Punjab Health Services: ਦਿੜ੍ਹਬਾ ਹਸਪਤਾਲ ਵਿੱਚ ਪਾਣੀ ਦੀ ਸਮੱਸਿਆ
ਮਰੀਜ਼ ਅਤੇ ਅਮਲਾ ਪ੍ਰੇਸ਼ਾਨ; ਘਰੋਂ ਲਿਆਉਂਦੇ ਨੇ ਪੀਣ ਲਈ ਪਾਣੀ
ਦਿੜ੍ਹਬਾ ਦੇ ਸਿਵਲ ਹਸਪਤਾਲ ਵਿੱਚ ਪੀਣ ਵਾਲੇ ਪਾਣੀ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ, ਜਿਸ ਕਾਰਨ ਮਰੀਜ਼ਾਂ ਅਤੇ ਹਸਪਤਾਲ ਦੇ ਅਮਲੇ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਸਪਤਾਲ ਵਿੱਚ ਲੱਗੇ ਟਿਊਬਵੈੱਲ ਦੀਆਂ ਪਾਈਪਾਂ ਵਿੱਚੋਂ ਪਾਣੀ ਨਾਲ ਰੇਤਾ ਆਉਣ ਕਾਰਨ ਟੂਟੀਆਂ ਅਤੇ ਪਾਈਪਾਂ ਬੰਦ ਰਹੀਆਂ ਹਨ, ਜਿਸ ਨਾਲ ਪਾਣੀ ਦੀ ਟੈਂਕੀ ਅਤੇ ਸੀਵਰੇਜ ਪ੍ਰਬੰਧ ਵੀ ਪ੍ਰਭਾਵਿਤ ਹੋਏ ਹਨ। ਅੱਜ ਅਲਟਰਾਸਾਊਂਡ ਕਰਵਾਉਣ ਆਏ ਕੁਝ ਮਰੀਜ਼ ਵੀ ਪਾਣੀ ਦੀ ਸਹੂਲਤ ਨਾ ਮਿਲਣ ਕਾਰਨ ਵਾਪਸ ਚਲੇ ਗਏ। ਪਿੰਡ ਕੈਂਪਰ ਦੇ ਗੁਰਤੇਜ ਸਿੰਘ ਨੇ ਦੱਸਿਆ ਕਿ ਉਹ ਆਪਣੀ ਗਰਭਵਤੀ ਪਤਨੀ ਨੂੰ ਪਿਛਲੇ ਡੇਢ ਮਹੀਨੇ ਤੋਂ ਹਸਪਤਾਲ ਲਿਆ ਰਿਹਾ ਹੈ, ਪਰ ਪਾਣੀ ਦੀ ਸਮੱਸਿਆ ਲਗਾਤਾਰ ਬਣੀ ਹੋਈ ਹੈ। ਸਥਾਨਕ ਵਾਸੀਆਂ ਨੇ ਇਹ ਮਾਮਲਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਧਿਆਨ ਵਿੱਚ ਵੀ ਲਿਆਂਦਾ ਹੈ। ਇਸ ਤੋਂ ਇਲਾਵਾ ਹਸਪਤਾਲ ਵਿੱਚ ਇੱਕੋ ਫਾਰਮਾਸਿਸਟ ਹੋਣ ਅਤੇ ਉਸ ਦੀ ਇੱਕ ਮਹੀਨੇ ਲਈ ਸੰਗਰੂਰ ਜੇਲ੍ਹ ਵਿੱਚ ਡਿਊਟੀ ਲੱਗਣ ਕਾਰਨ ਦਵਾਈਆਂ ਦੇ ਕੰਮ ਦਾ ਵਾਧੂ ਬੋਝ ਵੀ ਸਟਾਫ਼ ’ਤੇ ਪੈ ਰਿਹਾ ਹੈ। ਐੱਸਐੱਮਓ ਬਲਵਿੰਦਰ ਕੌਰ ਕਾਹਲੋਂ ਨੇ ਦੱਸਿਆ ਕਿ ਪਾਣੀ ਦੀ ਮੋਟਰ ਕਾਫ਼ੀ ਪੁਰਾਣੀ ਹੋਣ ਕਾਰਨ ਖ਼ਰਾਬ ਹੋ ਗਈ ਸੀ ਅਤੇ ਇਹ ਸਮੱਸਿਆ ਕਾਫੀ ਸਮੇਂ ਤੋਂ ਚੱਲ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਸੀ, ਜਿਸ ਮਗਰੋਂ ਹੁਣ ਨਵੀਂ ਮੋਟਰ ਲਾਉਣ ਦੀ ਮਨਜ਼ੂਰੀ ਮਿਲ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮੋਟਰ ਲੱਗਣ ਮਗਰੋਂ ਪਾਣੀ ਦੀ ਸਮੱਸਿਆ ਜਲਦੀ ਹੱਲ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਫਾਰਮਾਸਿਸਟ ਵੀ ਅਗਲੇ ਮਹੀਨੇ ਵਾਪਸ ਆ ਜਾਵੇਗਾ।

