ਕੀਤੀਆਂ ਦੁੱਲੇ ਦੀਆਂ…

ਕੀਤੀਆਂ ਦੁੱਲੇ ਦੀਆਂ…

ਨੂਰ ਮੁਹੰਮਦ ਨੂਰ

ਨੂਰ ਮੁਹੰਮਦ ਨੂਰ

‘ਕੀਤੀਆਂ ਦੁੱਲੇ ਦੀਆਂ ਪੇਸ਼ ਲੱਧੀ ਦੇ ਆਈਆਂ’ ਭਾਵ ‘ਕਰੇ ਕੋਈ ਤੇ ਭਰੇ ਕੋਈ’। ਜਦੋਂ ਕਿਸੇ ਬੇਗੁਨਾਹ ਨੂੰ ਉਸਦੇ ਕਿਸੇ ਰਿਸ਼ਤੇਦਾਰ ਦੇ ਜ਼ੁਲਮ ਦੀ ਸਜ਼ਾ ਭੁਗਤਣੀ ਪਵੇ ਤਾਂ ਇਹ ਅਖਾਣ ਬੋਲਿਆ ਜਾਂਦਾ ਹੈ।

ਇਸ ਅਖਾਣ ਵਿਚ ਬਾਦਸ਼ਾਹ ਅਕਬਰ ਦੇ ਸਮੇਂ ਪੰਜਾਬੀ ਤਵਾਰੀਖ਼ ਦੇ ਦੋ ਨਾਬਰ ਪਾਤਰਾਂ ਅਬਦੁੱਲਾ ਖ਼ਾਂ ਉਰਫ਼ ਦੁੱਲਾ ਭੱਟੀ ਅਤੇ ਉਸ ਦੀ ਮਾਂ ਮਾਈ ਲੱਧੀ ਦਾ ਜ਼ਿਕਰ ਕੀਤਾ ਗਿਆ ਹੈ। ਇਹ ਅਖਾਣ ਅਸਲ ਵਿਚ ਦੁੱਲੇ ਦੀ ਵਾਰ ਦਾ ਇਕ ਟੁਕੜਾ ਹੈ ਜਿਹੜਾ ਸਮੇਂ ਦੇ ਫੇਰ ਨਾਲ ਕੁਝ ਬਦਲ ਵੀ ਗਿਆ ਹੈ। ਦੁੱਲੇ ਦੀ ਬਾਰ ਵਿਚ ਲੇਖਕ ਦਾ ਲਿਖਿਆ ਵਾਕ ਇਸ ਤਰ੍ਹਾਂ ਹੈ, ‘ਕੀਤੀਆਂ ਦੁੱਲਿਆ ਤੇਰੀਆਂ ਗਈਆਂ ਪੇਸ਼ ਲੱਧੀ ਦੇ ਆ।’

ਦੁੱਲਾ ਭੱਟੀ ਦਾ ਅਸਲ ਨਾਂ ਅਬਦੁੱਲਾ ਖ਼ਾਂ ਭੱਟੀ ਸੀ। ਉਸ ਦੇ ਪਿਤਾ ਦਾ ਨਾਂ ਫ਼ਰੀਦ ਖ਼ਾਂ ਅਤੇ ਦਾਦੇ ਦਾ ਨਾਂ ਸਾਂਦਲ ਭੱਟੀ ਸੀ ਜਿਸ ਦੇ ਨਾਂ ਉੱਤੇ ਇਹ ਇਲਾਕਾ ਸਾਂਦਲ ਦੀ ਬਾਰ ਕਹਾਇਆ। ਪੱਛਮੀ ਪੰਜਾਬ ਵਿਚ ਦਰਿਆ ਚਨਾਬ ਅਤੇ ਰਾਵੀ ਦੇ ਵਿਚਕਾਰਲੇ ਇਲਾਕੇ ਨੂੰ ਸਾਂਦਲ ਦੀ ਬਾਰ ਕਿਹਾ ਜਾਂਦਾ ਹੈ। ਇਹ ਇਲਾਕਾ ਭੱਟੀਆਂ ਦੀ ਆਪਣੀ ਜਾਗੀਰ ਸੀ ਅਤੇ ਉਹ ਇਸ ਵਿਚ ਸਰਕਾਰੀ ਦਖ਼ਲਅੰਦਾਜ਼ੀ ਨੂੰ ਬਰਦਾਸ਼ਤ ਨਹੀਂ ਸਨ ਕਰਦੇ। ਜਦੋਂ ਅਕਬਰ ਦੇ ਸਮੇਂ ਇਸ ਇਲਾਕੇ ਉੱਤੇ ਮਾਲੀਆ ਲਾਇਆ ਗਿਆ ਤਾਂ ਇੱਥੋਂ ਦੇ ਲੋਕਾਂ ਨੇ ਬਗ਼ਾਵਤ ਕਰ ਦਿੱਤੀ। ਇਸ ਬਗ਼ਾਵਤ ਦੀ ਅਗਵਾਈ ਪਹਿਲਾਂ ਸਾਂਦਲ ਭੱਟੀ ਨੇ ਕੀਤੀ ਅਤੇ ਉਸ ਨੂੂੰ ਫਾਂਸੀ ਦਿੱਤੇ ਜਾਣ ਤੋਂ ਬਾਅਦ ਇਸੇ ਜ਼ੁਲਮ ਵਿਚ ਉਸ ਦੇ ਪੁੱਤਰ ਫ਼ਰੀਦ ਖ਼ਾਂ ਭੱਟੀ ਨੂੰ ਵੀ ਫਾਂਸੀ ’ਤੇ ਲਟਕਣਾ ਪਿਆ। ਇਨ੍ਹਾਂ ਦੋਵਾਂ ਨੂੰ ਗ਼ਰੀਬ ਕਿਸਾਨਾਂ ਦੇ ਹੱਕਾਂ ਦੀ ਖ਼ਾਤਰ ਬੋਲਦਿਆਂ ਤੱਕ ਕੇ ਚੁੱਪ ਕਰਾਉਣ ਲਈ ਵੇਲੇ ਦੇ ਮੁਗ਼ਲ ਸ਼ਹਿਨਸ਼ਾਹ ਨੇ ਬਾਗ਼ੀ ਆਖ ਕੇ ਖ਼ਤਮ ਕਰਵਾ ਦਿੱਤਾ ਸੀ। ਪਿਤਾ ਦੀ ਸ਼ਹੀਦੀ ਤੋਂ 18 ਦਿਨ ਪਿੱਛੋਂ 1547 ਨੂੰ ਪਿੰਡੀ ਭੱਟੀਆਂ ਜ਼ਿਲ੍ਹਾ ਗੁਜਰਾਂਵਾਲਾ ਵਿਖੇ ਦੁੱਲਾ ਭੱਟੀ ਦਾ ਜਨਮ ਹੋਇਆ।

ਦੁੱਲਾ ਭੱਟੀ ਦੀ ਮਾਂ ਦਾ ਨਾਂ ਲੱਧੀ ਸੀ ਜਿਹੜੀ ਇਕ ਦਲੇਰ ਅਤੇ ਹਿੰਮਤ ਵਾਲੀ ਔਰਤ ਸੀ। ਕਿਹਾ ਜਾਂਦਾ ਹੈ ਕਿ ਉਸਨੇ ਆਪਣੇ ਨਵਜੰਮੇ ਪੁੱਤਰ ਨੂੰ ਤੇਜ਼ ਤਲਵਾਰ ਨੂੰ ਧੋ ਕੇ ਗੁੜ੍ਹਤੀ ਦਿੱਤੀ ਅਤੇ ਆਪਣੇ ਸਹੁਰੇ ਅਤੇ ਪਤੀ ਦੇ ਕਤਲ ਦਾ ਬਦਲਾ ਲੈਣ ਲਈ ਇੰਤਕਾਮ ਦੀ ਲੋਰੀ ਸੁਣਾਈ ਜਿਸ ਵਿਚ ਸਦਾ ਸਾਂਦਲ ਅਤੇ ਫ਼ਰੀਦ ਦੇ ਕਤਲ ਦਾ ਬਦਲਾ ਲੈਣ ਦਾ ਪੈਗ਼ਾਮ ਦਿੱਤਾ। ਪੰਜਾਬ ਦੀ ਧਰਤੀ ਦੀ ਬੇਇੱਜ਼ਤੀ, ਆਪਣੇ ਮਜ਼ਲੂਮ ਭਰਾਵਾਂ ਉੱਤੇ ਹੁੰਦੇ ਜ਼ੁਲਮ ਅਤੇ ਪਿਓ-ਦਾਦੇ ਦੇ ਕਤਲ ਦਾ ਬਦਲਾ ਲੈਣ ਲਈ ਦੁੱਲਾ ਭੱਟੀ ਹੁਣ ਜਵਾਨ ਹੋ ਚੁੱਕਿਆ ਸੀ। ਦੁੱਧ ਮੱਖਣਾਂ ਨਾਲ ਪਲੇ ਦੁੱਲੇ ਦਾ ਕੱਦ ਲੰਬਾ ਅਤੇ ਸਰੀਰ ਗੁੰਦਵਾਂ ਸੀ। ਉਸ ਨੇ ਧਰਤੀ ਦੇ ਪੰਜਾਂ ਦਰਿਆਵਾਂ ਦੀ ਕਸਮ ਖਾ ਕੇ ਆਖਿਆ ਕਿ ਉਹ ਜ਼ੁਲਮ ਨੂੰ ਮਿਟਾਉਣ ਲਈ ਜਾਬਰ ਅਤੇ ਜ਼ਾਲਮ ਹੁਕਮਰਾਨਾਂ ਨਾਲ ਭਿੜਨ ਤੋਂ ਕਦੇ ਗੁਰੇਜ਼ ਨਹੀਂ ਕਰੇਗਾ। ਉਸ ਨੇ ਸਮੇਂ ਦੇ ਹਾਕਮਾਂ ਨਾਲ ਟੱਕਰ ਲੈਣ ਲਈ ਗ਼ੈਰਤਮੰਦ, ਦਲੇਰ ਅਤੇ ਜੋਸ਼ੀਲੇ ਜਵਾਨਾਂ ਦੀ ਛੋਟੀ ਜਿਹੀ ਫ਼ੌਜੀ ਟੁਕੜੀ ਤਿਆਰ ਕੀਤੀ।

‘ਲੋਕ ਤਵਾਰੀਖ਼’ ਦਾ ਲੇਖਕ ਪ੍ਰਸਿੱਧ ਸਾਹਿਤਕਾਰ ਰਾਜਾ ਰਸਾਲੂ ਦੇ ਹਵਾਲੇ ਨਾਲ ਲਿਖਦਾ ਹੈ, ‘ਦੁੱਲੇ ਦੀ ਵਾਰ ਰਾਜਾ ਰਸਾਲੂ ਹੋਰਾਂ ਨੇ ਸ਼ੇਰ ਮੁਹੰਮਦ ਅਮਲੀ ਨਾਂ ਦੇ ਇਕ ਲੋਕ ਫ਼ਨਕਾਰ ਤੋਂ ਸੁਣੀ, ਪਰ ਉਹ ਪੂਰੀ ਲਿਖ ਨਾ ਸਕੇ। ਕਿਵੇਂ ਨਾ ਕਿਵੇਂ ਆਸਿਉਂ ਪਾਸਿਉਂ ਸਹਾਰਾ ਲੈ ਕੇ ਉਨ੍ਹਾਂ ਨੇ ਇਸ ਵਾਰ ਨੂੰ ਪੂਰਾ ਕੀਤਾ। ਉਹ ਲਿਖਦੇ ਹਨ ਕਿ ਜਦੋਂ ਅਕਬਰ ਨੂੰ ਪਤਾ ਲੱਗਿਆ ਤਾਂ ਉਸਨੇ ਆਪਣੇ ਕਮਾਂਡਰ ਨਿਜ਼ਾਮੁੱਦੀਨ ਨੂੰ ਫ਼ੌਜ ਦੇ ਕੇ ਘੱਲਿਆ ਕਿ ਉਹ ਦੁੱਲੇ ਭੱਟੀ ਨੂੰ ਮਜ਼ਾ ਚਖਾਵੇ। ਨਿਜ਼ਾਮੁੱਦੀਨ ਅੰਨ੍ਹੀ-ਕਾਲੀ ਹਨੇਰੀ ਬਣ ਕੇ ਪਿੰਡ ਭੱਟੀਆਂ ’ਤੇ ਟੁੱਟ ਪਿਆ। ਦੁੱਲਾ ਆਪਣੇ ਮਾਮੇ ਰਹਿਮਤ ਖ਼ਾਂ ਦੇ ਪਿੰਡ ਗਿਆ ਹੋਇਆ ਸੀ। ਮਿਰਜ਼ਾ ਨਿਜ਼ਾਮੁੱਦੀਨ ਨੇ ਪਿੰਡ ਭੱਟੀਆਂ ਵਿਚ ਹੜ੍ਹਲ ਮਚਾ ਦਿੱਤੀ ਅਤੇ ਦੁੱਲਾ ਭੱਟੀ ਦੇ ਕੋੜਮੇ ਨੂੰ ਬੰਨ੍ਹ ਟੁਰਿਆ।’ ਲੋਕ ਸ਼ਾਇਰ ਲਿਖਦਾ ਹੈ:

ਚੜ੍ਹ ਪਿਆ ਮਿਰਜ਼ਾ ਨਿਜ਼ਾਮੁੱਦੀਨ ਕਰਕੇ ਪਿੰਡੀ ਨੂੰ ਧਾਈਆਂ
ਭਰ ਭਰ ਕੇ ਮਦ ਦੀਆਂ ਬੋਤਲਾਂ ਹਾਥੀਆਂ ਦੀਆਂ ਸੁੰਡਾਂ ਵਿਚ ਪਾਈਆਂ।
ਹਾਥੀਆਂ ਨੂੰ ਮਦ ਚੜ੍ਹ ਗਈ ਮਾਰਣ ਚੀਕਾਂ ਕਰਨ ਕੁਰਲਾਈਆਂ।
ਹੁਕਮ ਦਿੱਤਾ ਨਿਜ਼ਾਮੁੱਦੀਨ ਨੇ ਟੱਕਰਾਂ ਜਾ ਦਰਵਾਜ਼ੇ ਨਾਲ ਲਾਈਆਂ
ਬੂਹਾ ਭੰਨਿਆ ਦੁੱਲੇ ਦੀ ਬਾਰ ਦਾ ਇੱਟਾਂ ਗਲੀਆਂ ਵਿਚ ਖਿੰਡਾਈਆਂ
ਡਾਹ ਡਾਹ ਕੇ ਬਹਿ ਗਏ ਮੰਜੀਆਂ ਗੱਲਾਂ ਬੋਲਦੇ ਜੋ ਮਨ ਆਈਆਂ।
ਲੱਧੀ ਆਈ ਧਾਈਂ ਮਾਰ ਕੇ ਕਿਤੇ ਬਹੁੜ ਪਿੰਡ ਦਿਆ ਸਾਈਆਂ।

ਦੁੱਲੇ ਦੀ ਗ਼ੈਰ ਹਾਜ਼ਰੀ ਵਿਚ ਮਿਰਜ਼ਾ ਨਿਜ਼ਾਮੁੱਦੀਨ ਦੁੱਲੇ ਦੇ ਕੋੜਮੇ ਨੂੰ ਕੈਦ ਕਰਕੇ ਲੈ ਤੁਰਿਆ। ਸੰਗਲਾਂ ਨਾਲ ਨੂੜੀ ਜਾਣ ਪਿੱਛੋਂ ਦੁੱਲੇ ਦੀ ਮਾਂ ਲੱਧੀ ਜਿਹੜੀ ਉਸਨੂੰ ਪਿਓ ਦਾਦੇ ਦੇ ਖ਼ੂਨ ਦਾ ਬਦਲਾ ਲੈਣ ਲਈ ਲੋਰੀਆਂ ਸੁਣਾਇਆ ਕਰਦੀ ਸੀ, ਕੰਬ ਉੱਠੀ ਅਤੇ ਦੁੱਲੇ ਨੂੰ ਸੰਬੋਧਨ ਕਰਕੇ ਭੁੱਬਾਂ ਮਾਰਨ ਲੱਗ ਪਈ। ਇਸ ਅਖਾਣ ਦਾ ਸਿਰਲੇਖ ਉਸ ਦੀਆਂ ਭੁੱਬਾਂ ਦਾ ਹੀ ਇਕ ਵਾਕ ਹੈ। ਉਹ ਆਖਦੀ ਹੈ:

ਢੱਠੀ ਪਿੰਡੀ ਦੇਖ ਕੇ ਲੱਧੀ ਮਾਰੀ ਧਾਅ
ਕੀਤੀਆਂ ਦੁੱਲਿਆ ਤੇਰੀਆਂ ਗਈਆਂ ਪੇਸ਼ ਲੱਧੀ ਦੇ ਆ

ਸੰਪਰਕ: 98555-51359

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All