ਔਰਤ ਦੀ ਆਪਣੇ ਪ੍ਰਤੀ ਬਦਲਦੀ ਸੋਚ
ਆਧੁਨਿਕ ਸਮੇਂ ਵਿੱਚ ਔਰਤ ਨੇ ਆਪਣੇ ਪ੍ਰਤੀ ਸੋਚ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਹੈ। ਇਸ ਸਮਾਜ ਨੇ ਭਾਵੇਂ ਉਸ ਪ੍ਰਤੀ ਰਵੱਈਆ ਬਹੁਤਾ ਨਹੀਂ ਬਦਲਿਆ। ਅੱਜ ਦੀ ਔਰਤ ਪੜ੍ਹੀ ਲਿਖੀ ਹੋਣ ਦੇ ਨਾਲ ਆਪਣੇ ਆਪ ਨੂੰ ਸਮਾਂ ਵੀ ਦੇ ਰਹੀ ਹੈ।...
ਆਧੁਨਿਕ ਸਮੇਂ ਵਿੱਚ ਔਰਤ ਨੇ ਆਪਣੇ ਪ੍ਰਤੀ ਸੋਚ ਨੂੰ ਬਦਲਣਾ ਸ਼ੁਰੂ ਕਰ ਦਿੱਤਾ ਹੈ। ਇਸ ਸਮਾਜ ਨੇ ਭਾਵੇਂ ਉਸ ਪ੍ਰਤੀ ਰਵੱਈਆ ਬਹੁਤਾ ਨਹੀਂ ਬਦਲਿਆ। ਅੱਜ ਦੀ ਔਰਤ ਪੜ੍ਹੀ ਲਿਖੀ ਹੋਣ ਦੇ ਨਾਲ ਆਪਣੇ ਆਪ ਨੂੰ ਸਮਾਂ ਵੀ ਦੇ ਰਹੀ ਹੈ। ਆਪਣੀਆਂ ਖੁਸ਼ੀਆਂ ਦਾ ਆਪ ਖ਼ਿਆਲ ਰੱਖਦੀ ਹੈ। ਉਸ ਨੇ ਹੁਣ ਦੂਸਰਿਆਂ ਉੱਪਰ ਨਿਰਭਰ ਹੋਣਾ ਘੱਟ ਕਰ ਦਿੱਤਾ ਹੈ। ਕਾਫ਼ੀ ਹੱਦ ਤੱਕ ਔਰਤਾਂ ਨੇ ਘਰਾਂ ’ਚੋਂ ਨਿਕਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਤਕਰੀਬਨ ਹਰ ਔਰਤ ਆਪਣੇ ਪੈਰਾਂ ਉੱਤੇ ਖੜ੍ਹੀ ਹੋ ਕੇ ਆਪਣੀ ਜ਼ਿੰਦਗੀ ਆਪਣੇ ਹਿਸਾਬ ਨਾਲ ਜਿਉਣ ਦੀ ਚਾਹਵਾਨ ਹੈ। ਫਿਰ ਵੀ ਇਸ ਸਮਾਜ ਵਿੱਚ ਕਈ ਅਜਿਹੀਆਂ ਦੁਰਘਟਨਾਵਾਂ ਹੋ ਜਾਂਦੀਆਂ ਹਨ ਕਿ ਔਰਤ ਉੱਪਰ ਜ਼ੁਲਮ ਬਾਰੇ ਆਮ ਹੀ ਸੁਣਿਆ ਜਾ ਸਕਦਾ ਹੈ।
ਅੱਜ ਦੀ ਔਰਤ ਬਗਾਵਤ ਉੱਪਰ ਉਤਰ ਆਈ ਹੈ ਕਿਉਂਕਿ ਇੰਨੇ ਸਾਲਾਂ ਤੋਂ ਉਹ ਇਸ ਸਮਾਜ ਦੀਆਂ ਕੂੜ ਨੀਤੀਆਂ ਨੂੰ ਸਹਿੰਦੀ ਆਈ ਹੈ। ਪੜ੍ਹਾਈ ਲਿਖਾਈ ਕਰਨ ਨਾਲ ਉਹ ਆਪਣੇ ਪ੍ਰਤੀ ਵੀ ਜਾਗਰੂਕ ਹੋਈ ਹੈ। ਔਰਤ ਵੀ ਮਰਦ ਵਾਂਗ ਆਪਣੇ ਖਾਣ-ਪੀਣ ਅਤੇ ਹੰਡਾਉਣ ਬਾਰੇ ਸੋਚਦੀ ਹੈ। ਕਦੀ ਸਮਾਂ ਸੀ ਔਰਤ ਸਿਰਫ਼ ਘਰ ਦੇ ਸੀਮਤ ਦਾਇਰਿਆਂ ਵਿੱਚ ਹੀ ਕੈਦ ਰਹਿੰਦੀ ਸੀ। ਅੱਜ ਉਸ ਨੇ ਆਪਣੇ ਘੇਰੇ ਨੂੰ ਵਿਸ਼ਾਲ ਕੀਤਾ ਹੈ। ਸਮਾਜ ਵਿੱਚ ਅਜੇ ਵੀ ਅਜਿਹੀ ਸੋਚ ਦੇ ਲੋਕ ਹਨ ਜੋ ਔਰਤ ਨੂੰ ਛੋਟੇ ਦਰਜੇ ਦਾ ਨਾਗਰਿਕ ਸਮਝਦੇ ਹਨ ਅਤੇ ਸਿਰਫ਼ ਭੋਗਣ ਦਾ ਸਾਧਨ ਸਮਝਦੇ ਹਨ। ਅਜਿਹੀ ਸੋਚ ਵਾਲੇ ਲੋਕ ਨਹੀਂ ਚਾਹੁੰਦੇ ਕਿ ਔਰਤ ਅੱਗੇ ਵਧੇ। ਉਹ ਸਮੇਂ-ਸਮੇਂ ’ਤੇ ਕੁਝ ਕੁ ਗੱਲਾਂ ਨੂੰ ਫੜ ਕੇ ਔਰਤ ਪ੍ਰਤੀ ਆਪਣੀ ਮਾੜੀ ਸੋਚ ਦਾ ਪ੍ਰਗਟਾਵਾ ਕਰਦੇ ਰਹਿੰਦੇ ਹਨ। ਮਰਦ ਸ਼ੁਰੂ ਤੋਂ ਖੁੱਲ੍ਹੇ ਮਾਹੌਲ ਵਿੱਚ ਰਿਹਾ ਹੈ ਅਤੇ ਉਸ ਦੀ ਇਹ ਧਾਰਨਾ ਅੱਜ ਵੀ ਹੈ ਕਿ ਉਹ ਆਪਣੀ ਮਨ ਮਰਜ਼ੀ ਦੀ ਜ਼ਿੰਦਗੀ ਜੀਵੇ, ਪਰ ਔਰਤ ਉਸ ਦੇ ਅਧੀਨ ਹੀ ਰਹੇ।
ਅੱਜ ਵੀ ਸਮਾਜ ਮਰਦ ਦੀਆਂ ਗ਼ਲਤੀਆਂ ਨੂੰ ਮੁਆਫ਼ ਕਰ ਦਿੰਦਾ ਹੈ, ਪਰ ਔਰਤ ਦੀ ਗ਼ਲਤੀ ਨੂੰ ਸਮਾਜ ਉੱਪਰ ਕਲੰਕ ਦਾ ਨਾਮ ਦੇ ਕੇ ਉਸ ਦਾ ਮਾਨਸਿਕ ਸ਼ੋਸ਼ਣ ਕੀਤਾ ਜਾਂਦਾ ਹੈ। ਸਾਡੇ ਸਮਾਜ ਵਿੱਚ ਸਿੱਖਿਆ ਸਿਰਫ਼ ਕਾਗਜ਼ਾਂ ਤੱਕ ਹੀ ਸੀਮਤ ਹੈ। ਹਕੀਕਤ ਵਿੱਚ ਸਿੱਖਿਅਤ ਅੱਜ ਵੀ ਬਹੁਤ ਘੱਟ ਲੋਕ ਹਨ। ਜਿੰਨੀ ਦੇਰ ਅਸੀਂ ਚੰਗੀ ਸਿੱਖਿਆ ਨੂੰ ਨਹੀਂ ਅਪਣਾਵਾਂਗੇ, ਅਸੀਂ ਇੱਕ ਦੂਜੇ ਨੂੰ ਸਮਝ ਨਹੀਂ ਸਕਾਂਗੇ। ਔਰਤ ਘਰ ਅਤੇ ਸਮਾਜ ਦਾ ਉਹ ਮਜ਼ਬੂਤ ਥੰਮ੍ਹ ਹੈ ਜੋ ਰਿਸ਼ਤੇ ਬਣਾਉਂਦੀ ਹੈ ਜਾਂ ਜਿਸ ਨਾਲ ਇਸ ਸਮਾਜ ਵਿੱਚ ਰਿਸ਼ਤਿਆਂ ਦਾ ਵਾਧਾ ਹੁੰਦਾ ਹੈ। ਫਿਰ ਉਸ ਨਾਲ ਹੀ ਮਤਲਬੀ ਰਿਸ਼ਤਾ ਰੱਖਿਆ ਜਾਂਦਾ ਹੈ।
ਜਦੋਂ ਕੋਈ ਵੀ ਲੜਕੀ ਘਰ ਵਿੱਚ ਵਿਆਹੀ ਆਉਂਦੀ ਹੈ ਤਾਂ ਸਿਰਫ਼ ਉਸ ਨੂੰ ਸੀਮਤ ਦਾਇਰਿਆਂ ਅੰਦਰ ਹੀ ਰੱਖਿਆ ਜਾਂਦਾ ਹੈ। ਅੱਜ ਵੀ ਸਮਾਜ ਵਿੱਚ ਅਜਿਹੇ ਲੋਕ ਹਨ ਜੋ ਇਹ ਸੋਚਦੇ ਹਨ ਕਿ ਇਹ ਸਿਰਫ਼ ਸਾਡੇ ਘਰ ਦਾ ਕੰਮ ਕਰੇਗੀ ਜਾਂ ਫਿਰ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਜਨਮ ਦੇਵੇਗੀ। ਇੱਥੋਂ ਤੱਕ ਕਿ ਜਦੋਂ ਤੱਕ ਔਰਤ ਕੰਮ ਕਰਦੀ ਹੈ ਜਾਂ ਉਨ੍ਹਾਂ ਦੇ ਹਿਸਾਬ ਨਾਲ ਚੱਲਦੀ ਹੈ ਤਾਂ ਉਹ ਉਨ੍ਹਾਂ ਨੂੰ ਚੰਗੀ ਲੱਗਦੀ ਹੈ। ਜ਼ਰਾ ਕੁ ਵੀ ਉਹ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕਰਦੀ ਹੈ ਜਾਂ ਆਪਣੇ ਅਨੁਸਾਰ ਜਿਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਸ ਵਿੱਚ ਨੁਕਸ ਕੱਢੇ ਜਾਂਦੇ ਹਨ। ਚੰਗੇ ਭਲੇ ਵਸਦੇ ਰਸਦੇ ਘਰ ਨਿੱਕੀਆਂ-ਨਿੱਕੀਆਂ ਗੱਲਾਂ ਤੋਂ ਟੁੱਟ ਕੇ ਬਿਖਰ ਜਾਂਦੇ ਹਨ। ਅਸੀਂ ਇਹ ਤਾਂ ਚਾਹੁੰਦੇ ਹਾਂ ਕਿ ਸਾਨੂੰ ਹਰ ਕੋਈ ਸਮਝੇ, ਪਰ ਸਾਡੇ ਵਿੱਚ ਇਹ ਘਾਟ ਵੀ ਹੈ ਕਿ ਅਸੀਂ ਦੂਸਰੇ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ। ਇਹ ਸਮਾਜ ਭਾਵੇਂ ਆਪਣੇ ਆਪ ਨੂੰ ਆਧੁਨਿਕ ਕਹਿੰਦਾ ਹੈ, ਪਰ ਹਕੀਕਤ ਵਿੱਚ ਇਸ ਦੀ ਸੋਚ ਅਜੇ ਵੀ ਉੱਥੇ ਹੀ ਖੜ੍ਹੀ ਹੈ। ਅੱਜ ਵੀ ਸੋਹਣੀ ਔਰਤ ਨੂੰ ਦੇਖ ਕੇ ਅੱਖਾਂ ਦੀਆਂ ਗੰਨੀਆਂ ਤਿੱਖੀਆਂ ਹੋ ਜਾਂਦੀਆਂ ਹਨ।
ਔਰਤ ਨੇ ਘਰਾਂ ’ਚੋਂ ਨਿਕਲ ਕੇ ਸਮਾਜ ਵਿੱਚ ਵਿਚਰਨਾ ਸ਼ੁਰੂ ਕਰ ਦਿੱਤਾ ਹੈ। ਉਹ ਅੱਜ ਹਰ ਤਰ੍ਹਾਂ ਦਾ ਕਾਰੋਬਾਰ ਅਤੇ ਨੌਕਰੀ ਕਰਦੀ ਹੈ। ਮਰਦ ਦੇ ਬਰਾਬਰ ਕਮਾਉਂਦੀ ਹੈ ਅਤੇ ਘਰ ਨੂੰ ਵੀ ਸੰਭਾਲਦੀ ਹੈ। ਬੱਚਿਆਂ ਦੀ ਦੇਖ ਰੇਖ ਦਾ ਜ਼ਿੰਮਾ ਬਹੁਤਾਤ ਵਿੱਚ ਅੱਜ ਵੀ ਔਰਤ ਦੇ ਜ਼ਿੰਮੇ ਹੀ ਹੈ। ਅੱਜ ਔਰਤ ਹਰ ਤਰ੍ਹਾਂ ਦੀ ਜ਼ਿੰਮੇਵਾਰੀ ਨੂੰ ਨਿਭਾਉਂਦੀ ਹੋਈ ਆਪਣੀ ਜ਼ਿੰਦਗੀ ਨੂੰ ਜਿਉਣ ਦੀ ਚਾਹਵਾਨ ਵੀ ਹੈ। ਉਸ ਨੇ ਇਹ ਮਹਿਸੂਸ ਕਰ ਲਿਆ ਹੈ ਕਿ ਆਪਣੀਆਂ ਖੁਸ਼ੀਆਂ ਅਤੇ ਆਪਣੀ ਸਿਹਤ ਦਾ ਖ਼ਿਆਲ ਉਸ ਨੂੰ ਆਪ ਹੀ ਰੱਖਣਾ ਪਵੇਗਾ। ਦੁਨੀਆ ਚਾਹੇ ਉਸ ਬਾਰੇ ਕੁਝ ਵੀ ਸੋਚੇ, ਪਰ ਇਹ ਵੀ ਸੱਚ ਹੈ ਕਿ ਉਸ ਨੇ ਆਪਣੇ ਜਿਉਣ ਢੰਗ ਅਤੇ ਆਪਣੀ ਸੋਚ ਵਿੱਚ ਬਹੁਤ ਬਦਲਾਅ ਲਿਆਂਦਾ ਹੈ।
ਜਿਵੇਂ ਕੁਝ ਕੁ ਮਰਦ ਆਪਣੀ ਮਨਮੱਤ ਕਰਕੇ ਸਮਾਜ ਉੱਪਰ ਕਲੰਕ ਬਣਦੇ ਹਨ, ਇਸੇ ਤਰ੍ਹਾਂ ਕੁਝ ਕੁ ਔਰਤਾਂ ਵੀ ਆਪਣੀ ਬੁੱਧੀ ਦੀ ਸਹੀ ਵਰਤੋਂ ਨਾ ਕਰਕੇ ਕਈ ਵਾਰ ਅਜਿਹੇ ਫ਼ੈਸਲੇ ਕਰ ਲੈਂਦੀਆਂ ਹਨ ਜਿਸ ਨਾਲ ਬਾਕੀ ਔਰਤਾਂ ਨੂੰ ਵੀ ਸ਼ਰਮਸਾਰ ਹੋਣਾ ਪੈਂਦਾ ਹੈ। ਸਮੁੱਚੇ ਤੌਰ ’ਤੇ ਕਿਹਾ ਜਾ ਸਕਦਾ ਹੈ ਕਿ ਔਰਤ ਹੁਣ ਚਾਹੇ ਅਬਲਾ ਨਹੀਂ ਹੈ, ਪਰ ਫਿਰ ਵੀ ਉਸ ਨਾਲ ਦਰਿੰਦਗੀ ਹੁੰਦੀ ਹੈ। ਅੱਜ ਵੀ ਉਸ ਨੂੰ ਨੋਚਣ ਲਈ ਭੇੜੀਏ ਮਿਲ ਜਾਂਦੇ ਹਨ। ਸਹੀ ਇਨਸਾਫ਼ ਨਾ ਕਦੇ ਪਹਿਲਾਂ ਮਿਲਿਆ ਸੀ, ਨਾ ਹੀ ਹੁਣ ਮਿਲਦਾ ਹੈ ਅਤੇ ਸ਼ਾਇਦ ਨਾ ਹੀ ਆਉਣ ਵਾਲੇ ਸਮੇਂ ਵਿੱਚ ਮਿਲੇਗਾ। ਇਸ ਕਰਕੇ ਹੁਣ ਔਰਤ ਨੂੰ ਦੋ ਹੱਥ ਕਰਨ ਲਈ ਆਪ ਕੋਸ਼ਿਸ਼ ਕਰਨੀ ਪਵੇਗੀ। ਜੇਕਰ ਉਹ ਹਰ ਕੰਮ ਕਰਨ ਦੇ ਕਾਬਲ ਹੈ ਤਾਂ ਉਸ ਨੂੰ ਆਉਣ ਵਾਲੇ ਸਮੇਂ ਵਿੱਚ ਆਪਣੇ ਆਪ ਨੂੰ ਹੋਰ ਵੀ ਮਜ਼ਬੂਤ ਬਣਾਉਣ ਦੀ ਜ਼ਰੂਰਤ ਹੈ।

