ਮੇਜਰ ਸਿੰਘ ਮੱਟਰਾਂ
ਸੰਗਰੂਰ, 29 ਜਨਵਰੀ
ਡੈਮੋਕ੍ਰੈਟਿਕ ਮਨਰੇਗਾ ਫਰੰਟ ਜ਼ਿਲ੍ਹਾ ਸੰਗਰੂਰ ਦਾ ਚੋਣ ਇਜਲਾਸ ਬਾਬਾ ਹਿੰਮਤ ਸਿੰਘ ਧਰਮਸ਼ਾਲਾ ਸੰਗਰੂਰ ਵਿਚ ਹੋਇਆ। ਚੋਣ ਅਜਲਾਸ ਅੰਦਰ ਵੱਖ ਵੱਖ ਬਲਾਕਾਂ ਦੇ ਚੁਣੇ ਹੋਏ ਆਗੂਆਂ ਨੇ ਸ਼ਮੂਲੀਅਤ ਕੀਤੀ। ਸੂਬਾ ਆਗੂ ਸੁਖਵਿੰਦਰ ਕੌਰ ਘਾਸੀਵਾਲ, ਬਲਜੀਤ ਕੌਰ ਸਤੌਜ, ਬਲਾਕ ਆਗੂ ਕਰਨੈਲ ਸਿੰਘ ਬੀਂਬੜ, ਕਸ਼ਮੀਰ ਕੌਰ ਜਵੰਧਾ, ਰਾਣੀ ਦੇਵੀ ਕੰਮੋਮਾਜਰਾ, ਮਨਜੀਤ ਕੌਰ ਸ਼ੇਰਪੁਰ, ਹਰਪ੍ਰੀਤ ਕੌਰ ਦੌਲਤਪੁਰ, ਖੁਸ਼ਿਵੰਦਰ ਕੌਰ ਸੂਲਰ ਤੇ ਬਲਜੀਤ ਕੌਰ ਖਿੱਲਰੀਆਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਜ਼ਿਲ੍ਹਾ ਸੰਗਰੂਰ ਅੰਦਰ ਵੀ ਲਿਖਤੀ ਤੌਰ ‘ਤੇ ਕੰਮ ਮੰਗਣ ਦੇ ਬਾਵਜੂਦ ਕੰਮ ਨਹੀਂ ਦਿੱਤਾ ਜਾ ਰਿਹਾ। ਕੇਂਦਰ ਸਰਕਾਰ ਵੱਲੋਂ ਤਕਰੀਬਨ 17 ਸਾਲ ਪਹਿਲਾਂ ਮਗਨਰੇਗਾ ਕਾਨੂੰਨ ਤਹਿਤ 100 ਦਿਨ ਦੇ ਰੁਜ਼ਗਾਰ ਦੀ ਗਾਰੰਟੀ ਦੇਣ ਦਾ ਕਾਨੂੰਨ ਬਣਾਇਆ ਅਤੇ 2013 ਅੰਦਰ 5 ਏਕੜ ਤੱਕ ਦੇ ਕਿਸਾਨਾਂ ਨੂੰ ਵੀ ਆਪਣੇ ਖੇਤ ਅੰਦਰ ਕੰਮ ਕਰਕੇ ਮਗਨਰੇਗਾ ਤਹਿਤ ਰੁਜ਼ਗਾਰ ਹਾਸਲ ਕਰਨ ਲਈ ਕਾਨੂੰਨ ਵਿੱਚ ਵਾਧਾ ਦਰਜ ਕੀਤਾ ਗਿਆ, ਪ੍ਰੰਤੂ ਸਾਲ ਅੰਦਰ 100 ਦਿਨ ਦਾ ਰੁਜ਼ਗਾਰ ਕਿਤੇ ਵੀ ਹਾਸਲ ਨਹੀਂ ਹੋਇਆ ਅਤੇ ਕੀਤੇ ਕੰਮ ਦੀ ਦਿਹਾੜੀ ਹਰ ਥਾਂ ਘੱਟ ਦਿੱਤੀ ਜਾ ਰਹੀ ਹੈ ਜਿਸ ਦੀ ਜਾਂਚ ਕਰਾਉਣ ਦੀ ਮੰਗ ਕੀਤੀ। ਇਸ ਮੌਕੇ 24 ਮੈਂਬਰੀ ਜ਼ਿਲ੍ਹਾ ਕਮੇਟੀ ਦੀ ਚੋਣ ਕੀਤੀ ਗਈ, ਜਿਸ ਵਿੱਚ ਭੋਲਾ ਸਿੰਘ ਘਾਸੀਵਾਲ ਪ੍ਰਧਾਨ, ਨਿਰਮਲ ਸਿੰਘ ਘਨੌਰ ਕਲਾਂ ਸੀਨੀਅਰ ਮੀਤ ਪ੍ਰਧਾਨ, ਰਾਣੀ ਕੌਰ ਚੰਗਾਲ ਮੀਤ ਪ੍ਰਧਾਨ, ਨਿਰਮਲ ਸਿੰਘ ਉਭਿਆ ਸਕੱਤਰ, ਸੁਖਵਿੰਦਰ ਕੌਰ ਮਾਨਵਾਲਾ ਸਹਾਇਕ ਸਕੱਤਰ ਤੇ ਰਣਜੀਤ ਕੌਰ ਸੰਗਤਪੁਰਾ ਖਜ਼ਾਨਚੀ ਚੁਣੇ ਗਏ।
ਮਸਲੇ ਹੱਲ ਨਾ ਹੋਣ ‘ਤੇ ਮਜ਼ਦੂਰ ਯੂਨੀਅਨ ਵੱਲੋਂ ਰੋਸ ਮਾਰਚ
ਧੂਰੀ, (ਖੇਤਰੀ ਪ੍ਰਤੀਨਿਧ ਨਿੱਜੀ ਪੱਤਰ ਪੇ੍ਰਕ): ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ ‘ਚ ਹੁੰਦੇ ਨੁਕਸਾਨ ਦੇ ਮੁਆਵਜ਼ੇ, ਪੰਜ-ਪੰਜ ਮਰਲੇ ਦੇ ਪਲਾਟ ਦੇਣ, ਘਰਾਂ ਦੀ ਮੁਰੰਮਤ ਲਈ ਮੁਆਵਜ਼ੇ ਅਤੇ ਮਗਨਰੇਗਾ ਦਾ ਕੰਮਕਾਰ ਚਲਾਉਣ ਆਦਿ ਮੰਗਾਂ ਦੀ ਪ੍ਰਾਪਤੀ ਸਬੰਧੀ ਧੂਰੀ ਸ਼ਹਿਰ ਵਿੱਚ ਰੋਸ ਮਾਰਚ ਕਰਕੇ ਬੀ.ਡੀ.ਪੀ.ਓ.ਦਫ਼ਤਰ ਅੱਗੇ ਧਰਨਾ ਲਗਾਉਣ ਦਾ ਪ੍ਰੋਗਰਾਮ ਉਲੀਕਿਆ ਹੋਇਆ ਸੀ, ਪਰ ਭਗਵੰਤ ਮਾਨ ਦੀ ਪਤਨੀ ਨੇ ਧੂਰੀ ਸ਼ਹਿਰ ਵਿੱਚ ਆਉਣ ਕਾਰਨ ਬੀਡੀਪੀਓ ਨੇ ਰਾਮ ਬਾਗ ਧੂਰੀ ਨੇੜੇ ਲੱਗੇ ਧਰਨੇ ਵਾਲੇ ਇਕੱਠ ਵਿੱਚ ਆ ਕੇ ਮੰਗ ਪੱਤਰ ਲੈਂਦਿਆਂ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕਰਨ ਦਾ ਭਰੋਸਾ ਦਿੱਤਾ। ਧਰਨੇ ਨੂੰ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ, ਜ਼ਿਲ੍ਹਾ ਆਗੂ ਹਮੀਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਜਿੰਨਾ ਚਿਰ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਨਹੀਂ ਕਰਦੀ ਇਹ ਸੰਘਰਸ਼ ਜਾਰੀ ਰਹੇਗਾ।
ਭਵਾਨੀਗੜ੍ਹ ਅਤੇ ਪਟਿਆਲਾ ਬਲਾਕ ਕਮੇਟੀਆਂ ਦੀ ਚੋਣ
ਭਵਾਨੀਗੜ੍ਹ (ਪੱਤਰ ਪ੍ਰੇਰਕ): ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵਲੋਂ ਅੱਜ ਪਿੰਡ ਖੇੜੀ ਗਿੱਲਾਂ ਵਿਖੇ ਬਲਾਕ ਭਵਾਨੀਗੜ੍ਹ ਅਤੇ ਪਟਿਆਲਾ ਇਲਾਕੇ ਦੀ ਸਾਂਝੀ ਕਨਵੈਨਸ਼ਨ ਕੀਤੀ ਗਈ।ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਕੁਲਵੰਤ ਸਿੰਘ ਸੇਲਬਰਾਹ ਅਤੇ ਸੂਬਾ ਸਕੱਤਰ ਲਖਵੀਰ ਸਿੰਘ ਲੌਂਗੋਵਾਲ, ਪ੍ਰਗਟ ਸਿੰਘ ਕਾਲਾਝਾੜ, ਸ਼ਿੰਦਰ ਸਿੰਘ ਗੱਜੂਮਾਜਰਾ ਨੇ ਜਥੇਬੰਦੀ ਦੇ ਐਲਾਨ ਅਤੇ ਵਿਧਾਨ ਬਾਰੇ ਜਾਣਕਾਰੀ ਦਿੱਤੀ। ਉੁਨ੍ਹਾਂ ਕਿਹਾ ਕਿ ਤੀਜੇ ਹਿੱਸੇ ਦੀ ਜ਼ਮੀਨ ਹਾਸਲ ਕਰਨ, ਰਿਹਾਇਸ਼ੀ ਪਲਾਟ ਲੈਣ ਅਤੇ ਕਰਜ਼ਾ ਮੁਆਫੀ ਆਦਿ ਮੰਗਾਂ ਲਈ ਇਕੱਠੇ ਹੋ ਕੇ ਸੰਘਰਸ਼ ਤਿੱਖੇ ਕਰਨੇ ਪੈਣਗੇ। ਇਸ ਉਪਰੰਤ ਚੋਣ ਕੀਤੀ ਗਈ ਜਿਸ ਵਿੱਚ ਪਟਿਆਲਾ ਇਲਾਕੇ ਦੇ ਪ੍ਰਧਾਨ ਸਤਗੁਰ ਸਿੰਘ ਤਰੌੜਾ ਕਲਾਂ, ਸਕੱਤਰ ਗੁਰਸੇਵਕ ਸਿੰਘ ਖੇੜੀ ਮੱਲਾਂ, ਖਜ਼ਾਨਚੀ ਸ਼ਿੰਦਰ ਸਿੰਘ ਗੱਜੂਮਾਜਰਾ, ਸੀਨੀਅਰ ਮੀਤ ਪ੍ਰਧਾਨ ਜਰਨੈਲ ਸਿੰਘ ਸਦਰਪੁਰਾ ਚੁਣੇ ਗਏ।