ਮੁੰਬਈ, 17 ਜਨਵਰੀ
ਅਕਸ਼ੈ ਕੁਮਾਰ ਅਤੇ ਅਦਾਕਾਰਾ ਤੋਂ ਲੇਖਕਾ ਬਣੀ ਟਵਿੰਕਲ ਖੰਨਾ ਨੇ ਅੱਜ ਆਪਣੇ ਵਿਆਹੁਤਾ ਜੀਵਨ ਦੇ 20 ਸਾਲ ਪੂਰੇ ਕਰ ਲਏ ਹਨ ਅਤੇ ਅਦਾਕਾਰ ਨੇ ਕਿਹਾ ਕਿ ਉਹ ਅੱਜ ਵੀ ਉਸ ਦੇ ਦਿਲ ਨੂੰ ਝੂਮਣ ਲਾ ਦਿੰਦੀ ਹੈ। ਅਕਸ਼ੈ ਕੁਮਾਰ ਨੇ ਟਵਿੰਕਲ ਨਾਲ ਇੰਸਟਾਗ੍ਰਾਮ ’ਤੇ ਇੱਕ ਤਸਵੀਰ ਸਾਂਝੀ ਕੀਤੀ, ਜਿਸ ਵਿੱਚ ਅਕਸ਼ੈ ਚਿੱਟੇ ਰੰਗ ਦੀ ਕਮੀਜ਼ ਪਾਈ ਕੁਰਸੀ ’ਤੇ ਬੈਠੇ ਹਨ ਅਤੇ ਟਵਿੰਕਲ ਗੂੜੇ ਨੀਲੇ ਰੰਗ ਦੀ ਡਰੈੱਸ ਵਿੱਚ ਉਨ੍ਹਾਂ ਨੂੰ ਪਿੱਛਿਓਂ ਗਲੇ ਮਿਲਦੀ ਦਿਖਾਈ ਦੇ ਰਹੀ ਹੈ। ਅਦਾਕਾਰ ਨੇ ਤਸਵੀਰ ਦੇ ਨਾਲ ਕੈਪਸ਼ਨ ਲਿਖੀ, ‘‘ਨਿਸ਼ਚਿਤ ਤੌਰ ’ਤੇ ਮੈਂ ਹਮੇਸ਼ਾ ਭਾਗੀਦਾਰ ਰਿਹਾ ਹਾਂ…ਇਕੱਠਿਆਂ 20 ਸਾਲ ਅਤੇ ਤੂੰ ਹਾਲੇ ਵੀ ਮੇਰੇ ਦਿਲ ਨੂੰ ਝੂਮਣ ਦਿੰਦੀ ਹੈ ਅਤੇ ਕਦੇ ਕਦੇ ਮੈਨੂੰ ਖਿਝ ਚੜ੍ਹਾ ਦਿੰਦੀ ਹੈ ਪਰ ਮੇਰੇ ਕੋਲ ਕੋਈ ਹੋਰ ਚਾਰਾ ਨਹੀਂ ਹੁੰਦਾ ਕਿਉਂਕਿ ਜਦ ਤੂੰ ਮੇਰੇ ਕੋਲ ਹੁੰਦੀ ਹੈ ਤਾਂ ਮੇਰੇ ਚਿਹਰੇ ਤੋਂ ਮੁਸਕਰਾਹਟ ਦੂਰ ਨਹੀਂ ਹੁੰਦੀ… ਵਿਆਹ ਦੀ ਵਰ੍ਹੇਗੰਢ ਦੀ ਵਧਾਈ ਟੀਨਾ।’’ ਟਵਿੰਕਲ ਨੇ ਅਕਸ਼ੈ ਦੀ ਪੋਸਟ ਥੱਲੇ ਇੱਕ ਲਾਲ ਰੰਗ ਦੇ ਦਿਲ ਦੀ ਇਮੋਜੀ ਪਾਈ ਹੈ। ਉਸ ਨੇ ਵੀ ਇਹੀ ਤਸਵੀਰ ਆਪਣੇ ਇੰਸਟਾਗ੍ਰਾਮ ’ਤੇ ਸ਼ੇਅਰ ਕਰਦਿਆਂ ਕਿਹਾ ਕਿ ਅਕਸ਼ੈ ਉਨ੍ਹਾਂ ਦੇ ਵਿਆਹੁਤਾ ਜੀਵਨ ਦੀ ਖੂਬਸੂਰਤੀ ਅਤੇ ਮਜ਼ਬੂਤੀ ਹੈ। ਉਸ ਨੇ ਲਿਖਿਆ, ‘‘ਤੁਸੀਂ ਇਸ ਰਿਸ਼ਤੇ ਦੀ ਖੂਬਸੂਰਤੀ ਅਤੇ ਮਜ਼ਬੂਤੀ ਹੋ ਅਤੇ ਮੈਂ ਇਹ ਵੀ ਨਹੀਂ ਕਹਿ ਸਕਦੀ ਕਿ ਮੈਂ ਦਿਮਾਗ ਹਾਂ ਕਿਉਂਕਿ ਤੁਸੀਂ ਮੇਰੇ ਤੋਂ ਵੱਧ ਸਮਝਦਾਰ ਹੋ। ਸਾਨੂੰ ਇੱਕ ਦੂਜੇ ਨੂੰ ਸੰਪੂਰਨ ਹੋਣ ਦੀ ਲੋੜ ਨਹੀਂ ਹੈ। ਪਰ ਅਸੀਂ ਚਾਹੁੰਦੇ ਹਾਂ ਇੱਕ-ਦੂਜੇ ਦੇ ਆਸ-ਪਾਸ ਰਹੀਏ ਅਤੇ ਸ਼ਾਇਦ ਇਹੀ ਇੱਕ ਤਰੀਕਾ ਹੈ, ਜਿਸ ਦੇ ਹੋਣ ਦਾ ਕੋਈ ਮਤਲਬ ਹੈ। -ਆਈਏਐੱਨਐੱਸ