ਰਵਾਇਤੀ ਗਾਇਕੀ ਦਾ ਝੰਡਾਬਰਦਾਰ ਅਬਦੁਲ ਗਫਾਰ
ਤੂੰਬੇ ਅਲ਼ਗੋਜ਼ੇ ਦੀ ਗਾਇਕੀ ਭਾਵੇਂ ਦੋਹਾਂ ਪੰਜਾਬਾਂ (ਚੜ੍ਹਦੇ ਤੇ ਲਹਿੰਦੇ) ਵਿੱਚ ਪ੍ਰਚੱਲਤ ਰਹੀ ਹੈ, ਪ੍ਰੰਤੂ ਲਹਿੰਦੇ ਪੰਜਾਬ ਵਿੱਚ ਇਸ ਗਾਇਕੀ ਦਾ ਭਰਪੂਰ ਬੋਲਬਾਲਾ ਸੀ। ਕਈ ਕਾਰਨਾਂ ਕਰਕੇ ਵਰਤਮਾਨ ਸਮੇਂ ਲਹਿੰਦੇ ਪੰਜਾਬ ਵਿੱਚ ਵੀ ਇਸ ਪਰੰਪਰਿਕ ਗਾਇਕੀ ਦਾ ਬੋਲਬਾਲਾ ਘਟ ਗਿਆ...
ਤੂੰਬੇ ਅਲ਼ਗੋਜ਼ੇ ਦੀ ਗਾਇਕੀ ਭਾਵੇਂ ਦੋਹਾਂ ਪੰਜਾਬਾਂ (ਚੜ੍ਹਦੇ ਤੇ ਲਹਿੰਦੇ) ਵਿੱਚ ਪ੍ਰਚੱਲਤ ਰਹੀ ਹੈ, ਪ੍ਰੰਤੂ ਲਹਿੰਦੇ ਪੰਜਾਬ ਵਿੱਚ ਇਸ ਗਾਇਕੀ ਦਾ ਭਰਪੂਰ ਬੋਲਬਾਲਾ ਸੀ। ਕਈ ਕਾਰਨਾਂ ਕਰਕੇ ਵਰਤਮਾਨ ਸਮੇਂ ਲਹਿੰਦੇ ਪੰਜਾਬ ਵਿੱਚ ਵੀ ਇਸ ਪਰੰਪਰਿਕ ਗਾਇਕੀ ਦਾ ਬੋਲਬਾਲਾ ਘਟ ਗਿਆ ਹੈ, ਪ੍ਰੰਤੂ ਫਿਰ ਵੀ ਸਥਿਤੀ ਨਿਰਾਸ਼ਾਜਨਕ ਨਹੀਂ। ਪ੍ਰਤੀਕੂਲ ਹਾਲਾਤ ਦੇ ਬਾਵਜੂਦ ਬਹੁਤ ਸਾਰੇ ਗਾਇਕ ਇਸ ਨਾਲ ਜੁੜੇ ਹੋਏ ਹਨ। ਇਨ੍ਹਾਂ ਵਿੱਚੋਂ ਹੀ ਇੱਕ ਸ਼ਖ਼ਸ ਹੈ ਰਾਗੀ ਅਬਦੁਲ ਗਫਾਰ ਫੈਸਲਾਬਾਦੀ।
ਗਫਾਰ ਦੇ ਪਰਿਵਾਰ ਦਾ ਪਿਛੋਕੜ ਸਾਂਝੇ ਪੰਜਾਬ ਦੀ ਪਟਿਆਲਾ ਰਿਆਸਤ ਦੇ ਧੂਰੀ ਨੇੜਲੇ ਪਿੰਡ ਸ਼ਾਹਪੁਰ ਦਾ ਹੈ। 1947 ਵਿੱਚ ਹੋਈ ਪੰਜਾਬ ਵੰਡ ਕਾਰਨ ਉਸ ਦੇ ਪੁਰਖੇ ਏਧਰੋਂ ਉੱਠ ਕੇ ਨਵੇਂ ਬਣੇ ਪਾਕਿਸਤਾਨੀ ਪੰਜਾਬ ਦੇ ਫੈਸਲਾਬਾਦ (ਲਾਇਲਪੁਰ) ਚਲੇ ਗਏ। ਗਫਾਰ ਦਾ ਜਨਮ ਫੈਸਲਾਬਾਦ ਦੀ ਗੁਲਾਮ ਮੁਹੰਮਦਾਬਾਦ ਕਲੋਨੀ ਵਿਖੇ ਪਿਤਾ ਸਾਦਿਕ ਅਲੀ ਤੇ ਮਾਤਾ ਬੀਬੋ ਦੇ ਘਰ 1956 ਵਿੱਚ ਹੋਇਆ। ਉਸ ਦੇ ਦਾਦੇ ਦਾ ਨਾਂ ਫਜ਼ਲਦੀਨ ਸੀ। ਅਨਸਾਰੀ (ਜੁਲਾਹਾ) ਬਰਾਦਰੀ ਨਾਲ ਸਬੰਧਤ ਹੋਣ ਕਾਰਨ ਪਰਿਵਾਰ ਦਾ ਜੱਦੀ-ਪੁਸ਼ਤੀ ਕਿੱਤਾ ਕੱਪੜਾ ਬੁਣਨਾ ਸੀ। ਗਫਾਰ ਨੇ ਸੱਤਵੀਂ ਜਮਾਤ ਤੱਕ ਸਕੂਲੀ ਪੜ੍ਹਾਈ ਕੀਤੀ। ਤੇਰਾਂ-ਚੌਦਾਂ ਸਾਲ ਦੀ ਉਮਰ ਵਿੱਚ ਉਹ ਪੜ੍ਹਾਈ ਛੱਡ ਕੇ ਆਪਣਾ ਪਿਤਾ-ਪੁਰਖੀ ਧੰਦਾ ਕਰਨ ਲੱਗ ਪਿਆ।
ਉਸਤਾਦ ਸਦੀਕ ਰਾਗੀ ਅਤੇ ਸ਼ਰੀਫ ਰਾਗੀ ਦੀਆਂ ਕੈਸੇਟਾਂ ਅਤੇ ਅਖਾੜੇ ਸੁਣ ਸੁਣ ਕੇ ਬਚਪਨ ਵਿੱਚ ਹੀ ਗਫਾਰ ਨੂੰ ਤੂੰਬੇ ਜੋੜੀ ਦੀ ਗਾਇਕੀ ਨੇ ਆਪਣੇ ਵੱਲ ਖਿੱਚ ਲਿਆ। ਹੌਲੀ ਹੌਲੀ ਉਸ ਦਾ ਰੁਝਾਨ ਇਸ ਪਾਸੇ ਵਧਦਾ ਗਿਆ। ਇਨ੍ਹਾਂ ਦੇ ਗੁਆਂਢ ਵਿੱਚ ਤੂੰਬਾ ਵਾਦਕ ਨਜ਼ੀਰ ਮੁਹੰਮਦ ਰਹਿੰਦਾ ਸੀ। ਲੰਘਦੇ ਵੜਦੇ ਉਸ ਕੋਲ ਜਾ ਬੈਠਦਾ ਅਤੇ ‘ਗੌਣ’ ਸੁਣਨਾ। ਫਿਰ ਉਸ ਤੋਂ ਤੂੰਬਾ ਵਜਾਉਣਾ ਸਿੱਖਣਾ ਸ਼ੁਰੂ ਕਰ ਦਿੱਤਾ। ਘਰ ਦੇ ਇਸ ਕੰਮ ਤੋਂ ਰੋਕਦੇ ਸਨ, ਪ੍ਰੰਤੂ ਗਫਾਰ ਨੇ ਕਿਸੇ ਦੀ ਇੱਕ ਨਾ ਸੁਣੀ। ਅਖੀਰ ਘਰ ਦੇ ਵਰਜਣੋਂ ਹਟ ਗਏ। ਇਸ ਗਾਇਕੀ ਦੀ ਖਿੱਚ ਉਸ ਨੂੰ ਉਸਤਾਦ ਸਦੀਕ ਰਾਗੀ ਕੋਲ ਲੈ ਗਈ। ਉਸ ਨੇ ਉਸਤਾਦ ਨੂੰ ਆਪਣਾ ਇਰਾਦਾ ਦੱਸਿਆ। ਉਸ ਦਾ ਲਗਾਅ ਦੇਖ ਕੇ ਉਸਤਾਦ ਨੇ ਉਸ ਦੀ ਹੌਸਲਾ ਅਫ਼ਜ਼ਾਈ ਕੀਤੀ। ਉਸਤਾਦ ਨੇ ਉਸ ਨੂੰ ਮੈਟਰ ਦੇਣਾ ਸ਼ੁਰੂ ਕਰ ਦਿੱਤਾ, ਜਿਸ ਨੂੰ ਉਹ ਆਪਣੇ ਕੋਲ ਲਿਖ ਲੈਂਦਾ ਤੇ ਵਾਪਸ ਕਰ ਦਿੰਦਾ। ਇਸ ਤਰ੍ਹਾਂ ਜਿਉਂ ਜਿਉਂ ਉਹ ‘ਗੌਣ’ ਕੰਠ ਕਰਦਾ ਗਿਆ, ਉਸ ਦਾ ਹੌਸਲਾ ਵਧਦਾ ਗਿਆ। ਹੁਣ ਉਸ ਨੇ ਤੂੰਬੇ ਦੇ ਨਾਲ ਆਵਾਜ਼ਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਸ਼ੁਰੂ ਵਿੱਚ ਉਸ ਨੇ ਅਬਦੁਲ ਸਤਾਰ ਰਾਗੀ ਨਾਲ ਆਵਾਜ਼ਾਂ ਲਾਈਆਂ। ਪੂਰੀ ਸਿਖਲਾਈ ਕਰਾਉਣ ਤੋਂ ਬਾਅਦ ਅਬਦੁਲ ਸਤਾਰ ਉਸ ਨੂੰ ਈਦ ਦੇ ਪ੍ਰੋਗਰਾਮ ’ਤੇ ਗੱਲਾ ਮੰਡੀ (ਫੈਸਲਾਬਾਦ) ਲੈ ਗਿਆ। ਇੱਥੇ ਬਹੁਤ ਸਾਰੇ ਰਾਗੀ ਆਏ ਹੋਏ ਸਨ। ਇਸ ਸਮੇਂ ਗਫਾਰ ਨੇ ਸਦੀਕ ਜੋੜੀ ਵਾਲੇ ਅਤੇ ਸੂਬਾ ਤੂੰਬੇ ਵਾਲੇ ਨਾਲ ਇੱਕ ਰੰਗ ਲਾਇਆ। ਸਾਰਿਆਂ ਨੇ ਚੰਗੀ ਵਾਹ ਵਾਹ ਕੀਤੀ। ਹੁਣ ਉਸ ਦੇ ਹੌਸਲੇ ਬੁਲੰਦ ਹੋ ਗਏ। ਇਸ ਤਰ੍ਹਾਂ ਕੁਝ ਸਮਾਂ ਉਹ ਸਤਾਰ ਰਾਗੀ ਦੇ ਜੁੱਟ ਨਾਲ ਬਤੌਰ ਆਗੂ ਗਾਉਂਦਾ ਰਿਹਾ। ਇਸ ਜੁੱਟ ਵਿੱਚ ਅਬਦੁਲ ਸਤਾਰ ਢੱਡ ’ਤੇ, ਗੁਲਾਮ ਹੁਸੈਨ ਤੂੰਬੇ ’ਤੇ ਅਤੇ ਸਵਾਜ਼ ਖਾਨ ਜੋੜੀ ’ਤੇ ਉਸ ਦਾ ਸਾਥ ਦਿੰਦੇ ਸਨ।
ਭਾਵੇਂ ਅਬਦੁਲ ਗਫਾਰ ਹੁਣ ਅਖਾੜਿਆਂ ਵਿੱਚ ਗਾਉਣ ਲੱਗ ਪਿਆ ਸੀ, ਪ੍ਰੰਤੂ ਅਜੇ ਉਹ ਆਪਣੇ ਆਪ ਨੂੰ ਅਧੂਰਾ ਸਮਝਦਾ ਸੀ। ਉਹ ਕਿਸੇ ਕਾਮਲ ਮੁਰਸ਼ਦ ਦਾ ਥਾਪੜਾ ਲੈਣਾ ਚਾਹੁੰਦਾ ਸੀ। ਇਸ ਲਈ ਉਹ ਉਸਤਾਦ ਸ਼ਰੀਫ ਰਾਗੀ ਦੇ ਚਰਨੀਂ ਜਾ ਪਿਆ। ਇਹ 1987-88 ਦੀ ਗੱਲ ਹੈ। ਉਸਤਾਦ ਤੋਂ ਜਿੱਥੇ ਉਸ ਨੇ ਇਸ ਗਾਇਕੀ ਦੀਆਂ ਬਾਰੀਕੀਆਂ ਸਿੱਖੀਆਂ, ਉੱਥੇ ਅਖਾੜੇ ਵਿੱਚ ਖੜ੍ਹਨ, ਕਲਾਮ ਕਰਨ ਅਤੇ ਪੱਗ ਬੰਨ੍ਹਣ ਦੇ ਤੌਰ ਤਰੀਕੇ ਸਿੱਖੇ। ਲਗਾਤਾਰ ਕਈ ਸਾਲ ਉਸਤਾਦ ਦੀ ਸੰਗਤ ਕੀਤੀ। ਗਾਇਕੀ ਦੇ ਨਾਲ ਨਾਲ ਆਪਣਾ ਟੈਕਸਟਾਈਲ ਦਾ ਕੰਮ ਵੀ ਜਾਰੀ ਰੱਖਿਆ। ਜਦੋਂ ਆਵਾਮ ਵਿੱਚ ਪੂਰਾ ਨਾਂ ਬਣ ਗਿਆ ਅਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਚੱਲ ਪਿਆ ਤਾਂ 2000 ਵਿੱਚ ਪੱਕੇ ਤੌਰ ’ਤੇ ਇਸ ਰਾਗ ਨਾਲ ਹੀ ਜੁੜ ਗਿਆ।
ਉਸਤਾਦ ਤੋਂ ਅਸ਼ੀਰਵਾਦ ਲੈ ਕੇ ਆਪਣੇ ਗੁਰਭਾਈ ਵਲਾਇਤ ਅਲੀ ਰਾਗੀ ਨਾਲ ਸਾਂਝਾ ਜੁੱਟ ਬਣਾ ਲਿਆ। ਇਸ ਜੁੱਟ ਵਿੱਚ ਅਬਦੁਲ ਸਤਾਰ ਰਾਗੀ ਢੱਡ, ਤਾਜ ਮੁਹੰਮਦ ਰਹਿਮਾਨੀ ਤੂੰਬਾ ਅਤੇ ਮੁਹੰਮਦ ਖੁਸ਼ੀਆ ਗੁੱਜਰ ਚੱਕ 20 ਵਾਲਾ ਜੋੜੀ ਵਜਾਉਂਦਾ ਸੀ। ਲੰਮਾ ਸਮਾਂ ਦੋਵਾਂ ਨੇ ਇਕੱਠਿਆਂ ਗਾਇਆ। ਫਿਰ ਆਪੋ ਆਪਣਾ ਅਲੱਗ ਗਰੁੱਪ ਬਣਾ ਲਿਆ। ਇਸ ਗਰੁੱਪ ਵਿੱਚ ਗਫਾਰ ਦੇ ਸਾਥੀ ਸਨ ਮੁਹੰਮਦ ਮਜ਼ੀਦ ਮੀਆਂ ਚੰਨੂੰ ਵਾਲਾ ਤੂੰਬੇ ’ਤੇ, ਮੁਹੰਮਦ ਵਲੀ ਢੱਡ ’ਤੇ ਅਤੇ ਗੋਜਰਾ ਵਾਲਾ ਰਫੀਕ ਫੀਕਾ ਜੋੜੀ ’ਤੇ। ਬਾਅਦ ਵਿੱਚ ਮੰਨੇ ਜੱਟ ਨਾਲ ਗਫਾਰ ਦਾ ਸਾਂਝਾ ਜੁੱਟ ਬਣ ਗਿਆ। ਇਸ ਜੁੱਟ ਵਿੱਚ ਮੁਹੰਮਦ ਅਸ਼ਰਫ/ਅੱਛੂ ਤੂੰਬਾ ਵਾਦਕ, ਮੁਹੰਮਦ ਵਲੀ 94ਵੇਂ ਵਾਲਾ ਢੱਡ ਵਾਦਕ ਅਤੇ ਹੈਦਰ ਗੁੱਜਰ 94ਵੇਂ ਵਾਲਾ ਜੋੜੀਵਾਦਕ ਸ਼ਾਮਲ ਸਨ।
ਗਫਾਰ ਰਾਗੀ ਦੇ ਬਹੁਤ ਸਾਰਾ ਗੌਣ ਕੰਠ ਹੈ, ਇਸ ਵਿੱਚ ਪੀਰਾਂ, ਫ਼ਕੀਰਾਂ, ਵਲੀਆਂ, ਨਬੀਆਂ ਦੀਆਂ ਦਾਸਤਾਨਾਂ, ਸੂਰਮਿਆਂ ਦੀਆਂ ਵਾਰਾਂ ਅਤੇ ਆਸ਼ਕਾਂ ਸਾਦਕਾਂ ਦੇ ਕਿੱਸੇ ਸ਼ਾਮਲ ਹਨ। ਵੱਖ ਵੱਖ ਵਿਸ਼ਿਆਂ ਨਾਲ ਸਬੰਧਤ ਅਨੇਕਾਂ ਰੰਗ ਵੀ ਯਾਦ ਹਨ। ਗਫਾਰ ਦਾ ਰੂਹਾਨੀ ਮੁਰਸ਼ਦ ਪੀਰ ਸੱਯਦ ਮੁਹੰਮਦ ਅਮੀਨ ਅਲੀ ਸ਼ਾਹ ਨਕਵੀ ਹੈ। ਉਨ੍ਹਾਂ ਦੀ ਪ੍ਰੇਰਨਾ ਸਦਕਾ ਉਸ ਨੇ ਆਪ ਵੀ ਸ਼ਾਇਰੀ ਕਰਨੀ ਸ਼ੁਰੂ ਕਰ ਦਿੱਤੀ। ਹੁਣ ਤੱਕ ਉਹ ਬਹੁਤ ਸਾਰੀਆਂ ਰਚਨਾਵਾਂ ਲਿਖ ਚੁੱਕਾ ਹੈ। ਨਮੂਨੇ ਵਜੋਂ ਇੱਕ ਕਵਿਤਾ ਦੇ ਦੋ ਬੰਦ ਪੇਸ਼ ਹਨ;
ਜੇ ਬੰਦਿਆ ਚੰਗੇ ਅਮਲ ਤੂੰ ਕਮਾਵੇਂ
ਅਮਲਾਂ ਨੇ ਦੇਣਾ ਤੈਨੂੰ ਤਾਰ ਬੰਦਿਆ।
ਹੋ ਜੂ ਤੇਰੇ ਵਾਲਾ ਬੇੜਾ ਪਾਰ ਬੰਦਿਆ।
ਭੇਜਿਆ ਸੀ ਰੱਬ ਤੈਨੂੰ ਬੰਦਾ ਬਣਾ ਕੇ।
ਖੱਟਿਆ ਤੈਂ ਕੁੱਝ ਨਹੀਂਓ, ਦੁਨੀਆ ’ਤੇ ਆ ਕੇ।
ਭੈੜੇ ਸਾਰੇ ਕੰਮ ਕੀਤੇ, ਰੱਬ ਨੂੰ ਭੁਲਾ ਕੇ।
ਰੱਬ ਦੀ ਕਚਹਿਰੀ ਵਿੱਚ ਦੱਸੇਂਗਾ ਕੀ ਜਾ ਕੇ।
ਪੁੱਛਣੀ ਨ੍ਹੀਂ ਉਸ ਵੇਲੇ ਕਿਸੇ ਨੇ ਵੀ ਜਾਤ ਤੇਰੀ
ਅਮਲਾਂ ਦਾ ਹੋਣਾ ਏ ਨਿਖ਼ਾਰ ਬੰਦਿਆ।
ਹੋ ਜੂ ਤੇਰੇ ਵਾਲ ਬੇੜਾ ਪਾਰ ਬੰਦਿਆ।
ਲਹਿੰਦੇ ਪੰਜਾਬ ਦੇ ਰਾਗੀਆਂ ਵਿੱਚ ਉਹ ਕਿਸੇ ਰਸਮੀ ਜਾਣ ਪਛਾਣ ਦਾ ਮੁਥਾਜ ਨਹੀਂ ਅਤੇ ਆਮ ਅਵਾਮ ਵਿੱਚ ਵੀ ਉਸ ਦੀ ਚੰਗੀ ਪੁੱਛ ਹੈ। ਪੂਰੇ ਪੰਜਾਬ ਵਿੱਚ ਉਹ ਆਪਣੀ ਕਲਾ ਦਾ ਮੁਜ਼ਾਹਰਾ ਕਰ ਚੁੱਕਾ ਹੈ, ਰਾਵਲ ਪਿੰਡੀ ਤੋਂ ਰਹੀਮ ਯਾਰ ਖਾਂ ਤੱਕ। ਅਖਾੜਿਆਂ ਵਿੱਚ ਗਾਉਣ ਤੋਂ ਇਲਾਵਾ ਅਬਦੁਲ ਗਫਾਰ ਦੀ ਆਵਾਜ਼ ਵਿੱਚ ਕੁੱਝ ਰਿਕਾਰਡਿੰਗ ਵੀ ਹੋਈ ਮਿਲਦੀ ਹੈ। ਪੰਜਾਬ ਗ੍ਰਾਮੋਫੋਨ ਹਾਊਸ ਜੋ ਪਹਿਲਾਂ ਰਹਿਮਤ ਗ੍ਰਾਮੋਫੋਨ ਹਾਉਸ ਹੁੰਦਾ ਸੀ, ਵੱਲੋਂ ਉਸ ਦੀਆਂ ਚਾਰ ਕੈਸੇਟਾਂ ਰਿਲੀਜ਼ ਹੋ ਚੁੱਕੀਆਂ ਹਨ। ਜਿਨ੍ਹਾਂ ਵਿੱਚੋਂ ਤਿੰਨ ਵਿੱਚ ‘ਸੋਹਣਾ ਜੈਨੀ’ ਦੀ ਗਾਥਾ ਹੈ। ਚੌਥੀ ਕੈਸੇਟ ਵਿੱਚ ਵੱਖੋ-ਵੱਖਰੇ ਰੰਗ ਹਨ। ਪਹਿਲੇ ਦੋ ਭਾਗਾਂ ਵਿੱਚ ਸਾਜ਼ੀ ਸਨ ਅਸ਼ਰਫ ਅੱਛੂ ਨਨਕਾਣੇ ਵਾਲਾ ਤੂੰਬੇ ’ਤੇ ਅਤੇ ਮੁਹੰਮਦ ਅਸਗਰ (ਫੌਜੀ) ਜੋੜੀ ’ਤੇ ਅਤੇ ਤੀਜੇ ਤੇ ਚੌਥੇ ਵਿੱਚ ਮਜ਼ੀਦ ਮੀਆਂ ਚੰਨੂੰ ਵਾਲਾ ਤੂੰਬੇ ’ਤੇ ਅਤੇ ਮੁਹੰਮਦ ਰਫੀਕ ਫੀਕਾ ਜੋੜੀ ’ਤੇ।
ਗਫਾਰ ਰਾਗੀ ਲਈ ਵੱਡੀ ਮਾਣ ਵਾਲੀ ਗੱਲ ਹੈ ਕਿ ਉਸ ਨੂੰ ਅੰਤਰ ਰਾਸ਼ਟਰੀ ਪੱਧਰ ਦੇ ਪ੍ਰੋਗਰਾਮਾਂ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦਾ ਵੀ ਮੌਕਾ ਮਿਲਿਆ। 5 ਤੋਂ 7 ਦਸੰਬਰ 2025 ਨੂੰ ਅਹਿਮਦ ਰਜ਼ਾ ਅਤੇ ਨਾਸਰ ਢਿੱਲੋਂ ਦੀ ਅਗਵਾਈ ਵਿੱਚ ਲਾਹੌਰ ਵਿਖੇ ਹੋਈ ਵਿਸ਼ਵ ਪੰਜਾਬੀ ਕਾਨਫਰੰਸ ਵਿੱਚ ਉਸ ਦੇ ਜੁੱਟ ਨੂੰ ਵਿਸ਼ੇਸ਼ ਤੌਰ ’ਤੇ ਬੁਲਾਇਆ ਗਿਆ। ਤਿੰਨ ਦਿਨ ਇਨ੍ਹਾਂ ਨੇ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ। ਦਰਸ਼ਕਾਂ/ਸਰੋਤਿਆਂ ਨੇ ਵੀ ਇਨ੍ਹਾਂ ਨੂੰ ਬੇਹੱਦ ਪਿਆਰ ਤੇ ਸਤਿਕਾਰ ਦਿੱਤਾ। ਇਸ ਸਮੇਂ ਉਸ ਦੇ ਜੁੱਟ ਵਿੱਚ ਪਾਛੂ ਫਾਰੂਕ ਰਾਗੀ ਤੂੰਬਾ ਵਾਦਕ, ਨੌਜਵਾਨ ਜੋੜੀਵਾਦਕ ਰਾਣਾ ਉਸਾਮਾ, ਰਫਾਕਤ ਅਲੀ ਢੱਡ ਵਾਦਕ ਅਤੇ ਯਾਸੀਨ ਚਿਮਟਾ ਵਾਦਕ ਸ਼ਾਮਲ ਸਨ।
ਸਾਲ 1975 ਵਿੱਚ ਗਫਾਰ ਦਾ ਨਿਕਾਹ ਇਰਸ਼ਾਦ ਬੇਗਮ ਨਾਲ ਹੋਇਆ। ਇਸ ਜੋੜੀ ਦੇ ਘਰ ਪੰਜ ਪੁੱਤਰਾਂ ਅਤੇ ਦੋ ਧੀਆਂ ਨੇ ਜਨਮ ਲਿਆ। ਪੁੱਤਰਾਂ ਵਿੱਚੋਂ ਕੋਈ ਵੀ ਇਸ ਕਲਾ ਨਾਲ ਨਹੀਂ ਜੁੜਿਆ। ਸਾਰੇ ਟੈਕਸਟਾਈਲ ਦੇ ਕੰਮ ਨਾਲ ਜੁੜੇ ਹੋਏ ਹਨ। ਸਾਰੇ ਧੀਆਂ-ਪੁੱਤਰ ਵਿਆਹੇ ਹਨ ਅਤੇ ਆਪੋ ਆਪਣੀ ਜਗਾ ਸੈੱਟ ਹਨ। ਸੱਤਰ ਬਹਾਰਾਂ ਹੰਢਾ ਚੁੱਕਾ ਗਫਾਰ ਨੌਜਵਾਨਾਂ ਵਾਲਾ ਦਮ ਖ਼ਮ ਰੱਖਦਾ ਹੈ।
ਸੰਪਰਕ: 84271-00341
