DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਆਖ ਦਮੋਦਰ ਅੱਖੀਂ ਡਿੱਠਾ...

ਕਿੱਸਾ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਬੀਤੇ ਦਾ ਵਰਣਨ, ਕਥਾ, ਕਹਾਣੀ ਆਦਿ ਨੂੰ ਬਿਆਨਣਾ। ਇਸੇ ਤਹਿਤ ਅਰਬੀ ਵਿੱਚ ਲੰਬੀਆਂ ਪ੍ਰੀਤ-ਕਹਾਣੀਆਂ ਕਿੱਸਿਆਂ ਦੇ ਰੂਪ ਵਿੱਚ ਆਈਆਂ। ਇਨ੍ਹਾਂ ਰਚਨਾਵਾਂ ਤੋਂ ਫ਼ਾਰਸੀ ਸਾਹਿਤ ਜ਼ਰੀਏ ਪ੍ਰੀਤ ਕਹਾਣੀਆਂ ਤੋਂ ਪੰਜਾਬੀ ਵੀ...

  • fb
  • twitter
  • whatsapp
  • whatsapp
Advertisement

ਕਿੱਸਾ ਅਰਬੀ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਬੀਤੇ ਦਾ ਵਰਣਨ, ਕਥਾ, ਕਹਾਣੀ ਆਦਿ ਨੂੰ ਬਿਆਨਣਾ। ਇਸੇ ਤਹਿਤ ਅਰਬੀ ਵਿੱਚ ਲੰਬੀਆਂ ਪ੍ਰੀਤ-ਕਹਾਣੀਆਂ ਕਿੱਸਿਆਂ ਦੇ ਰੂਪ ਵਿੱਚ ਆਈਆਂ। ਇਨ੍ਹਾਂ ਰਚਨਾਵਾਂ ਤੋਂ ਫ਼ਾਰਸੀ ਸਾਹਿਤ ਜ਼ਰੀਏ ਪ੍ਰੀਤ ਕਹਾਣੀਆਂ ਤੋਂ ਪੰਜਾਬੀ ਵੀ ਜਾਣੂ ਹੋਏ। ਫ਼ਾਰਸੀ ਵਿੱਚ ਕਾਵਿ-ਰੂਪ ਦੀ ਕਿਸੇ ਲੰਬੀ ਵੰਨਗੀ ਨੂੰ ਮਸਨਫੀ ਕਹਿੰਦੇ ਹਨ। ਫ਼ਾਰਸੀ ਮਸਨਵੀਆਂ ਦੇ ਅਧਿਐਨ ਤੋਂ ਬਾਅਦ ਹੀ ਪੰਜਾਬ ਵਿੱਚ ਕਿੱਸਾ-ਕਾਵਿ ਹੋਂਦ ਵਿੱਚ ਆਇਆ। ਭਾਵੇਂ ਵਾਰ ਤੇ ਮਹਾਂਕਾਵਿ ਦੀ ਰਚਨਾ ਕਿੱਸਾ-ਕਾਵਿ ਤੋਂ ਪਹਿਲਾਂ ਹੋ ਚੁੱਕੀ ਸੀ, ਪ੍ਰੰਤੂ ਕਿੱਸੇ ਦਾ ਰੂਪ ਇਨ੍ਹਾਂ ਦੋਹਾਂ ਵਿਧਾਵਾਂ ਤੋਂ ਵੱਖਰੀ ਕਿਸਮ ਦਾ ਹੈ। ਵਾਰ ਵਿੱਚ ਕਿਸੇ ਯੋਧੇ ਦੀ ਉਸਤਤ ਜਾਂ ਕਿਸੇ ਯੁੱਧ ਦਾ ਵਰਣਨ ਹੁੰਦਾ ਹੈ। ਵਾਰ ਦੀ ਚਾਲ ਤਿੱਖੀ ਤੇ ਜ਼ੋਰਦਾਰ ਹੁੰਦੀ ਹੈ, ਜਦੋਂ ਕਿ ਕਿੱਸੇ ਦੀ ਚਾਲ ਧੀਮੀ ਤੇ ਸਹਿਜਤਾ ਵਾਲੀ ਹੁੰਦੀ ਹੈ। ਵਾਰ ਵਿੱਚ ਕਿੱਸਾ ਨਹੀਂ ਬਿਆਨਿਆ ਜਾ ਸਕਦਾ, ਪ੍ਰੰਤੂ ਕਿੱਸੇ ਵਿੱਚ ਵਾਰ ਦੇ ਕਿਸੇ ਨਾ ਕਿਸੇ ਰੂਪ ਨੂੰ ਬਿਆਨਿਆ ਜਾ ਸਕਦਾ ਹੈ। ਵਾਰ ਵਿੱਚ ਬੀਰ-ਰਸ ਪ੍ਰਧਾਨ ਹੁੰਦੈ ਜਦੋਂ ਕਿ ਕਿੱਸੇ ਵਿੱਚ ਸ਼ਿੰਗਾਰ-ਰਸ। ਇਸੇ ਤਰ੍ਹਾਂ ਮਹਾਂਕਾਵਿ ਦਾ ਘੇਰਾ ਕਿੱਸੇ ਨਾਲੋਂ ਵਿਸ਼ਾਲ ਹੁੰਦਾ ਹੈ। ਕਿੱਸੇ ਦਾ ਸਬੰਧ ਸਿਰਫ਼ ਮਨਪ੍ਰਚਾਵੇ ਨਾਲ ਹੁੰਦਾ ਹੈ। ਜਦੋਂ ਕਿ ਮਹਾਂਕਾਵਿ ਦਾ ਮਨੋਰਥ ਇਤਿਹਾਸਕ ਗਿਆਨ ਦੇਣਾ ਤੇ ਮਨੁੱਖਤਾ ਨੂੰ ਗਿਆਨਵਾਨ ਬਣਾਉਣਾ ਹੁੁੰਦਾ ਹੈ।

ਪੰਜਾਬ ਦੀ ਧਰਤੀ ’ਤੇ ਪ੍ਰੇਮ ਕਹਾਣੀਆਂ ਨੂੰ ਕਾਵਿ-ਰੂਪ ਵਿੱਚ ਲਿਖ ਕੇ ਕਿੱਸਾ-ਕਾਵਿ ਦੀ ਵਿਧਾ ਵਿਕਸਤ ਹੋਈ, ਜਿਸ ਵਿੱਚ ਪ੍ਰੇਮੀ ਤੇ ਪ੍ਰੇਮਿਕਾ ਦੇ ਇਸ਼ਕ ਨੂੰ ਹਕੀਕੀ ਰੰਗਤ ਦੇਣ ਦੀ ਪਿਰਤ ਰੂਪਮਾਨ ਹੋਈ। ਹੀਰ-ਰਾਂਝਾ, ਸੱਸੀ-ਪੁਨੂੰ, ਮਿਰਜ਼ਾ ਸਾਹਿਬਾਂ, ਯੂਸਫ-ਜੁਲੈਖਾਂ, ਸੋਹਣੀ-ਮਹੀਂਵਾਲ, ਸ਼ੀਰੀ-ਫਰਿਹਾਦ ਆਦਿ ਕਿੱਸੇ ਲਿਖੇ ਗਏ, ਪ੍ਰੰਤੂ ਹੀਰ ਦਾ ਕਿੱਸਾ ਸਭ ਤੋਂ ਪਹਿਲਾਂ ਦਮੋਦਰ ਗੁਲਾਟੀ ਨੇ ਲਿਖਿਆ। ਦਮੋਦਰ ਅਕਬਰ ਦਾ ਸਮਕਾਲੀ ਸੀ। ਦਮੋਦਰ ਨੇ ਹੀਰ ਰਾਂਝੇ ਦੇ ਇਸ਼ਕ ਨੂੰ ਹਕੀਕੀ ਇਸ਼ਕ ਵਜੋਂ ਪ੍ਰਚਾਰਿਆ। ਇਹ ਹਕੀਕੀ ਧਾਰਾ ਇੰਨੀ ਜ਼ੋਰ ਫੜ ਗਈ ਕਿ ਸੰਤਾਂ, ਮਹਾਂਪੁਰਸ਼ਾਂ ਨੇ ਵੀ ਇਸ ਗਾਥਾ ਦੇ ਹਕੀਕੀ ਰੰਗ ਦਾ ਆਪਣੀਆਂ ਰਚਨਾਵਾਂ ਵਿੱਚ ਜ਼ਿਕਰ ਕੀਤਾ ਹੈ। ਸੋਲਵੀਂ ਸਦੀ ਦੇ ਮਹਾਨ ਸੂਫ਼ੀ ਕਵੀ ਸ਼ਾਹ ਹੁਸੈਨ (1560-1600) ਨੇ ਹੀਰ-ਰਾਂਝੇ ਦੇ ਹਕੀਕੀ ਇਸ਼ਕ ਨੂੰ ਸਵੀਕਾਰ ਕਰਦਿਆਂ ਇਸ ਗਾਥਾ ਦਾ ਆਪਣੀਆਂ ਕਾਫ਼ੀਆਂ ਵਿੱਚ ਵਾਰ-ਵਾਰ ਜ਼ਿਕਰ ਕੀਤਾ ਹੈ;

Advertisement

ਰਾਂਝਣ ਰਾਂਝਣ ਫਿਰਾਂ ਢੂੰਡੇਂਦੀ,

Advertisement

ਰਾਂਝਣ ਮੈਂਡੇ ਨਾਲ, ਨੀਂ ਮੈਂ ਕੈਨੂੰ ਆਖਾਂ।

ਇਸ ਤਰ੍ਹਾਂ ਭਾਈ ਗੁਰਦਾਸ ਜੀ ਵੀ ਆਪਣੀ ਇੱਕ ਵਾਰ ਵਿੱਚ ਹੀਰ ਰਾਂਝੇ ਦੇ ਪਿਆਰ ਨੂੰ ਵਡਿਆਉਂਦੇ ਹੋਏ ਲਿਖਦੇ ਹਨ;

ਰਾਂਝਾ ਹੀਰ ਵਖਾਣੀਏ, ਉਹ ਪਿਰਮ ਪਰਾਤੀ।

ਮਾਛੀਵਾੜੇ ਦੇ ਜੰਗਲ ਵਿੱਚ ਸ੍ਰੀ ਗੁਰੁੂ ਗੋਬਿੰਦ ਸਿੰਘ ਜੀ ਵੀ ਅਕਾਲ ਪੁਰਖ ਨੂੰ ਇੱਕ ਸੁਨੇਹਾ ਦਿੰਦੇ ਹੋਏ ਹੀਰ-ਰਾਂਝੇ ਦੇ ਪਿਆਰ ਨੂੰ ਇੱਕ ਸੰਕੇਤਕ ਚਿੰਨ੍ਹ ਵਜੋਂ ਵਰਤਦੇ ਹਨ;

ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ।

ਯਾਰੜੇ ਦਾ ਸਾਨੂੰ ਸੱਥਰ ਚੰਗਾ ਭੱਠ ਖੇੜਿਆਂ ਦਾ ਰਹਿਣਾ।

ਇਹ ਲਿਖਤਾਂ ਇਸ ਇਸ਼ਕ ਨੂੰ ਹਕੀਕੀ ਹੋਣ ਦਾ ਮਾਣ ਬਖ਼ਸ਼ਦੀਆਂ ਹਨ। ਇਹ ਠੀਕ ਹੈ ਕਿ ਦਮੋਦਰ ਨੇ ਹੀਰ ਦਾ ਕਿੱਸਾ ਲਿਖ ਕੇ ਪਹਿਲਕਦਮੀ ਜ਼ਰੂਰ ਕੀਤੀ ਹੈ, ਪ੍ਰੰਤੂ ਇਸ ਕਿੱਸੇ ਨੂੰ ‘ਅੱਖੀਂ ਡਿੱਠਾ’ ਲਿਖ ਕੇ ਸਾਹਿਤਕ ਹਲਕਿਆਂ ਵਿੱਚ ਇੱਕ ਨਵੀਂ ਚੁੰਝ ਚਰਚਾ ਛੇੜ ਦਿੱਤੀ ਹੈ। ਹੋ ਸਕਦੈ ਉਨ੍ਹਾਂ ਨੇ ਵਿਸ਼ੇਸ਼ ਨਾਮਣਾ ਖੱਟਣ ਦੀ ਕੋਸ਼ਿਸ਼ ਵਜੋਂ ਅਜਿਹਾ ਕੀਤਾ ਹੋਵੇ। ਦਮੋਦਰ ਆਪਣੇ ਬਾਰੇ ਕਿੱਸੇ ਵਿੱਚ ਦੱਸਦਾ ਹੈ ਕਿ ਉਹ ਜਾਤੀ ਤੌਰ ’ਤੇ ਅਰੋੜਾ ਗੁਲਾਟੀ ਹੈ ਅਤੇ ਝੰਗ ਦਾ ਰਹਿਣ ਵਾਲਾ ਹੈ। ਰੁਜ਼ਗਾਰ ਦੀ ਤਲਾਸ਼ ਵਿੱਚ ਉਹ ਕਿਵੇਂ ਨਾ ਕਿਵੇਂ ਸਿਆਲਾਂ ਦੀ ਬਸਤੀ ਵਿੱਚ ਪੁੱਜ ਜਾਂਦਾ ਹੈ। ਹੀਰ ਦੇ ਬਾਪ ਦਾ ਵਿਸ਼ਵਾਸ ਜਿੱਤ ਲੈਂਦਾ ਹੈ ਤੇ ਉੁਸ ਦੀ ਮਦਦ ਨਾਲ ਉਹ ਉੱਥੇ ਹੱਟੀ ਪਾ ਲੈਂਦਾ ਹੈ। ਬਸ ਇੰਨਾ ਕੁ ਹੀ ਉਸ ਦੇ ਟਿਕਾਣੇ ਬਾਰੇ ਪਤਾ ਲੱਗਦਾ ਹੈ। ਜਿੱਥੋਂ ਤੀਕ ਇਸ ਕਿੱਸੇ ਬਾਰੇ ਗੱਲ ਹੈ ਉਹ ਇਹ ਹੈ ਕਿ ਦਮੋਦਰ ਇਸ ਕਿੱਸੇ ਨੂੰ ‘ਅੱਖੀਂ ਡਿੱਠਾ’ ਕਹਿ ਕੇ ਇੱਕ ਨਵਾਂ ਭੰਬਲਭੂਸਾ ਖੜ੍ਹਾ ਕਰ ਦਿੰਦਾ ਹੈ। ਉਹ ਕਿੱਸੇ ਬਾਰੇ ਲਿਖਦਾ ਹੈ ਕਿ;

ਅੱਖੀਂ ਡਿੱਠਾ ਕਿੱਸਾ ਕੀਤਾ, ਮੈਂ ਤਾਂ ਗੁਣੀ ਨਾ ਕੋਈ।

ਅਸਾਂ ਮੂੰਹੋਂ ਅਲਾਇਆ ਓਹੀ, ਜੋ ਕੁਝ ਨਜ਼ਰ ਪਇਓਈ।

ਉਪਰੋਕਤ ਬੰਦ ਵਿੱਚ ਕਵੀ ਕਹਿੰਦਾ ਹੈ ਕਿ ਉਹ ਕੋਈ ਵਿਦਵਾਨ ਨਹੀਂ ਹੈ। ਉਸ ਨੇ ਤਾਂ ਸਿਰਫ਼ ਜੋ ਦੇਖਿਆ ਹੈ ਉਹ ਹੀ ਲਿਖਿਆ ਹੈ। ਇਹ ਤਾਂ ਦਮੋਦਰ ਦਾ ਵਡੱਪਣ ਸੀ ਕਿ ਉਹ ਗੁਣੀ ਹੁੰਦਾ ਹੋਇਆ ਵੀ ਆਪਣੇ ਆਪ ਨੂੰ ਗੁਣੀ ਨਹੀਂ ਸੀ ਮੰਨਦਾ। ਉਸ ਨੂੰ ਛੰਦਾਬੰਦੀ ਦਾ ਪੂਰਨ ਇਲਮ ਸੀ। ਉਸ ਨੇ ਫਾਰਸੀ ਮਨਸਵੀ ਦੇ ਅਨੁਸਾਰ ਹੀ ਦਵੱਯਾ ਛੰਦ ਦੀ ਵਰਤੋਂ ਕੀਤੀ ਹੈ।

ਦਮੋਦਰ ਅਨੁਸਾਰ ਹੀਰ ਦਾ ਜਨਮ ਉਦੋਂ ਹੋਇਆ ਜਦੋਂ ਉਹ ਚੂਚਕ ਦੇ ਪਿੰਡ ਹੱਟੀ ਕਰਦਾ ਸੀ। ਦਮੋਦਰ ਆਪਣੇ ਕਿੱਸੇ ਵਿੱਚ ਲਿਖਦਾ ਹੈ ਕਿ ਹੀਰ ਦੇ ਪੈਦਾ ਹੋਣ ਤੋਂ ਲੈ ਕੇ ਬੇਲੇ ਵਿੱਚ ਘੁੰਮਣ ਫਿਰਨ ਤੇ ਮੁਟਿਆਰ ਹੋਣ ਤੱਕ ਦੀਆਂ ਸਾਰੀਆਂ ਰਸਮਾਂ ਦਮੋਦਰ ਨੇ ਆਪਣੇ ਅੱਖੀਂ ਦੇਖੀਆਂ ਹਨ। ਹੀਰ ਦੇ ਚਾਰ ਭਰਾ ਸਨ ਖਾਨ, ਪਠਾਣ, ਸੁਲਤਾਨ ਤੇ ਬਹਾਦਰ। ਹੀਰ ਇਨ੍ਹਾਂ ਚਾਰਾਂ ਤੋਂ ਛੋਟੀ ਸੀ। ਹੀਰ ਦੇ ਜੰਮਣ ਤੋਂ ਲੈ ਕੇ ਇਸ਼ਕ ਦੇ ਪੂਰ ਚੜ੍ਹਨ ਤੱਕ ਦੀਆਂ ਸਾਰੀਆਂ ਰਸਮਾਂ ਅਤੇ ਪੜਾਵਾਂ ਦਾ ਜ਼ਿਕਰ ਉਸ ਨੇ ਆਪਣੀ ਰਚਨਾ ਵਿੱਚ ਇਉਂ ਕੀਤਾ ਹੈ;

ਇਤ ਭਤ ਜੰਮੀ, ਇਤ ਭਤ ਮੰਗੀ, ਇਤ ਭਤ ਖੇਡੀ ਤਾਈਂ।

ਇਤ ਭਤ ਬੇੜੀ, ਇਤ ਭਤ ਖੇਲਾ, ਜੰਮੀ ਪਲੀ ਇਥਾਈਂ।

ਸ਼ੁਰੂ ਵਿੱਚ ਦਮੋਦਰ ਦੱਸਦਾ ਹੈ ਕਿ ਉਹ ਹੀਰ ਦੇ ਪਿੰਡ ਹੱਟੀ ਕਰਦਾ ਸੀ ਅਤੇ ਉਸ ਨੇ ਹੀਰ ਨੂੰ ਜੰਮਣ ਤੋਂ ਲੈ ਕੇ ਮੁਟਿਆਰ ਹੋਣ ਤੱਕ ਦੇ ਸਾਰੇ ਹੀ ਪੜਾਵਾਂ ਨੂੰ ਤੱਕਿਆ ਹੈ। ਜਦੋਂ ਕਿ ਇੱਕ ਥਾਂ ਉਹ ਦੱਸਦਾ ਹੈ ਕਿ ਰਾਂਝਾ ਉਸ ਦਾ ਦੋਸਤ ਸੀ। ਉਹ ਇਕੱਠੇ ਹੀ ਤਖ਼ਤ ਹਜ਼ਾਰੇ ਦੀਆਂ ਗਲੀਆਂ ਵਿੱਚ ਖੇਡਦੇ ਰਹੇ ਸਨ। ਧੀਦੋ ਨੂੰ ਘਰੋਂ ਨੱਸ ਜਾਣ ਦੀ ਸਲਾਹ ਵੀ ਉਸ ਨੇ ਹੀ ਦਿੱਤੀ ਸੀ। ਜਦੋਂ ਕਿ ਹੀਰ ਦੇ ਪਿੰਡ ਅਤੇ ਤਖ਼ਤ ਹਜ਼ਾਰੇ ਦਾ ਫਾਸਲਾ ਕੋਈ ਲਗਭਗ ਇੱਕ ਸੌ ਮੀਲ ਦਾ ਹੈ। ਹੀਰ ਦੇ ਪਿੰਡ ਹੱਟੀ ਕਰਨ ਤੇ ਤਖ਼ਤ ਹਜ਼ਾਰੇ ਦੀਆਂ ਗਲੀਆਂ ਵਿੱਚ ਖੇਡਣ ਵਾਲੀ ਗੱਲ ਆਪਸ ਵਿੱਚ ਮੇਲ ਖਾਂਦੀ ਨਜ਼ਰ ਨਹੀਂ ਆਉਂਦੀ ਹੈ। ਇਸ ਕਥਨ ਦੀ ਗਵਾਹੀ ਉਨ੍ਹਾਂ ਦੀਆਂ ਇਹ ਤੁਕਾਂ ਭਰਦੀਆਂ ਹਨ;

ਅੰਗੁਲ ਜੋੜੀ ਨਾਲ ਧੀਦੋ ਦੇ ਅਸੀਂ ਲੱਗੇ ਫਿਰਾਹੇਂ।

ਗੱਲਾਂ ਸੁਣ-ਸੁਣ ਲੋਕਾਂ ਕੋਲੋਂ ਅਸੀਂ ਤਾਮ ਨਾ ਮੂਲ ਗਵਾਹੇਂ।

ਇਸ ਕਿੱਸੇ ਦੇ ਅੱਖੀਂ ਡਿੱਠੇ ਹੋਣ ਦੀ ਪੋਲ ਇੱਕ ਥਾਂ ਹੋਰ ਖੁੱਲ੍ਹਦੀ ਹੈ। ਜਦੋਂ ਰਾਂਝਾ ਜੋਗੀ ਦੇ ਭੇਸ ਵਿੱਚ ਹੀਰ ਨੂੂੰ ਜਾ ਮਿਲਦਾ ਹੈ ਅਤੇ ਫਿਰ ਸੋਚੀ ਸਮਝੀ ਚਾਲ ਮੁਤਾਬਿਕ ਉਹ ਦੋਵੇਂ ਰੰਗਪੁਰ ਤੋਂ ਨੱਸ ਜਾਂਦੇ ਹਨ। ਖੇੜੇ ਉਨ੍ਹਾਂ ਦਾ ਪਿੱਛਾ ਕਰਦੇ ਹਨ। ਹੀਰ ਤੇ ਰਾਂਝਾ ਨਾਹੜਾਂ ਕੋਲ ਸ਼ਰਨ ਜਾ ਲੈਂਦੇ ਹਨ। ਨਾਹੜਾਂ ਤੇ ਖੇੜਿਆਂ ਵਿਚਕਾਰ ਘਮਸਾਨ ਦਾ ਯੁੱਧ ਹੁੰਦਾ ਹੈ। ਦਮੋਦਰ ਲਿਖਦਾ ਹੈ ਕਿ ਉਹ ‘ਦੋ ਬੂਟੇ ਤੇ ਇੱਕ ਕਾਹੀ’ ਦੇ ਪਿੱਛੇ ਲੁਕ ਕੇ ਇਹ ਸਾਰਾ ਯੁੱਧ ਦੇਖਦੇ ਰਹੇ। ਹੁਣ ਸੁਆਲ ਪੈਦਾ ਹੁੰਦਾ ਹੈ ਕਿ ਕੀ ਦਮੋਦਰ ਉਨ੍ਹਾਂ ਦੇ ਪਿੱਛੇ-ਪਿੱਛੇ ਹੀ ਫਿਰਦਾ ਰਿਹਾ ਸੀ। ਉਨ੍ਹਾਂ ਦੇ ਘਰੋਂ ਭੱਜ ਜਾਣ ਦਾ ਹੋਰ ਤਾਂ ਕਿਸੇ ਨੂੰ ਪਤਾ ਨਹੀਂ ਸੀ ਲੱਗਿਆ। ਦਮੋਦਰ ਨੂੰ ਕੀ ਸੁਪਨਾ ਆ ਗਿਆ ਸੀ ਕਿ ਹੁਣ ਲੜਾਈ ਹੋਵੇਗੀ। ਜੇਕਰ ਉਹ ਰਾਂਝੇ ਦਾ ਯਾਰ ਸੀ ਤਾਂ ਉਹ ਲੁਕ ਕੇ ਕਿਉਂ ਖੜ੍ਹਾ ਰਿਹਾ?

ਨਾਹੜਾਂ ਅਤੇ ਖੇੜਿਆਂ ਦੇ ਯੁੱਧ ਤੋਂ ਬਾਅਦ ਮਾਮਲਾ ਕੋਟ ਕਬੂਲੇ ਦੇ ਅਦਲੀ ਰਾਜੇ ਕੋਲ ਪਹੁੰਚ ਗਿਆ। ਕੋਟ ਕਬੂਲਾ ਲੜਾਈ ਵਾਲੇ ਸਥਾਨ ਤੋਂ ਕੋਈ ਬਾਈ-ਤੇਈ ਕੋਹ ਦੂਰ ਸੀ। ਹੀਰ ਅਤੇ ਕਾਜ਼ੀ ਵਿੱਚ ਕਾਫ਼ੀ ਤੂੰ-ਤੂੰ ਮੈਂ-ਮੈਂ ਹੁੰਦੀ ਹੈ। ਅਦਲੀ ਰਾਜੇ ਵੱਲੋਂ ਹੀਰ ਖੇੜਿਆਂ ਦੇ ਸਪੁਰਦ ਕੀਤੀ ਗਈ। ਖੇੜਿਆਂ ਨੇ ਹੀਰ ਦੀ ਕਾਫ਼ੀ ਮਾਰ-ਕੁਟਾਈ ਕੀਤੀ ਅਤੇ ਉਸ ਨੂੰ ਅੱਗੇ ਲਾ ਕੇ ਲੈ ਗਏ। ਕੁਦਰਤ ਦਾ ਭਾਣਾ ਕਿ ਕੋਟ ਕਬੂਲੇ ਨੂੰ ਅੱਗ ਲੱਗ ਜਾਂਦੀ ਹੈ। ਲੋਕਾਂ ਨੂੰ ਸ਼ੱਕ ਪਿਆ ਕਿ ਅਦਲੀ ਰਾਜੇ ਨੇ ਵੱਢੀ ਲੈ ਕੇ ਹੀਰ ਨੂੰ ਖੇੜਿਆਂ ਦੇ ਸਪੁਰਦ ਕੀਤਾ ਹੈ। ਅਦਲੀ ਰਾਜਾ ਲੋਕਾਂ ਦੀ ਭਾਖਿਆ ਤੋਂ ਡਰ ਗਿਆ ਅਤੇ ਉਸ ਨੇ ਖੇੜਿਆਂ ਨੂੰ ਵਾਪਸ ਬੁਲਾ ਕੇ ਕਿਹਾ ਕਿ ਜੋ ਵੀ ਇਸ ਭਿਆਨਕ ਅੱਗ ਨੂੰ ਬੁਝਾ ਦੇਵੇਗਾ ਹੀਰ ਉਸ ਨੂੰ ਦਿੱਤੀ ਜਾਵੇਗੀ। ਰਾਂਝੇ ਨੇ ਉੱਚੀ ਉੱਚੀ ਬੋਲ ਕੇ ਦੁੁੁਆ ਮੰਗੀ ਤੇ ਅੱਗ ਬੁਝ ਗਈ। ਅਦਲੀ ਰਾਜੇ ਵੱਲੋਂ ਹੀਰ ਨੂੰ ਰਾਂਝੇ ਦੇ ਹਵਾਲੇ ਕੀਤਾ ਜਾਂਦਾ ਹੈ ਤਾਂ ਦਮੋਦਰ ਕਿੱਸੇ ਦੇ ਅਖੀਰ ਵਿੱਚ ਲਿਖਦਾ ਹੈ;

ਪੰਦਰਾਂ ਸੈ ਅਤੇ ਉਨੱਤ੍ਰੀ ਸੰਬਤ ਬਿਕ੍ਰਮ ਰਾਏ।

ਹੀਰ ਤੇ ਰਾਂਝਾ ਹੋਏ ਇਕੱਠੇ, ਝੇੜੇ ਰੱਬ ਮੁਕਾਏ।

ਪਾਤਸ਼ਾਹੀ ਜੋ ਅਕਬਰ ਸੰਦੀ, ਦਿਨ-ਦਿਨ ਚੜ੍ਹੇ ਸਵਾਏ।

ਆਖ ਦਮੋਦਰ ਮੈਂ ਅੱਖੀਂ ਡਿੱਠਾ ਜੋ ਲੰਮੀ ਤਰਫ ਸਿਧਾਏ।

ਆਖ ਦਮੋਦਰ ਜੋ ਛਪੇ ਕਥਾਈਂ ਗਏ ਸੋ ਫਿਰ ਨਾ ਆਏ।

ਕਿੱਸੇ ਦੇ ਅਖੀਰ ਵਿੱਚ ਸਮੁੱਚੀ ਸਥਿਤੀ ਨੂੰ ਸੁਖਾਂਤ ਵਿੱਚ ਬਦਲਦਾ ਹੋਇਆ ਦਮੋਦਰ ਅਕਬਰ ਦੇ ਰਾਜ ਭਾਗ ਦੀ ਚੜ੍ਹਦੀ ਕਲਾ ਦਾ ਜ਼ਿਕਰ ਵੀ ਕਰਦਾ ਹੈ। ਆਉ ਆਪਾਂ ਉਪਰੋਕਤ ਬੰਦ ਦੀ ਵੀ ਥੋੜ੍ਹੀ ਬਹੁਤੀ ਚੀਰ-ਫਾੜ ਕਰੀਏ। ਦਮੋਦਰ ਪੰਦਰਾਂ ਸੌ ਉਨੱਤ੍ਰੀ ਬਿਕ੍ਰਮੀ ਭਾਵ 1472 ਈਸਵੀ ਨੂੰ ਹੀਰ ਤੇ ਰਾਂਝੇ ਦਾ ਪੁਨਰ ਮੇਲ ਕਰਾਉਂਦਾ ਹੈ। ਇਸ ਦੇ ਨਾਲ ਉਹ ਬਾਦਸ਼ਾਹ ਅਕਬਰ ਦੇ ਰਾਜ ਦੀ ਚੜ੍ਹਦੀ ਕਲਾ ਦਾ ਵੀ ਹਵਾਲਾ ਦਿੰਦਾ ਹੈ। ਸੰਨ 1472 ਈਸਵੀ ਦਾ ਸਮਾਂ ਅਕਬਰ ਦਾ ਸਮਾਂ ਨਹੀਂ ਸੀ। ਅਕਬਰ ਦਾ ਰਾਜਕਾਲ 1556 ਈਸਵੀ ਤੋਂ ਬਾਅਦ ਸ਼ੁਰੂ ਹੁੰਦਾ ਹੈ। ਅਕਬਰ ਦਾ ਸ਼ਾਸਨ ਕਾਲ ਅਦਲੀ ਰਾਜੇ ਦੇ ਫ਼ੈਸਲੇ ਤੋਂ 84 ਸਾਲ ਬਾਅਦ ਸ਼ੁਰੂ ਹੁੰਦਾ ਹੈ। ਇਹ ਸਮਾਂ ਲੋਧੀ ਵੰਸ਼ ਦਾ ਸੀ। ਹੀਰ ਰਾਂਝੇ ਦੇ ਇਸ਼ਕ ਦਾ ਵਰਣਨ ਇਸ ਤੋਂ ਪਹਿਲਾਂ ਹੀ ਸੂਫ਼ੀ ਸੰਤ ਸ਼ਾਹ ਹੁਸੈਨ (1539-1600) ਕਰ ਚੁੱਕੇ ਹਨ।

ਸ਼ਾਹ ਹੁਸੈਨ ਦਾ ਸਮਕਾਲੀ ਭਾਈ ਗੁਰਦਾਸ ਵੀ ਆਪਣੀਆਂ ਰਚਨਾਵਾਂ ਵਿੱਚ ਹੀਰ ਰਾਂਝੇ ਦੇ ਹਕੀਕੀ ਇਸ਼ਕ ਦਾ ਜ਼ਿਕਰ ਕਰ ਚੁੱਕਾ ਹੈ। ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਹੀਰ ਰਾਂਝੇ ਦੇ ਇਸ਼ਕ ਨੂੰ ਹਕੀਕੀ ਰੰਗ ਵਿੱਚ ਲੋਕਾਂ ਨੇ ਪ੍ਰਵਾਨ ਕਰ ਲਿਆ ਸੀ। ਇਸ ਕਿੱਸੇ ਵਿੱਚ ਅਵਲ ਫਤਹ ਦਾ ਜ਼ਿਕਰ ਵੀ ਆਉਂਦਾ ਹੈ। ਅਵਲ ਫਤਹ ਲੋਧੀ ਰਾਜ ਸਮੇਂ ਇੱਕ ਹਾਕਮ ਸੀ। ਲੋਧੀ ਰਾਜ ਦਾ ਸਮਾਂ 1451 ਈਸਵੀ ਤੋਂ 1556 ਈਸਵੀ ਦਾ ਹੈ। ਹੁਣ ਗੱਲ ਸਪੱਸ਼ਟ ਹੋ ਚੁੱਕੀ ਹੈ ਦਮੋਦਰ ਨੇ ਇਹ ਕਿੱਸਾ ਅਕਬਰ ਦੇ ਰਾਜ ਸਮੇਂ ਲਿਖਿਆ ਹੈ। ਜਦੋਂ ਕਿ ਹੀਰ-ਰਾਂਝੇ ਦੇ ਇਸ਼ਕ ਦੀ ਘਟਨਾ ਲੋਧੀ ਵੰਸ਼ ਦੇ ਸਮੇਂ ਦੀ ਹੈ। ਦਮੋਦਰ ਨੇ ‘ਅੱਖੀਂ ਡਿੱਠਾ’ ਲਿਖ ਕੇ ਇਸ ਪ੍ਰੀਤ ਕਹਾਣੀ ਨੂੰ ਗੂੜ੍ਹਾ ਹਕੀਕੀ ਤੇ ਸਥਾਈ ਰੰਗ ਦੇਣ ਦੀ ਕੋਸ਼ਿਸ਼ ਕੀਤੀ ਹੈ ਅਤੇ ‘ਅੱਖੀਂ ਡਿੱਠੇ’ ਨੂੰ ਆਪਣੀ ਵਡਿਆਈ ਜਾਂ ਤਕੀਏ ਕਲਾਮ ਵਜੋਂ ਵਰਤਿਆ ਹੈ। ਸੋ ਇਸ ਪ੍ਰੀਤ ਕਹਾਣੀ ਨੂੰ ਦਮੋਦਰ ਨੇ ਅੱਖੀਂ ਨਹੀਂ ਡਿੱਠਾ, ਜੋ ਇਸ ਕਿੱਸੇ ਵਿੱਚ ਵਾਰ-ਵਾਰ ਜ਼ਿਕਰ ਆਉਂਦਾ ਹੈ। ਇਹ ਹੋ ਸਕਦਾ ਹੈ ਕਿ ਜੋ ਸਥਾਨ ਇਸ ਕਿੱਸੇ ਨਾਲ ਸਬੰਧਿਤ ਹਨ ਉਨ੍ਹਾਂ ਥਾਵਾਂ ਨੂੰ ਦਮੋਦਰ ਨੇ ਬਾਅਦ ਵਿੱਚ ਆਪਣੇ ਅੱਖੀਂ ਜਾ ਦੇਖਿਆ ਹੋਵੇ। ਉਸ ਅੱਖੀਂ ਦੇਖਣ ਨੂੰ ਉਸ ਨੇ ‘ਅੱਖੀਂ ਡਿੱਠਾ’ ਲਿਖ ਦਿੱਤਾ ਹੋਵੇ।

ਸੰਪਰਕ: 95010-12199

Advertisement
×