ਸੰਗਰੂਰ ’ਚ ਕਰਜ਼ ਮੁਆਫ਼ੀ ਲਈ ਗਰਜੀਆਂ ਔਰਤਾਂ

ਸੰਗਰੂਰ ’ਚ ਕਰਜ਼ ਮੁਆਫ਼ੀ ਲਈ ਗਰਜੀਆਂ ਔਰਤਾਂ

ਸੰਗਰੂਰ ’ਚ ਬੁੱਧਵਾਰ ਨੂੰ ਕਰਜ਼ਾ ਮੁਕਤੀ ਰੈਲੀ ’ਚ ਸ਼ਾਮਲ ਔਰਤਾਂ।

ਗੁਰਦੀਪ ਸਿੰਘ ਲਾਲੀ
ਸੰਗਰੂਰ, 12 ਅਗਸਤ 

ਤਿੰਨ ਜਥੇਬੰਦੀਆਂ ਸੀਪੀਆਈ (ਐੱਮਐੱਲ), ਮਜ਼ਦੂਰ ਮੁਕਤੀ ਮੋਰਚਾ ਪੰਜਾਬ ਅਤੇ ਪੰਜਾਬ ਕਿਸਾਨ ਯੂਨੀਅਨ ਦੀ ਅਗਵਾਈ ਹੇਠ ਸਥਾਨਕ ਅਨਾਜ ਮੰਡੀ ਵਿਚ ‘ਔਰਤ ਕਰਜ਼ਾ ਮੁਕਤੀ ਰੈਲੀ’ ਕੀਤੀ ਗਈ, ਜਿਸ ਵਿਚ ਗਰਮੀ ਦੇ ਬਾਵਜੂਦ ਹਜ਼ਾਰਾਂ ਔਰਤਾਂ ਨੇ ਸ਼ਮੂਲੀਅਤ ਕੀਤੀ। ਰੈਲੀ ਦੌਰਾਨ ਪੰਜ ਮਤੇ ਪਾਸ ਕਰਦਿਆਂ ਨਿੱਜੀ ਫਾਇਨਾਂਸ ਕੰਪਨੀਆਂ ਅਤੇ ਬੈਕਾਂ ਦੇ ਪੇਂਡੂ, ਸ਼ਹਿਰੀ, ਦਲਿਤ ਅਤੇ ਗਰੀਬ ਔਰਤਾਂ ਸਿਰ ਚੜ੍ਹੇ ਕਰਜ਼ੇ ਮੁਆਫ਼ ਕਰਨ, 31 ਮਾਰਚ 2021 ਤੱਕ ਕਿਸ਼ਤ ਵਸੂਲੀ ਉਪਰ ਰੋਕ ਲਾਉਣ, ਰੁਜ਼ਗਾਰ ਚਲਾਉਣ ਲਈ ਔਰਤਾਂ ਨੂੰ ਇੱਕ ਲੱਖ ਰੁਪਏ ਦਾ ਕਰਜ਼ਾ ਬਿਨਾਂ ਸ਼ਰਤ ਦੇਣ, ਕਿਰਤ ਕਾਨੂੰਨ ਤੋੜਨਾ ਬੰਦ ਕਰਨ ਅਤੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨ ਆਰਡੀਨੈੱਸ ਰੱਦ ਕਰਨ ਦੀ ਮੰਗ ਕੀਤੀ ਗਈ।  ਰੈਲੀ ਨੂੰ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਪ੍ਰਧਾਨ ਕਾਮਰੇਡ ਭਗਵੰਤ ਸਿੰਘ ਸਮਾਓ, ਸੂਬਾ ਸਕੱਤਰ ਕਾਮਰੇਡ ਹਰਵਿੰਦਰ ਸੇਮਾ, ਸੀਪੀਆਈ ਐੱਮਐੱਲ ਦੇ ਸੂਬਾ ਪ੍ਰਧਾਨ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ, ਕੇਂਦਰੀ ਕਮੇਟੀ ਮੈਂਬਰ ਸੁਖਦਰਸ਼ਨ ਨੱਤ, ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਮਾਨਸਾ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਗੋਬਿੰਦ ਸਿੰਘ ਛਾਜਲੀ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਕੇਂਦਰ ਸਰਕਾਰ ਅਮੀਰ ਪੂੰਜੀਪਤੀਆਂ ਦਾ ਵਿਕਾਸ ਅਤੇ ਗਰੀਬ ਲੋਕਾਂ ਦਾ ਉਜਾੜਾ ਕਰਨ ’ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਰਿਜ਼ਰਵ ਬੈਂਕ ਆਫ਼ ਇੰਡੀਆ ਨੇ 31 ਅਗਸਤ ਤੱਕ ਕਿਸ਼ਤਾਂ ਵਸੂਲਣ ’ਤੇ ਰੋਕ ਲਾਈ ਹੈ ਪਰ ਨਿੱਜੀ ਫਾਇਨਾਂਸ ਕੰਪਨੀਆਂ ਦੇ ਮੁਲਾਜ਼ਮ ਜਬਰੀ ਕਿਸ਼ਤ ਵਸੂਲ ਕਰ ਰਹੇ ਹਨ ਅਤੇ ਔਰਤ ਵਰਗ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਔਰਤਾਂ ਸਿਰ ਚੜ੍ਹੇ ਕਰਜ਼ੇ ਮੁਆਫ਼ ਕੀਤੇ ਜਾਣ, ਕਿਸ਼ਤ ਵਸੂਲੀ ਉਪਰ 31 ਮਾਰਚ 2021 ਤੱਕ ਰੋਕ ਲਾਈ ਜਾਵੇ, ਬਿਨਾਂ ਸ਼ਰਤ ਇੱਕ ਲੱਖ ਰੁਪਏ ਦਾ ਕਰਜ਼ ਦਿੱਤਾ ਜਾਵੇ ਅਤੇ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਤਿੰਨੋਂ ਆਰਡੀਨੈੱਸ ਰੱਦ ਕੀਤੇ ਜਾਣ। ਰੈਲੀ ਨੂੰ ਸੀਪੀਆਈ ਐੱਮਐੱਲ ਦੇ ਸੂਬਾ ਕਮੇਟੀ ਮੈਂਬਰ ਜਸਵੀਰ ਕੌਰ ਨੱਤ, ਘੁਮੰਡ ਸਿੰਘ ਖ਼ਾਲਸਾ, ਦਲਪ੍ਰੀਤ ਸਿੰਘ, ਕੁਲਵਿੰਦਰ ਕੌਰ ਰੇਤਗੜ੍ਹ, ਇੰਦਰਜੀਤ ਕੌਰ ਦਿਆਲਗੜ੍ਹ, ਪੰਜਾਬ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਲਹਿਲ ਕਲਾਂ, ਪ੍ਰੇਮ ਸਿੰਘ ਖਿਆਲੀ ਕਲਾਂ ਆਦਿ ਨੇ ਵੀ ਸੰਬੋਧਨ ਕੀਤਾ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All