਈ, ‘‘ਕੀ ਇਹ ਸੱਚ ਹੈ ਕਿ ਮੇਰੀ ਰਿੰਕੀ ਹੱਸ ਰਹੀ ਹੈ। ਇਹ ਚੀਥੜੇ ਕੱਪੜਿਆਂ ਵਾਲੇ ਬੇਘਰੇ ਜੁਆਕ ਕੋਲ ਮੇਰੀ ਬੇਟੀ ਦੇ ਚਿਹਰੇ ’ਤੇ ਮੁਸਕਰਾਹਟ ਲਿਆਉਣ ਵਾਲੀ ਕੁੰਜੀ ਹੈ।” ਇਹ ਸੋਚਦਾ ਸੋਚਦਾ ਨਵੀਨ ਬਾਲਕੋਨੀ ਵਿੱਚੋਂ ਬਾਹਰ ਆ ਗਿਆ। ਉਹ ਜੁਆਕ ਅਜੇ ਵੀ ਹੱਸ ਰਿਹਾ ਸੀ। ਉਸ ਦੀਆਂ ਗੱਲ੍ਹਾਂ ਹੱਸ ਰਹੀਆਂ ਸਨ। ਉਸ ਦੀਆਂ ਅੱਖਾਂ ਹੱਸ ਰਹੀਆਂ ਸਨ। ਰਿੰਕੀ ਅਜੇ ਵੀ ਹੱਸ ਰਹੀ ਸੀ।
ਉਸ ਮੁੰਡੇ ਨੇ ਕੁੜੀ ਦੇ ਪਿਤਾ ਨੂੰ ਦੇਖ ਲਿਆ ਸੀ। ਫਿਰ ਉਸ ਨੇ ਨੱਚਣਾ ਬੰਦ ਕਰ ਦਿੱਤਾ। ਜਿਵੇਂ ਘਬਰਾ ਗਿਆ ਸੀ। ਇਸ ਡਰੋਂ ਕਿ ਕੁੜੀ ਦਾ ਪਿਉ ਉਸ ਨੂੰ ਕੋਈ ਨਾ ਕੋਈ ਸਜ਼ਾ ਜ਼ਰੂਰ ਦੇਵੇਗਾ, ਉਹ ਭੱਜਣ ਨੂੰ ਤਿਆਰ ਹੀ ਸੀ ਕਿ ਰਿੰਕੀ ਦੇ ਪਿਤਾ ਨੇ ਉਸ ਨੂੰ ਆਵਾਜ਼ ਮਾਰੀ, “ਰੁਕ ਜਾ ਬੱਚੇ, ਦੌੜਨਾ ਨਹੀਂ। ਮੈਂ ਤੈਨੂੰ ਕੁਝ ਨਹੀਂ ਕਹਿੰਦਾ।”
ਮੈਲੇ ਕੱਪੜਿਆਂ ਵਾਲਾ ਮੁੰਡਾ ਰੁਕ ਗਿਆ। ਉਸ ਨੂੰ ਪਲੋਸ ਕੇ ਰਿੰਕੀ ਦੇ ਪਿਤਾ ਨੇ ਉਸ ਦਾ ਹੱਥ ਫੜ ਲਿਆ ਅਤੇ ਪੁੱਛਿਆ, ‘‘ਤੇਰਾ ਕੀ ਨਾਂ ਏ ਬੇਟਾ?”
“ਮਾਂ ਨੇ ਮੇਰਾ ਕੋਈ ਨਾਂ ਰੱਖਿਆ ਨਹੀਂ, ਪਰ ਮੇਰੇ ਆੜੀ ਮੈਨੂੰ ‘ਫਰਿਸ਼ਤਾ’ ਕਹਿੰਦੇ ਨੇ।” ਉਸ ਨੇ ਹੌਲੀ ਦੇਣੇ ਕਿਹਾ। ਉਸ ਦੀਆਂ ਅੱਖਾਂ ਵਿੱਚ ਬੇਚੈਨੀ ਸਾਫ਼ ਝਲਕਦੀ ਸੀ। ਦੇਖਣ ਨੂੰ ਉਹ ਸੁੱਕੜਾ ਜਿਹਾ ਦੀਂਹਦਾ ਸੀ ਜਿਵੇਂ ਉਸ ਨੂੰ ਘਰੋਂ ਖਾਣ ਨੂੰ ਰੋਟੀ ਵੀ ਨਾ ਜੁੜਦੀ ਹੋਵੇ, ਪਰ ਉਸ ਦੀ ਮਸਤੀ ਫ਼ਕੀਰਾਂ ਦੇ ਪੱਧਰ ਦੀ ਸੀ।
“ਇੱਥੇ ਕੀ ਕਰਨ ਆਇਆ ਸੀ?” ਰਿੰਕੀ ਦੇ ਪਿਉ ਨੇ ਪੁੱਛਿਆ।
“ਭੁੱਖ ਲੱਗੀ ਸੀ। ਸਾਹਮਣੇ ਕੁੜੀ ਬੈਠੀ ਦੇਖੀ। ਕੁੜੀ ਬੜੀ ਉਦਾਸ ਲੱਗ ਰਹੀ ਸੀ। ਮੈਂ ਸੋਚਿਆਂ ਪਹਿਲਾਂ ਇਸ ਕੁੜੀ ਦੇ ਚਿਹਰੇ ’ਤੇ ਮੁਸਕਰਾਹਟ ਲਿਆਵਾਂ। ਕੁੜੀ ਹੱਸੇਗੀ ਤਾਂ ਖਾਣ ਦਾ ਵੀ ਜੁਗਾੜ ਬਣ ਜਾਵੇਗਾ, ਬਸ...।”
ਰਿੰਕੀ ਅਚਾਨਕ ਪਿਉ ਦੀ ਬਾਂਹ ਫੜ ਕੇ ਫੁਸਫਸਾਈ, ‘‘ਪਾਪਾ ਇਹ ਬੜਾ ਮਜ਼ਾਕੀਆ ਮੁੰਡਾ ਹੈ। ਕੀ ਇਹ ਸਾਡੇ ਕੋਲ ਠਹਿਰ ਸਕਦੈ?”
ਨਵੀਨ ਹੈਰਾਨ ਪਰੇਸ਼ਾਨ ਹੋਇਆ ਬੋਲਿਆ,‘‘ਓਏ ਰਿੰਕੀ ਤੂੰ ਬੋਲ ਪਈ ਏਂ, ਮੈਂ ਤਰਸ ਰਿਹਾ ਸੀ ਤੇਰੇ ਬੋਲਾਂ ਨੂੰ ਸੁਣਨ ਲਈ।” ਉਸ ਨੇ ਰਿੰਕੀ ਨੂੰ ਆਪਣੀਆਂ ਬਾਹਵਾਂ ਵਿੱਚ ਘੁੱਟ ਲਿਆ। ਰਿੰਕੀ ਉਸ ਜੁਆਕ ਨੂੰ ਇੱਥੇ ਠਹਿਰਾਉਣ ਲਈ ਵਾਰ ਵਾਰ ਆਪਣੇ ਪਾਪਾ ਨੂੰ ਕਹਿ ਰਹੀ ਸੀ।
ਰਿੰਕੀ ਦੇ ਪਿਤਾ ਨੇ ਉਸ ਮੁੰਡੇ ਨੂੰ ਪੁੱਛਿਆ, ‘‘ਤੂੰ ਕਿੱਥੇ ਰਹਿੰਦੈ?”
“ਰੇਲਵੇ ਲਾਈਨ ਲਾਗੇ ਝੁੱਗੀਆਂ ਵਿੱਚ।”
“ਮਾਂ-ਬਾਪ ਨਾਲ ?”
“ਇਕੱਲਾ ਰਹਿੰਦਾਂ, ਮਾਂ-ਬਾਪ ਹੈ ਨਹੀਂ।”
“ਰੋਟੀ-ਪਾਣੀ?”
“ਰੇਲ ਗੱਡੀ ਵਿੱਚੋਂ ਬਚਿਆ-ਖੁਚਿਆ ਖਾਣਾ ਚੁੱਕ ਲਿਆਉਂਦੇ ਹਾਂ ਤੇ ਸਾਥੀਆਂ ਨਾਲ ਮਿਲ ਕੇ ਖਾ ਲੈਨਾ।”
“ਤੈਨੂੰ ਐਨਾ ਖ਼ੁਸ਼ ਰਹਿਣਾ ਤੇ ਨੱਚਣਾ ਟੱਪਣਾ ਕਿਹਨੇ ਸਿਖਾਇਆ?”
“ਝੁੱਗੀਆਂ ਦੇ ਹੋਰ ਜੁਆਕ ਵੀ ਮੇਰੇ ਵਰਗੇ ਹੀ ਹਨ। ਸਕੂਲ ਤਾਂ ਕੋਈ ਜਾਂਦਾ ਨਹੀਂ। ਫ਼ਿਕਰ ਰੋਟੀ ਦਾ ਵੀ ਨਹੀਂ। ਡੀਲਕਸ ਰੇਲ ਗੱਡੀ ਦੇ ਮੁਸਾਫ਼ਰ ਖਾਣੇ ਦੀਆਂ ਭਰੀਆਂ ਥਾਲੀਆਂ ਜੂਠੀਆਂ ਛੱਡ ਜਾਂਦੇ ਹਨ। ਅਸੀਂ ਜੂਠਾ ਖਾਣਾ ਚੁੱਕ ਲਿਆਉਂਦੇ ਹਾਂ ਅਤੇ ਵੰਡ ਕੇ ਖਾ ਲੈਂਦੇ ਹਾਂ। ਰਾਤੀਂ ਢੋਲਕੀ ਵਜਾ ਕੇ ਨੱਚਦੇ ਵੀ ਹਾਂ।”
“ਜੂਠਾ ਖਾਣਾ ਤੁਹਾਨੂੰ ਬੁਰਾ ਨਹੀਂ ਲੱਗਦਾ?”
“ਭੁੱਖ ਮੂਹਰੇ ਸੁੱਚ ਤੇ ਜੂਠ ਦਾ ਕੀ ਅਰਥ?”
“ਜੇ ਤੂੰ ਸਾਡੀ ਕੋਠੀ ਮੂਹਰੇ ਕਮਰੇ ਵਿੱਚ ਪੱਕਾ ਹੀ ਰਹਿਣ ਲੱਗ ਜਾਵੇਂ?” ਰਿੰਕੀ ਦੇ ਪਿਉ ਨੇ ਪੁੱਛਿਆ। ਮੁੰਡਾ, ਕੁੜੀ ਦੇ ਪਿਉ ਵੱਲ ਹੈਰਾਨੀ ਨਾਲ ਦੇਖਣ ਲੱਗਾ। ਰਿੰਕੀ ਦਾ ਪਿਉ ਮੁੜ ਬੋਲਿਆ, “ਮੈਂ ਤੈਨੂੰ ਵਧੀਆ ਕੱਪੜੇ ਲੈ ਦਿਆਂਗਾ। ਸਕੂਲ ਵਿੱਚ ਦਾਖਲ ਵੀ ਕਰਾ ਦਿਆਂਗਾ।”
“ਮੇਰੇ ਦੋਸਤਾਂ ਵਿੱਚ ਮੈਂ ’ਕੱਲਾ ਹੀ ਪੂਰੇ ਹੱਥਾਂ-ਪੈਰਾਂ ਵਾਲਾ ਹਾਂ। ਮੈਂ ਗੱਡੀ ਚੱਲਣ ਤੋਂ ਪਹਿਲਾਂ ਪਹਿਲਾਂ ਤੇਜ਼ੀ ਨਾਲ ਸਾਰਾ ਜੂਠਾ ਖਾਣਾ ਥੈਲੇ ਵਿੱਚ ਹੂੰਝ ਲਿਆਉਂਦਾ ਹਾਂ। ਬਾਕੀ ਮੇਰੇ ਦੋਸਤਾਂ ’ਚ ਕਿਸੇ ਦੀ ਲੱਤ ਨਹੀਂ ਕਿਸੇ ਦੀ ਬਾਂਹ ਨਹੀਂ।”
“ਓਹ! ਵਿਚਾਰੇ।” ਰਿੰਕੀ ਦੇ ਪਿਉ ਨੇ ਫਿਰ ਕਿਹਾ, “ਜੇ ਮੈਂ ਸਾਰੇ ਬੱਚਿਆਂ ਦੀ ਰੋਟੀ-ਪਾਣੀ, ਕੱਪੜੇ ਅਤੇ ਪੜ੍ਹਾਈ ਦਾ ਇੰਤਜ਼ਾਮ ਕਰ ਦਿਆਂ ਤਾਂ?”
“ਨਹੀਂ।”
“ਤੂੰ ਬੱਸ ਵਿਚ ਸਕੂਲ ਜਾਈਂ। ਉਨ੍ਹਾਂ ਨੂੰ ਨਜ਼ਰ ਹੀ ਨਾ ਆਈਂ।”
“ਮੈਂ ਇੱਥੇ ਕੀ ਕਰਾਂਗਾ?”
“ਕੁੜੀ ਸਾਹਮਣੇ ਤੂੰ ਅੱਜ ਵਾਂਗ ਨੱਚਣਾ ਟੱਪਣਾ ਹੀ ਹੋਵੇਗਾ।”
“ਕਦੋਂ ਤੀਕ?”
“ਜਦੋਂ ਤੀਕ ਰਿੰਕੀ ਵ੍ਹੀਲ ਚੇਅਰ ਤੋਂ ਉਤਰ ਕੇ ਹੱਸਦੀ ਹੱਸਦੀ ਤੇਰੇ ਕੋਲ ਆ ਕੇ ਨੱਚਣ ਨਾ ਲੱਗ ਪਵੇ।”
ਉਹ ਸੋਚੀਂ ਪੈ ਗਿਆ। ਇੰਨੇ ਨੂੰ ਕੁੜੀ ਵ੍ਹੀਲ ਚੇਅਰ ਤੋਂ ਉੱਠੀ ਅਤੇ ਆ ਕੇ ਆਪਣੇ ਪਾਪਾ ਕੋਲ ਖਲੋ ਗਈ ਤੇ ਬੋਲੀ, ‘‘ਪਾਪਾ ਤੁਸੀਂ ਇਸ ਮੁੰਡੇ ਨੂੰ ਕੀ ਕਹਿ ਦਿੱਤਾ ਕਿ ਉਹ ਉਦਾਸ ਹੋ ਗਿਆ ਹੈ।”
“ਸੱਚਮੁੱਚ ਫਰਿਸ਼ਤਾ ਹੈ ਇਹ ਮੁੰਡਾ, ਮੇਰੀ ਕੁੜੀ ਦੀਆਂ ਖ਼ੁਸ਼ੀਆਂ ਮੋੜ ਲਿਆਇਆ ਹੈ।”
“ਆਹ ਤੁਰ ਪਈ ਕੁੜੀ।” ਉਹ ਮੁੰਡਾ ਬੋਲਿਆ।
“ਮੈਂ ਤੈਨੂੰ ਕਿਹੜੀ ਸੌਗਾਤ ਦੇ ਕੇ ਤੋਰਾਂ, ਮੈਂ ਅਹਿਸਾਨ ਥੱਲੇ ਦੱਬ ਗਿਆ ਹਾਂ।”
“ਮੈਂ ਜਾਵਾਂ, ਮੇਰੇ ਆੜੀ ਮੈਨੂੰ ਲੱਭਦੇ ਹੋਣਗੇ।”
“ਪਰ ਕੁੜੀ ਤੈਨੂੰ ਉਡੀਕੇਗੀ।”
“ਮੈਂ ਇਸ ਨੂੰ ਹੱਸਦੀ ਟੱਪਦੀ ਨੂੰ ਦੇਖਣ ਆਇਆ ਕਰਾਂਗਾ।”
“ਜ਼ਰੂਰ।”
“ਉਸ ਦਿਨ ਜ਼ਰੂਰ ਆਵਾਂਗਾ ਜਿਸ ਦਿਨ ਇਹ ਕੁੜੀ ਉਦਾਸ ਹੋਵੇਗੀ।” ਫਿਰ ਉਹ ਮੁੰਡਾ ਉੱਥੋਂ ਦੌੜ ਗਿਆ। ਕੁੜੀ ਅਤੇ ਉਸ ਦਾ ਪਿਓ ਉਸ ਫਰਿਸ਼ਤੇ ਨੂੰ ਦੂਰ ਤੱਕ ਦੇਖਦੇ ਰਹੇ। ਜਦ ਤੀਕ ਉਹ ਅੱਖੋਂ ਓਝਲ ਨਹੀਂ ਹੋ ਗਿਆ।
ਸੰਪਰਕ: 97806-67686

