DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਅਮਰ ਗੀਤਾਂ ਦਾ ਰਚੇਤਾ ਅਨੰਦ ਬਖ਼ਸ਼ੀ

ਅਜੋਕਾ ਬੌਲੀਵੁੱਡ ਸੰਗੀਤ ਵੀਹਵੀਂ ਸਦੀ ਦੇ ਛੇਵੇਂ ਦਹਾਕੇ ਤੋਂ ਲੈ ਕੇ ਨੌਵੇਂ ਦਹਾਕੇ ਤੱਕ ਆਪਣਾ ਸਿਖਰ ਹੰਢਾਉਣ ਤੋਂ ਬਾਅਦ ਹੁਣ ਹੰਭ ਗਿਆ ਜਾਪਦਾ ਹੈ। ਅਜੋਕੇ ਬੌਲੀਵੁੱਡ ਸੰਗੀਤ ਵਿੱਚ ਪੁਰਾਣੇ ਵੇਲਿਆਂ ਵਾਲੀ ਸਾਰਥਿਕਤਾ, ਸੰਗੀਤਕਤਾ, ਸੁਰੀਲਾਪਣ ਤੇ ਸੰਗੀਤ ਦੀ ਸੁੱਚਤਾ ਪ੍ਰਤੀ ਸਮਰਪਣ...

  • fb
  • twitter
  • whatsapp
  • whatsapp
Advertisement

ਅਜੋਕਾ ਬੌਲੀਵੁੱਡ ਸੰਗੀਤ ਵੀਹਵੀਂ ਸਦੀ ਦੇ ਛੇਵੇਂ ਦਹਾਕੇ ਤੋਂ ਲੈ ਕੇ ਨੌਵੇਂ ਦਹਾਕੇ ਤੱਕ ਆਪਣਾ ਸਿਖਰ ਹੰਢਾਉਣ ਤੋਂ ਬਾਅਦ ਹੁਣ ਹੰਭ ਗਿਆ ਜਾਪਦਾ ਹੈ। ਅਜੋਕੇ ਬੌਲੀਵੁੱਡ ਸੰਗੀਤ ਵਿੱਚ ਪੁਰਾਣੇ ਵੇਲਿਆਂ ਵਾਲੀ ਸਾਰਥਿਕਤਾ, ਸੰਗੀਤਕਤਾ, ਸੁਰੀਲਾਪਣ ਤੇ ਸੰਗੀਤ ਦੀ ਸੁੱਚਤਾ ਪ੍ਰਤੀ ਸਮਰਪਣ ਲਗਭਗ ਖ਼ਤਮ ਹੋ ਗਿਆ ਜਾਪਦਾ ਹੈ। ਜੇਕਰ ਇਹ ਗੱਲ ਸੱਚ ਨਾ ਹੁੰਦੀ ਤਾਂ ਫਿਰ ਅੱਜ ਵੀ ਸੰਗੀਤ ਪ੍ਰੇਮੀ ਬੀਤੇ ਜ਼ਮਾਨੇ ਦੇ ਸੰਗੀਤਕਾਰਾਂ ਨੌਸ਼ਾਦ, ਸ਼ੰਕਰ-ਜੈ ਕਿਸ਼ਨ, ਲਕਸ਼ਮੀਕਾਂਤ-ਪਿਆਰੇ ਲਾਲ, ਕਲਿਆਣ ਜੀ-ਅਨੰਦ ਜੀ, ਮਦਨ ਮੋਹਨ, ਰੌਸ਼ਨ, ਐੱਸ.ਡੀ.ਬਰਮਨ, ਆਰ.ਡੀ. ਬਰਮਨ ਅਤੇ ਸੀ. ਰਾਮਚੰਦਰ ਤੇ ਕਲਮ ਦੇ ਧਨੀ ਮੰਨੇ ਜਾਂਦੇ ਗੀਤਕਾਰਾਂ ਸਾਹਿਰ ਲੁਧਿਆਣਵੀ, ਪ੍ਰਦੀਪ, ਹਸਰਤ ਜੈਪੁਰੀ, ਮਜਰੂਹ ਸੁਲਤਾਨਪੁਰੀ, ਰਜਿੰਦਰ ਕ੍ਰਿਸ਼ਨ ਅਤੇ ਅਨੰਦ ਬਖ਼ਸ਼ੀ ਆਦਿ ਦੀਆਂ ਅਮਰ ਰਚਨਾਵਾਂ ਸੁਣ ਕੇ ਝੂਮਦੇ ਨਾ ਹੁੰਦੇ।

ਅਨੰਦ ਬਖ਼ਸ਼ੀ ਬੌਲੀਵੁੱਡ ਦਾ ਉਹ ਸੁੱਘੜ ਸਿਆਣਾ ਗੀਤਕਾਰ ਸੀ ਜਿਸ ਨੇ ਵੀਹਵੀਂ ਸਦੀ ਦੇ ਛੇਵੇਂ ਦਹਾਕੇ ਤੋਂ ਲੈ ਕੇ ਆਖ਼ਰੀ ਦਹਾਕੇ ਤੱਕ ਆਏ ਹਰੇਕ ਦੌਰ ਦੀ ਨਬਜ਼ ਫੜੀ ਸੀ ਤੇ ਆਪਣੇ ਮਨਮੋਹਕ ਤੇ ਅਰਥ ਭਰਪੂਰ ਗੀਤਾਂ ਦੇ ਮੋਤੀਆਂ ਨਾਲ ਬੌਲੀਵੁੱਡ ਨੂੰ ਮਾਲਾਮਾਲ ਕਰ ਦਿੱਤਾ ਸੀ। ਬਖ਼ਸ਼ੀ ਅਨੰਦ ਪ੍ਰਕਾਸ਼ ਵੈਦ ਉਰਫ਼ ਅਨੰਦ ਬਖ਼ਸ਼ੀ ਦਾ ਜਨਮ 21 ਜੁਲਾਈ, 1930 ਨੂੰ ਮਾਤਾ ਸੁਮਿੱਤਰਾ ਦੇਵੀ ਦੀ ਕੁੱਖੋਂ ਪਾਕਿਸਤਾਨ ਦੇ ਰਾਵਲਪਿੰਡੀ ਇਲਾਕੇ ਵਿੱਚ ਹੋਇਆ ਸੀ। ਅਨੰਦ ਅਜੇ ਪੰਜ ਕੁ ਵਰ੍ਹਿਆਂ ਦਾ ਸੀ ਜਦੋਂ ਉਸ ਦੀ ਮਾਂ ਚੱਲ ਵੱਸੀ ਸੀ। ਸੰਨ ਸੰਤਾਲੀ ਵਿੱਚ ਹੋਏ ਮੁਲਕ ਦੇ ਬਟਵਾਰੇ ਮਗਰੋਂ ਬਖ਼ਸ਼ੀ ਦਾ ਪਰਿਵਾਰ ਪੂਨਾ ਤੇ ਮੇਰਠ ਵਿਖੇ ਕੁਝ ਚਿਰ ਵੱਸਣ ਤੋਂ ਬਾਅਦ ਅਖ਼ੀਰ ਦਿੱਲੀ ਵਿਖੇ ਆ ਵੱਸਿਆ ਸੀ। ਚੜ੍ਹਦੀ ਉਮਰੇ ਕਾਲਜ ਦੀ ਪੜ੍ਹਾਈ ਦੌਰਾਨ ਅਨੰਦ ਬਖ਼ਸ਼ੀ ਨੂੰ ਸ਼ਾਇਰੀ ਕਰਨ ਦਾ ਸ਼ੌਕ ਪੈ ਗਿਆ ਜੋ ਬਾਅਦ ਵਿੱਚ ਉਸ ਦੇ ਖ਼ੁਦ ਲਈ ਲਈ ਤੇ ਸਮੁੱਚੇ ਬੌਲੀਵੁੱਡ ਲਈ ਬੜਾ ਲਾਹੇਵੰਦ ਸਾਬਤ ਹੋਈ।

Advertisement

ਇੱਕ ਦਿਨ ਉਸ ਨੂੰ ਭਾਰਤੀ ਫ਼ੌਜ ਵਿੱਚ ਨੌਕਰੀ ਮਿਲ ਗਈ ਤੇ ਉਹ ਮੁਲਕ ਦੀਆਂ ਸਰਹੱਦਾਂ ਦੀ ਰਾਖੀ ਲਈ ਘਰੋਂ ਨਿਕਲ ਪਿਆ। ਭਾਰਤੀ ਜਲ ਸੈਨਾ ਵਿੱਚ ਕਈ ਵਰ੍ਹੇ ਨੌਕਰੀ ਕਰਨ ਦੇ ਦੌਰਾਨ ਤੇ ਉਪਰੰਤ ਅਨੰਦ ਬਖ਼ਸ਼ੀ ਨੇ ਗੀਤਾਂ ਤੇ ਕਵਿਤਾਵਾਂ ਦੀ ਰਚਨਾ ਜਾਰੀ ਰੱਖੀ ਤੇ ਅਖ਼ੀਰ ਗੀਤਕਾਰ ਬਣਨ ਦੇ ਮਕਸਦ ਨਾਲ ਬੌਲੀਵੁੱਡ ਵਿੱਚ ਆ ਪੈਰ ਧਰਿਆ। 1957 ਵਿੱਚ ‘ਸ਼ੇਰੇ ਬਗ਼ਦਾਦ’ ਸਣੇ ਇੱਕਾ-ਦੁੱਕਾ ਫਿਲਮਾਂ ਵਿੱਚ ਗੀਤ ਲਿਖਣ ਦਾ ਮੌਕਾ ਉਸ ਨੂੰ ਮਿਲ ਤਾਂ ਗਿਆ, ਪਰ ਮਾੜੀ ਮੋਟੀ ਪਛਾਣ ਕੇਵਲ 1958 ਵਿੱਚ ਆਈ ਫਿਲਮ ‘ਭਲਾ ਆਦਮੀ’ ਲਈ ਲਿਖੇ ਇੱਕ ਗੀਤ ਨਾਲ ਹੀ ਮਿਲੀ ਸੀ। ‘ਧਰਤੀ ਕੇ ਲਾਲ, ਨਾ ਕਰ ਮਲਾਲ’ ਦੇ ਬੋਲਾਂ ਵਾਲਾ ਇਹ ਗੀਤ ਅਨੰਦ ਬਖ਼ਸ਼ੀ ਦੀ ਹੀ ਆਵਾਜ਼ ਵਿੱਚ ਰਿਕਾਰਡ ਹੋਇਆ ਸੀ ਤੇ ਅਦਾਕਾਰ ਭਗਵਾਨ ਦਾਦਾ ’ਤੇ ਫਿਲਮਾਇਆ ਗਿਆ ਸੀ। ਸੰਗੀਤਕਾਰ ਨਿਸਾਰ ਬਜ਼ਮੀ ਦੇ ਸੰਗੀਤ ਨਿਰਦੇਸ਼ਨ ਵਿੱਚ ਰਿਕਾਰਡ ਹੋਏ ਇਸ ਫਿਲਮ ਦੇ ਚਾਰ ਗੀਤਾਂ ਲਈ ਅਨੰਦ ਬਖ਼ਸੀ ਨੂੰ ਕੁੱਲ ਇੱਕ ਸੌ ਪੰਜਾਹ ਰੁਪਏ ਦਾ ਮਿਹਨਤਾਨਾ ਮਿਲਿਆ ਸੀ।

Advertisement

ਸਾਲ 1962 ਵਿੱਚ ਆਈ ਨਿਰਮਾਤਾ ਰਾਜ ਕਪੂਰ ਅਤੇ ਸੰਗੀਤ ਨਿਰਦੇਸ਼ਕ ਮਲਿਆਣ ਜੀ-ਅਨੰਦ ਜੀ ਦੀ ਫਿਲਮ ‘ਮਹਿੰਦੀ ਲਗੇ ਮੇਰੇ ਹਾਥ’ ਵਿੱਚ ਉਸ ਦੇ ਰਚੇ ਗੀਤਾਂ ਨੇ ਉਸ ਦਾ ਨਾਂ ਲੋਕਾਂ ਦੇ ਬੁੱਲ੍ਹਾਂ ’ਤੇ ਲੈ ਆਂਦਾ ਸੀ ਤੇ ਫਿਰ 1965 ਵਿੱਚ ‘ਜਬ ਜਬ ਫੂਲ ਖਿਲੇ’ ਅਤੇ ‘ਹਿਮਾਲਿਆ ਕੀ ਗੋਦ ਮੇਂ’ ਨਾਮਕ ਫਿਲਮਾਂ ਲਈ ਲਿਖੇ ਉਸ ਦੇ ਗੀਤਾਂ ਨੇ ਤਾਂ ਜ਼ਮਾਨੇ ਭਰ ਵਿੱਚ ਧੁੰਮਾਂ ਪਾ ਦਿੱਤੀਆਂ ਸਨ। ਇਨ੍ਹਾਂ ਫਿਲਮਾਂ ਤੋਂ ਛੇਤੀ ਬਾਅਦ ਆਈ ਫਿਲਮ ‘ਮਿਲਨ’ ਲਈ ਬਖ਼ਸੀ ਦੇ ਗੀਤ ਤਾਂ ਅਮਰ ਗੀਤਾਂ ਦਾ ਦਰਜਾ ਹਾਸਲ ਕਰ ਗਏ ਸਨ। ਗੀਤਕਾਰੀ ਦੇ ਆਪਣੇ ਸਮੁੱਚੇ ਸਫ਼ਰ ਵਿੱਚ ਅਨੰਦ ਬਖ਼ਸ਼ੀ ਨੇ ਤਿੰਨ ਸੌ ਤੋਂ ਵੱਧ ਫਿਲਮਾਂ ਲਈ ਛੇ ਹਜ਼ਾਰ ਦੇ ਕਰੀਬ ਗੀਤ ਰਚੇ ਸਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਗੀਤ ਸੁਪਰਹਿੱਟ ਤੇ ਯਾਦਗਾਰੀ ਰਹੇ ਸਨ।

‘ਜਿਸ ਗਲੀ ਮੇਂ ਤੇਰਾ ਘਰ ਨਾ ਹੋ ਬਾਲਮਾ’, ‘ਬਾਗ਼ੋਂ ਮੇਂ ਬਹਾਰ ਹੈ’, ‘ਬੜੇ ਅੱਛੇ ਲਗਤੇ ਹੈਂ’, ‘ਝਿਲਮਿਲ ਸਿਤਾਰੋਂ ਕਾ ਆਂਗਨ ਹੋਗਾ’, ‘ਕੋਰਾ ਕਾਗ਼ਜ਼ ਥਾ ਯੇ ਮਨ ਮੇਰਾ’, ‘ਯੇ ਸ਼ਾਮ ਮਸਤਾਨੀ ਮਦਹੋਸ਼ ਕੀਏ ਜਾਏ’, ‘ਮੇਰੇ ਨੈਨਾ ਸਾਵਨ ਭਾਦੋਂ ਫਿਰ ਭੀ ਮੇਰਾ ਮਨ ਪਿਆਸਾ’, ‘ਮਸਤ ਬਹਾਰੋਂ ਕਾ ਮੈਂ ਆਸ਼ਿਕ’, ‘ਆ ਜਾ ਤੁਝ ਕੋ ਪੁਕਾਰੇ ਮੇਰੇ ਗੀਤ’, ‘ਓ ਮੇਰੀ ਮਹਿਬੂਬਾ ਤੁਝੇ ਜਾਨਾ ਹੈ ਤੋ ਜਾ’, ‘ਪਰਦੇਸੀਉਂ ਸੇ ਨਾ ਅੱਖੀਆਂ ਮਿਲਾਨਾ’, ‘ਕੁਛ ਤੋ ਲੋਗ ਕਹੇਂਗੇ, ਲੋਗੋਂ ਕਾ ਕਾਮ ਹੈ ਕਹਿਨਾ’, ‘ਤੁਝੇ ਦੇਖਾ ਤੋ ਯੇ ਜਾਨਾ ਸਨਮ’, ‘ਜਾਨੇ ਕਿਊਂ ਲੋਗ ਮੁਹੱਬਤ ਕੀਆ ਕਰਤੇ ਹੈਂ’, ‘ਤੂ ਚੀਜ਼ ਬੜੀ ਹੈ ਮਸਤ-ਮਸਤ’, ‘ਮੇਰੇ ਖ਼ੁਆਬੋਂ ਮੇਂ ਜੋ ਆਏ’, ‘ਖ਼ੁਸ਼ ਰਹੇ ਤੂ ਸਦਾ ਯੇ ਦੁਆ ਹੈ ਮੇਰੀ’, ‘ਪਿਆਰ ਕਰਨੇ ਵਾਲੇ ਕਭੀ ਡਰਤੇ ਨਹੀਂ’ ਅਤੇ ‘ਕੋਈ ਹਸੀਨਾ ਜਬ ਰੂਠ ਜਾਤੀ ਹੈ’ ਜਿਹੇ ਹਜ਼ਾਰਾਂ ਦਿਲਕਸ਼ ਗੀਤਾਂ ਦੇ ਰਚੇਤਾ ਅਨੰਦ ਬਖ਼ਸ਼ੀ ਦਾ ਨਾਂ ਚਾਲੀ ਵਾਰ ਫਿਲਮਫੇਅਰ ਐਵਾਰਡ ਲਈ ਨਾਮਜ਼ਦ ਕੀਤਾ ਗਿਆ ਸੀ ਤੇ ਚਾਰ ਵਾਰ ਉਹ ਇਹ ਉੱਚ-ਕੋਟੀ ਦਾ ਐਵਾਰਡ ਹਾਸਲ ਕਰਨ ਵਿੱਚ ਸਫਲ ਵੀ ਰਿਹਾ ਸੀ।

ਸਾਲ 1958 ਵਿੱਚ ਫਿਲਮ ‘ਭਲਾ ਆਦਮੀ’ ਲਈ ਆਪਣੀ ਆਵਾਜ਼ ਵਿੱਚ ਗੀਤ ਰਿਕਾਰਡ ਕਰਵਾਉਣ ਵਾਲੇ ਅਨੰਦ ਬਖ਼ਸ਼ੀ ਨੇ 1972 ਵਿੱਚ ਬਣੀ ਫਿਲਮ ‘ਮੋਮ ਕੀ ਗੁੜੀਆ’ ਲਈ ‘ਬਾਗ਼ੋਂ ਮੇਂ ਬਹਾਰ ਆਈ, ਹੋਂਠੋਂ ਪੇ ਪੁਕਾਰ ਲਾਈ’ ਨਾਮਕ ਗੀਤ ਲਤਾ ਮੰਗੇਸ਼ਕਰ ਨਾਲ ਬਤੌਰ ਗਾਇਕ ਰਿਕਾਰਡ ਕਰਵਾਇਆ ਸੀ ਤੇ ਇਸੇ ਫਿਲਮ ਵਿੱਚ ਉਸ ਦਾ ਗਾਇਆ ਇੱਕ ਸੋਲੋ ਗੀਤ ‘ਮੈਂ ਢੂੰਡ ਰਹਾ ਥਾ ਸਪਨੋਂ ਮੇਂ’ ਵੀ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਦੋਵਾਂ ਗੀਤਾਂ ਨੂੰ ਸੰਗੀਤਕਾਰ ਜੋੜੀ ਲਕਸ਼ਮੀਕਾਂਤ-ਪਿਆਰੇ ਲਾਲ ਨੇ ਸੰਗੀਤਬੱਧ ਕੀਤਾ ਸੀ। ਉਸ ਨੇ ‘ਸ਼ੋਅਲੇ’ ਫਿਲਮ ਲਈ ਕਿਸ਼ੋਰ ਕੁਮਾਰ ਅਤੇ ਮੰਨਾ ਡੇ ਨਾਲ ਮਿਲ ਕੇ ਇੱਕ ਕੱਵਾਲੀ ਵੀ ਗਾਈ ਸੀ ਜੋ ਕਿ ਕਿਸੇ ਕਾਰਨ ਕਰਕੇ ਫਿਲਮ ਦੇ ਨਿਰਮਾਤਾ ਜੀ.ਪੀ. ਸਿੱਪੀ ਨੇ ਫਿਲਮ ਵਿੱਚ ਸ਼ਾਮਲ ਹੀ ਨਹੀਂ ਕੀਤੀ ਸੀ। ਇਸ ਤੋਂ ਇਲਾਵਾ ‘ਚਰਸ’, ‘ਮਹਾਂਚੋਰ’ ਅਤੇ ‘ਬਾਲਿਕਾ ਵਧੂ’ ਆਦਿ ਫਿਲਮਾਂ ਵਿੱਚ ਵੀ ਉਸ ਦੇ ਰਚੇ ਤੇ ਗਾਏ ਗੀਤਾਂ ਨੂੰ ਸ਼ਾਮਲ ਕੀਤਾ ਗਿਆ ਸੀ।

ਲਕਸ਼ਮੀਕਾਂਤ-ਪਿਆਰੇ ਲਾਲ ਦੀ ਜੋੜੀ ਦੇ ਸੰਗੀਤ ਵਿੱਚ ਤਿੰਨ ਸੌ ਅਤੇ ਆਰ.ਡੀ. ਬਰਮਨ ਦੇ ਸੰਗੀਤ ਵਿੱਚ ਸੌ ਤੋਂ ਵੱਧ ਗੀਤ ਰਚਣ ਵਾਲੇ ਮਹਾਨ ਗੀਤਕਾਰ ਅਨੰਦ ਬਖ਼ਸ਼ੀ ਦੀ ਆਖ਼ਰੀ ਰਿਲੀਜ਼ ਫਿਲਮ ‘ਮਹਿਬੂਬਾ’ ਸੀ ਜੋ ਕਿ ਉਸ ਦੇ ਦੇਹਾਂਤ ਤੋਂ ਬਾਅਦ ਰਿਲੀਜ਼ ਹੋਈ ਸੀ। ਉਸ ਦੇ ਰਚੇ ਗੀਤਾਂ ਨਾਲ ਸਜੀਆਂ ਬਲਾਕਬਸਟਰ ਫਿਲਮਾਂ ਵਿੱਚ ‘ਬੌਬੀ’, ‘ਅਮਰ ਪ੍ਰੇਮ’, ‘ਜੀਨੇ ਕੀ ਰਾਹ’, ‘ਸੀਤਾ ਔਰ ਗੀਤਾ’, ‘ਸ਼ੋਅਲੇ’, ‘ਆਇਆ ਸਾਵਨ ਝੁੂਮ ਕੇ’, ‘ਨਗੀਨਾ’, ‘ਦਿਲਵਾਲੇ ਦੁਲਹਨੀਆਂ ਲੇ ਜਾਏਂਗੇ’, ‘ਗ਼ਦਰ-ਏਕ ਪ੍ਰੇਮ ਕਥਾ’, ‘ਤਾਲ’, ‘ਮੁਹੱਬਤੇਂ’, ‘ਪਰਦੇਸ’, ‘ਹੀਰ ਰਾਂਝਾ’, ‘ਦੁਸ਼ਮਨ’ ਅਤੇ ‘ਮੇਰਾ ਗਾਂਵ ਮੇਰਾ ਦੇਸ਼’ ਆਦਿ ਦੇ ਨਾਂ ਪ੍ਰਮੁੱਖ ਹਨ। ਗਾਇਕ ਸ਼ੈਲੇਂਦਰ ਸਿੰਘ, ਕੁਮਾਰ ਸਾਨੂ ਅਤੇ ਕਵਿਤਾ ਕ੍ਰਿਸ਼ਨਨ ਮੂਰਤੀ ਦੇ ਕਰੀਅਰ ਦਾ ਪਲੇਠਾ ਗੀਤ ਰਚਣ ਵਾਲੇ ਇਸ ਗੀਤਕਾਰ ਦਾ 30 ਮਾਰਚ, 2002 ਨੂੰ ਦੇਹਾਂਤ ਹੋ ਗਿਆ ਸੀ। ਅਨੰਦ ਬਖ਼ਸ਼ੀ ਦੀ ਇਹ ਵਿਸ਼ੇਸ਼ਤਾ ਰਹੀ ਕਿ ਉਸ ਨੇ ਸ਼ਾਸਤਰੀ ਸੰਗੀਤ ਦੇ ਬੇਤਾਜ ਬਾਦਸ਼ਾਹ ਆਖੇ ਜਾਂਦੇ ਸੰਗੀਤਕਾਰ ਨੌਸ਼ਾਦ ਦੇ ਸੰਗੀਤ ਨਿਰਦੇਸ਼ਨ ਵਿੱਚ ਵੀ ਗੀਤ ਲਿਖੇ ਤੇ ਆਧੁਨਿਕ ਸੰਗੀਤ ਦੇ ਮਾਹਿਰਾਂ ਏ.ਆਰ. ਰਹਿਮਾਨ ਅਤੇ ਨੁਸਰਤ ਫ਼ਤਿਹ ਅਲੀ ਖ਼ਾਂ ਦੇ ਸੰਗੀਤ ਵਿੱਚ ਵੀ ਸੁਰੀਲੇ ਗੀਤਾਂ ਦੇ ਤੋਹਫ਼ੇ ਸੰਗੀਤ ਪ੍ਰੇਮੀਆਂ ਦੀ ਝੋਲੀ ਪਾਏ ਸਨ।

ਸੰਪਰਕ: 97816-46008

Advertisement
×