DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸ਼ਹੀਦਾਂ ਦੇ ਸੁਪਨਿਆਂ ਦਾ ਪੰਜਾਬ ਸਿਰਜ ਰਹੇ ਹਾਂ: ਖੁੱਡੀਆਂ

ਮੁਲਕ ਦੇ 80ਵੇਂ ਆਜ਼ਾਦੀ ਦਿਹਾੜੇ ਮੌਕੇ ਪਟਿਆਲਾ ’ਚ ਕੌਮੀ ਝੰਡਾ ਲਹਿਰਾਇਆ; ਪੰਜਾਬੀ ’ਵਰਸਿਟੀ ਵਿੱਚ ਵੀ ਸੀ ਨੇ ਤਿਰੰਗਾ ਲਹਿਰਾਇਆ

  • fb
  • twitter
  • whatsapp
  • whatsapp
featured-img featured-img
ਪਟਿਆਲਾ ਵਿੱਚ ਕੈਬਨਿਟ ਮੰਤਰੀ ਗੁਰਮੀਤ ਖੁੱਡੀਆਂ ਪਰੇਡ ਤੋਂ ਸਲਾਮੀ ਲੈਂਦੇ ਹੋਏ। -ਫੋਟੋ: ਰਾਜੇਸ਼ ਸੱਚਰ
Advertisement

ਦੇਸ਼ ਦੇ 80ਵੇਂ ਆਜ਼ਾਦੀ ਦਿਹਾੜੇ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਰਵਾਏ ਗਏ ਸਮਾਗਮ ਦੌਰਾਨ ਕੌਮੀ ਝੰਡਾ ਖੇਤੀਬਾੜੀ, ਕਿਸਾਨ ਭਲਾਈ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਫੂਡ ਪ੍ਰੋਸੈਸਿੰਗ ਵਿਭਾਗ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਲਹਿਰਾਇਆ। ਉਨ੍ਹਾਂ ਪਰੇਡ ਦਾ ਨਿਰੀਖਣ ਕੀਤਾ, ਮਾਰਚ ਪਾਸਟ ਤੋਂ ਸਲਾਮੀ ਲਈ ਅਤੇ ਆਜ਼ਾਦੀ ਘੁਲਾਟੀਆਂ ਦੇ ਪਰਿਵਾਰਾਂ ਦੇ ਉਤਰਾਧਿਕਾਰੀਆਂ ਸਮੇਤ ਵਧੀਆ ਕਾਰਗੁਜ਼ਾਰੀ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ। ਉਨ੍ਹਾਂ ਨਾਲ ਡੀ ਸੀ ਡਾ. ਹਿਮਾਂਸ਼ੂ ਅਗਰਵਾਲ ਤੇ ਐੱਸ ਐੱਸ ਪੀ ਵਰੁਣ ਸ਼ਰਮਾ ਮੌਜੂਦ ਰਹੇ। ਸ੍ਰੀ ਖੁੱਡੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹੀਦਾਂ ਦੇ ਸੁਪਨਿਆਂ ਦਾ ਰੰਗਲਾ ਪੰਜਾਬ ਸਿਰਜ ਰਹੀ ਹੈ। ਇਸ ਦੌਰਾਨ ਪਰੇਡ ਕਮਾਂਡਰ ਡੀ ਐੱਸ ਪੀ ਫ਼ਤਿਹ ਸਿੰਘ ਬਰਾੜ ਦੀ ਅਗਵਾਈ ਹੇਠ ਪਰੇਡ ਵਿੱਚ ਸ਼ਾਮਲ 10 ਟੁਕੜੀਆਂ ਨੇ ਮਾਰਚ ਪਾਸਟ ਕਰਦਿਆਂ ਸਲਾਮੀ ਦਿੱਤੀ। ਮੁੱਖ ਮਹਿਮਾਨ ਨੇ 7 ਲਾਭਪਾਤਰੀ ਤੇ ਲੋੜਵੰਦ ਮਹਿਲਾਵਾਂ ਨੂੰ ਸਿਲਾਈ ਮਸ਼ੀਨਾਂ, 6 ਟਰਾਈਸਾਈਕਲ ਤੇ 1 ਵੀਲ੍ਹ ਚੇਅਰ ਦਿੱਤੀ। ਉਨ੍ਹਾਂ 17 ਅਗਸਤ ਨੂੰ ਜ਼ਿਲ੍ਹੇ ਦੇ ਸਾਰੇ ਸਰਕਾਰੀ ਤੇ ਪ੍ਰਾਈਵੇਟ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਵੀ ਕੀਤਾ। ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਜਦਕਿ ਮੀਰੀ ਪੀਰੀ ਰਣਜੀਤ ਅਖਾੜਾ ਬੁੱਢਾ ਦਲ ਤੇ ਸਕੂਲਾਂ-ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਗਤਕੇ ਦੇ ਜੌਹਰ ਦਿਖਾਏ ਗਏ। ਇਸ ਦੌਰਾਨ ਸਿੱਖਿਆ, ਪੁਲੀਸ, ਸਿਹਤ, ਜੰਗਲਾਤ, ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ, ਖੇਤੀਬਾੜੀ ਤੇ ਕਿਸਾਨ ਭਲਾਈ ਅਤੇ ਖੇਡ ਵਿਭਾਗਾਂ ਸਮੇਤ ਨਗਰ ਨਿਗਮ ਦੀਆਂ ਵਿਕਾਸ ਕਾਰਜਾਂ ਨੂੰ ਦਰਸਾਉਂਦੀਆਂ ਝਾਕੀਆਂ ਵੀ ਕੱਢੀਆਂ ਗਈਆਂ। ਮੰਤਰੀ ਨੇ ਚਾਰ ਸ਼ਹੀਦ ਪਰਿਵਾਰਾਂ ਅਤੇ ਆਈ ਏ ਐੱਸ ਬਣਨ ਵਾਲੇ ਸਿਮਰਨਦੀਪ ਕੌਰ, ਰਸਨੀਤ ਕੌਰ ਤੇ ਜਯੰਤ ਗਰਗ ਨੂੰ ਸਨਮਾਨਿਤ ਕੀਤਾ। ਵਿਮੈੱਨ ਕਾਲਜ ਦੀਆਂ ਵਿਦਿਆਰਥਣਾਂ ਨੇ ਰਾਸ਼ਟਰੀ ਗੀਤ ਗਾਇਆ ਜਦਕਿ ਵਾਣੀ ਇੰਟੇਗ੍ਰੇਟਿਡ ਸਕੂਲ ਫਾਰ ਡੈੱਫ ਐਂਡ ਸਪੈਸ਼ਲ ਚਿਲਡਰਨ ਨੇ ਸਾਈਨ ਲੈਂਗੂਏਜ਼ ਨਾਲ ਰਾਸ਼ਟਰੀ ਗੀਤ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਐੱਮ ਪੀ ਡਾ. ਧਰਮਵੀਰ ਗਾਂਧੀ, ਵਿਧਾਇਕ ਅਜੀਤਪਾਲ ਕੋਹਲੀ, ਚੇਤਨ ਸਿੰਘ ਜੌੜਾਮਾਜਰਾ, ਗੁਰਲਾਲ ਘਨੌਰ, ਹਲਕਾ ਇੰਚਾਰਜ ਰਣਜੋਧ ਹਡਾਣਾ, ਮੇਅਰ ਕੁੰਦਨ ਗੋਗੀਆ, ਚੇਅਰਮੈਨ ਬਲਜਿੰਦਰ ਢਿੱਲੋਂ, ਤੇਜਿੰਦਰ ਮਹਿਤਾ, ਹਰਪਾਲ ਵਿਰਕ, ਗੁਰਪ੍ਰੀਤ ਧਮੌਲੀ, ਜਗਦੀਪ ਜੱਗਾ, ਅਸ਼ੋਕ ਸਿਰਸਵਾਲ ਤੇੇ ਸੰਜੀਵ ਗੁਪਤਾ ਤੇ ਜ਼ਿਲ੍ਹਾ ਅਤੇ ਸੈਸ਼ਨਜ ਜੱਜ ਅਵਤਾਰ ਸਿੰਘ, ਪਦਮਸ੍ਰੀ ਜਗਜੀਤ ਸਿੰਘ ਦਰਦੀ ਤੇ ਰੰਗਰਕਮੀ ਪ੍ਰਾਣ ਸੱਭਰਵਾਲ, ਵੀ ਸੀ ਡਾ. ਜਗਦੀਪ ਸਿੰਘ, ਡਾ. ਜੈਸ਼ੰਕਰ ਸਿੰਘ, ਡਾ. ਰਤਨ ਸਿੰਘ, ਡਿਵੀਜ਼ਨਲ ਕਮਿਸ਼ਨਰ ਵਿਨੈ ਬੁਬਲਾਨੀ, ਏ ਡੀ ਸੀ (ਜ) ਦਮਨਜੀਤ ਮਾਨ, ਅਨੁਪ੍ਰਿਤਾ ਜੌਹਲ ਤੇ ਨਗਰ ਨਿਗਮ ਕਮਿਸ਼ਨਰ ਪੂਜਾ ਸਿਆਲ ਮੌਜੂਦ ਸਨ।

ਪੰਜਾਬੀ ਯੂਨੀਵਰਸਿਟੀ ਵਿੱਚ ਸੁਤੰਤਰਤਾ ਦਿਵਸ ਸਮਾਗਮ ਮੌਕੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ। ਆਜ਼ਾਦੀ ਦਿਵਸ ਦੀ ਵਧਾਈ ਦਿੰਦਿਆਂ ਪੰਜਾਬੀ ਯੂਨੀਵਰਸਿਟੀ ਦੇ ਮੂਲ ਮੰਤਵ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਆਪਣੀ ਅਮੀਰ ਪਰੰਪਰਾ ਅਤੇ ਸੱਭਿਆਚਾਰ ਨੂੰ ਸਾਂਭਣਾ ਇਸ ਅਦਾਰੇ ਦੀ ਮੁੱਖ ਜ਼ਿੰਮੇਵਾਰੀ ਹੈ। ਸਮਾਗਮ ਦੌਰਾਨ ਯੂਨੀਵਰਸਿਟੀ ਦੀ ਰਵਾਇਤ ਨੂੰ ਕਾਇਮ ਰੱਖਦਿਆਂ ਪ੍ਰਿੰਸੀਪਲ ਸਤਵੀਰ ਗਿੱਲ ਦੀ ਅਗਵਾਈ ਹੇਠ ਪੰਜਾਬੀ ਯੂਨੀਵਰਸਿਟੀ ਮਾਡਲ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਪਰੇਡ ਪੇਸ਼ ਕੀਤੀ ਗਈ, ਜਿਸ ਤੋਂ ਉਪ-ਕੁਲਪਤੀ ਨੇ ਸਲਾਮੀ ਲਈ। ਇਸ ਮੌਕੇ ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਬਰਾੜ ਅਤੇ ਰਜਿਸਟਰਾਰ ਵੱਲੋਂ ਵਿਚਾਰ ਪ੍ਰਗਟਾਏ ਗਏ।

Advertisement

ਲੌਂਗੋਵਾਲ (ਨਿੱਜੀ ਪੱਤਰ ਪ੍ਰੇਰਕ): ਮੁਲਕ ਦੇ 80ਵੇਂ ਆਜ਼ਾਦੀ ਦਿਹਾੜੇ ਮੌਕੇ ਨਗਰ ਕੌਂਸਲ ਦਫ਼ਤਰ ਵਿੱਚ ਪ੍ਰਧਾਨ ਰਛਪਾਲ ਕੌਰ ਢਿੱਲੋਂ ਨੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ। ਜੈਦ ਪੱਤੀ ਲੌਂਗੋਵਾਲ ਦੇ ਮਿਡਲ ਸਕੂਲ ਤੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੇ ਰਲ ਮਿਲ ਕੇ ਰਾਸ਼ਟਰੀ ਗੀਤ ਗਾਇਆ ਅਤੇ ਬੱਚਿਆਂ ਵੱਲੋਂ ਸਭਿਆਚਾਰਕ ਵੰਨਗੀਆਂ ਤੇ ਦੇਸ਼ ਭਗਤੀ ਦੇ ਗੀਤ ਵੀ ਪੇਸ਼ ਕੀਤੇ ਗਏ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਸਿੰਘ ਬੰਟੀ, ਮੀਤ ਪ੍ਰਧਾਨ ਕਰਮਜੀਤ ਸਿੰਘ, ਬਲਵਿੰਦਰ ਸਿੰਘ ਢਿੱਲੋਂ ਜੇ ਈ, ਮੇਲਾ ਸਿੰਘ ਸੂਬੇਦਾਰ, ਅੰਮ੍ਰਿਤਪਾਲ ਸਿੰਘ ਸਿੱਧੂ, ਹਰਪ੍ਰੀਤ ਸ਼ਰਮਾ, ਜਤਿੰਦਰ ਰਿਸ਼ੀ, ਡਾ. ਮੋਹਨ ਸਿੰਘ ਤੇ ਮਾਸਟਰ ਗੁਰਵਿੰਦਰ ਸਿੰਘ ਤੇ ਦਰਸ਼ਕ ਹਾਜ਼ਰ ਸਨ।

Advertisement

ਸੰਗਰੂਰ ’ਚ ਸੌਂਦ ਨੇ ਕੌਮੀ ਝੰਡਾ ਲਹਰਾਇਆ

ਸੰਗਰੂਰ (ਗੁਰਦੀਪ ਸਿੰਘ ਲਾਲੀ): ਦੇਸ਼ ਦੇ 80ਵੇਂ ਆਜ਼ਾਦੀ ਦਿਵਸ ਮੌਕੇ ਜ਼ਿਲ੍ਹਾ ਪੱਧਰੀ ਸਮਾਗਮ ਪੁਲੀਸ ਲਾਈਨ ਸਟੇਡੀਅਮ ਵਿੱਚ ਕਰਵਾਇਆ ਗਿਆ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕੌਮੀ ਝੰਡਾ ਲਹਿਰਾਇਆ ਅਤੇ ਪਰੇਡ ਤੋਂ ਸਲਾਮੀ ਲਈ। ਸਮਾਗਮ ’ਚ ਵਿਧਾਇਕ ਨਰਿੰਦਰ ਕੌਰ ਭਰਾਜ ਵੀ ਸ਼ਾਮਲ ਸਨ। ਇਸ ਮੌਕੇ ਵੱਖ-ਵੱਖ ਟੁਕੜੀਆਂ ਵੱਲੋਂ ਸ਼ਾਨਦਾਰ ਪਰੇਡ ਕੀਤੀ ਗਈ ਅਤੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਕੈਬਨਿਟ ਮੰਤਰੀ ਵਲੋਂ ਆਜ਼ਾਦੀ ਘੁਲਾਟੀਆਂ ਅਤੇ ਉਨ੍ਹਾਂ ਦੇ ਵਾਰਸਾਂ ਦਾ ਸਨਮਾਨ ਵੀ ਕੀਤਾ ਗਿਆ। ਵੱਖ-ਵੱਖ ਖੇਤਰਾਂ ਵਿੱਚ ਸ਼ਲਾਘਾਯੋਗ ਕੰਮ ਕਰਨ ਵਾਲੀਆਂ ਸ਼ਖ਼ਸੀਅਤਾਂ, ਪਰੇਡ ਵਿੱਚ ਹਿੱਸਾ ਲੈਣ ਵਾਲੇ ਜਵਾਨਾਂ, ਪਲਟੂਨ ਕਮਾਂਡਰਾਂ ਅਤੇ ਪ੍ਰੋਗਰਾਮ ਦੀ ਤਿਆਰੀ ਵਿੱਚ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ। ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਨੇ ਪੁਲੀਸ ਲਾਈਨ ਸ਼ਹੀਦੀ ਸਮਾਰਕ ’ਚ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ। ਇਸ ਮੌਕੇ ਕੈਬਨਿਟ ਮੰਤਰੀ ਸ੍ਰੀ ਸੌਂਦ ਨੇ ਕਿਹਾ ਕਿ ਸੰਗਰੂਰ ਜ਼ਿਲ੍ਹੇ ਦੇ 57 ਆਜ਼ਾਦੀ ਘੁਲਾਟੀਆਂ ਨੇ ਦੇਸ਼ ਦੀ ਆਜ਼ਾਦੀ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਜਦਕਿ ਦੇਸ਼ ਦੀ ਰੱਖਿਆ ਲਈ ਲੜੀਆਂ ਗਈਆਂ ਜੰਗਾਂ ਵਿੱਚ ਵੀ ਜ਼ਿਲ੍ਹੇ ਦੇ 100 ਤੋਂ ਵੱਧ ਜਵਾਨਾਂ ਨੇ ਸ਼ਹਾਦਤ ਦਾ ਜਾਮ ਪੀਤਾ। ਇਸ ਮੌਕੇ ਚੇਅਰਮੈਨ ਮਹਿੰਦਰ ਸਿੰਘ ਸਿੱਧੂ, ਚੇਅਰਮੈਨ ਗੁਰਮੇਲ ਸਿੰਘ ਘਰਾਚੋਂ, ਚੇਅਰਮੈਨ ਦਲਵੀਰ ਸਿੰਘ ਢਿੱਲੋਂ, ਚੇਅਰਮੈਨ ਅਵਤਾਰ ਸਿੰਘ ਈਲਵਾਲ, ਪਤਵੰਤੇ ਅਤੇ ਵਿਦਿਆਰਥੀ ਤੇ ਸੰਗਰੂਰ ਵਾਸੀ ਹਾਜ਼ਰ ਸਨ।

ਆਜ਼ਾਦੀ ਦਿਹਾੜੇ ਮੌਕੇ ਚੇਅਰਮੈਨਾਂ ਨੂੰ ਨਾ ਮਿਲੀ ਕੁਰਸੀ!

ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਇੱਥੇ ਝੰਡਾ ਗਰਾਊਂਡ ਵਿੱਚ ਆਜ਼ਾਦੀ ਦਿਵਸ ਸਮਾਗਮ ਦੌਰਾਨ ਮਾਰਕੀਟ ਕਮੇਟੀ ਰਾਜਪੁਰਾ ਦੇ ਚੇਅਰਮੈਨ ਦੀਪਕ ਸੂਦ ਅਤੇ ਘਨੌਰ ਦੇ ਚੇਅਰਮੈਨ ਜਰਨੈਲ ਸਿੰਘ ਮਨੂ ਨੂੰ ਸਟੇਜ ’ਤੇ ਬੈਠਣ ਲਈ ਕੁਰਸੀਆਂ ਹੀ ਨਾ ਮਿਲੀਆਂ। ਐੱਸ ਡੀ ਐੱਮ ਰਵਿੰਦਰ ਸਿੰਘ ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ। ਦੋਵੇਂ ਚੇਅਰਮੈਨ ਕਾਫ਼ੀ ਦੇਰ ਤੱਕ ਸਟੇਜ ’ਤੇ ਖੜ੍ਹੇ ਰਹੇ ਅਤੇ ਬਾਅਦ ਵਿੱਚ ਸਟੇਜ ਦੀਆਂ ਪੌੜੀਆਂ ’ਤੇ ਬੈਠ ਕੇ ਬੱਚਿਆਂ ਵੱਲੋਂ ਪੇਸ਼ ਕੀਤੇ ਸੱਭਿਆਚਾਰਕ ਪ੍ਰੋਗਰਾਮ ਦੀ ਤਾੜੀਆਂ ਮਾਰ ਕੇ ਹੌਸਲਾ-ਅਫ਼ਜ਼ਾਈ ਕਰਦੇ ਰਹੇ। ਦਿਲਚਸਪ ਗੱਲ ਇਹ ਰਹੀ ਕਿ ਮੌਕੇ ’ਤੇ ਮੌਜੂਦ ਐੱਸ ਡੀ ਐੱਮ ਸਮੇਤ ਹੋਰ ਪ੍ਰਸ਼ਾਸਨਿਕ ਅਧਿਕਾਰੀ ਇਹ ਸਭ ਕੁਝ ਦੇਖਦੇ ਰਹੇ, ਪਰ ਕਿਸੇ ਨੇ ਵੀ ਉਨ੍ਹਾਂ ਨੂੰ ਕੁਰਸੀ ਮੁਹੱਈਆ ਕਰਵਾਉਣ ਦੀ ਜ਼ਹਿਮਤ ਨਹੀਂ ਕੀਤੀ। ਸਮਾਗਮ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੀਪਕ ਸੂਦ ਅਤੇ ਜਰਨੈਲ ਸਿੰਘ ਮਨੂ ਨੇ ਇਸ ਨੂੰ ਆਪਣੀ ਬੇਇੱਜ਼ਤੀ ਲਈ ਸੋਚੀ-ਸਮਝੀ ਸਾਜ਼ਿਸ਼ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪ੍ਰੋਟੋਕਾਲ ਮੁਤਾਬਕ ਉਨ੍ਹਾਂ ਲਈ ਕੁਰਸੀਆਂ ਰਾਖਵੀਆਂ ਹੋਣੀਆਂ ਚਾਹੀਦੀਆਂ ਸਨ ਅਤੇ ਉਨ੍ਹਾਂ ਨੂੰ ਬਾਕਾਇਦਾ ਸੱਦਾ-ਪੱਤਰ ਭੇਜਿਆ ਗਿਆ ਸੀ। ਦੀਪਕ ਸੂਦ ਨੇ ਕਿਹਾ ਕਿ ਉਹ ਅਣਗਹਿਲੀ ਵਰਤਣ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਲਈ ਉੱਚ ਅਧਿਕਾਰੀਆਂ ਨੂੰ ਲਿਖਤੀ ਸ਼ਿਕਾਇਤ ਕਰਨਗੇ। ਉੱਧਰ, ਐੱਸ ਡੀ ਐੱਮ ਰਾਜਪੁਰਾ ਰਵਿੰਦਰ ਸਿੰਘ ਨੇ ਕਿਹਾ ਕਿ ਦੋਵਾਂ ਚੇਅਰਮੈਨਾਂ ਲਈ ਕੁਰਸੀਆਂ ਲੱਗੀਆਂ ਹੋਈਆਂ ਸਨ।

ਸਰਕਾਰੀ ਸਮਾਗਮਾਂ ’ਚ ਹਿੱਸਾ ਲੈਣ ਵਾਲੇ ਸਕੂਲਾਂ ’ਚ ਅੱਜ ਛੁੱਟੀ

ਸੰਗਰੂਰ (ਖੇਤਰੀ ਪ੍ਰਤੀਨਿਧ): ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਨੇ ਜ਼ਿਲ੍ਹਾ ਸੰਗਰੂਰ ਅੰਦਰ 17 ਅਗਸਤ ਨੂੰ ਉਨ੍ਹਾਂ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ’ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਜਿਨ੍ਹਾਂ ਜ਼ਿਲ੍ਹੇ ਵਿੱਚ ਕਰਵਾਏ ਗਏ ਵੱਖ-ਵੱਖ ਸਰਕਾਰੀ ਸਮਾਗਮਾਂ ਵਿੱਚ ਹਿੱਸਾ ਲਿਆ ਹੈ। ਉਨ੍ਹਾਂ ਦੱਸਿਆ ਕਿ ਇਹ ਫੈਸਲਾ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਵਿੱਚ ਵਿਦਿਆਰਥੀਆਂ ਅਤੇ ਸਕੂਲ ਸਟਾਫ਼ ਵੱਲੋਂ ਕੀਤੀ ਗਈ ਸ਼ਮੂਲੀਅਤ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਹੈ।

Advertisement
×