DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab News: ਮੰਤਰੀ ਦੇ ਸਮਾਗਮ ’ਚ ਨਸ਼ਿਆਂ ਬਾਰੇ ਸਵਾਲ ਪੁੱਛਣ ਵਾਲੇ ਮਜ਼ਦੂਰ ਨੇ ਸਲਫ਼ਾਸ ਖਾਧੀ

ਪੀੜਤ ਦੇ ਬਿਆਨਾਂ ’ਤੇ ਕਾਰਵਾਈ ਕਰਾਂਗੇ: ਡੀ ਐੱਸ ਪੀ

  • fb
  • twitter
  • whatsapp
  • whatsapp
featured-img featured-img
ਪੀੜਤ ਮਜ਼ਦੂਰ ਗੁਲਜ਼ਾਰ ਸਿੰਘ ਦੀ ਤਸਵੀਰ।
Advertisement

ਮੁੱਖ ਮੰਤਰੀ ਭਗਵੰਤ ਮਾਨ ਦੇ ਲੋਕ ਮਿਲਣੀ ਸਮਾਗਮ ਦੌਰਾਨ ਕਾਲਾ ਝੰਡਾ ਦਿਖਾ ਕੇ ਨਸ਼ਿਆਂ ਦਾ ਮੁੱਦਾ ਚੁੱਕਣ ਵਾਲੇ ਪਿੰਡ ਸ਼ੇਰੋਂ ਦੇ ਮੋਹਣਜੀਤ ਸਿੰਘ ’ਤੇ ਕਥਿਤ ਪੁਲੀਸ ਤਸ਼ੱਦਦ ਦਾ ਮਾਮਲਾ ਅਜੇ ਠੰਢਾ ਨਹੀਂ ਹੋਇਆ ਕਿ ਹੁਣ ਦਿੜ੍ਹਬਾ ਹਲਕੇ ਦੇ ਪਿੰਡ ਤੂਰਬੰਜ਼ਾਰਾ ’ਚ ਵਿੱਤ ਮੰਤਰੀ ਹਰਪਾਲ ਚੀਮਾ ਦੇ ਸਮਾਗਮ ਦੌਰਾਨ ਮਜ਼ਦੂਰ ਨੂੰ ਨਸ਼ਿਆਂ ਦਾ ਮੁੱਦਾ ਚੁੱਕਣਾ ਭਾਰੀ ਪੈ ਗਿਆ।

ਪਿੰਡ ਦੀ ਪੰਚਾਇਤ ਨਾਲ ਸਬੰਧਤ ਮੋਹਤਬਰ ਸਣੇ ਕੁਝ ਵਿਅਕਤੀਆਂ ਵਲੋਂ ਕਥਿਤ ਤੌਰ ’ਤੇ ਧਮਕਾਉਣ ਅਤੇ ਮੁਆਫ਼ੀ ਮੰਗਣ ਲਈ ਦਬਾਅ ਪਾਉਣ ਤੋਂ ਪ੍ਰੇਸ਼ਾਨ ਹੋ ਕੇ ਮਜ਼ਦੂਰ ਨੇ ਸਲਫ਼ਾਸ ਨਿਗਲ ਲਈ। ਮਜ਼ਦੂਰ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਜਿਸ ਨੂੰ ਦੇਰ ਸ਼ਾਮ ਸੰਗਰੂਰ ਦੇ ਨਿੱਜੀ ਹਸਪਤਾਲ ਤੋਂ ਡੀ ਐੱਮ ਸੀ ਲੁਧਿਆਣਾ ਰੈਫ਼ਰ ਕਰ ਦਿੱਤਾ ਗਿਆ ਹੈ।

Advertisement

ਸਥਾਨਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਮਜ਼ਦੂਰ ਗੁਲਜ਼ਾਰ ਸਿੰਘ ਦੇ ਭਰਾ ਬਿੱਕਰ ਸਿੰਘ ਅਤੇ ਜਸਵੀਰ ਸਿੰਘ ਵਾਸੀ ਪਿੰਡ ਤੂਰਬੰਜ਼ਾਰਾ ਨੇ ਦੱਸਿਆ ਕਿ ਲੰਘੇ ਦਿਨ ਪਿੰਡ ਵਿਚ ਵਿੱਤ ਮੰਤਰੀ ਹਰਪਾਲ ਚੀਮਾ ਦਾ ਸਮਾਗਮ ਸੀ। ਇਸ ਸਮਾਗਮ ਦੌਰਾਨ ਉਨ੍ਹਾਂ ਦੇ ਭਰਾ ਗੁਲਜ਼ਾਰ ਸਿੰਘ ਨੇ ਨਸ਼ਿਆਂ ਬਾਰੇ ਸਵਾਲ ਚੁੱਕਿਆ ਸੀ ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਜਦੋਂ ਉਨ੍ਹਾਂ ਦਾ ਭਰਾ ਗੁਲਜ਼ਾਰ ਮਿਲਿਆ ਤਾਂ ਉਸ ਨੇ ਦੱਸਿਆ ਕਿ ਪਿੰਡ ਦੀ ਮਹਿਲਾ ਸਰਪੰਚ ਦਾ ਪਤੀ ਬਲਜੀਤ ਸਿੰਘ ਸਮੇਤ ਤਿੰਨ ਹੋਰ ਵਿਅਕਤੀ ਉਸ ਨੂੰ ਪੰਚਾਇਤ ਵਿਚ ਆ ਕੇ ਮੁਆਫ਼ੀ ਮੰਗਣ ਲਈ ਧਮਕਾ ਰਹੇ ਹਨ, ਜਿਸ ਤੋਂ ਦੁਖੀ ਹੋ ਕੇ ਉਸ ਨੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਲਈ ਸਲਫਾਸ ਨਿਗਲ ਲਈ ਹੈ। ਉਨ੍ਹਾਂ ਦੱਸਿਆ ਕਿ ਉਹ ਗੁਲਜ਼ਾਰ ਸਿੰਘ ਨੂੰ ਲੈ ਕੇ ਤੁਰੰਤ ਸਿਵਲ ਹਸਪਤਾਲ ਪੁੱਜੇ ਜਿਥੋਂ ਉਸ ਨੂੰ ਪਟਿਆਲਾ ਰੈਫ਼ਰ ਕਰ ਦਿੱਤਾ ਗਿਆ ਪਰ ਪਟਿਆਲਾ ’ਚ ਵੈਂਟੀਲੇਟਰ ਨਾ ਮਿਲਣ ਕਾਰਨ ਉਹ ਵਾਪਸ ਸੰਗਰੂਰ ਦੇ ਇੱਕ ਨਿੱਜੀ ਹਸਪਤਾਲ ’ਚ ਪੁੱਜੇ। ਇਥੇ ਡਾਕਟਰਾਂ ਨੇ ਉਸ ਦੀ ਹਾਲਤ ਨਾਜ਼ੁਕ ਹੋਣ ਕਾਰਨ ਡੀ ਐੱਮ ਸੀ ਲੁਧਿਆਣਾ ਰੈਫ਼ਰ ਕਰ ਦਿੱਤਾ। ਇਸ ਮੌਕੇ ਚਮਨਦੀਪ ਸਿੰਘ ਮਿਲਖੀ, ਐਡਵੋਕੇਟ ਮਨਪ੍ਰੀਤ ਸਿੰਘ ਨਮੋਲ, ਸਤਨਾਮ ਸਿੰਘ ਰੱਤੋਕੇ ਅਤੇ ਮਜ਼ਦੂਰ ਆਗੂ ਲਖਵੀਰ ਲੌਂਗੋਵਾਲ ਨੇ ਕਿਹਾ ਕਿ ਉਹ ਡਟ ਕੇ ਮਜ਼ਦੂਰ ਗੁਲਜ਼ਾਰ ਸਿੰਘ ਦੇ ਪਰਿਵਾਰ ਨਾਲ ਹਨ। ਉਨ੍ਹਾਂ ਮੰਗ ਕੀਤੀ ਕਿ ਇਸ ਲਈ ਜ਼ਿੰਮੇਵਾਰ ਵਿਅਕਤੀਆਂ ਦੇ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇ।

Advertisement

ਪੀੜਤ ਦੇ ਬਿਆਨਾਂ ’ਤੇ ਕਾਰਵਾਈ ਕਰਾਂਗੇ: ਡੀ ਐੱਸ ਪੀ

ਡੀ ਐੱਸ ਪੀ ਦਿੜ੍ਹਬਾ ਰੁਪਿੰਦਰ ਕੌਰ ਬਾਜਵਾ ਦਾ ਕਹਿਣਾ ਹੈ ਕਿ ਪੀੜਤ ਗੁਲਜ਼ਾਰ ਸਿੰਘ ਇਲਾਜ ਅਧੀਨ ਹੈ ਅਤੇ ਪੁਲੀਸ ਪੂਰੀ ਸਥਿਤੀ ’ਤੇ ਨਜ਼ਰ ਰੱਖ ਰਹੀ ਹੈ। ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਸਰਪੰਚ ਦੇ ਪਤੀ ਨੇ ਦੋਸ਼ ਨਕਾਰੇ

ਪਿੰਡ ਦੀ ਸਰਪੰਚ ਦੇ ਪਤੀ ਬਲਜੀਤ ਸਿੰਘ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਲੰਘੇ ਦਿਨ ਗੁਲਜ਼ਾਰ ਸਿੰਘ ਨੇ ਵਿੱਤ ਮੰਤਰੀ ਅੱਗੇ ਨਸ਼ਿਆਂ ਦਾ ਮੁੱਦਾ ਚੁੱਕਿਆ ਸੀ ਅਤੇ ਮੰਤਰੀ ਨੇ ਕੋਲ ਬਿਠਾ ਕੇ ਇਸ ਦੀ ਤਸੱਲੀ ਕਰਵਾਈ ਕਿ ਨਸ਼ੇ ਨੂੰ ਖਤਮ ਕਰਨ ਲਈ ਸਰਕਾਰ ਲੱਗੀ ਹੋਈ ਹੈ, ਜਿਸ ਮਗਰੋਂ ਇਹ ਘਰ ਚਲਾ ਗਿਆ। ਅੱਜ ਉਸ ਨੂੰ ਪਤਾ ਲੱਗਿਆ ਕਿ ਗੁਲਜ਼ਾਰ ਨੇ ਕੋਈ ਸਲਫਾਸ ਜਾਂ ਜ਼ਹਿਰੀਲੀ ਵਸਤੂ ਖਾ ਲਈ ਹੈ। ਸਰਪੰਚ ਦੇ ਪਤੀ ਦੇ ਮੰਨਿਆ ਕਿ ਪਹਿਲਾਂ ਹੀ ਪਿੰਡ ਦੇ ਦੋ ਮੁੰਡਿਆਂ ਦੀ ਨਸ਼ੇ ਕਾਰਨ ਮੌਤ ਹੋ ਚੁੱਕੀ ਹੈ।

Advertisement
×