ਔਰਤਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਕੰਪਲੈਕਸ ਅੱਗੇ ਧਰਨਾ

ਔਰਤਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਕੰਪਲੈਕਸ ਅੱਗੇ ਧਰਨਾ

ਸੰਗਰੂਰ ’ਚ ਫਾਇਨਾਂਸ ਕੰਪਨੀਆਂ ਤੋਂ ਲਏ ਕਰਜ਼ੇ ਮੁਆਫ਼ ਕਰਨ ਦੀ ਮੰਗ ਨੂੰ ਲੈ ਕੇ ਧਰਨਾ ਦਿੰਦੀਆਂ ਹੋਈਆਂ ਅੌਰਤਾਂ।

ਗੁਰਦੀਪ ਸਿੰਘ ਲਾਲੀ
ਸੰਗਰੂਰ, 3 ਜੂਨ

ਫਾਇਨਾਂਸ ਕੰਪਨੀਆਂ ਤੋਂ ਲਏ ਗਰੁੱਪ ਕਰਜ਼ੇ ਲੌਕਡਾਊਨ ਕਾਰਨ ਵਾਪਸ ਕਰਨ ਤੋਂ ਅਸਮਰੱਥ ਪੇਂਡੂ ਖੇਤਰ ਦੀਆਂ ਔਰਤਾਂ ਵੱਲੋਂ ਕਰਜ਼ੇ ਮੁਆਫ਼ ਕਰਵਾਉਣ ਅਤੇ ਕੰਪਨੀਆਂ ਵੱਲੋਂ ਕਰਜ਼ਾ ਵਸੂਲੀ ਲਈ ਧਮਕਾਏ ਜਾਣ ਖ਼ਿਲਾਫ਼ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਇੱਥੇ ਡਿਪਟੀ ਕਮਿਸ਼ਨਰ ਕੰਪਲੈਕਸ ਅੱਗੇ ਧਰਨਾ ਦਿੱਤਾ ਗਿਆ। ਪ੍ਰਦਰਸ਼ਨਕਾਰੀ ਔਰਤਾਂ ਵੱਲੋਂ ਮੁੱਖ ਮੰਤਰੀ ਪੰਜਾਬ ਦੇ ਨਾਂ ਇੱਕ ਮੰਗ ਪੱਤਰ ਵੀ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸੌਂਪਿਆ ਗਿਆ।

ਵੱਖ-ਵੱਖ ਪਿੰਡਾਂ ਦੀਆਂ ਔਰਤਾਂ ਇੱਥੇ ਡੀਸੀ ਕੰਪਲੈਕਸ ਅੱਗੇ ਪੁੱਜੀਆਂ ਅਤੇ ਰੋਸ ਧਰਨਾ ਦਿੱਤਾ ਗਿਆ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਆਗੂ ਪਰਮਜੀਤ ਲੌਂਗੋਵਾਲ, ਜਸਵਿੰਦਰ ਕੌਰ ਬਡਰੁੱਖਾਂ ਅਤੇ ਨਿੱਕੀ ਕੌਰ ਕੁਲਾਰਾਂ ਨੇ ਕਿਹਾ ਕਿ ਪੇਂਡੂ ਔਰਤਾਂ ਵੱਲੋਂ ਆਪਣੇ ਘਰਾਂ ਵਿੱਚ ਹੀ ਰੁਜ਼ਗਾਰ ਚਲਾਉਣ ਵਾਸਤੇ ਵੱਖ-ਵੱਖ ਵਿੱਤ ਕੰਪਨੀਆਂ ਤੋਂ ਛੋਟੇ ਕਰਜ਼ੇ ਲਏ ਹੋਏ ਹਨ। ਉਨ੍ਹਾਂ ਕਿਹਾ ਕਿ ਕਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਕਰਫਿਊ ਅਤੇ ਲੌਕਡਾਊਨ ਦੌਰਾਨ ਪੇਂਡੂ ਔਰਤਾਂ ਦੀ ਆਰਥਿਕ ਹਾਲਤ ਬੇਹੱਦ ਮਾੜੀ ਹੋ ਚੁੱਕੀ ਹੈ ਜਿਸ ਕਾਰਨ ਔਰਤਾਂ ਕਰਜ਼ੇ ਦੀਆਂ ਕਿਸ਼ਤਾਂ ਮੋੜਨ ਤੋਂ ਅਸਮਰੱਥ ਹਨ। ਉਨ੍ਹਾਂ ਕਿਹਾ ਕਿ ਫਾਈਨਾਂਸ ਕੰਪਨੀਆਂ ਵਲੋਂ ਕਰਜ਼ੇ ਦੀਆਂ ਕਿਸ਼ਤਾਂ ਦੀ ਵਸੂਲੀ ਲਈ ਲਗਾਤਾਰ ਕਰਜ਼ਈ ਔਰਤਾਂ ਨੂੰ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਔਰਤਾਂ ਸਿਰ ਚੜ੍ਹਿਆ ਕਰਜ਼ਾ ਮੁਆਫ਼ ਕੀਤਾ ਜਾਵੇ ਤੇ ਕਰਜ਼ਾ ਵਸੂਲੀ ਲਈ ਤੰਗ ਪ੍ਰੇਸ਼ਾਨ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

ਭਵਾਨੀਗੜ੍ਹ (ਮੇਜਰ ਸਿੰਘ ਮੱਟਰਾਂ): ਇੱਥੋਂ ਨੇੜਲੇ ਪਿੰਡ ਰੇਤਗੜ੍ਹ ਅਤੇ ਰਾਮਪੁਰਾ ਵਿੱਚ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਨੇ ਨਿੱਜੀ ਫਾਇਨਾਂਸ ਕੰਪਨੀਆਂ ਦੇ ਕਰਜ਼ੇ ਤੋਂ ਪੀੜਤ ਔਰਤਾਂ ਦੀਆਂ ਰੈਲੀਆਂ ਦੌਰਾਨ ਕੈਪਟਨ ਸਰਕਾਰ ਤੋਂ ਇਨ੍ਹਾਂ ਕਰਜ਼ਿਆਂ ਨੂੰ ਮੁਆਫ਼ ਕਰਨ ਦੀ ਮੰਗ ਕੀਤੀ ਗਈ। ਮੋਰਚੇ ਦੇ ਆਗੂ ਗੋਬਿੰਦ ਸਿੰਘ ਛਾਜਲੀ ਨੇ ਰੈਲੀਆਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਮੰਗ ਕੀਤੀ ਕਿ ਕੰਪਨੀਆਂ ਵੱਲੋਂ ਕਿਸ਼ਤਾਂ ਦੀ ਵਸੂਲੀ ਬੰਦ ਕੀਤੀ ਜਾਵੇ।

ਦਲਿਤਾਂ ਤੇ ਔਰਤਾਂ ਦੇ ਹੱਕਾਂ ਸਬੰਧੀ ਰੋਸ ਮਾਰਚ ਕੱਢਿਆ

ਨਾਭਾ (ਜੈਸਮੀਨ ਭਾਰਦਵਾਜ): ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅਤੇ ਇਸਤਰੀ ਜਾਗ੍ਰਿਤੀ ਮੰਚ ਵੱਲੋਂ ਅੱਜ ਇੱਥੇ ਦਲਿਤਾਂ ਤੇ ਔਰਤਾਂ ਦੇ ਹੱਕਾਂ ਸਬੰਧੀ ਰੋਸ ਮਾਰਚ ਕੀਤਾ ਗਿਆ। ਉਪਰੰਤ ਪ੍ਰਦਰਸ਼ਨਕਾਰੀਆਂ ਨੇ ਐੱਸਡੀਐੱਮ ਦਫ਼ਤਰ ਦੇ ਬਾਹਰ ਧਰਨਾ ਦਿੱਤਾ, ਜਿਸ ਵਿਚ ਆਗੂਆਂ ਨੇ ਪਿੰਡਾਂ ਵਿਚ ਦਲਿਤਾਂ ਦੇ ਹਿੱਸੇ ਦੀ ਇਕ ਤਿਹਾਈ ਸ਼ਾਮਲਾਟ ਜ਼ਮੀਨ ਦੀ ਬੋਲੀ ਵਿੱਚ ਡਮੀ ਬੋਲੀ ਦਾ ਮੁੱਦਾ ਕਰਾਉਣ ਦਾ ਮੁੱਦਾ ਚੁੱਕਿਆ ਅਤੇ ਕਰੋਨਾ ਤੋਂ ਰਾਹਤ ਵਜੋਂ ਪੇਂਡੂ ਔਰਤਾਂ ਵੱਲੋਂ ਲਏ ਗਏ ਛੋਟੇ ਕਰਜ਼ੇ ਮੁਆਫ਼ ਕਰਨ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਧਰਨਾਕਾਰੀਆਂ ਵੱਲੋ ਮਗਨਰੇਗਾ, ਆਵਾਸ ਯੋਜਨਾ ਆਦਿ ਸਕੀਮਾਂ ਨੂੰ ਜ਼ਮੀਨੀ ਪੱਧਰ ’ਤੇ ਬਿਨਾਂ ਭੇਦਭਾਵ ਤੋਂ ਲਾਗੂ ਕਰਨ ਦੀ ਮੰਗ ਕੀਤੀ ਗਈ। ਧਰਨੇ ਵਿੱਚ ਆਏ ਲੋਕਾਂ ਨੇ ਬਾਜ਼ਾਰ ਵਿੱਚੋਂ ਪੈਦਲ ਮਾਰਚ ਕਰਦੇ ਹੋਏ ਮੰਗਾਂ ਸਬੰਧੀ ਨਾਅਰੇਬਾਜ਼ੀ ਕੀਤੀ। ਧਰਨੇ ਨੂੰ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਗੁਰਵਿੰਦਰ ਬੋੌੜਾ ਅਤੇ ਇਸਤਰੀ ਜਾਗ੍ਰਿਤੀ ਮੰਚ ਦੀ ਆਗੂ ਕੁਲਦੀਪ ਕੌਰ ਰੋਹਟੀ ਨੇ ਸੰਬੋਧਨ ਕੀਤਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All