ਹੰਕਾਰ ਅਤੇ ਸਵੈਮਾਣ ਵਿਚਕਾਰ ਸੰਤੁਲਨ ਜ਼ਰੂਰੀ
ਹੰਕਾਰ ਅਤੇ ਸਵੈਮਾਣ ਵਿਚਕਾਰ ਬਹੁਤ ਬਾਰੀਕ ਦੀਵਾਰ ਹੁੰਦੀ ਹੈ, ਜਿਹੜੀ ਕਦੋਂ ਉਲੰਘ ਹੋ ਜਾਂਦੀ ਹੈ, ਇਸ ਨੂੰ ਜਾਣਨ ਲਈ ਇਨ੍ਹਾਂ ਵਿਚਕਾਰਲੇ ਸੂਖਮ ਅੰਤਰ ਨੂੰ ਸਮਝਣ ਦੀ ਲੋੜ ਹੈ। ਇਨ੍ਹਾਂ ਦੋਵਾਂ ਮਨੋਭਾਵਾਂ ਦਾ ਬੀਜ ਮਨੁੱਖ ਦੀ ਖੁਦੀ ਵਿੱਚ ਪਿਆ ਹੁੰਦਾ ਹੈ।...
ਹੰਕਾਰ ਅਤੇ ਸਵੈਮਾਣ ਵਿਚਕਾਰ ਬਹੁਤ ਬਾਰੀਕ ਦੀਵਾਰ ਹੁੰਦੀ ਹੈ, ਜਿਹੜੀ ਕਦੋਂ ਉਲੰਘ ਹੋ ਜਾਂਦੀ ਹੈ, ਇਸ ਨੂੰ ਜਾਣਨ ਲਈ ਇਨ੍ਹਾਂ ਵਿਚਕਾਰਲੇ ਸੂਖਮ ਅੰਤਰ ਨੂੰ ਸਮਝਣ ਦੀ ਲੋੜ ਹੈ। ਇਨ੍ਹਾਂ ਦੋਵਾਂ ਮਨੋਭਾਵਾਂ ਦਾ ਬੀਜ ਮਨੁੱਖ ਦੀ ਖੁਦੀ ਵਿੱਚ ਪਿਆ ਹੁੰਦਾ ਹੈ। ਖੁਦਦਾਰੀ ਉਹ ਮਨੁੱਖੀ ਜਜ਼ਬਾ ਹੈ ਜੋ ਮਨੁੱਖ ਨੂੰ ਉਸ ਦੇ ਸਵੈ ਦਾ ਅਹਿਸਾਸ ਕਰਾਉਂਦਾ ਹੈ। ਹਰ ਮਨੁੱਖ ਦਾ ਆਪਣੀਆਂ ਨਜ਼ਰਾਂ ਵਿੱਚ ਇੱਕ ਵਿਸ਼ੇਸ਼ ਮਾਣ ਹੁੰਦਾ ਹੈ, ਆਪਣੀ ਇੱਜ਼ਤ ਹੁੰਦੀ ਹੈ। ਆਪਣੀ ਜ਼ਿੰਦਗੀ ਵਿੱਚ ਮਨੁੱਖ ਬਹੁਤ ਕੁਝ ਆਪਣੇ ਸਤਿਕਾਰ ਅਤੇ ਕਦਰ ਲਈ ਕਰਦਾ ਹੈ।
ਹੰਕਾਰ, ਅਸਲ ਵਿੱਚ ਘਮੰਡ ਹੁੰਦਾ ਹੈ। ਇਹ ਅਜਿਹੀ ਮਾਨਸਿਕ ਸਥਿਤੀ ਹੁੰਦੀ ਹੈ, ਜਿਸ ਅਧੀਨ ਵਿਅਕਤੀ ਆਪਣੇ ਆਪ ਨੂੰ ਦੂਸਰਿਆਂ ਤੋਂ ਬਿਹਤਰ ਸਮਝਦਾ ਹੈ, ਦੂਸਰਿਆਂ ਨਾਲੋਂ ਆਪਣੇ ਆਪ ਨੂੰ ਉੱਚਾ ਅਤੇ ਅਲੱਗ ਸਮਝਦਾ ਹੈ। ਸਵੈਮਾਣ ਆਤਮ ਸਨਮਾਨ ਅਤੇ ਗੌਰਵ ਹੁੰਦਾ ਹੈ। ਇਹ ਮਾਨਸਿਕ ਸਥਿਤੀ ਆਪਣੇ ਆਪ ਨੂੰ ਮਾਣ ਦੇਣ, ਆਪਣੀ ਕਦਰ ਅਤੇ ਆਪਣੀ ਇੱਜ਼ਤ ਬਣਾਈ ਰੱਖਣ ਦੀ ਭਾਵਨਾ ਹੈ ਜਿਸ ਵਿੱਚ ਦੂਜਿਆਂ ਵੱਲੋਂ ਸਤਿਕਾਰ ਪ੍ਰਾਪਤ ਕਰਨਾ ਅਤੇ ਆਪਣੇ ਅਸੂਲਾਂ ’ਤੇ ਕਾਇਮ ਰਹਿਣਾ ਸ਼ਾਮਲ ਹੁੰਦਾ ਹੈ। ਅਜਿਹੀ ਮਾਨਵੀ ਭਾਵਨਾ ਮੈਂ/ ਮੇਰੀ ਦੇ ਸੰਕਲਪ ਤੋਂ ਨਿਰਲੇਪ ਹੋਣ ਦੀ ਸਥਿਤੀ ਹੁੰਦੀ ਹੈ।
ਬੁਨਿਆਦੀ ਤੌਰ ’ਤੇ ਮਨੁੱਖੀ ਫਿਤਰਤ ਅੰਦਰ ਹੰਕਾਰ ਅਤੇ ਸਵੈਮਾਣ ਦੋਵੇਂ ਪ੍ਰਵਿਰਤੀਆਂ ਮੌਜੂਦ ਹੁੰਦੀਆਂ ਹਨ। ਮਨੁੱਖੀ ਗੌਰਵ ਇਸ ਵਿੱਚ ਮੌਜੂਦ ਹੁੰਦਾ ਹੈ ਕਿ ਮਨੁੱਖ ਆਪਣੀ ਜੀਵਨਸ਼ੈਲੀ ਰਾਹੀਂ ਆਪਣੇ ਅੰਦਰ ਹੰਕਾਰ ਤੋਂ ਨਿਰਲੇਪ ਹੋ ਕੇ ਸਵੈਮਾਣ ਨੂੰ ਬੁਲੰਦ ਕਰਨ ਦੀ ਸਮਰੱਥਾ ਪੈਦਾ ਕਰੇ। ਹੰਕਾਰ ਮਨੁੱਖ ਨੂੰ ਪਤਨ ਵੱਲ ਲੈ ਕੇ ਜਾਂਦਾ ਹੈ। ਮਨੁੱਖ ਹਮੇਸ਼ਾਂ ਆਪਣੇ ਜੀਵਨ ਵਿੱਚ ਆਪਣੀਆਂ ਗ਼ਲਤੀਆਂ ਤੋਂ ਸਿੱਖਦਾ ਹੈ, ਪਰ ਹੰਕਾਰ ਮਨੁੱਖ ਨੂੰ ਆਪਣੀਆਂ ਗ਼ਲਤੀਆਂ ਵੱਲ ਦੇਖਣ ਤਾਂ ਕੀ ਉਨ੍ਹਾਂ ਦਾ ਅਹਿਸਾਸ ਤੱਕ ਨਹੀਂ ਹੋਣ ਦਿੰਦਾ। ਮਨੁੱਖ ਆਪਣੀਆਂ ਗ਼ਲਤੀਆਂ ਤੋਂ ਬੇਖ਼ਬਰ ਹੋ ਜਾਂਦਾ ਹੈ ਕਿਉਂਕਿ ਹੰਕਾਰ ਦੀ ਭਾਵਨਾ ਉਸ ਅੰਦਰ ਇਹ ਧਾਰਨਾ ਪੱਕੀ ਤਰ੍ਹਾਂ ਬਿਠਾ ਦਿੰਦੀ ਹੈ ਕਿ ਉਹ ਗ਼ਲਤੀ ਕਰ ਹੀ ਨਹੀਂ ਸਕਦਾ, ਉਹ ਹੀ ਸਹੀ ਹੈ। ਦੂਸਰਿਆਂ ਦੀਆਂ ਚੰਗਿਆਈਆਂ ਵੀ ਗ਼ਲਤ ਅਤੇ ਬੁਰੀਆਂ ਲੱਗਣ ਲੱਗ ਜਾਂਦੀਆਂ ਹਨ। ਅਜਿਹੀ ਸਥਿਤੀ ਵਿੱਚ ਮਨੁੱਖ ਨੂੰ ਆਪਣੀਆਂ ਬੁਰਾਈਆਂ ਨਜ਼ਰ ਨਹੀਂ ਆਉਂਦੀਆਂ। ਹੰਕਾਰ ਮਨੁੱਖ ਦੇ ਬੌਧਿਕ ਵਿਕਾਸ ਦੇ ਰਸਤੇ ਬੰਦ ਕਰ ਦਿੰਦਾ ਹੈ। ਉਸ ਨੂੰ ਦੂਸਰਿਆਂ ਦੀਆਂ ਚੰਗੀਆ ਗੱਲਾਂ ਵੀ ਬੇਮਤਲਬ ਲੱਗਣ ਲੱਗ ਜਾਂਦੀਆਂ ਹਨ ਤੇ ਆਪਣੀਆਂ ਗੱਲਾਂ ਸਾਰਥਿਕ ਲੱਗਣ ਲੱਗ ਪੈਂਦੀਆਂ ਹਨ।
ਹੰਕਾਰ ਕਿਸੇ ਵੀ ਤਰ੍ਹਾਂ ਦਾ ਹੋਵੇ ਚਾਹੇ ਗਿਆਨ ਦਾ ਹੋਵੇ, ਦੌਲਤ ਦਾ, ਤਾਕਤ ਦਾ ਹੋਵੇ, ਹੁਸਨ ਜਾਂ ਸ਼ੁਹਰਤ ਦਾ ਹੋਵੇ, ਇਹ ਸਭ ਕੁਝ ਉਸ ਨੂੰ ਨਿਵਾਣ ਵੱਲ ਹੀ ਲੈ ਕੇ ਜਾਂਦਾ ਹੈ। ਇਹ ਗੱਲ ਤਾਂ ਸਹੀ ਹੈ ਕਿ ਇਹ ਸਾਰੀਆਂ ਚੀਜ਼ਾਂ ਮਨੁੱਖ ਦੇ ਮਨ ਵਿੱਚ ਪੈਦਾ ਹੁੰਦੀਆਂ ਹਨ ਅਤੇ ਹੋਣੀਆਂ ਵੀ ਚਾਹੀਦੀਆਂ ਹਨ, ਪਰ ਇਨ੍ਹਾਂ ਕਰਕੇ ਮਨੁੱਖ ਦੇ ਵਿਵਹਾਰ ਵਿੱਚ ਆਕੜ, ਹਉਮੈ ਜਾਂ ਹੰਕਾਰ ਦਾ ਆ ਜਾਣਾ ਸਹੀ ਨਹੀਂ ਹੁੰਦਾ। ਇਹ ਸਭ ਮਨੁੱਖ ਨੂੰ ਨਿੱਜਪ੍ਰਸਤੀ ਵੱਲ ਲੈ ਜਾਂਦਾ ਹੈ ਜੋ ਮਨੁੱਖ ਅੰਦਰੋਂ ਮਨੁੱਖਤਾ ਨੂੰ ਖ਼ਤਮ ਕਰਦਾ ਹੈ। ਜੇਕਰ ਮਨੁੱਖ ਅੰਦਰ ਮਨੁੱਖਤਾ ਹੀ ਨਹੀਂ ਹੈ ਤਾਂ ਮਨੁੱਖ ਸੰਪੂਰਨ ਨਹੀਂ ਹੋ ਸਕਦਾ। ਅਧੂਰੇ ਅਤੇ ਹੀਣੇ ਮਨੁੱਖ ਅੰਦਰ ਮਾਨਵੀ ਗੁਣਾਂ ਦੀ ਘਾਟ ਹੁੰਦੀ ਹੈ। ਅਜਿਹੇ ਮਨੁੱਖ ਦੇ ਜੀਵਨ ਵਿਹਾਰ ਵਿੱਚ ਮਾਨਵੀ ਰਿਸ਼ਤਿਆਂ, ਭਾਵਨਾਵਾਂ, ਸੰਵੇਦਨਾਵਾਂ ਅਤੇ ਕਦਰਾਂ ਕੀਮਤਾਂ ਦੀ ਮਹੱਤਤਾ ਨਹੀਂ ਹੁੰਦੀ। ਅਜਿਹਾ ਮਨੁੱਖ ਕਿਸੇ ਦਾ ਸਕਾ ਨਹੀਂ ਹੁੰਦਾ। ਉਹ ਕਿਸੇ ਦੀ ਦੋਸਤੀ ਦੇ ਕਾਬਲ ਨਹੀਂ ਹੁੰਦਾ ਕਿਉਂਕਿ ਉਹ ਕਿਸੇ ਦਾ ਹੋ ਹੀ ਨਹੀਂ ਸਕਦਾ।
ਮਨੁੱਖ ਨੂੰ ਆਪਣੇ ਜੀਵਨ ਵਿੱਚ ਅਜਿਹੀ ਜੀਵਨਸ਼ੈਲੀ ਗ੍ਰਹਿਣ ਕਰਨੀ ਚਾਹੀਦੀ ਹੈ ਜੋ ਉਸ ਦੀ ਸਮਰੱਥਾ ਵਿੱਚ ਵਾਧਾ ਵੀ ਕਰੇ ਅਤੇ ਮਨੁੱਖੀ ਗੌਰਵ ਨੂੰ ਵੀ ਵਧਾਵੇ। ਅਜਿਹਾ ਸੰਭਵ ਹੈ, ਬਸ ਜ਼ਰੂਰਤ ਕੇਵਲ ਹੰਕਾਰ ਅਤੇ ਸਵੈਮਾਣ ਵਿਚਕਾਰਲੀ ਉਸ ਬਾਰੀਕ ਦੀਵਾਰ ਨੂੰ ਕਾਇਮ ਰੱਖਣ ਦੀ ਹੈ। ਆਪਣੇ ਆਪ ’ਤੇ ਸਖ਼ਤ ਜ਼ਾਬਤਾ ਕਾਇਮ ਰੱਖਣ ਦੀ ਕੋਸ਼ਿਸ਼ ਕਰਨ ਨਾਲ ਅਸੀਂ ਇਸ ਬਾਰੀਕ ਦੀਵਾਰ ਨੂੰ ਮਜ਼ਬੂਤ ਕਰ ਸਕਦੇ ਹਾਂ। ਮਨੁੱਖੀ ਜੀਵਨ ਦੀ ਮਹਾਨ ਵਿਰਾਸਤ ਜੋ ਮਨੁੱਖੀ ਅਨੁਭਵ ਅਤੇ ਗਿਆਨ ਨਾਲ ਭਰਪੂਰ ਹੈ, ਆਪਣੇ ਇੱਕ ਪ੍ਰਮੁੱਖ ਰੂਪ ਲੋਕ ਸਾਹਿਤ ਰਾਹੀਂ ਇਸ ਦਿਸ਼ਾ ਵਿੱਚ ਬਹੁਤ ਖੂਬਸੂਰਤੀ ਨਾਲ ਪ੍ਰੇਰਿਤ ਕਰਦੀ ਹੈ। ‘ਹੰਕਾਰਿਆ ਸੋ ਮਾਰਿਆ’, ‘ਫ਼ਲ ਨੀਵਿਆਂ ਰੁੱਖਾਂ ਨੂੰ ਲੱਗਦੇ ਸਿੰਬਲਾ ਤੂੰ ਮਾਣ ਨਾ ਕਰੀਂ’ ਆਦਿ ਪੰਕਤੀਆਂ ਮਨੁੱਖੀ ਜੀਵਨ ਉੱਪਰ ਹੰਕਾਰ ਕਾਰਨ ਪੈਣ ਵਾਲੇ ਬੁਰੇ ਪ੍ਰਭਾਵਾਂ ਸਬੰਧੀ ਸੁਚੇਤ ਕਰਦੀਆਂ ਹਨ। ਇਸ ਸਬੰਧੀ ਗੁਰਬਾਣੀ ਤੋਂ ਵੀ ਸੇਧ ਲੈ ਕੇ ਮਨੁੱਖ ਹੰਕਾਰ ਤੋਂ ਨਿਰਲੇਪ ਰਹਿ ਮਹਾਮਾਨਵ ਬਣਨ ਦੀ ਜਾਚ ਗ੍ਰਹਿਣ ਕਰ ਕੇ ਗੌਰਵਸ਼ਾਲੀ ਮਨੁੱਖੀ ਜੀਵਨ ਜੀ ਸਕਦਾ ਹੈ।
ਅਸੀਂ ਆਪਣੇ ਆਲੇ ਦੁਆਲੇ ਸਵੈਮਾਣੀ ਅਤੇ ਹੰਕਾਰੀ ਦੋਵੇਂ ਤਰ੍ਹਾਂ ਦੇ ਮਨੁੱਖਾਂ ਨੂੰ ਵਿਚਰਦਿਆਂ ਦੇਖਦੇ ਹਾਂ। ਪਹਿਲੀ ਤਰ੍ਹਾਂ ਦੇ ਲੋਕ ਜੱਸ ਖੱਟਦੇ ਹੋਏ ਆਪਣੇ ਜੀਵਨ ਨੂੰ ਮੁੱਲਵਾਨ ਬਣਾਉਂਦਿਆਂ ਮਾਨਵੀ ਗੌਰਵ ਨੂੰ ਵੀ ਵਧਾਉਂਦੇ ਹਨ। ਦੂਸਰੀ ਤਰ੍ਹਾਂ ਦੇ ਲੋਕ ਆਪਣੀ ਜੀਵਨਸ਼ੈਲੀ ਰਾਹੀਂ ਆਪਣੀਆਂ ਤੇ ਲੋਕਾਂ ਦੀਆਂ ਸਮੱਸਿਆਵਾਂ ਵਧਾਉਂਦਿਆਂ ਸਮਾਜ ਦੀਆਂ ਨਜ਼ਰਾਂ ਵਿੱਚ ਵੀ ਆਪਣਾ ਅਕਸ ਨਕਾਰਾਤਮਕ ਬਣਾ ਲੈਂਦੇ ਹਨ। ਉਨ੍ਹਾਂ ਦੀ ‘ਮੈਂ ਨਾ ਮਾਨੂ’ ਦੀ ਧੁਨ ਜਿੱਥੇ ਦੂਸਰਿਆਂ ਲਈ ਨਾਖ਼ੁਸ਼ੀ ਬਣਦੀ ਹੈ, ਉੱਥੇ ਹੌਲੀ ਹੌਲੀ ਦੂਸਰਿਆਂ ਨੂੰ ਉਨ੍ਹਾਂ ਤੋਂ ਦੂਰੀ ਬਣਾ ਲੈਣ ਲਈ ਮਜਬੂਰ ਕਰ ਦਿੰਦੀ ਹੈ ਤੇ ਇਸ ਤਰ੍ਹਾਂ ਉਹ ਆਪਣੇ ਨੇੜਲਿਆਂ ਤੋਂ ਵਾਂਝੇ ਹੋ ਜਾਂਦੇ ਹਨ। ਇਸ ਤੋਂ ਬਚਿਆ ਜਾ ਸਕਦਾ ਹੈ ਅਤੇ ਬਚਣਾ ਚਾਹੀਦਾ ਹੈ। ਹੰਕਾਰ ਨੂੰ ਮਾਰਨਾ ਅਤੇ ਆਪਣੇ ਸਵੈਮਾਣ ਨੂੰ ਕਾਇਮ ਰੱਖਣਾ ਦੋ ਵੱਖਰੇ ਜੀਵਨ ਪਹਿਲੂ ਹਨ। ਦੋਹਾਂ ਦਰਮਿਆਨ ਸੰਤੁਲਨ ਕਾਇਮ ਰੱਖਿਆ ਜਾ ਸਕਦਾ ਹੈ। ਧੀਰਜ ਅਤੇ ਨਿਮਰਤਾ ਨੂੰ ਇਨ੍ਹਾਂ ਦੋਹਾਂ ਮਾਨਵੀ ਪ੍ਰਵਿਰਤੀਆਂ ਦਰਮਿਆਨ ਪੁਲ ਬਣਾ ਕੇ ਸੰਤੁਲਨ ਬਣਾਇਆ ਜਾ ਸਕਦਾ ਹੈ।
ਸੰਪਰਕ: 94173-75266

