ਯੂਥ ਕਾਂਗਰਸ ਵੱਲੋਂ ਕਿਸਾਨ ਵਿਰੋਧੀ ਆਰਡੀਨੈਂਸਾਂ ਖ਼ਿਲਾਫ਼ ਰੋਸ ਧਰਨੇ

ਯੂਥ ਕਾਂਗਰਸ ਵੱਲੋਂ ਕਿਸਾਨ ਵਿਰੋਧੀ ਆਰਡੀਨੈਂਸਾਂ ਖ਼ਿਲਾਫ਼ ਰੋਸ ਧਰਨੇ

ਰਾਜਪੁਰਾ ਵਿੱਚ ਆੜ੍ਹਤੀ ਤੇ ਕਿਸਾਨ ਕੇਂਦਰ ਸਰਕਾਰ ਖ਼ਿਲਾਫ਼ ਟਰੈਕਟਰ ਰੋਸ ਮਾਰਚ ਕਰਦੇ ਹੋਏ।- ਫੋਟੋ: ਬਹਾਦਰ ਸਿੰਘ ਮਰਦਾਂਪੁਰ

ਨਿਜੀ ਪੱਤਰ ਪ੍ਰੇਰਕ
ਸੰਗਰੂਰ, 4 ਅਗਸਤ

ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਕਿਸਾਨ ਵਿਰੋਧੀ ਆਰਡੀਨੈਂਸਾਂ ਖ਼ਿਲਾਫ਼ ਪੰਜਾਬ ਯੂਥ ਕਾਂਗਰਸ ਵਲੋਂ ਡੀਸੀ ਕੰਪਲੈਕਸ ਤੇ ਦਿੱਲੀ-ਲੁਧਿਆਣਾ ਮੁੱਖ ਮਾਰਗ ’ਤੇ ਸਥਿਤ ਭਗਵਾਨ ਮਹਾਂਵੀਰ ਚੌਕ ’ਚ ਕੇਂਦਰ ਸਰਕਾਰ ਖ਼ਿਲਾਫ਼ ਰੋਸ ਧਰਨੇ ਦਿੱਤੇ ਗਏ। ਪੰਜਾਬ ਯੂਥ ਕਾਂਗਰਸ ਦੇ ਜ਼ਿਲ੍ਹਾ ਇੰਚਾਰਜ ਦੀਪ ਟਿਵਾਣਾ, ਜ਼ਿਲ੍ਹਾ ਪ੍ਰਧਾਨ ਗੋਬਿੰਦਰ ਸਿੰਘ ਖੰਗੂੜਾ ਤੇ ਵਿਧਾਨ ਸਭਾ ਹਲਕੇ ਦੇ ਆਗੂ ਸਾਜਨ ਕਾਂਗੜਾ ਦੀ ਅਗਵਾਈ ਹੇਠ ਲੱਗੇ ਰੋਸ ਧਰਨੇ ਦੌਰਾਨ ਮਾਰਕੀਟ ਕਮੇਟੀ ਸੰਗਰੂਰ ਦੇ ਉਪ ਚੇਅਰਮੈਨ ਹਿੰਮਤ ਬਾਜਵਾ ਤੇ ਜ਼ਿਲ੍ਹਾ ਕਾਂਗਰਸ ਦੇ ਸਕੱਤਰ ਹਰਮਨ ਬਡਲਾ ਵੀ ਸ਼ਾਮਲ ਹੋਏ।

ਇਸ ਮੌਕੇ ਦੀਪ ਟਿਵਾਣਾ ਤੇ ਗੋਬਿਦਰ ਖੰਗੂੜਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪੁਰੀ ਤਰ੍ਹਾਂ ਕਿਸਾਨ ਵਿਰੋਧੀ ਸਰਕਾਰ ਹੈ ਜਿਸ ਦੀ ਲੋਕ ਵਿਰੋਧੀ ਨੀਤੀਆਂ ਕਾਰਨ ਦੇਸ਼ ਦਾ ਅੰਨਦਾਤਾ ਖੁਦਕੁਸ਼ੀਆਂ ਲਈ ਮਜ਼ਬੂਰ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਭੋਲੇ ਭਾਲੇ ਲੋਕਾਂ ਨੂੰ ਅੱਛੇ ਦਿਨਾਂ ਦਾ ਨਾਅਰਾ ਦੇ ਕੇ ਉਨ੍ਹਾਂ ਨਾਲ ਵੱਡਾ ਵਿਸ਼ਵਾਸਘਾਤ ਕੀਤਾ ਹੈ ਜਿਸ ਦਾ ਬਦਲਾ ਦੇਸ਼ ਦੇ ਲੋਕ ਭਾਜਪਾ ਤੋਂ ਚੋਣਾਂ ’ਚ ਲੈਣਗੇ। ਸਾਜਨ ਕਾਂਗੜਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਹਰ ਵਰਗ ਖ਼ਿਲਾਫ਼ ਫੈਸਲੇ ਲਏ ਜਾ ਰਹੇ ਹਨ ਤੇ ਕਾਰਪੋਰੇਟ ਘਰਾਣਿਆਂ ਦਾ ਪੱਖ ਪੂਰਿਆ ਜਾ ਰਿਹਾ ਹੈ।

ਪਟਿਆਲਾ (ਸਰਬਜੀਤ ਸਿੰਘ ਭੰਗੂ) ਕੇਂਦਰ ਸਰਕਾਰ ਵੱਲੋਂ ਜਾਰੀ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਵਿਰੋਧ ’ਚ ਯੂਥ ਕਾਂਗਰਸ ਦੇ ਸੂਬਾਈ ਜਨਰਲ ਸਕੱਤਰ ਮੋਹਿਤ ਮਹਿੰਦਰਾ ਦੀ ਸਰਪ੍ਰਸਤੀ ਤੇ ਜ਼ਿਲ੍ਹਾ ਯੂਥ ਕਾਂਗਰਸ ਪਟਿਆਲਾ (ਸ਼ਹਿਰੀ) ਦੇ ਪ੍ਰਧਾਨ ਸੰਜੀਵ ਸ਼ਰਮਾ ਕਾਲੂ ਦੀ ਅਗਵਾਈ ਹੇਠਾਂ ਪੰਜ ਪੰਜ ਯੂਥ ਕਾਂਗਰਸੀ ਵਰਕਰਾਂ ਨੇ ਅੱਜ ਵਿਧਾਨ ਸਭਾ ਹਲਕਾ ਪਟਿਆਲਾ ਦਿਹਾਤੀ ਤੇ ਸ਼ਹਿਰੀ ’ਚ ਵੀਹ ਥਾਵਾਂ ’ਤੇ ਰੋਸ ਪ੍ਰਦਰਸ਼ਨ ਕੀਤੇ। ਜਿਸ ਦੌਰਾਨ ਡਿਪਟੀ ਕਮਿਸ਼ਨਰ ਰਾਹੀਂ ਕੇਂਦਰ ਸਰਕਾਰ ਨੂੰ ਮੰਗ ਪੱਤਰ ਭੇਜ ਕੇ ਇਹ ਆਰਡੀਨੈਂਸ ਨੂੰ ਵਾਪਸ ਲੈਣ ਦੀ ਮੰਗ ਵੀ ਕੀਤੀ ਗਈ।

ਇਸ ਦੌਰਾਨ ਕੌਂਸਲਰ ਸੇਵਕ ਝਿੱਲ, ਹਲਕਾ ਪ੍ਰਧਾਨ ਹਿਮਾਂਸ਼ੂ ਜੋਸ਼ੀ, ਅਨੁਜ ਖੋਸਲਾ, ਬਲਾਕ ਇੰਚਾਰਜ ਮਾਧਵ ਸਿੰਗਲਾ, ਸੌਰਵ ਸ਼ਰਮਾ, ਅਭਿਨਵ ਗੁੱਗੀ, ਨਿਤਿਨ ਗੋਇਲ, ਵਿਜੇ ਕੋਹਲੀ, ਪੈਰੀ ਮਾਨ, ਦਿਨੇਸ਼ ਬਾਂਸਲ, ਨਵਨੀਤ ਮਾਂਗਟ, ਜਸਪਾਲ, ਚੰਦਰ ਸ਼ੇਖਰ ਤੇ ਮਨੀ ਪੰਡਿਤ ਆਦਿ ਨੇ ਸ਼ਿਰਕਤ ਕੀਤੀ। ਪ੍ਰਧਾਨ ਸੰਜੀਵ ਸ਼ਰਮਾ ਕਾਲੂ ਨੇ ਕਿਹਾ ਕਿ ਖੇਤੀ ਤੇ ਕਿਸਾਨ ਵਿਰੋਧੀ ਇਨ੍ਹਾਂ ਆਰਡੀਨੈੱਸ ਕਾਰਨ ਖੇਤੀ ਸੈਕਟਰ ਤਬਾਹ ਹੋ ਜਾਵੇਗਾ। ਪਹਿਲਾਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਫਸਲਾਂ ਦੇ ਘੱਟੋ ਘੱਟ ਸਮਰਥਨ ਮੁੱਲ ਤਹਿਤ ਦੇਸ਼ ਦੀ ਅਰਥ ਵਿਵਸਥਾ ਦੇ ਉਥਲ ਪੁਥਲ ਹੋਣ ਸਬੰਧੀ ਬਿਆਨ ਵੀ ਖੇਤੀ ਵਿਰੋਧੀ ਵਾਰਤਾ ਹੈ।

ਧੂਰੀ (ਹਰਦੀਪ ਸਿੰਘ ਸੋਢੀ) ਅੱਜ ਯੂਥ ਕਾਂਗਰਸ ਬਲਾਕ ਧੂਰੀ ਦੇ ਵਰਕਰਾਂ ਵੱਲੋਂ ਸੀਨੀਅਰ ਯੂਥ ਆਗੂ ਤੇ ਪਿੰਡ ਲੱਡਾ ਦੇ ਸਰਪੰਚ ਮਿੱਠੂ ਲੱਡਾ ਦੀ ਅਗਵਾਈ ਹੇਠ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਵਿਰੋਧ ’ਚ ਐੱਸਡੀਐੱਮ ਦਫ਼ਤਰ ਧੂਰੀ ਅੱਗੇ ਰੋਸ ਧਰਨਾ ਦਿੰਦਿਆਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਇਕੱਠੇ ਹੋਏ ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕੇਂਦਰ ਸਰਕਾਰ ਵੱਲੋਂ ਜਾਰੀ ਆਰਡੀਨੈਂਸਾਂ ਨੂੰ ਕਿਸਾਨ ਵਿਰੋਧੀ ਦੱਸਦਿਆਂ ਕਿਹਾ ਕਿ ਇਨ੍ਹਾਂ ਦੇ ਲਾਗੂ ਹੋਣ ਨਾਲ ਸਮੁੱਚੇ ਦੇਸ਼ ਦੀ ਕਿਸਾਨੀ ਬਰਬਾਦ ਹੋਵੇਗੀ ਤੇ ਅਜਿਹੇ ਆਰਡੀਨੈਂਸਾਂ ਕਾਰਨ ਕਿਸਾਨ ਬਹੁਕੌਮੀ ਕੰਪਨੀਆਂ ਦੀਆਂ ਮਨਮਾਨੀਆਂ ਤੇ ਲੁੱਟ ਦਾ ਸ਼ਿਕਾਰ ਹੋਣਗੇ।

ਘਨੌਰ (ਗੁਰਪ੍ਰੀਤ ਸਿੰਘ) ਜ਼ਿਲ੍ਹਾ ਯੂਥ ਕਾਂਗਰਸ ਦੇ ਮੀਤ ਪ੍ਰਧਾਨ ਗਗਨਦੀਪ ਸਿੰਘ ਜੌਲੀ ਜਲਾਲਪੁਰ ਵੱਲੋਂ ਦਿੱਤੇ ਗਏ ਸੱਦੇ ’ਤੇ ਯੂਥ ਕਾਂਗਰਸ ਦੇ ਵਰਕਰਾਂ ਵੱਲੋਂ ਹਲਕਾ ਘਨੌਰ ਦੇ ਪਿੰਡ ਸ਼ੰਭੂ ਖੁਰਦ, ਕਸਬਾ ਘਨੌਰ, ਸੇਹਰਾ, ਲੋਹਸਿੰਬਲੀ ਤੇ ਮੰਡੌਲੀ ਸਣੇ ਅੱਧਾ ਦਰਜਨ ਪਿੰਡਾਂ ’ਚ ਯੂਥ ਕਾਂਗਰਸ ਦੇ ਹਲਕਾ ਘਨੌਰ ਪ੍ਰਧਾਨ ਇੰਦਰਜੀਤ ਸਿੰਘ ਗਿਫਟੀ, ਮੀਤ ਪ੍ਰਧਾਨ ਕਮਲ ਸ਼ਰਮਾ, ਲਖਵਿੰਦਰ ਸਿੰਘ ਕਬੂਲਪੁਰ, ਮਨਪ੍ਰੀਤ ਸਿੰਘ ਨੇਪਰਾਂ, ਗੁਰਮੀਤ ਸਿੰਘ ਰਾਮਪੁਰ ਦੀ ਅਗਵਾਈ ’ਚ ਕੇਂਦਰ ਸਰਕਾਰ ਵੱਲੋਂ ਜਾਰੀ ਕਿਸਾਨ, ਮਜ਼ਦੂਰ ਤੇ ਨੌਜਵਾਨ ਵਿਰੋਧੀ ਆਰਡੀਨੈਂਸਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਯੂਥ ਕਾਂਗਰਸ ਕਾਰਕੁਨਾਂ ਵੱਲੋਂ ਕੇਂਦਰ ਦੀ ਭਾਜਪਾ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।

ਕੇਂਦਰੀ ਆਰਡੀਨੈਂਸਾਂ ਖ਼ਿਲਾਫ਼ ਟਰੈਕਟਰ ਮਾਰਚ ਨਾਲ ਰੋਸ ਮੁਜ਼ਾਹਰਾ

ਰਾਜਪੁਰਾ (ਬਹਾਦਰ ਸਿੰਘ ਮਰਦਾਂਪੁਰ) ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਕਿਸਾਨ ਵਿਰੋਧੀ ਆਰਡੀਨੈਂਸਾਂ ਖ਼ਿਲਾਫ਼ ਅੱਜ ਇੱਥੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਲਾਡਾ, ਆੜ੍ਹਤੀ ਆਗੂ ਸੰਜੀਵ ਕਮਲ, ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਆਗੂਆਂ ਹਰਜੀਤ ਸਿੰਘ ਟਹਿਲਪੁਰਾ, ਉਜਾਗਰ ਸਿੰਘ ਧਮੌਲੀ, ਗੁਰਦੇਵ ਸਿੰਘ ਜੰਡੌਲੀ, ਮੇਜਰ ਸਿੰਘ ਸੇਹਰਾ ਦੀ ਸਾਂਝੀ ਅਗਵਾਈ ’ਚ ਸਮੂਹ ਆੜ੍ਹਤੀਆਂ ਤੇ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਖ਼ਿਲਾਫ਼ ਟਰੈਕਟਰ ਰੋਸ ਮਾਰਚ ਕੀਤਾ ਗਿਆ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਰਾਜਪੁਰਾ ਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਕਰੋਨਾ ਦੀ ਆੜ ਲੈ ਕੇ ਐੱਮਐੱਸਪੀ ਨੂੰ ਖਤਮ ਕਰਕੇ ਫਸਲਾਂ ਦਾ ਮੰਡੀਕਰਨ ਖਤਮ ਕੀਤਾ ਜਾ ਰਿਹਾ ਹੈ। ਅਜਿਹਾ ਕਰਕੇ ਕੇਂਦਰ ਦੀ ਭਾਜਪਾ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਮੰਡੀਆਂ ’ਚ ਉਤਾਰਨਾ ਚਾਹੁੰਦੀ ਹੈ। ਕੇਂਦਰ ਸਰਕਾਰ ਦੇ ਇਸ ਫੈਸਲੇ ਨਾਲ ਕਿਸਾਨ ਤੇ ਆੜ੍ਹਤੀ ਹਰ ਪੱਖੋਂ ਖਤਮ ਹੋ ਜਾਣਗੇ। ਪੰਜਾਬ ’ਚ ਮੰਡੀਕਰਨ ਦੀ ਵਿਵਸਥਾ ਖਤਮ ਹੋ ਜਾਵੇਗੀ। ਉਨ੍ਹਾਂ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਆਰਡੀਨੈਂਸ ਤੇ ਤੇਲ ਕੀਮਤਾਂ ’ਚ ਕੀਤੇ ਗਏ ਵਾਧੇ ਦਾ ਸਮਾਜ ਦੇ ਹਰ ਵਰਗ ’ਤੇ ਮਾਰੂ ਪ੍ਰਭਾਵ ਪਵੇਗਾ। ਬੁਲਾਰਿਆਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਜਾਰੀ ਕੀਤੇ ਕਿਸਾਨ, ਮਜ਼ਦੂਰ, ਆੜ੍ਹਤੀ ਵਿਰੋਧੀ ਆਰਡੀਨੈਂਸ ਵਾਪਸ ਲਵੇ ਤੇ ਤੇਲ ਦੀਆਂ ਕੀਮਤਾਂ ਘਟਾਈਆਂ ਜਾਣ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਤੇ ਭਾਰਤੀ ਕਿਸਾਨ ਯੂਨੀਅਨ ਵੱਲੋਂ ਕੇਂਦਰ ਸਰਕਾਰ ਦੇ ਨਾਂ ਮੰਗ ਪੱਤਰ ਤਹਿਸੀਲਦਾਰ ਹਰਸਿਮਰਨ ਸਿੰਘ ਨੂੰ ਸੌਂਪਿਆ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All