ਬੀਰਬਲ ਰਿਸ਼ੀ
ਸ਼ੇਰਪੁਰ, 9 ਜੁਲਾਈ
ਘਨੌਰੀ ਕਲਾਂ ਦੇ ਇੱਕ ਮਜ਼ਦੂਰ ਪਰਿਵਾਰ ਦੀ ਧੀ ਆਪਣੇ ਪਤੀ ਜੋ ਬਰਨਾਲਾ ਵਿੱਚ ਹੋਮਗਾਰਡ ਦੀਆਂ ਸੇਵਾਵਾਂ ਨਿਭਾਉਂਦੇ ਹੋਏ ਭੇਤ-ਭਰੀ ਹਾਲਤ ਵਿੱਚ ਮੌਤ ਦੇ ਮੂੰਹ ਚਲੇ ਜਾਣ ਮਗਰੋਂ ਇਨਸਾਫ਼ ਲਈ 18 ਸਾਲਾਂ ਤੋਂ ਭਟਕ ਰਹੀ ਹੈ ਜਿਸਨੂੰ ਹਾਲੇ ਤੱਕ ਰੌਸ਼ਨੀ ਦੀ ਕਿਰਨ ਵਿਖਾਈ ਨਹੀਂ ਦਿੱਤੀ। ਆਪਣੇ ਪੁੱਤਰ ਦਿਲਪ੍ਰੀਤ ਸਿੰਘ ਦੀ ਮੌਜੂਦਗੀ ’ਚ ਵਿਧਵਾ ਹਰਮਨਜੀਤ ਕੌਰ ਨੇ ਇਸ ਪ੍ਰਤੀਨਿਧ ਕੋਲ ਹੱਡਬੀਤੀ ਬਿਆਨ ਕਰਦਿਆਂ ਦੱਸਿਆ ਕਿ ਉਸਦਾ ਵਿਆਹ 1998 ’ਚ ਬਰਨਾਲਾ ਜ਼ਿਲ੍ਹੇ ਦੇ ਪਿੰਡ ਵਜ਼ੀਦਕੇ ਖੁਰਦ ਦੇ ਹੋਮਗਾਰਡ ਰਾਜਾ ਦਾਸ ਨਾਲ ਹੋਇਆ ਸੀ। 2002 ਨੂੰ ਜਦੋਂ ਆਪਣੇ ਪੇਕੇ ਪਿੰਡ ਘਨੌਰੀ ਕਲਾਂ ਆਈ ਹੋਈ ਸੀ ਤਾਂ ਉਸਨੂੰ ਰਾਜਾ ਦਾਸ ਦੀ ਡਿਊੁਟੀ ਦੌਰਾਨ ਭੇਤ-ਭਰੀ ਹਾਲਤ ’ਚ ਮੌਤ ਦੀ ਖ਼ਬਰ ਮਿਲੀ। ਜਦੋਂ ਉਹ ਬਰਨਾਲਾ ਹਸਪਤਾਲ ਪੁੱਜੇ ਤਾਂ ਉਸਦੇ ਲਹੁ-ਲੁਹਾਣ ਪਤੀ ਨੂੰ ਪੋਸ਼ਟਮਾਰਟਮ ਲਈ ਲਿਜਾਇਆ ਜਾ ਰਿਹਾ ਸੀ। ਉਨ੍ਹਾਂ ਨੂੰ ਉਸ ਸਮੇਂ ਦੇ ਸਬੰਧਤ ਅਧਿਕਾਰੀਆਂ ਨੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ, ਰਾਜਾ ਦਾਸ ਦੀ ਵਿਧਵਾ ਨੂੰ ਪੈਨਸ਼ਨ ਦੇਣ ਤੇ ਬੱਚਿਆਂ ਦੀ ਪੜ੍ਹਾਈ ਮੁਫ਼ਤ ਕਰਵਾਉਣ ਦੇ ਸਬਜਬਾਗ ਵਿਖਾਏ ਪਰ ਪਤਾ ਨਹੀਂ ਕਿਉਂ ਮਾਮਲੇ ’ਚ ਕਾਹਲ ਵਰਤਦਿਆਂ 174 ਦੀ ਕਾਰਵਾਈ ਕਰਕੇ ਮਾਮਲਾ ਸਮੇਟ ਦਿੱਤਾ। ਉਸ ਸਮੇਂ ਉਸਦੇ ਪੁੱਤਰ ਦੀ ਉਮਰ 3 ਸਾਲ ਤੇ ਬੇਟੀ ਸੰਦੀਪ ਕੌਰ ਮਹਿਜ਼ 18 ਦਿਨ ਸੀ। ਹਰਮਨਜੀਤ ਕੌਰ ਨੇ ਦੱਸਿਆ ਕਿ ਉਹ ਇੱਕ ਸਾਲ ਆਪਣੇ ਸਹੁਰੇ ਪਿੰਡ ਰਹਿਣ ਮਗਰੋਂ ਛੋਟੇ-ਛੋਟੇ ਬੱਚਿਆਂ ਨੂੰ ਲੈ ਕੇ ਆਪਣੇ ਪੇਕੇ ਪਿੰਡ ਘਨੌਰੀ ਕਲਾਂ ਆ ਗਈ। ਇਨਸਾਫ਼ ਲਈ ਦਫ਼ਤਰਾਂ ’ਚ ਅਣਗਿਣਤ ਚੱਕਰ ਕੱਢੇ ਪਰ ਕੁਝ ਨਹੀਂ ਬਣਿਆ ਤੇ ਉਨ੍ਹਾਂ ਕੋਲ ਹਾਲੇ ਤੱਕ ਆਪਣਾ ਘਰ ਤੱਕ ਨਹੀਂ ਸਗੋਂ ਆਪਣੇ ਪੇਕੇ ਪਰਿਵਾਰ ਵਿੱਚ ਹੀ ਦਿਨ ਕੱਟੀ ਕਰ ਰਹੀ ਹੈ। ਇਸ ਸਬੰਧੀ ਸਬੰਧਤ ਕਮਾਡੈਂਟ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਹੋਮਗਾਰਡ ’ਚ ਮੌਤ ਵਾਲੇ ਕੇਸਾਂ ਸਬੰਧੀ ਤਰਸ ਦੇ ਆਧਾਰ ’ਤੇ ਨੌਕਰੀ ਦੇਣ ਦਾ ਕਾਰਜ 2007 ਤੋਂ ਸ਼ੁਰੂ ਹੋਇਆ ਸੀ।