ਗੁਰਦੀਪ ਸਿੰਘ ਲਾਲੀ
ਸੰਗਰੂਰ, 23 ਸਤੰਬਰ
ਯੂਥ ਅਕਾਲੀ ਦਲ ਵਲੋਂ ਪੰਜਾਬ ਯੂਥ ਮਿਲਣੀ ਤਹਿਤ ਇਥੇ ਅਨਾਜ ਮੰਡੀ ਵਿਚ ਰੈਲੀ ਕੀਤੀ ਗਈ। ਪਾਰਟੀ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਦੀ ਅਗਵਾਈ ਹੇਠ ਹੋਈ ਰੈਲੀ ਵਿਚ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਰੈਲੀ ’ਚ ਵੱਡੀ ਤਾਦਾਦ ’ਚ ਸ਼ਾਮਲ ਹੋਏ ਨੌਜਵਾਨਾਂ ਨੇ ਪੰਜਾਬ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਝੰਡਾ ਬੁਲੰਦ ਕਰਨ ਦਾ ਅਹਿਦ ਲਿਆ। ਇਸ ਮੌਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਪੰਜਾਬ ਵਿੱਚ ਜਿਹੜੀ ਬਦਲਾਅ ਲਿਆਉਣ ਲਈ ਸਰਕਾਰ ਬਣਾਈ ਗਈ ਸੀ, ਉਹ ਬਦਲਾਅ ਨਹੀਂ ਲੋਕਾਂ ਤੋਂ ਬਦਲੇ ਲੈਣ ਲੱਗੀ ਹੈ। ਬਦਲਾਅ ਸਿਰਫ਼ ਇਨ੍ਹਾਂ ਦਾ ਆਪਣਾ ਹੋਇਆ ਹੈ। ਅੱਜ ਵੀ ਪੰਜਾਬ ਵਿੱਚ ਸ਼ਰੇਆਮ ਚਿੱਟਾ ਵਿਕ ਰਿਹਾ ਹੈ, ਨੌਜਵਾਨ ਨਸ਼ੇ ਕਾਰਨ ਮਰ ਰਹੇ ਹਨ, ਭਿ੍ਸ਼ਟਾਚਾਰ ਪਹਿਲਾਂ ਤੋਂ ਵੀ ਜ਼ਿਆਦਾ ਵੱਧ ਗਿਆ ਹੈ, ਬੇਰੁਜ਼ਗਾਰੀ ਵੀ ਵਧ ਰਹੀ ਹੈ, ਸਗੋਂ ਦਿੱਲੀ ਦੇ ਪ੍ਰਭਾਵ ਹੇਠ ਦੂਜੇ ਸੂਬਿਆਂ ਦੇ ਲੋਕਾਂ ਨੂੰ ਪੰਜਾਬ ਵਿੱਚ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਪਾਰਟੀ ਛੱਡ ਚੁੱਕੇ ਵਿਰੋਧੀਆਂ ’ਤੇ ਅਸਿੱਧੇ ਹਮਲੇ ਕਰਦਿਆਂ ਕਿਹਾ ਕਿ ਨਿੱਜੀ ਹਿਤਾਂ ਕਰਕੇ ਦਿੱਲੀ ਅੱਗੇ ਝੁਕਣ ਵਾਲੇ ਲੀਡਰ ਕਦੇ ਪੰਜਾਬ ਦੇ ਲੋਕਾਂ ਦਾ ਭਲਾ ਨਹੀਂ ਸੋਚ ਸਕਦੇ। ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਸਮਝੌਤਾ ਹੋਣ ਕਾਰਨ ਇਹ ਪੰਜਾਬ ਵਿੱਚ ਇਕੱਠੇ ਹੋ ਕੇ ਚੋਣਾਂ ਲੜਣਨਗੇ। ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਪੰਜਾਬ ਸਿਰਫ਼ ਪੰਜਾਬੀਆਂ ਦਾ ਹੈ ਪਰ ਆਪ ਸਰਕਾਰ ਵੱਲੋਂ ਪੰਜਾਬੀਆਂ ਦੇ ਹਿਤਾਂ ਨੂੰ ਦਰਕਿਨਾਰ ਕਰਕੇ ਪੀਜੀਆਈ ਵਰਗੀਆਂ ਸੰਸਥਾਵਾਂ ਵਿੱਚ ਹਰਿਆਣਾ, ਰਾਜਸਥਾਨ ਤੇ ਹਿਮਾਚਲ ਦੇ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ। ਤੀਜੇ ਅਤੇ ਚੌਥੀ ਸ਼੍ਰੇਣੀ ਦੀਆਂ ਨੌਕਰੀਆਂ ਸਿਰਫ਼ ਪੰਜਾਬ ਦੇ ਨੌਜਵਾਨਾਂ ਨੂੰ ਦਿੱਤੀਆਂ ਜਾਣ ਅਤੇ ਇਸ ਸਬੰਧੀ ਵਿਧਾਨ ਸਭਾ ਵਿੱਚ ਇੱਕ ਮਤਾ ਪੇਸ਼ ਕੀਤਾ ਜਾਵੇ। ਉਨ੍ਹਾਂ ਬਾਬੂ ਪ੍ਰਕਾਸ਼ ਚੰਦ ਗਰਗ ’ਤੇ ਸ਼ਬਦੀ ਹਮਲੇ ਕਰਦਿਆਂ ਕਿਹਾ ਕਿ ਲੰਮੇ ਸਮੇਂ ਤੋਂ ਅਕਾਲੀ ਦਲ ਤੋਂ ਸਿਆਸੀ ਤੇ ਨਿੱਜੀ ਲਾਭ ਲੈ ਕੇ ਹੁਣ ਅਕਾਲੀ ਦਲ ਵਿਰੁੱਧ ਭੰਡੀ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਅਕਾਲੀ ਦਲ ਵਿੱਚ ਹਿੰਦੂਆਂ ਦੀ ਕੋਈ ਪੁੱਛ ਪ੍ਰਤੀਤ ਨਹੀਂ। ਉਨ੍ਹਾਂ ਅਕਾਲੀ ਦਲ ਸੰਯੁਕਤ ਨੂੰ ਜੁਗਤ ਅਕਾਲੀ ਦਲ ਕਰਾਰ ਦਿੱਤਾ। ਇਸ ਮੌਕੇ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਸਿੰਘ ਸੰਘਰੇੜੀ, ਪਾਰਟੀ ਆਗੂ ਗੁਲਜ਼ਾਰ ਸਿੰਘ ਮੂਨਕ, ਹਰਪਾਲ ਸਿੰਘ ਖਡਿਆਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਅਕਾਲੀ ਦਲ ਦੇ ਆਗੂ ਮੌਜੂਦ ਸਨ।