ਬੀਰਬਲ ਰਿਸ਼ੀ
ਸ਼ੇਰਪੁਰ, 17 ਅਪਰੈਲ
ਕੁਇੰਟਲ ਤੇ ਕਿੱਲੋ ਦਾ ਕੱਟ ਲਗਾਕੇ ਕਣਕ ਦੀ ਖ਼ਰੀਦ ਤੋਂ ਅਧਿਕਾਰੀ ਬੇਖ਼ਬਰ ਦੇ ਸਿਰਲੇਖ ਹੇਠ ‘ਪੰਜਾਬੀ ਟ੍ਰਿਬਿਊਨ’ ‘ਚ ਛਪੀ ਖ਼ਬਰ ਦਾ ਅਸਰ ਉਸ ਸਮੇਂ ਵੇਖਣ ਨੂੰ ਮਿਲਿਆ ਜਦੋਂ ਅੱਜ ਸ਼ਾਮ ਮੰਡੀ ਦਾ ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ ਨੇ ਦੌਰਾ ਕੀਤਾ। ਇਸ ਤੋਂ ਪਹਿਲਾਂ ਸਵੇਰੇ ਐੱਸਡੀਐੱਮ ਧੂਰੀ ਲਤੀਫ਼ ਅਹਿਮਦ ਮਾਰਕੀਟ ਕਮੇਟੀ ਸ਼ੇਰਪੁਰ ਦੇ ਦਫ਼ਤਰ ਪਹੁੰਚ ਗਏ। ਮਾਰਕੀਟ ਕਮੇਟੀ ਦਫ਼ਤਰ ਤੋਂ ਐੱਸਡੀਐੱਮ ਸੈਕਟਰੀ ਰਸਵੀਰ ਸਿੰਘ ਅਤੇ ਪੱਤਰਕਾਰ ਪੈਦਲ ਚੱਲਕੇ ਇੱਕ ਆੜ੍ਹਤ ਦੀ ਦੁਕਾਨ ‘ਤੇ ਪੁੱਜੇ ਪਰ ਉੱਥੇ ਕੋਈ ਜਿੰਮੇਵਾਰ ਵਿਅਕਤੀ ਨਾ ਮਿਲਿਆ ਤਾਂ ਉਨ੍ਹਾਂ ਮਾਰਕੀਟ ਕਮੇਟੀ ਦੇ ਅਮਲੇ ਅਤੇ ਪੱਤਰਕਾਰਾਂ ਸਮੇਤ ਮੰਡੀ ਦਾ ਪੂਰਾ ਚੱਕਰ ਲਗਾਇਆ। ਆੜ੍ਹਤੀਆਂ ਕਿਸਾਨਾਂ ਨਾਲ ਮਹਿਜ਼ ਕਣਕ ਦੇ ਨਿੱਕਲੇ ਝਾੜ, ਡੂੰਘੇ ਹੋ ਰਹੇ ਪਾਣੀਆਂ ਨੂੰ ਬਚਾਉਣ ਲਈ ਝੋਨੇ ਦੀ ਬਿਜਾਈ ਸਬੰਧੀ ਗੱਲਬਾਤ ਕਰਨ ਮਗਰੋਂ ਮਾਰਕੀਟ ਕਮੇਟੀ ਦੇ ਦਫ਼ਤਰ ਚੋਣਵੇਂ ਆੜ੍ਹਤੀਆਂ, ਕਿਸਾਨਾਂ ਅਤੇ ਮੀਡੀਆ ਕਰਮੀਆਂ ਨਾਲ ਸਾਂਝੀ ਮੀਟਿੰਗ ਕੀਤੀ। ਮੀਟਿੰਗ ਵਿੱਚ ਕਿਸਾਨ ਰਣਜੀਤ ਸਿੰਘ ਦੱਸਿਆ ਕਿ ਬੀਤੀ ਰਾਤ ਈਨਾਬਾਜਵਾ ‘ਚ ਉਸ ਨੂੰ ਨਿਰਧਾਰਤ ਤੋਂ ਵੱਧ ਤੋਲ ਕਾਰਨ 5 ਰੁਪਏ ਗੱਟੇ ਦਾ ਨੁਕਸਾਨ ਹੋਇਆ ਪਰ ਇਸ ’ਤੇ ਕਿਸੇ ਨੇ ਕਾਰ਼ਵਾਈ ਲਈ ਹਿੱਕ ਨਾ ਥਾਪੜੀ। ਐੱਸਡੀਐੱਮ ਧੂਰੀ ਜਾਂਦੇ ਹੋਏ ਸੈਕਟਰੀ ਰਸਵੀਰ ਸਿੰਘ ਨੂੰ ਨਿਰਪੱਖ ਜਾਂਚ ਲਈ ਕਹਿ ਗਏ।