ਯੁਵਕ ਮੇਲਾ: ਮਲਵਈ ਗਿੱਧਾ ਅਤੇ ਸੰਮੀ ਖਿੱਚ ਦਾ ਕੇਂਦਰ ਰਹੇ
ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ 100ਵੀਂ ਬਰਸੀ ਨੂੰ ਸਮਰਪਿਤ ਅਕਾਲ ਡਿਗਰੀ ਕਾਲਜ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਤਰੀ ਯੁਵਕ ਅਤੇ ਲੋਕ ਮੇਲੇ 2026 (ਸੰਗਰੂਰ ਜ਼ੋਨ) ’ਚ ਦੂਸਰੇ ਦਿਨ ਵੱਖ-ਵੱਖ ਮੁਕਾਬਲਿਆਂ ਦੌਰਾਨ ਲੜਕਿਆਂ ਦਾ ਲੋਕ ਨਾਚ ਮਲਵਈ...
ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਸਾਹਿਬ ਵਾਲਿਆਂ ਦੀ 100ਵੀਂ ਬਰਸੀ ਨੂੰ ਸਮਰਪਿਤ ਅਕਾਲ ਡਿਗਰੀ ਕਾਲਜ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਖੇਤਰੀ ਯੁਵਕ ਅਤੇ ਲੋਕ ਮੇਲੇ 2026 (ਸੰਗਰੂਰ ਜ਼ੋਨ) ’ਚ ਦੂਸਰੇ ਦਿਨ ਵੱਖ-ਵੱਖ ਮੁਕਾਬਲਿਆਂ ਦੌਰਾਨ ਲੜਕਿਆਂ ਦਾ ਲੋਕ ਨਾਚ ਮਲਵਈ ਗਿੱਧਾ ਅਤੇ ਲੜਕੀਆਂ ਦਾ ਲੋਕ ਨਾਚ ਸ਼ੰਮੀ ਦਰਸ਼ਕਾਂ ਦੀ ਖਿੱਚ ਦਾ ਕੇਂਦਰ ਬਣਿਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾਕਟਰ ਭੀਮਇੰਦਰ ਸਿੰਘ ਦੀ ਅਗਵਾਈ ਵਿੱਚ ਅਕਾਲ ਕਾਲਜ ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ, ਕਨਵੀਨਰ ਪ੍ਰਿੰਸੀਪਲ ਡਾਕਟਰ ਅਮਨਦੀਪ ਕੌਰ ਅਤੇ ਸਮੁੱਚੀ ਮੈਨੇਜਮੈਂਟ ਦੇ ਪ੍ਰਬੰਧਾਂ ਹੇਠ ਮੇਲਾ ਚੱਲ ਰਿਹਾ ਹੈ।
ਭੰਡ, ਨੁੱਕੜ ਨਾਟਕ, ਰੰਗੋਲੀ, ਕਲੇਅ ਮਾਡਲਿੰਗ, ਮੌਕੇ ਤੇ ਚਿੱਤਰਕਾਰੀ, ਮਹਿੰਦੀ, ਫੋਟੋਗ੍ਰਾਫੀ, ਪੋਸਟਰ ਮੇਕਿੰਗ, ਕੋਲਾਜ਼ ਬਣਾਉਣਾ, ਗਰੁੱਪ ਕੱਵਾਲੀ ਆਦਿ ਮੁਕਾਬਲਿਆਂ ’ਚ ਵਿਦਿਆਰਥੀਆਂ ਨੇ ਆਪਣੀ ਕਲਾ ਦੀ ਖੂਬਸੂਰਤ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਕੀਲੀ ਰੱਖਿਆ। ਲੋਕ ਗਾਇਕ ਹਰਜਿੰਦਰ ਲਾਡੀ ਨੇ ਆਪਣੇ ਗੀਤਾਂ ਰਾਹੀਂ ਹਾਜ਼ਰੀ ਲਵਾਈ। ਅੱਜ ਖੇਤਰੀ ਯੁਵਕ ਮੇਲੇ ਦੇ ਦੂਜੇ ਦਿਨ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸੁਖਵੰਤ ਸਿੰਘ ਧੀਮਾਨ ਐੱਸ ਈ ਪਾਵਰਕੌਮ ਨੇ ਕੀਤਾ, ਜਦੋਂ ਕਿ ਵਿਸ਼ੇਸ਼ ਮਹਿਮਾਨ ਵਜੋਂ ਲੇਖਕ ਡਾ. ਜੰਗ ਸਿੰਘ ਫੱਟੜ ਅਤੇ ਪ੍ਰਿੰਸੀਪਲ ਹਰਸੰਤ ਸਿੰਘ ਕੌਹਰੀਆਂ ਸ਼ਾਮਲ ਹੋਏ। ਖੇਤਰੀ ਯੁਵਕ ਅਤੇ ਲੋਕ ਮੇਲੇ ਦੇ ਕਨਵੀਨਰ ਪ੍ਰਿੰਸੀਪਲ ਡਾ. ਅਮਨਦੀਪ ਕੌਰ, ਡਾਇਰੈਕਟਰ ਮੇਜਰ ਸਿੰਘ ਚੱਠਾ ਅਤੇ ਯੂਥ ਕੋਆਰਡੀਨੇਟਰ ਡਾ. ਹਰਜਿੰਦਰ ਸਿੰਘ ਨੇ ਦੱਸਿਆ ਕਿ ਵੱਖ-ਵੱਖ ਮੁਕਾਬਲਿਆਂ ਦੌਰਾਨ ਵਿਦਿਆਰਥੀਆਂ ਨੇ ਆਪਣੀ ਕਲਾ ਦੇ ਰੰਗ ਬਿਖੇਰੇ। ਕੌਂਸਲ ਦੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਖੇਤਰੀ ਯੁਵਕ ਮੇਲੇ ਨੌਜਵਾਨ ਪੀੜ੍ਹੀ ਨੂੰ ਆਪਣੇ ਸੱਭਿਆਚਾਰਕ ਵਿਰਸੇ ਨਾਲ ਜੋੜ ਕੇ ਰੱਖਦੇ ਹਨ। ਮੰਚ ਸੰਚਾਲਨ ਸਤਨਾਮ ਸਿੰਘ ਪੰਜਾਬੀ ਨੇ ਕੀਤਾ। ਇਸ ਮੌਕੇ ਸੀਨੀਅਰ ਕੌਂਸਲ ਮੈਂਬਰ ਗੁਰਜੰਟ ਸਿੰਘ ਦੁੱਗਾਂ, ਸਿਆਸਤ ਸਿੰਘ ਗਿੱਲ, ਗਮਦੂਰ ਸਿੰਘ, ਹਰਿੰਦਰ ਕੌਰ ਹੁੰਦਲ, ਡਾਕਟਰ ਡੈਨੀ ਸ਼ਰਮਾ ਆਦਿ ਮੌਜੂਦ ਸਨ।

