ਰਾਜਪੁਰਾ ਮੰਡੀ ਵਿੱਚ ਕਣਕ ਦੀ ਖ਼ਰੀਦ ਸ਼ੁਰੂ
ਵਿਧਾਇਕਾ ਨੀਨਾ ਮਿੱਤਲ ਨੇ ਕਰਵਾੲੀ ਸ਼ੁਰੂਆਤ; ਕਿਸਾਨਾਂ ਨੂੰ ਸਹੂਲਤਾਂ ਦਾ ਭਰੋਸਾ
ਰਾਜਪੁਰਾ ਦੀ ਨਵੀਂ ਅਨਾਜ ਮੰਡੀ ਵਿੱਚ ਕਣਕ ਦੀ ਸਰਕਾਰੀ ਖਰੀਦ ਦਾ ਆਗਾਜ਼ ਹਲਕਾ ਵਿਧਾਇਕਾ ਨੀਨਾ ਮਿੱਤਲ ਵੱਲੋਂ ਕੀਤਾ ਗਿਆ। ਪਹਿਲੇ ਦਿਨ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਦਵਿੰਦਰ ਸਿੰਘ ਬੈਦਵਾਨ ਦੀ ਦੁਕਾਨ ਨੰਬਰ 72 ‘ਤੇ ਪਿੰਡ ਰੰਗੀਆਂ ਦੇ ਕਿਸਾਨ ਸ਼ਰਨਜੀਤ ਸਿੰਘ ਦੀ ਕਣਕ ਦੀ ਢੇਰੀ ਦੀ ਬੋਲੀ ਪਨਗ੍ਰੇਨ ਵੱਲੋਂ ਲਗਾਈ ਗਈ। ਬੋਲੀ ਸ਼ੁਰੂ ਕਰਵਾਉਣ ਤੋਂ ਪਹਿਲਾਂ ਪ੍ਰਧਾਨ ਬੈਦਵਾਨ ਨੇ ਲੱਡੂ ਵੰਡੇ। ਇਸ ਮੌਕੇ ਵਿਧਾਇਕਾ ਨੀਨਾ ਮਿੱਤਲ ਨੇ ਕਿਹਾ ਕਿ ਸਰਕਾਰ ਕਿਸਾਨਾਂ ਦੀ ਫਸਲ ਦਾ ਦਾਣਾ-ਦਾਣਾ ਖਰੀਦਣ ਲਈ ਵਚਨਬੱਧ ਹੈ ਅਤੇ ਮੰਡੀਆਂ ਵਿੱਚ ਸਾਰੀਆਂ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਬਾਰਦਾਨੇ ਦੀ ਕੋਈ ਘਾਟ ਨਹੀਂ ਅਤੇ ਅਦਾਇਗੀ 24 ਘੰਟਿਆਂ ਅੰਦਰ ਕਿਸਾਨਾਂ ਦੇ ਖਾਤਿਆਂ ਵਿੱਚ ਕਰ ਦਿੱਤੀ ਜਾਵੇਗੀ। ਦਵਿੰਦਰ ਸਿੰਘ ਬੈਦਵਾਨ ਨੇ ਦੱਸਿਆ ਕਿ ਮੰਡੀ ਵਿੱਚ ਸਫਾਈ, ਪੀਣ ਵਾਲੇ ਪਾਣੀ ਅਤੇ ਛਾਂ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਦਿੱਕਤ ਨਾ ਆਵੇ। ਇਸ ਮੌਕੇ ਆੜਤੀ ਐਸੋਸੀਏਸ਼ਨ ਪ੍ਰਧਾਨ ਦਵਿੰਦਰ ਸਿੰਘ ਬੈਦਵਾਨ, ਡੀ ਐੱਫ ਐੱਸ ਸੀ ਰਵਿੰਦਰ ਕੌਰ, ਮਾਰਕਫੈੱਡ ਇੰਸਪੈਕਟਰ ਲਖਬੀਰ ਸਿੰਘ, ਸੰਜੀਵ ਗੋਇਲ, ਆਤਮ ਪ੍ਰਕਾਸ਼ ਸਚਦੇਵਾ ਲਲਿਤ ਡਾਹਰਾ, ਜਤਿੰਦਰ ਨਾਟੀ, ਹਰੀਸ਼ ਨਰੂਲਾ, ਵਿਜੈ ਕਕੜ, ਰਵੀ ਅਹੂਜਾ ਸਮੇਤ ਅਧਿਕਾਰੀ ਅਤੇ ਆੜ੍ਹਤੀ ਮੌਜੂਦ ਸਨ।

