DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਸੁਰਾਂ ਦਾ ਸਫ਼ੀਰ ਦੀਦਾਰ ਸਿੰਘ ਪਰਦੇਸੀ

ਪੰਜਾਬੀ ਗਾਇਕ ਦੀਦਾਰ ਸਿੰਘ ਪਰਦੇਸੀ ਨੇ ਆਪਣੀ ਸੁਰੀਲੀ ਆਵਾਜ਼ ਰਾਹੀਂ ਪਿੰਡ ਪੱਤੜ ਕਲਾਂ (ਜ਼ਿਲ੍ਹਾ ਜੰਲਧਰ) ਦੀ ਮਿੱਟੀ ਤੋਂ ਲੈ ਕੇ ਅਫ਼ਰੀਕਾ ਦੀ ਧਰਤੀ ’ਤੇ ਪੰਜਾਬੀ ਅਤੇ ਹਿੰਦੀ ਸੰਗੀਤ ਦੀ ਖੁਸ਼ਬੂ ਬਖੇਰੀ। ਦੀਦਾਰ ਸਿੰਘ ਪਰਦੇਸੀ ਦਾ ਜਨਮ 14 ਜੁਲਾਈ 1937 ਨੂੰ...

  • fb
  • twitter
  • whatsapp
  • whatsapp
Advertisement

ਪੰਜਾਬੀ ਗਾਇਕ ਦੀਦਾਰ ਸਿੰਘ ਪਰਦੇਸੀ ਨੇ ਆਪਣੀ ਸੁਰੀਲੀ ਆਵਾਜ਼ ਰਾਹੀਂ ਪਿੰਡ ਪੱਤੜ ਕਲਾਂ (ਜ਼ਿਲ੍ਹਾ ਜੰਲਧਰ) ਦੀ ਮਿੱਟੀ ਤੋਂ ਲੈ ਕੇ ਅਫ਼ਰੀਕਾ ਦੀ ਧਰਤੀ ’ਤੇ ਪੰਜਾਬੀ ਅਤੇ ਹਿੰਦੀ ਸੰਗੀਤ ਦੀ ਖੁਸ਼ਬੂ ਬਖੇਰੀ। ਦੀਦਾਰ ਸਿੰਘ ਪਰਦੇਸੀ ਦਾ ਜਨਮ 14 ਜੁਲਾਈ 1937 ਨੂੰ ਇਸੇ ਹੀ ਪਿੰਡ ’ਚ ਮੱਘਰ ਸਿੰਘ ਅਤੇ ਮਾਤਾ ਰਤਨ ਕੌਰ ਦੇ ਘਰ ਹੋਇਆ। ਪ੍ਰਸਿੱਧ ਸ਼ਾਇਰ ਸੁਰਜੀਤ ਪਾਤਰ ਦੇ ਚਚੇਰੇ ਭਰਾ ਅਤੇ ਉਨ੍ਹਾਂ ਤੋਂ ਅੱਠ ਸਾਲ ਵੱਡੇ ਪਰਦੇਸੀ ਦੇ ਮਨ ਵਿੱਚ ਬਚਪਨ ਤੋਂ ਹੀ ਸੰਗੀਤ ਪ੍ਰਤੀ ਲਗਾਅ ਸੀ। ਕੇਵਲ ਪੰਜ ਸਾਲ ਦੀ ਉਮਰ ’ਚ ਹੀ ਉਹ ਗੁਰੂ-ਘਰਾਂ ਵਿੱਚ ਨਜ਼ਮ ਤੇ ਧਾਰਮਿਕ ਕਵਿਤਾਵਾਂ ਰਾਹੀਂ ਆਪਣੀ ਮਿੱਠੀ ਆਵਾਜ਼ ਦੀ ਛਾਪ ਛੱਡਣ ਲੱਗੇ। ਇੱਕ ਵਾਰ ਗੁਰਦੁਆਰੇ ਵਿੱਚ ਗਾਈ ਨਜ਼ਮ ’ਤੇ ਮਿਲੇ ਚਾਂਦੀ ਦੇ ਰੁਪਏ ਦੀ ਇਨਾਮੀ ਝਲਕ ਨੇ ਉਨ੍ਹਾਂ ਦੇ ਮਨ ਵਿੱਚ ਸੰਗੀਤ ਪ੍ਰਤੀ ਪਿਆਰ ਨੂੰ ਹੋਰ ਵੀ ਮਜ਼ਬੂਤ ਕਰ ਦਿੱਤਾ।

ਸਾਲ 1951 ਵਿੱਚ 14 ਸਾਲ ਦੀ ਉਮਰ ਵਿੱਚ ਦੀਦਾਰ ਸਿੰਘ ਆਪਣਾ ਕਰੀਅਰ ਬਣਾਉਣ ਲਈ ਪਿੰਡ ਛੱਡ ਕੀਨੀਆ ਆਪਣੇ ਪਿਤਾ ਅਤੇ ਭਰਾ ਕੋਲ ਚਲਾ ਗਿਆ। ਜਿੱਥੇ ਪੜ੍ਹਾਈ ਮੁਕੰਮਲ ਕਰਕੇ ਅਧਿਆਪਕ ਬਣਿਆ ਅਤੇ ਆਪਣੀ ਪੇਸ਼ਾਵਰ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਹਾਲਾਂਕਿ ਪੇਸ਼ਾ ਅਧਿਆਪਨ ਦਾ ਸੀ, ਪਰ ਦਿਲ ਗਾਇਕੀ ਦੇ ਰਾਹ ’ਤੇ ਉੱਡਣਾ ਚਾਹੁੰਦਾ ਸੀ।

Advertisement

ਉਸ ਦੀ ਆਵਾਜ਼ ’ਚ ਉਹ ਜਾਦੂ ਸੀ ਕਿ ਪੂਰਬੀ ਅਫ਼ਰੀਕਾ ਦੇ ਘਰ-ਘਰ ’ਚ ਉਸ ਦੀ ਗਾਇਕੀ ਦੀ ਗੂੰਜ ਰੇਡੀਓ ਰਾਹੀਂ ਗੂੰਜਣ ਲੱਗੀ। ‘ਹੀਰ ਵਾਰਿਸ ਸ਼ਾਹ’ ਦੀ ਰਚਨਾ ਨਾਲ ਉਸ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਅਫ਼ਰੀਕਾ ਤੋਂ ਕੀਤੀ। ਭੈਰਵੀ ਰਾਗ ਵਿੱਚ ਵਾਰਿਸ ਸ਼ਾਹ ਦੀ ‘ਹੀਰ’ ਸੁਣ ਕੇ ਉਸਤਾਦ ਅਲੀ ਅਕਬਰ ਖਾਂ ਪਰਦੇਸੀ ਤੋਂ ਇੰਨੇ ਖੁਸ਼ ਹੋਏ ਕਿ ਉਨ੍ਹਾਂ ਨੇ ਆਪਣੀ ਮੁੰਦਰੀ ਲਾਹ ਕੇ ਪਰਦੇਸੀ ਦੀ ਉਂਗਲ ਵਿੱਚ ਪਾ ਦਿੱਤੀ। ਪਰਦੇਸੀ ਨੇ ਅੱਜ ਵੀ ਉਸ ਨੂੰ ਬੜੇ ਸਤਿਕਾਰ ਨਾਲ ਸੰਭਾਲ ਕੇ ਰੱਖਿਆ ਹੋਇਆ ਹੈ।

Advertisement

ਨੈਰੋਬੀ ਦੇ ਇੱਕ ਸਮਾਗਮ ਵਿੱਚ ਜਦੋਂ ਪਰਦੇਸੀ ਨੇ ਮੁਹੰਮਦ ਰਫ਼ੀ ਤੋਂ ਇਜਾਜ਼ਤ ਲੈ ਕੇ ਉਨ੍ਹਾਂ ਦਾ ਹੀ ਗੀਤ ‘ਚੌਦਵੀਂ ਕਾ ਚਾਂਦ ਹੋ’ ਗਾਇਆ ਤਾਂ ਉਹ ਇੰਨੇ ਖੁਸ਼ ਹੋਏ ਕਿ ਉਨ੍ਹਾਂ ਨੇ ਪਰਦੇਸੀ ਨੂੰ ਗਲਵੱਕੜੀ ਵਿੱਚ ਲੈ ਕੇ ਕਿਹਾ ‘‘ਤੁਸੀਂ ਤਾਂ ਇੱਥੋਂ ਦੇ ਰਫ਼ੀ ਹੋ... ਪੂਰਬੀ ਅਫ਼ਰੀਕਾ ਦੇ ਰਫ਼ੀ!’’ ਇਹ ਉਪਾਧੀ ਪਰਦੇਸੀ ਲਈ ਸਿਰਫ਼ ਇੱਕ ਸਨਮਾਨ ਹੀ ਨਹੀਂ ਸੀ, ਸਗੋਂ ਉਸ ਦੀ ਮਿਹਨਤ ਅਤੇ ਕਲਾ ਦੀ ਸਭ ਤੋਂ ਵੱਡੀ ਪ੍ਰਾਪਤੀ ਸੀ।

ਦੀਦਾਰ ਸਿੰਘ ਪਰਦੇਸੀ ਨੇ ਉਰਦੂ, ਹਿੰਦੀ, ਪੰਜਾਬੀ ਦੀਆਂ ਗ਼ਜ਼ਲਾਂ, ਰੁਬਾਈਆਂ ਅਤੇ ਲੋਕਗੀਤਾਂ ਨੂੰ ਆਪਣੀ ਅਨਮੋਲ ਆਵਾਜ਼ ਦਿੱਤੀ, ਪਰ ਕਮਰਸ਼ੀਅਲ ਗਾਇਕੀ ਦੀਆਂ ਚਮਕਦਾਰ ਰਾਹਾਂ ਨੂੰ ਛੱਡ ਕੇ ਉਸ ਨੇ ਆਪਣਾ ਮਨ ਅਧਿਆਪਨ ਅਤੇ ਪ੍ਰਮਾਣਿਕ ਗਾਇਕੀ ’ਚ ਹੀ ਲਗਾਇਆ। ਮਹਾਨ ਸ਼ਾਇਰਾਂ ਦੀਆਂ ਰਚਨਾਵਾਂ ਨੂੰ ਉਹ ਮਹਿਫ਼ਲਾਂ ਦੀ ਰੌਣਕ ਬਣਾਉਂਦਾ। ਲੋਕ ਉਸ ਦੀ ਆਵਾਜ਼ ’ਤੇ ਵਾਹ ਵਾਹ ਕਰਦੇ ਅਤੇ ਇਹੀ ਤਾਰੀਫ਼ ਉਸ ਲਈ ਸਭ ਤੋਂ ਵੱਡਾ ਇਨਾਮ ਹੁੰਦੀ। ਮੁਹੰਮਦ ਰਫ਼ੀ ਦੇ ਸੈਂਕੜੇ ਗੀਤਾਂ ਤੋਂ ਇਲਾਵਾ ਉਸ ਨੇ ਪ੍ਰਕਾਸ਼ ਸਾਥੀ, ਸਾਹਿਰ ਲੁਧਿਆਣਵੀ, ਇਕਬਾਲ, ਮਿਰਜ਼ਾ ਗ਼ਾਲਿਬ, ਜਾਂ ਨਿਸਾਰ ਅਖ਼ਤਰ, ਸ਼ਿਵ ਕੁਮਾਰ ਬਟਾਲਵੀ, ਸੁਰਜੀਤ ਪਾਤਰ ਵਰਗੇ ਅਣਗਿਣਤ ਸ਼ਾਇਰਾਂ ਦੀਆਂ ਰਚਨਾਵਾਂ ਨੂੰ ਆਪਣੀ ਆਵਾਜ਼ ਦਿੱਤੀ। ਕਈ ਹਿੰਦੀ ਫਿਲਮਾਂ ਦੇ ਗੀਤਾਂ ਨੂੰ ਵੀ ਆਪਣੇ ਸੁਰਾਂ ਨਾਲ ਰੰਗਿਆ।

ਆਪਣੇ ਤਿੰਨੋਂ ਬੱਚਿਆਂ (ਦੋ ਧੀਆਂ ਤੇ ਇੱਕ ਪੁੱਤਰ) ਨੂੰ ਸੰਗੀਤ ਨਾਲ ਜੋੜਨ ਵਾਲੇ ਪਰਦੇਸੀ ਨੇ ਕਦੇ ਸੰਗੀਤ ਨੂੰ ਰੋਜ਼ੀ-ਰੋਟੀ ਨਹੀਂ ਬਣਾਇਆ, ਸਿਰਫ਼ ਆਪਣੇ ਮਨ ਦਾ ਸ਼ੌਕ ਹੀ ਬਣਾਇਆ। ਜਦੋਂ ਪੰਜਾਬੀ ਕਲਾਕਾਰ ਐੱਚ.ਐੱਮ.ਵੀ. ਤੋਂ ਆਪਣੇ ਗੀਤ ਰਿਕਾਰਡ ਹੋਣ ਦੀ ਖਾਹਿਸ਼ ਕਰਦੇ ਸਨ, ਉਦੋਂ ਪਰਦੇਸੀ ਵੱਲੋਂ ਇਸ ਕੰਪਨੀ ਨੂੰ ਨਾਂਹ ਕਰ ਦਿੱਤੀ ਗਈ। ਇੱਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਪਰਦੇਸੀ ਨੂੰ ਇਹ ਮਾਣ ਵੀ ਹਾਸਿਲ ਹੈ ਉਹ ਪੂਰਬੀ ਅਫ਼ਰੀਕਾ ਦਾ ਪਹਿਲਾ ਅਜਿਹਾ ਏਸ਼ਿਆਈ ਗਾਇਕ ਹੋਇਆ, ਜਿਸ ਦੇ ਗੀਤ 1967 ’ਚ ਫਿਲਿਪਸ ਕੰਪਨੀ ਨੇ ਰਿਕਾਰਡ ਕੀਤੇ।

ਉਸ ਦੀਆਂ ਪ੍ਰਸਿੱਧ ਸੀ.ਡੀ. ‘ਟੁੱਟੇ ਦਿਲ’, ‘ਇੱਕ ਬੂਟਾ ਅੰਬੀ ਦਾ’, ‘ਸਲਮਾ ਕੀ ਯਾਦ ਮੇਂ’, ‘ਪਿਆਸੀਆਂ ਰੂਹਾਂ’ ਆਮ ਲੋਕਾਂ ਵਿੱਚ ਖੂਬ ਮਸ਼ਹੂਰ ਹੋਈਆਂ। ਆਪਣੀਆਂ ਸਾਰੀਆਂ ਰਚਨਾਵਾਂ ਨੂੰ ਉਸ ਨੇ ਆਪਣੀ ਕੰਪਨੀ ‘ਪਰਦੇਸੀ ਆਰਟਸ’ ਰਾਹੀਂ ਰਿਲੀਜ਼ ਕੀਤਾ ਅਤੇ ਸਾਰੇ ਅਧਿਕਾਰ ਆਪਣੇ ਕੋਲ ਰੱਖੇ।

1979 ਵਿੱਚ ਦੀਦਾਰ ਸਿੰਘ ਪਰਦੇਸੀ ਦਾ ਐੱਲ.ਪੀ. ਰਿਕਾਰਡ ‘ਸਲਮਾ ਕੀ ਯਾਦ ਮੇਂ’ ਰਿਲੀਜ਼ ਹੋਇਆ, ਜੋ ਬੇਹੱਦ ਮਕਬੂਲ ਹੋਇਆ। ਦਰਅਸਲ, ‘ਸਲਮਾ’ ਨੂੰ ਸ਼ੀਰਾਨੀ ਸਾਹਿਬ ਨੇ ਲਿਖਿਆ ਸੀ, ਪਰ ਪਰਦੇਸੀ ਦੀ ਰੂਹ ਨੂੰ ਛੂਹਣ ਵਾਲੀ ਆਵਾਜ਼ ਨੇ ਇਸ ਨੂੰ ਅਮਰ ਕਰ ਦਿੱਤਾ। ਜਦੋਂ ਉਸ ਨੇ ਇਹ ਗ਼ਜ਼ਲ ਗਾਈ ‘ਬਹਾਰ ਬੀਤਨੇ ਵਾਲੀ ਹੈ ਆ ਭੀ ਜਾ ਸਲਮਾ’ ਤਾਂ ਇਹ ਸੰਗੀਤ ਕਲਾ ਦੇ ਇਤਿਹਾਸ ’ਚ ਉਸ ਦੇ ਨਾਂ ਨਾਲ ਇੰਨੀ ਗੂੜ੍ਹੀ ਤਰ੍ਹਾਂ ਜੁੜ ਗਈ ਕਿ ਬਹੁਤ ਸਾਰੇ ਲੋਕ ਉਸ ਨੂੰ ਪਿਆਰ ਨਾਲ ‘ਸਲਮਾ ਵਾਲਾ ਪਰਦੇਸੀ’ ਕਹਿ ਕੇ ਵੀ ਬੁਲਾਉਣ ਲੱਗ ਪਏ।

ਰੇਡੀਓ ’ਤੇ ਗਾਇਆ ਅਤੇ ਦੂਰਦਰਸ਼ਨ ਕੇਂਦਰ ਜਲੰਧਰ ਵੱਲੋਂ ਫਿਲਮਾਇਆ ਦੀਦਾਰ ਸਿੰਘ ਪਰਦੇਸੀ ਦਾ ਗੀਤ;

ਰਾਤ ਚਾਨਣੀ ਮੈਂ ਟੁਰਾਂ

ਮੇਰਾ ਨਾਲ ਟੁਰੇ ਪਰਛਾਵਾਂ

ਜਿੰਦੇ ਮੇਰੀਏ।

ਗਲੀਏ ਗਲੀਏ ਚਾਨਣ ਸੁੱਤੇ

ਮੈਂ ਕਿਸ ਗਲੀਏ ਆਵਾਂ

ਜਿੰਦੇ ਮੇਰੀਏ।

ਇਸ ਦੀ ਰਚਨਾ ਸ਼ਿਵ ਕੁਮਾਰ ਬਟਾਲਵੀ ਨੇ ਕੀਤੀ, ਇਹ ਅੱਜ ਵੀ ਲੋਕਾਂ ਦੇ ਦਿਲਾਂ ’ਚ ਸਦਾਬਹਾਰ ਗੀਤ ਵਾਂਗ ਗੂੰਜ ਰਿਹਾ ਹੈ। ਲੰਮਾ ਅਰਸਾ ਕੀਨੀਆ ਅਤੇ ਇੰਗਲੈਂਡ ’ਚ ਅਧਿਆਪਕ, ਫਿਰ ਡਿਪਟੀ ਹੈੱਡ ਮਾਸਟਰ ਅਤੇ ਅੰਤ ਵਿੱਚ ਹੈੱਡ ਮਾਸਟਰ ਦੇ ਅਹੁਦੇ ’ਤੇ ਜ਼ਿੰਮੇਵਾਰੀਆਂ ਨਿਭਾਉਣ ਤੋਂ ਬਾਅਦ ਦੀਦਾਰ ਸਿੰਘ ਪਰਦੇਸੀ ਅੱਜਕੱਲ੍ਹ ਇੰਗਲੈਂਡ ਵਿੱਚ ਆਪਣੇ ਪੁੱਤਰ ਨਾਲ ਰਹਿ ਰਿਹਾ ਹੈ। ਉਨ੍ਹਾਂ ਦਾ ਘਰ ਲੋਕਾਂ ਵੱਲੋਂ ਮਿਲੇ ਐਵਾਰਡਾਂ ਅਤੇ ਸਨਮਾਨਾਂ ਨਾਲ ਚਮਕ ਰਿਹਾ ਹੈ ਅਤੇ ਸਰੋਤਿਆਂ ਵੱਲੋਂ ਮਿਲ ਰਹੀ ਪ੍ਰਸ਼ੰਸਾ ’ਤੇ ਉਹ ਹੁਣ ਵੀ ਉੱਡਦਾ ਹੈ।

ਜ਼ਿੰਦਗੀ ਦਾ ਵੱਡਾ ਤਜਰਬਾ ਸਾਂਭੀ ਬੈਠੇ ਪਰਦੇਸੀ ਹਾਲਾਂਕਿ ਸਰੀਰਕ ਤੌਰ ’ਤੇ ਪੰਜਾਬ ਦੀ ਧਰਤੀ ਤੋਂ ਦੂਰ ਹਨ, ਪਰ ਉਨ੍ਹਾਂ ਦੀ ਰੂਹ ਅੱਜ ਵੀ ਆਪਣੀ ਮਾਂ-ਧਰਤੀ ਦੀ ਖੁਸ਼ਬੂ ਨਾਲ ਰਮੀ ਹੋਈ ਹੈ। ਜਿਸ ਕਰਕੇ ਉਹ ਹਰ ਵਰ੍ਹੇ ਆਪਣੇ ਜੱਦੀ ਪਿੰਡ ਆਉਂਦੇ ਰਹਿੰਦੇ ਹਨ। ਮੇਰੀ ਮੁਲਾਕਤ ਵੀ ਉਨ੍ਹਾਂ ਦੇ ਪਿੰਡ ਵਿੱਚ ਹੋਈ। ਹੁਣ ਉਹ ਉਮਰ ਦੇ 90ਵੇਂ ਵਰ੍ਹੇ ਵਿੱਚ ਦਾਖਲ ਹੋ ਚੁੱਕੇ ਹਨ। ਉਮਰ ਦੇ ਇਸ ਪੜਾਅ ’ਤੇ ਵੀ ਉਨ੍ਹਾਂ ਦੀ ਆਵਾਜ਼ ਵਿੱਚ ਉਹੀ ਮਿਠਾਸ, ਉਹੀ ਦਰਦ ਅਤੇ ਉਹੀ ਰੂਹਾਨੀ ਅਹਿਸਾਸ ਹੈ, ਜਿਸ ਨੇ ਕਦੇ ਅਫ਼ਰੀਕਾ ਤੋਂ ਲੈ ਕੇ ਇੰਗਲੈਂਡ ਤੱਕ ਪੰਜਾਬੀ ਸੰਗੀਤ ਦੀ ਮਹਿਕ ਫੈਲਾਈ ਸੀ।

ਸੰਪਰਕ: 90419-25181

Advertisement
×