ਅਜਮੇਰ ਸਿੰਘ: ਨੰਗੇ ਪੈਰੀਂ ਸਕੂਲ ਜਾਣ ਤੋਂ ਓਲੰਪਿਕਸ ਤੱਕ
ਡਾ. ਅਜਮੇਰ ਸਿੰਘ ਅਦਭੁੱਤ ਅਥਲੀਟ ਸੀ। ਉਹ ਆਲਰਾਊਂਡਰ ਸਪੋਰਟਸਮੈਨ ਸੀ ਜਿਸ ਨੂੰ ਸਰੀਰਕ ਸਿੱਖਿਆ ਤੇ ਅਥਲੈਟਿਕ ਖੇਡਾਂ ਦਾ ‘ਮਸੀਹਾ’ ਕਿਹਾ ਜਾਂਦਾ ਸੀ। ਉਸ ਨੇ 1964 ਦੀਆਂ ਓਲੰਪਿਕ ਖੇਡਾਂ ਤੇ 1966 ਦੀਆਂ ਕਾਮਨਵੈੱਲਥ ਖੇਡਾਂ ਵਿੱਚ ਭਾਗ ਲਿਆ। ਫਿਰ 1966 ਤੇ 1970...
ਡਾ. ਅਜਮੇਰ ਸਿੰਘ ਅਦਭੁੱਤ ਅਥਲੀਟ ਸੀ। ਉਹ ਆਲਰਾਊਂਡਰ ਸਪੋਰਟਸਮੈਨ ਸੀ ਜਿਸ ਨੂੰ ਸਰੀਰਕ ਸਿੱਖਿਆ ਤੇ ਅਥਲੈਟਿਕ ਖੇਡਾਂ ਦਾ ‘ਮਸੀਹਾ’ ਕਿਹਾ ਜਾਂਦਾ ਸੀ। ਉਸ ਨੇ 1964 ਦੀਆਂ ਓਲੰਪਿਕ ਖੇਡਾਂ ਤੇ 1966 ਦੀਆਂ ਕਾਮਨਵੈੱਲਥ ਖੇਡਾਂ ਵਿੱਚ ਭਾਗ ਲਿਆ। ਫਿਰ 1966 ਤੇ 1970 ਦੀਆਂ ਏਸ਼ਿਆਈ ਖੇਡਾਂ ਵਿੱਚੋਂ 1 ਗੋਲਡ ਮੈਡਲ ਤੇ 2 ਸਿਲਵਰ ਮੈਡਲ ਜਿੱਤੇ। ਭਾਰਤ ਦੇ ਰਾਸ਼ਟਰਪਤੀ ਨੇ ਉਸ ਨੂੰ ਅਰਜਨ ਐਵਾਰਡ ਨਾਲ ਸਨਮਾਨਿਤ ਕੀਤਾ। ਉਸ ਨੂੰ ਹੋਰ ਵੀ ਕਈ ਸੰਸਥਾਵਾਂ ਵੱਲੋਂ ਮਾਣ ਸਨਮਾਨ ਮਿਲੇ ਜਿਨ੍ਹਾਂ ’ਚ ਆਦਰਸ਼ਕ ਅਧਿਆਪਕ ਹੋਣ ਦਾ ਸਨਮਾਨ ਵੀ ਸ਼ਾਮਲ ਹੈ। ਉਹ ਇਤਿਹਾਸਕ ਪਿੰਡ ਕੁੱਪ-ਰਹੀੜਾਂ ਦਾ ਮਾਣ ਸੀ।
ਉਸ ਨੇ ਰਹੀੜੇ ਦੇ ਸਕੂਲ ਤੋਂ ਪੜ੍ਹਾਈ ਸ਼ੁਰੂ ਕਰ ਕੇ ਮਾਲੇਰਕੋਟਲੇ ਤੋਂ ਕਾਲਜ ਦੀ ਵਿਦਿਆ ਹਾਸਲ ਕੀਤੀ ਤੇ ਲਕਸ਼ਮੀਬਾਈ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ ਗਵਾਲੀਅਰ ਤੋਂ ਸਰੀਰਕ ਸਿੱਖਿਆ ਦੀ ਬੀ.ਪੀ.ਐੱਡ ਕੀਤੀ। ਫਿਰ ਪੰਜਾਬ ਯੂਨੀਵਰਸਿਟੀ ਤੋਂ ਐੱਮ.ਏ., ਪੀਐੱਚ.ਡੀ. ਦੀਆਂ ਡਿਗਰੀਆਂ ਹਾਸਲ ਕੀਤੀਆਂ। ਉਹ ਲੈਕਚਰਾਰ, ਪ੍ਰੋਫੈਸਰ, ਮੌਲਾਨਾ ਅਬੁੱਲ ਕਲਾਮ ਚੇਅਰ ਦਾ ਮੁਖੀ, ਪੰਜਾਬ ਯੂਨੀਵਰਸਿਟੀ ਦਾ ਡੀਨ ਤੇ ਸਪੋਰਟਸ ਡਾਇਰੈਕਟਰ ਅਤੇ ਲਕਸ਼ਮੀਬਾਈ ਨੈਸ਼ਨਲ ਇੰਸਟੀਚਿਊਟ ਆਫ ਫਿਜ਼ੀਕਲ ਐਜੂਕੇਸ਼ਨ ਯੂਨੀਵਰਸਿਟੀ ਗਵਾਲੀਅਰ ਦਾ ਵਾਈਸ ਚਾਂਸਲਰ ਰਿਹਾ। 1976-79 ’ਚ ਉਹ ਸਪੈਸ਼ਲ ਐਜੂਕੇਸ਼ਨ ਅਫ਼ਸਰ ਵਜੋਂ ਨਾਈਜੀਰੀਆ ਡੈਪੂਟੇਸ਼ਨ ’ਤੇ ਗਿਆ। ਉੱਥੇ ਉਸ ਨੇ ਓਲੰਪਿਕ ਖੇਡਾਂ ਲਈ ਖਿਡਾਰੀ ਤਿਆਰ ਕੀਤੇ। ਉਹ ਥ੍ਰੀ ਇਨ ਵਨ ਨਹੀਂ ਫਾਈਵ ਇਨ ਵਨ ਸੀ।
ਉਹਦਾ ਬਚਪਨ ਬੜੀਆਂ ਕਠਿਨ ਹਾਲਤਾਂ ਵਿੱਚ ਬੀਤਿਆ। ਉਹ ਹਾੜ੍ਹ ਸਿਆਲ ਨੰਗੇ ਪੈਰੀਂ ਰਹੀੜ ਦੇ ਸਕੂਲ ਪੜ੍ਹਨ ਜਾਂਦਾ। ਸਕੂਲੋਂ ਮੁੜ ਕੇ ਡੰਗਰਾਂ ਨੂੰ ਚਾਰਨ ਤੇ ਨਹਾਉਣ ਲਈ ਲੈ ਤੁਰਦਾ। ਦੌੜ-ਦੌੜ ਕੇ ਮੋੜੇ ਲਾਉਂਦਾ। ਉਦੋਂ ਬਿਜਲੀ ਦਾ ਚਾਨਣ ਉਨ੍ਹਾਂ ਪਿੰਡਾਂ ’ਚ ਨਹੀਂ ਸੀ ਪਹੁੰਚਿਆ। ਉਹ ਰਾਤ ਨੂੰ ਦੀਵੇ ਦੀ ਲੋਅ ’ਚ ਪੜ੍ਹਦਾ ਤੇ ਤੇਲ ਮੁੱਕਣ ਨਾਲ ਸੌਂ ਜਾਂਦਾ। ਸਵੇਰੇ ਉੱਠ ਕੇ ਘਰੇਲੂ ਕੰਮ ਕਰਦਾ। ਕਿਸਾਨੀ ਘਰਾਂ ਦੇ ਕੰਮ ਕਦੇ ਮੁੱਕਿਆ ਨਹੀਂ ਕਰਦੇ। ਫਿਰ ਸਕੂਲ ਵੱਲ ਭੱਜ ਪੈਂਦਾ। ਇਮਤਿਹਾਨਾਂ ਵਿੱਚੋਂ ਉਹ ਫਿਰ ਵੀ ਆਪਣੇ ਜਮਾਤੀਆਂ ’ਚੋਂ ਸਭ ਤੋਂ ਵੱਧ ਨੰਬਰ ਲੈਂਦਾ।
ਪਹਿਲਾਂ ਉਹ ਕਬੱਡੀ ਖੇਡਣ ਲੱਗਾ ਸੀ ਤੇ ਪਿੰਡ ਪੱਧਰ ਦਾ ਤਕੜਾ ਖਿਡਾਰੀ ਬਣ ਗਿਆ ਸੀ। ਉਹ ਕਬੱਡੀ ਟੂਰਨਾਮੈਂਟਾਂ ’ਚ ਜਾਂਦਾ, ਕੱਪ ਜਿੱਤਦਾ, ਬੱਲੇ-ਬੱਲੇ ਕਰਾਉਂਦਾ ਤੇ ਹੱਸਦਾ ਹਸਾਉਂਦਾ ਆਉਂਦਾ। ਉਦੋਂ ਕੇਵਲ ਕੱਛੇ ਤੇ ਬੁਨੈਣਾਂ ਦੇ ਇਨਾਮ ਮਿਲਦੇ ਸਨ, ਪਰ ਲੋਕਾਂ ’ਚ ਬੱਲੇ-ਬੱਲੇ ਬਹੁਤ ਹੁੰਦੀ ਸੀ। ਅਥਲੈਟਿਕਸ ਦੇ ਈਵੈਂਟਾਂ ਦਾ ਪਤਾ ਉਸ ਨੂੰ ਮਾਲੇਰਕੋਟਲੇ ਸਰਕਾਰੀ ਕਾਲਜ ਵਿੱਚ ਜਾ ਕੇ ਲੱਗਾ। ਉਹ ਤੇ ਸੰਦੌੜ ਦਾ ਲਾਭ ਸਿੰਘ ਕਾਲਜ ਵਿੱਚ ’ਕੱਠੇ ਪੜ੍ਹਦੇ ਸਨ। ਉੱਥੇ ਦੋਵੇਂ ਦੋਸਤ ਬਣ ਗਏ ਤੇ ’ਕੱਠੇ ਪ੍ਰੈਕਟਿਸ ਕਰਨ ਲੱਗੇ। ਅਜਮੇਰ ਦੌੜਨ ਤੇ ਲਾਭ ਛਾਲਾਂ ਲਾਉਣ ਲੱਗ ਪਿਆ।
ਉਦੋਂ ਆਰਥਿਕ ਤੰਗੀ ਏਨੀ ਸੀ ਕਿ ਆਮ ਪੇਂਡੂ ਵਿਦਿਆਰਥੀਆਂ ਨੂੰ ਸਾਈਕਲ ਵੀ ਨਹੀਂ ਸਨ ਜੁੜਦੇ। ਉਸ ਨੂੰ ਸਾਈਕਲ ਕਾਲਜ ਜਾਣ ਵੇਲੇ ਜੁੜਿਆ ਸੀ ਤੇ ਉਹ ਵੀ ਸੈਕਿੰਡ ਹੈਂਡ। ਕਾਲਜ ਵਿੱਚ ਉਨ੍ਹਾਂ ਨੂੰ ਖੇਡਾਂ ਤੇ ਸਰੀਰਕ ਸਿੱਖਿਆ ਦਾ ਦੂਰਅੰਦੇਸ਼ੀ ਡੀ.ਪੀ.ਈ. ਮੁਹੰਮਦ ਅਲੀ ਭੱਟੀ ਮਿਲ ਗਿਆ। ਉਸ ਨੇ ਦੋਹਾਂ ਨੂੰ ਖੇਡ ਖੇਤਰ ਦੀ ਕੋਈ ਨੌਕਰੀ ਜੋਗੇ ਕਰਨ ਲਈ ਗਵਾਲੀਅਰ ਦੇ ਸਪੋਰਟਸ ਤੇ ਸਰੀਰਕ ਸਿੱਖਿਆ ਕਾਲਜ ਵਿੱਚ ਭੇਜ ਦਿੱਤਾ। ਉੱਥੇ ਪ੍ਰੋਫੈਸਰ ਕਰਨ ਸਿੰਘ ਮਿਲ ਗਿਆ ਜਿਸ ਨੇ ਉਨ੍ਹਾਂ ਨੂੰ ਦੌੜਾਂ ਤੇ ਛਾਲਾਂ ਲਾਉਣ ਦੇ ਰਾਹ ਪਾ ਦਿੱਤਾ। ਖੇਡ ਪ੍ਰਤਿਭਾ ਤਾਂ ਦੋਹਾਂ ਨੌਜੁਆਨਾਂ ਵਿੱਚ ਜਮਾਂਦਰੂ ਸੀ ਜਿਸ ਨੂੰ ਸਾਣ ’ਤੇ ਚਾੜ੍ਹਿਆ ਖੇਡਾਂ ਦੇ ਦਰੋਣਾਚਾਰੀਆ ਗੁਰੂ ਡਾ. ਕਰਨ ਸਿੰਘ ਨੇ। ਉਹਦਾ ਪਿਛੋਕੜ ਰਾਜਸਥਾਨ ਦਾ ਸੀ। ਉਹ ਦਿੱਲੀ ਦੀਆਂ ਪਹਿਲੀਆਂ ਏਸ਼ਿਆਈ ਖੇਡਾਂ ’ਚੋਂ 4+400 ਮੀਟਰ ਰਿਲੇਅ ਦੌੜ ਦਾ ਗੋਲਡ ਮੈਡਲ ਜਿੱਤਿਆ ਹੋਇਆ ਸੀ। ਪੜ੍ਹਿਆ ਲਿਖਿਆ ਵੀ ਖ਼ੂਬ ਸੀ। ਉਹ ਅਜਮੇਰ ਸਿੰਘ ਤੇ ਲਾਭ ਸਿੰਘ ਲਈ ਲਾਭਕਾਰੀ ਸਿੱਧ ਹੋਇਆ।
ਸਾਲ 1960 ਵਿੱਚ ਜਦੋਂ ਅਜਮੇਰ ਤੇ ਲਾਭ ਸਿੰਘ ਗਵਾਲੀਅਰ ਪੜ੍ਹਦੇ ਸਨ ਉਦੋਂ ਰੋਮ ਵਿੱਚ ਓਲੰਪਿਕ ਖੇਡਾਂ ਹੋਈਆਂ। ਉਨ੍ਹਾਂ ਖੇਡਾਂ ਵਿੱਚ ਮਿਲਖਾ ਸਿੰਘ ਨੇ 400 ਮੀਟਰ ਦੀ ਦੌੜ ਦੌੜਨੀ ਸੀ। ਉਹ ਹੀਟਾਂ, ਕੁਆਟਰ ਫਾਈਨਲ ਤੇ ਸੈਮੀ ਫਾਈਨਲ ਮੁਕਾਬਲੇ ਜਿੱਤਦਾ ਫਾਈਨਲ ਵਿੱਚ ਪੁੱਜ ਗਿਆ। ਉਹਦੇ ਤੋਂ ਮੈਡਲ ਜਿੱਤ ਲੈਣ ਦੀ ਪੂਰੀ ਆਸ ਸੀ। ਉਦੋਂ ਓਲੰਪਿਕ ਖੇਡਾਂ ਦੇ ਮੁਕਾਬਲਿਆਂ ਦੀ ਕੁਮੈਂਟਰੀ ਰੇਡੀਓ ਤੋਂ ਸੁਣੀ ਜਾਂਦੀ ਸੀ। ਮਿਲਖਾ ਸਿੰਘ ਦੀ ਦੌੜ ਸ਼ੁਰੂ ਹੋਈ ਤਾਂ ਦੋਹਾਂ ਨੇ ਉਸ ਦੌੜ ਦੀ ਤੇਜ਼ਤਰਾਰ ਕੁਮੈਂਟਰੀ ਸੁਣੀ। ਉਸ ਦਾ ਦੋਵਾਂ ਹੋਣਹਾਰ ਅਥਲੀਟਾਂ ’ਤੇ ਐਸਾ ਪ੍ਰਭਾਵ ਪਿਆ ਕਿ ਉਨ੍ਹਾਂ ਨੇ ਦ੍ਰਿੜ ਇਰਾਦਾ ਕਰ ਲਿਆ ਕਿ ਅਸੀਂ ਵੀ 1964 ਦੀਆਂ ਓਲੰਪਿਕ ਖੇਡਾਂ ’ਚ ਟੋਕੀਓ ਜਾਵਾਂਗੇ। ਉਹਦੇ ਲਈ ਉਨ੍ਹਾਂ ਨੇ ਦਿਨ ਰਾਤ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ ਤੇ ਆਲ ਇੰਡੀਆ ਇੰਟਰ ਯੂਨੀਵਰਸਿਟੀਜ਼ ਦੇ ਰਿਕਾਰਡ ਤੋੜਨੇ ਸ਼ੁਰੂ ਕਰ ਦਿੱਤੇ। ਉਨ੍ਹੀਂ ਦਿਨੀਂ ਮੈਂ ਵੀ ਯੂਨੀਵਰਸਿਟੀ ਪੱਧਰ ਦਾ ਅਥਲੀਟ ਸਾਂ। ਸਾਡਾ ਤਿੰਨਾਂ ਦਾ ਜਨਮ ਸਾਲ 1940 ਹੋਣ ਕਰਕੇ ਅਸੀਂ ਹਾਣੋ-ਹਾਣੀ ਸਾਂ। ਉਨ੍ਹਾਂ ਨੇ ਜਨਵਰੀ 1963 ਦੀ ਇੰਟਰਵਰਸਿਟੀ ਮੀਟ ਵਿੱਚ ਜੋ ਜਲਵਾ ਵਿਖਾਇਆ ਉਹਦੀਆਂ ਸੁਰਖੀਆਂ ਦੇਸ਼ ਭਰ ਦੇ ਅਖ਼ਬਾਰਾਂ ਦਾ ਸ਼ਿੰਗਾਰ ਬਣੀਆਂ। ਦੋਹਾਂ ਨੇ ਇੰਟਰ ਯੂਨੀਵਰਸਿਟੀ ਦੇ ਨਵੇਂ ਰਿਕਾਰਡ ਕਾਇਮ ਕੀਤੇ।
ਗਵਾਲੀਅਰ ’ਚ ਪ੍ਰੋ. ਕਰਨ ਸਿੰਘ ਦੀ ‘ਕਰਨ-ਲੈਬ’ ਐਸੀ ਸੀ ਜਿਸ ਵਿੱਚ ਢਲ਼ ਕੇ ਦੋਵੇਂ ਹੀਰੇ ਟੋਕੀਓ ਦੀਆਂ ਓਲੰਪਿਕ ਖੇਡਾਂ ਲਈ ਚੁਣੇ ਗਏ। ਓਲੰਪੀਅਨ ਬਣਨ ਲਈ ਦਸ ਸਾਲਾਂ ਦਾ ਪੈਂਡਾ ਉਨ੍ਹਾਂ ਨੇ ਚਹੁੰ ਸਾਲਾਂ ’ਚ ਤੈਅ ਕਰ ਲਿਆ। ਅਜਿਹਾ ਬੜਾ ਘੱਟ ਹੁੰਦਾ ਹੈ ਕਿ ਕੋਈ ਅਥਲੀਟ 20 ਸਾਲਾਂ ਦਾ ਹੋ ਕੇ ਦੌੜਨ ਲੱਗੇ ਤੇ 4 ਸਾਲਾਂ ’ਚ ਓਲੰਪੀਅਨ ਬਣ ਜਾਵੇ! ਅਜਮੇਰ ਸਿੰਘ ਨੇ 1964 ’ਚ ਮਿਲਖਾ ਸਿੰਘ ਨਾਲ ਰਲ ਕੇ ਟੋਕੀਓ ਦੀਆਂ ਓਲੰਪਿਕ ਖੇਡਾਂ ’ਚ 4+400 ਮੀਟਰ ਦੀ ਰਿਲੇਅ ਦੌੜ ਲਾਈ। ਉੱਥੋਂ ਉਹ ਨਵਾਂ ਤਜਰਬਾ ਤੇ ਨਵਾਂ ਉਤਸ਼ਾਹ ਲੈ ਕੇ ਮੁੜਿਆ। ਫਿਰ 1965 ਤੋਂ 1970 ਤੱਕ ਉਹ 200 ਤੇ 400 ਮੀਟਰ ਦੌੜਾਂ ਦਾ ਨੈਸ਼ਨਲ ਚੈਂਪੀਅਨ ਬਣਦਾ ਰਿਹਾ।
ਸਾਲ 1966 ਵਿੱਚ ਬੈਂਕਾਕ ਦੀਆਂ ਏਸ਼ਿਆਈ ਖੇਡਾਂ ਸਮੇਂ ਉਸ ਨੇ 400 ਮੀਟਰ ਦੀ ਦੌੜ 47.1 ਸੈਕਿੰਡ ’ਚ ਲਾ ਕੇ ਗੋਲਡ ਮੈਡਲ ਜਿੱਤਿਆ। ਨਾਲ ਹੀ 200 ਮੀਟਰ ਦੌੜ 21.5 ਸੈਕਿੰਡ ’ਚ ਲਾ ਕੇ ਚਾਂਦੀ ਦਾ ਤਗ਼ਮਾ ਹਾਸਲ ਕੀਤਾ। 1970 ਦੀਆਂ ਏਸ਼ਿਆਈ ਖੇਡਾਂ ਵਿੱਚ ਉਹ 4+400 ਮੀਟਰ ਰਿਲੇਅ ਦੌੜ ’ਚ ਚਾਂਦੀ ਦਾ ਤਮਗ਼ਾ ਜਿੱਤਣ ਵਾਲੀ ਭਾਰਤੀ ਟੀਮ ਦਾ ਫਿਰ ਮੈਂਬਰ ਸੀ। ਉਸ ਨੇ ਭਾਰਤੀ ਅਥਲੈਟਿਕ ਟੀਮ ਦੀ ਕਪਤਾਨੀ ਵੀ ਕੀਤੀ ਤੇ ਕੌਮਾਂਤਰੀ ਮੀਟਾਂ ਸਮੇਤ ਕਿੰਗਸਟਨ ਦੀਆਂ ਕਾਮਨਵੈੱਲਥ ਖੇਡਾਂ ਵਿੱਚ ਵੀ ਭਾਗ ਲਿਆ।
ਉਦੋਂ ਉਹ ਸਰਗਰਮ ਅਥਲੀਟ ਸੀ ਜਦੋਂ ਪੰਜਾਬ ਯੂਨੀਵਰਸਿਟੀ ’ਚ ਸਰੀਰਕ ਸਿੱਖਿਆ ਦਾ ਲੈਕਚਰਾਰ ਲੱਗਾ। ਉਹ ਆਪਣੇ ਸਾਥੀਆਂ ਤੇ ਵਿਦਿਆਰਥੀਆਂ ਵਿੱਚ ਬੜਾ ਹਰਮਨਪਿਆਰਾ ਰਿਹਾ। ਰਵਾਨੀ ’ਚ ਬੋਲਦਿਆਂ ਉਹ ਵਾਰ-ਵਾਰ ਕਹਿੰਦਾ, “ਸਾਡੇ ਦੇਸ਼ ਦੇ ਖਿਡਾਰੀਆਂ ਵਿੱਚ ਪ੍ਰਤਿਭਾ ਹੈ, ਸਮਰੱਥਾ ਹੈ, ਬਸ ਉਨ੍ਹਾਂ ਨੂੰ ਠੀਕ ਤਰ੍ਹਾਂ ਤਿਆਰ ਕਰਨ ਦੀ ਲੋੜ ਹੈ। ਓਲੰਪਿਕ ਖੇਡਾਂ ਦੇ ਮੈਡਲ ਦੇਸ਼ ਦੀ ਪਹੁੰਚ ਵਿੱਚ ਹਨ। ਖਿਡਾਰੀ ਹੋਣਾ ਚੰਗੀ ਗੱਲ ਹੈ, ਬਹੁਤ ਚੰਗੀ, ਪਰ ਬਦਕਿਸਮਤੀ ਨਾਲ ਸਾਡੇ ਬਹੁਤੇ ਲੋਕ ਖਿਡਾਰੀ ਨੂੰ ਵੀ ਜੁਆਰੀਏ ਵਰਗਾ ਸਮਝਦੇ ਹਨ।”
ਉਹ ਕਰੜੀ ਮੁਸ਼ੱਕਤ ਦਾ ਹਾਮੀ ਸੀ ਤੇ ਖੇਡ ਅਨੁਸ਼ਾਸਨ ਦਾ ਧਾਰਨੀ ਸੀ ਤੇ ਸਰੀਰਕ ਸਿੱਖਿਆ ਦਾ ਅਧਿਆਪਕ ਹੋਣ ਕਰਕੇ ਵਧੇਰੇ ਗੱਲਾਂ ਇਸੇ ਸਿਲਸਿਲੇ ’ਚ ਕਰਦਾ ਸੀ। ਉਸ ਵਿੱਚ ਨਿਮਰਤਾ, ਸਾਦਗੀ, ਪਰਉਪਕਾਰ ਤੇ ਮਿਲਵਰਤਣ ਦੇ ਗੁਣ ਸਨ। ਉਹਦੇ ਜੀਵਨ ’ਚ ਅਨੇਕ ਉਤਰਾਅ ਚੜ੍ਹਾਅ ਆਏ ਤੇ ਗਏ। ਮਿੱਠਾ ਪਿਆਰਾ ਏਨਾ ਸੀ ਕਿ ਉਹਦੇ ਬੋਲਾਂ ਵਿੱਚ ਸ਼ਹਿਦ ਵਰਗੀ ਮਿਠਾਸ ਸੀ। 1966 ’ਚ ਉਲੀਕੇ ਉਹਦੇ ਪਹਿਲੇ ਸ਼ਬਦ ਚਿੱਤਰ ਦਾ ਸਿਰਲੇਖ ਮੈਂ ਇਸੇ ਕਰਕੇ ‘ਸ਼ਹਿਦ ਦਾ ਘੁੱਟ’ ਰੱਖਿਆ ਸੀ ਜੋ ਸਾਹਿਤਕ ਰਸਾਲੇ ‘ਆਰਸੀ’ ਵਿੱਚ ਛਪਿਆ। ਉਹਦੀ ਤੇ ਲਾਭ ਸਿੰਘ ਦੀ ਐਨੀ ਗੂੜ੍ਹੀ ਆੜੀ ਸੀ ਕਿ ਲੋਕ ਉਨ੍ਹਾਂ ਨੂੰ ਰੂਪ ਬਸੰਤ ਸਮਝਦੇ ਸਨ।
ਅਜਮੇਰ ਸਿੰਘ ਨੂੰ ਕਿਸ਼ੋਰ ਉਮਰੇ ਦੌੜਾਂ ਦੀ ਸਹੀ ਕੋਚਿੰਗ ਮਿਲ ਜਾਂਦੀ ਤਾਂ ਸੰਭਵ ਸੀ ਉਹ ਹੋਰ ਵੀ ਚੰਗੇਰੇ ਨਤੀਜੇ ਦਿੰਦਾ। ਉਸ ਨੇ ਉਸ ਉਮਰੇ ਦੌੜਨਾ ਸ਼ੁਰੂ ਕੀਤਾ ਸੀ ਜਦੋਂ ਆਮ ਦੌੜਾਕ ਸਿਖਰ ਦੀ ਫਾਰਮ ’ਚ ਹੁੰਦੇ ਹਨ। ਖੇਡਾਂ ਉਹਦਾ ਇਸ਼ਟ ਸਨ ਤੇ ਤੇਜ਼ਤਰਾਰ ਦੌੜਾਂ ਨਾਲ ਉਸ ਨੂੰ ਇਸ਼ਕ ਸੀ। ਜਦੋਂ ਉਹ ਖੇਡਾਂ ਦੀ ਗੱਲ ਕਰਦਾ ਸੀ ਤਾਂ ਏਨਾ ਗੰਭੀਰ ਹੁੰਦਾ ਸੀ ਜਿਵੇਂ ਸਹੁੰ ਚੁੱਕ ਰਿਹਾ ਹੋਵੇ। ਉਹ ਕਿਸੇ ਦੀ ਨਿੰਦਿਆ ਚੁਗਲੀ ਵਿੱਚ ਨਹੀਂ ਸੀ ਪੈਂਦਾ। ਜੋ ਗੱਲ ਦਿਲ ’ਚ ਹੁੰਦੀ ਸੀ ਉਹੀ ਉਹਦੀ ਜ਼ੁਬਾਨ ’ਤੇ ਹੁੰਦੀ ਸੀ। ਉਸ ਨੂੰ ਅਨੇਕਾਂ ਸੰਸਥਾਵਾਂ ਨੇ ਮਾਣ ਸਨਮਾਨ ਬਖਸ਼ੇ ਸਨ ਜਿਨ੍ਹਾਂ ਵਿੱਚ ਨੈਸ਼ਨਲ ਐਵਾਰਡ ਅਤੇ ਅਰਜਨ ਐਵਾਰਡ ਆਦਿ ਸ਼ਾਮਲ ਸਨ।
ਉਸ ਨੇ ਖ਼ੁਦ ਤਕੜਾ ਅਥਲੀਟ ਹੋਣ ਦੇ ਨਾਲ ਨਾਈਜੀਰੀਅਨ ਅਥਲੀਟ ਹੈਲਨ, ਏਨੀ ਤੇ ਕਈ ਹੋਰ ਅਫ਼ਰੀਕੀ ਅਥਲੀਟਾਂ ਨੂੰ ਓਲੰਪੀਅਨ ਬਣਨ ਲਈ ਸਿਖਲਾਈ ਦਿੱਤੀ। ਕਮਲਜੀਤ ਕੌਰ ਸੰਧੂ ਨੂੰ ਵੀ ਕੋਚਿੰਗ ਦਿੱਤੀ ਜੋ ਉਹਦੇ ਵਾਂਗ 400 ਮੀਟਰ ਦੌੜ ਵਿੱਚ ਏਸ਼ਿਆਈ ਖੇਡਾਂ ਦਾ ਗੋਲਡ ਮੈਡਲ ਜਿੱਤੀ। ਮੈਨੂੰ ਯਾਦ ਹੈ ਕਿ ਉਸ ਨੇ ਹੀ ਮੇਰੀ ਮੁਲਾਕਾਤ ਬੀਬੀ ਕਮਲਜੀਤ ਸੰਧੂ ਨਾਲ ਕਰਵਾਈ ਸੀ ਤੇ ਮੈਂ ਉਹਦੇ ਬਾਰੇ ‘ਜ਼ੋਰ ਪੰਜਾਬਣ ਦਾ’ ਲੇਖ ਲਿਖਿਆ ਸੀ ਜੋ ‘ਸਚਿੱਤਰ ਕੌਮੀ ਏਕਤਾ’ ਵਿੱਚ ਛਪਿਆ। ਉਹ ਭਾਰਤ ਭਰ ’ਚ ਸਰੀਰਕ ਸਿੱਖਿਆ ਦਾ ਐਸਾ ਮਾਹਿਰ ਸੀ ਜੋ ਖ਼ੁਦ ਓਲੰਪੀਅਨ, ਏਸ਼ੀਆ ਦਾ ਗੋਲਡ ਮੈਡਲਿਸਟ, ਪੀਐੱਚ.ਡੀ, ਪ੍ਰੋਫੈਸਰ ਤੇ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਸੀ। ਉਹ ਪੰਜਾਬ ਦੀ ਪੇਂਡੂ ਕਿਸਾਨੀ ’ਚੋਂ ਪੈਦਾ ਹੋਇਆ ਆਦਰਸ਼ਕ ਇਨਸਾਨ ਸੀ।
ਪੂਰੀ ਚੜ੍ਹਤ ਸਮੇਂ ਉਹਦੇ ਜੁੱਸੇ ’ਚ ਚੀਤੇ ਵਰਗੀ ਫੁਰਤੀ ਸੀ ਤੇ ਸ਼ੇਰ ਵਰਗਾ ਦਿਲ। ਕਿਸੇ ਦੀ ਨਿੰਦਿਆ ਚੁਗਲੀ ਕਰਨ ਨੂੰ ਉਹ ਸਮੇਂ ਦੀ ਬਰਬਾਦੀ ਸਮਝਦਾ ਸੀ। ਜਦੋਂ ਕਦੇ ਕੋਚਿੰਗ ਕੈਂਪਾਂ ’ਚ ਵਿਹਲੇ ਵੇਲੇ ਨਿੰਦਾ ਸਭਾ ਲੱਗਦੀ ਤਾਂ ਉਹ ਟਾਲ਼ਾ ਵੱਟ ਜਾਂਦਾ ਤੇ ਗੱਲਾਂ ਦਾ ਵਿਸ਼ਾ ਬਦਲਦਾ ਕਹਿ ਜਾਂਦਾ, “ਥੋਨੂੰ ਪਤਾ ਲੱਗਿਆ ਕੁਸ? ਵਲੇਰੀ ਬਰੂਮਲ ਨੇ ਉੱਚੀ ਛਾਲ ਦਾ ਰਿਕਾਰਡ ਤੋੜਤਾ ਤੇ ਯੂਰੀ ਵਲਾਸੋਵ ਨੇ ਦੋ ਕੁਇੰਟਲ ਤੋਂ ਵੱਧ ਭਾਰ ਦਾ ਬਾਲਾ ਕੱਢ ਦਿੱਤਾ...।”
ਅਜਮੇਰ ਸਿੰਘ ਦਾ ਜਨਮ 1 ਫਰਵਰੀ 1940 ਨੂੰ ਜ਼ਿਲ੍ਹਾ ਸੰਗਰੂਰ ਦੇ ਪਿੰਡ ਕੁੱਪ ਕਲਾਂ ਵਿੱਚ ਸਾਧਾਰਨ ਕਿਸਾਨ ਕਰਤਾਰ ਸਿੰਘ ਦੇ ਘਰ ਮਾਤਾ ਬਚਨ ਕੌਰ ਦੀ ਕੁੱਖੋਂ ਹੋਇਆ ਸੀ। ਉਹ ਅਜੇ ਦੁੱਧ ਚੁੰਘਦਾ ਬੱਚਾ ਸੀ ਕਿ ਮਾਂ ਦੀ ਮੌਤ ਹੋ ਗਈ। ਮਾਂ ਦਾ ਵਿਗੋਚਾ ਉਸ ਨੂੰ ਸਾਰੀ ਉਮਰ ਸਤਾਉਂਦਾ ਰਿਹਾ। ਉਸ ਨੂੰ ਬੇਹੱਦ ਸਖ਼ਤ ਮਿਹਨਤ ਕਰਨੀ ਪਈ ਜਿਸ ਦਾ ਬਾਅਦ ਵਿੱਚ ਯਥਾਯੋਗ ਐਵਾਰਡ ਵੀ ਮਿਲਦਾ ਰਿਹਾ। ਗਵਾਲੀਅਰ ਤੇ ਚੰਡੀਗੜ੍ਹ ਉਹਦੇ ਸਿੱਖਿਆ ਸਥਾਨ ਸਨ ਜਿੱਥੇ ਉਹ ਪ੍ਰੋਫੈਸਰ, ਡੀਨ ਤੇ ਡਾਇਰੈਕਟਰ ਰਿਹਾ। ਉਸ ਨੇ ਖ਼ੁਦ ਪੀਐੱਚ.ਡੀ. ਕਰ ਕੇ ਆਪਣੇ ਕਈ ਵਿਦਿਆਰਥੀਆਂ ਨੂੰ ਐੱਮ.ਫਿਲ ਤੇ ਪੀਐੱਚ.ਡੀ ਕਰਵਾਈ। ਅਨੇਕ ਖੋਜ ਪੱਤਰ ਲਿਖੇ, ਵਿਸ਼ੇਸ਼ ਲੈਕਚਰ ਦਿੱਤੇ ਤੇ ਦੇਸ਼ ਵਿਦੇਸ਼ ਦੇ ਸੈਮੀਨਾਰਾਂ ਵਿੱਚ ਭਾਗ ਲਿਆ।
ਸਾਲ 2010 ਵਿੱਚ ਉਸ ਨੇ ਸ਼ਾਂਤੀ ਨਿਕੇਤਨ ਯੂਨੀਵਰਸਿਟੀ ਕੋਲਕਾਤਾ ਦੇ ਸੈਮੀਨਾਰ ’ਚ ਭਾਗ ਲੈਣ ਜਾਣਾ ਸੀ। ਟਿਕਟਾਂ ਲੈ ਲਈਆਂ ਸਨ, ਪਰ ਕੁਦਰਤ ਦਾ ਭਾਣਾ ਅਜਿਹਾ ਵਰਤਿਆ ਕਿ ਸ਼ਾਂਤੀ ਨਿਕੇਤਨ ਦੀ ਥਾਂ ਐਸੇ ਸ਼ਾਂਤੀ ਸਥਾਨ ਚਲਾ ਗਿਆ ਜਿੱਥੋਂ ਕੋਈ ਵਾਪਸ ਨਹੀਂ ਆਉਂਦਾ। ਕਿਸੇ ਦੇ ਖ਼ਾਬ ਖ਼ਿਆਲ ਵਿੱਚ ਵੀ ਨਹੀਂ ਸੀ ਕਿ ਰੋਜ਼ ਚੰਗਾ ਭਲਾ ਉੱਠਦਾ, ਕਸਰਤਾਂ ਕਰਦਾ, ਹੱਸਦਾ ਖੇਡਦਾ, ਪੜ੍ਹਦਾ ਲਿਖਦਾ ਤੇ ਤੁਰਦਾ ਫਿਰਦਾ ਉਹ 26 ਜਨਵਰੀ 2010 ਨੂੰ 70 ਸਾਲਾਂ ਦੀ ਉਮਰੇ ਸਦੀਵੀ ਵਿਛੋੜਾ ਦੇ ਜਾਵੇਗਾ।
ਡਾ. ਅਜਮੇਰ ਸਿੰਘ ਨੇ 2008 ਵਿੱਚ ਆਪਣਾ ਸਰੀਰ ਮੈਡੀਕਲ ਖੋਜ ਲਈ ਦਾਨ ਕਰ ਦਿੱਤਾ ਸੀ। ਉਹ ਭਾਰਤ ਦਾ ਪਹਿਲਾ ਪੀਐੱਚ.ਡੀ. ਓਲੰਪੀਅਨ ਹੈ ਜਿਹਨੇ ਆਪਣਾ ਸਰੀਰ ਮਾਨਵ ਕਲਿਆਣ ਲਈ ਪੀ.ਜੀ.ਆਈ. ਚੰਡੀਗੜ੍ਹ ਨੂੰ ਦਾਨ ਕੀਤਾ। ਉਨ੍ਹੀਂ ਦਿਨੀਂ ਮੈਂ ਕੈਨੇਡਾ ਤੋਂ ਪੰਜਾਬ ਆਇਆ ਹੋਇਆ ਸਾਂ। ਬ੍ਰਿਗੇਡੀਅਰ ਲਾਭ ਸਿੰਘ ਦਾ ਫੋਨ ਆਇਆ ਕਿ ਆਪਣਾ ਦੋਸਤ ਅਚਾਨਕ ਚਲਾਣਾ ਕਰ ਗਿਆ। ਅੰਤਮ ਦਰਸ਼ਨ ਕਰਨ ਤੇ ਅੰਤਮ ਅਰਦਾਸ ਸਮੇਂ ਮੈਂ ਸ਼ਰਧਾਂਜਲੀ ਦੇਣ ਲਈ ਜ਼ਰੂਰ ਪਹੁੰਚਾਂ। 31 ਜਨਵਰੀ 2010 ਨੂੰ ਪੁਸ਼ਪਕ ਕੰਪਲੈਕਸ ਮੁਹਾਲੀ ਦੇ ਹਾਲ ਵਿੱਚ ਉਸ ਦੀ ਦੇਹ ਦੇ ਅੰਤਮ ਦਰਸ਼ਨ ਕਰਵਾਏ ਗਏ। ਸੈਂਕੜੇ ਸ਼ਰਧਾਲੂਆਂ ਨੇ ਉਸ ਨੂੰ ਇੰਡੀਆ ਦੇ ਕਲਰ ਵਾਲਾ ਕੋਟ ਪਾਈਂ, ਟਾਈ ਲਾਈਂ, ਅਸਮਾਨੀ ਪੱਗ ਬੰਨ੍ਹੀਂ, ਸਦੀਵੀ ਨੀਂਦ ਸੁੱਤਾ ਪਿਆ ਵੇਖਿਆ। ਆਸੇ ਪਾਸੇ ਉਹਦੇ ਵਿਦਿਆਰਥੀ ਤੇ ਸਹਿਕਰਮੀ ਅੱਖਾਂ ਭਰੀ ਬੈਠੇ ਸਨ।
ਕੌਮੀ ਖੇਡ ਸੰਸਥਾ ਪਟਿਆਲੇ ਦੇ ਕੋਚ, ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਖੇਡ ਡਾਇਰੈਕਟਰ, ਵਾਈਸ ਚਾਂਸਲਰ, ਰਾਸ਼ਟਰਮੰਡਲ ਖੇਡਾਂ ਦੀ ਕਮੇਟੀ ਦੇ ਜਾਇੰਟ ਡਾਇਰੈਕਟਰ, ਗਵਾਲੀਅਰ ਤੇ ਬਨਾਰਸ ਯੂਨੀਵਰਸਿਟੀ ਦੇ ਨੁਮਾਇੰਦੇ, ਸਾਥੀ ਖਿਡਾਰੀ, ਕੁੱਪ ਕਲਾਂ ਦੇ ਪੇਂਡੂ ਭਰਾ ਅਤੇ ਅਨੇਕ ਖੇਡ ਪ੍ਰੇਮੀਆਂ ਨੇ ਅਜਮੇਰ ਸਿੰਘ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ ਤੇ ਏਸ਼ੀਆ ਦੇ ਚੈਂਪੀਅਨ ਨੂੰ ਜਾਂਦੀ ਵਾਰ ਦਾ ਪ੍ਰਣਾਮ ਕੀਤਾ। ਪੰਜਾਬ ਸਰਕਾਰ ਦਾ ਕੋਈ ਨੁਮਾਇੰਦਾ ਪੰਜਾਬ ਦੇ ਜੰਮੇ ਜਾਏ ਮਹਾਨ ਖਿਡਾਰੀ ਤੇ ਸਕਾਲਰ ਨੂੰ ਪ੍ਰਣਾਮ ਕਰਨ ਨਾ ਪਹੁੰਚ ਸਕਿਅ। ਉਹਦੇ ਸਾਕ ਸਬੰਧੀਆਂ, ਦੋਸਤਾਂ ਮਿੱਤਰਾਂ, ਵਿਦਿਆਰਥੀਆਂ, ਖਿਡਾਰੀਆਂ, ਕੋਚਾਂ ਤੇ ਖੇਡ ਪ੍ਰਬੰਧਕਾਂ ਨੇ ਸ਼ਰਧਾ ਦੇ ਫੁੱਲ ਭੇਟ ਕੀਤੇ। ਉੱਥੋਂ ਹੀ ਉਹਦਾ ਮ੍ਰਿਤਕ ਸਰੀਰ ਪੀ.ਜੀ.ਆਈ. ਦੇ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ। ਮੈਂ ਉਹਦੇ ਜੀਵਨ ਬਾਰੇ ਕੁਝ ਸ਼ਬਦ ਦਰਸ਼ਨ ਅਭਿਲਾਸ਼ੀਆਂ ਨਾਲ ਸਾਂਝੇ ਕੀਤੇ। ਕਿਹਾ ਕਿ ਇਉਂ ਲੱਗਦੈ ਜਿਵੇਂ ਸਾਡਾ ਪਿਆਰਾ ਅਜਮੇਰ ਦੌੜਾਂ ਲਾ ਕੇ ਥੱਕ ਗਿਆ ਹੋਵੇ ਤੇ ਹੁਣ ਸਦੀਵੀ ਆਰਾਮ ਕਰ ਰਿਹਾ ਹੋਵੇ।
7 ਫਰਵਰੀ 2010 ਨੂੰ ਮ੍ਰਿਤਕ ਦੀ ਆਤਮਾ ਨਮਿੱਤ ਕੁੱਪ ਕਲਾਂ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਾ ਭੋਗ ਪਾਇਆ ਗਿਆ। ਘੱਲੂਘਾਰੇ ਦੇ ਇਤਿਹਾਸਕ ਗੁਰਦਵਾਰੇ ਵਿੱਚ ਅਜਮੇਰ ਸਿੰਘ ਲਈ ਅੰਤਿਮ ਅਰਦਾਸ ਕੀਤੀ ਗਈ ਤੇ ਭਾਵ ਭਿੰਨੀਆਂ ਸ਼ਰਧਾਂਜਲੀਆਂ ਅਰਪਿਤ ਕੀਤੀਆਂ ਗਈਆਂ। ਭਾਰਤ ਸਰਕਾਰ ਵਿੱਚ ਖੇਡ ਮੰਤਰੀ ਰਹੇ ਸੁਖਦੇਵ ਸਿੰਘ ਢੀਂਡਸਾ ਨੇ ਸ਼ਰਧਾਂਜਲੀ ਦਿੰਦਿਆਂ ਐਲਾਨ ਕੀਤਾ ਕਿ ਅਜਮੇਰ ਸਿੰਘ ਦੀ ਯਾਦ ਵਿੱਚ ਸੰਗਰੂਰ ਵਿਖੇ ਸਟੇਡੀਅਮ ਬਣਾਇਆ ਜਾਵੇਗਾ ਜੋ ਹਾਲੇ ਤੱਕ ਨਹੀਂ ਬਣਿਆ।
ਈ-ਮੇਲ: principalsarwansingh@gmail.com

