ਲਹਿਰਾਗਾਗਾ ਤੋਂ ਪੱਛੜੇਪਣ ਦਾ ਦਾਗ ਹਟਾਵਾਂਗੇ: ਸੁਖਬੀਰ
ਲਹਿਰਾਗਾਗਾ ਦੇ ਕੲੀ ਆਗੂ ਤੇ ਨੌਜਵਾਨ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ; ਪਾਰਟੀ ਪ੍ਰਧਾਨ ਨੇ ਸਵਾਗਤ ਕੀਤਾ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਸਰਕਾਰ ਬਣਨ ’ਤੇ ਲਹਿਰਾਗਾਗਾ ਹਲਕੇ ਦਾ ਪੱਛੜੇਪਣ ਦਾ ਦਾਗ ਧੋ ਦਿੱਤਾ ਜਾਵੇਗਾ। ਉਨ੍ਹਾਂ ਨੇ ਦਾਅਵਾ ਅੱਜ ਐਡਵੋਕੇਟ ਗਗਨਦੀਪ ਸਿੰਘ ਖੰਡੇਬਦ ਹਲਕਾ ਇੰਚਾਰਜ ਲਹਿਰਾਗਾਗਾ ਦੇ ਯਤਨਾਂ ਸਦਕਾ ਵੱਡੀ ਗਿਣਤੀ ਵਿੱਚ ਆਗੂ ਤੇ ਵਰਕਰਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕਰਨ ਮੌਕੇ ਕੀਤਾ। ਅਕਾਲੀ ਦਲ ਦੇ ਪ੍ਰਧਾਨ ਨੇ ਸਭ ਨੂੰ ਸਿਰੋਪਾ ਦੇ ਕੇ ਪਾਰਟੀ ਵਿੱਚ ਸ਼ਾਮਿਲ ਕੀਤਾ। ਸ੍ਰੀ ਬਾਦਲ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਤੁਹਾਨੂੰ ਇੱਕ ਟਕਸਾਲੀ ਅਤੇ ਇਮਾਨਦਾਰ ਪਰਿਵਾਰ ਵਿੱਚੋ ਹਲਕਾ ਇੰਚਾਰਜ ਦਿੱਤਾ ਹੈ। ਜਿਸ ਨੇ ਪਾਰਟੀ ਲਈ ਦਿਨ ਰਾਤ ਇੱਕ ਕੀਤਾ ਹੈ। ਸਰਕਾਰ ਬਣਨ ਤੇ ਉਹ ਹਲਕਾ ਲਹਿਰਾਗਾਗਾ ਤੋਂ ਪੱਛੜੇਪਣ ਦਾ ਦਾਗ ਉਤਾਰ ਦੇਣਗੇ|’’ ਇਸ ਮੌਕੇ ਮੁਖਤਿਆਰ ਸਿੰਘ ਕੰਬੋਜ ਐੱਮ ਸੀ ਮੂਨਕ, ਜਗਰਾਜ ਸਿੰਘ ਬਖੋਰਾ ਪੰਚਾਇਤ ਸਮਿਤੀ ਮੈਬਰ, ਯੂਥ ਆਗੂ ਰਣਵੀਰ ਸਿੰਘ ਚੋਟੀਆਂ, ਕੁਲਜੀਤ ਜੀਤਾ ਭੁਟਾਲ ਖੁਰਦ, ਹਰਪਾਲ ਸਿੰਘ ਭਾਜਪਾ ਆਗੂ, ਅਮਨਦੀਪ ਸਿੰਘ ਧਾਲੀਵਾਲ ਹਮੀਰਗੜ੍ਹ, ਸਾਬਕਾ ਸਰਪੰਚ ਧਰਮਵੀਰ ਬੋਪੁਰ, ਵਜੀਰ ਬੋਪੁਰ ਸਮੇਤ ਦਰਜਨਾਂ ਵਿਅਕਤੀ ਵੱਖ-ਵੱਖ ਪਾਰਟੀਆਂ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋਏ|

