DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਬੇਮੌਸਮੀ ਬਾਰਸ਼ ਨੇ ਅੰਨਦਾਤਾ ਨੂੰ ਫਿਕਰਾਂ ਵਿੱਚ ਪਾਇਆ

ਤੇਜ਼ ਹਵਾਵਾਂ ਨੇ ਖੇਤਾਂ ’ਚ ਕਣਕ ਦੀ ਫ਼ਸਲ ਵਿਛਾੲੀ; ਸਾਰਾ ਦਿਨ ਛਾਏ ਰਹੇ ਬੱਦਲ ; ਵਾਢੀ ਦੀ ਤਿਆਰੀ ’ਚ ਕਿਸਾਨ

  • fb
  • twitter
  • whatsapp
  • whatsapp
featured-img featured-img
ਸੰਗਰੂਰ ਨੇੜੇ ਖੇਤਾਂ ਵਿੱਚ ਵਿਛੀ ਕਣਕ ਨੂੰ ਦੇਖ ਕੇ ਝੂਰਦਾ ਹੋਇਆ ਕਿਸਾਨ। -ਫੋਟੋ: ਪਵਨ ਸ਼ਰਮਾ
Advertisement

ਖੇਤਾਂ ਵਿਚ ਕਣਕ ਦੀ ਫ਼ਸਲ ਪੂਰੀ ਤਰ੍ਹਾਂ ਪੱਕ ਕੇ ਵਾਢੀ ਲਈ ਤਿਆਰ ਹੈ ਅਤੇ ਕਣਕ ਦੀ ਫ਼ਸਲ ਦੀ ਖਰੀਦ ਵੀ ਸ਼ੁਰੂ ਹੋ ਗਈ, ਜਦਕਿ ਮੌਸਮ ਬਦਲੇ ਮਿਜ਼ਾਜ਼ ਕਾਰਨ ਕਿਸਾਨ ਫ਼ਿਕਰਮੰਦ ਹਨ। ਬੀਤੀ ਰਾਤ ਹੋਈ ਤੇਜ਼ ਬਾਰਸ਼ ਅਤੇ ਵਗੀਆਂ ਤੇਜ਼ ਹਵਾਵਾਂ ਨੇ ਖੇਤਾਂ ਵਿਚ ਪੱਕ ਕੇ ਵਾਢੀ ਲਈ ਤਿਆਰ ਖੜ੍ਹੀ ਕਣਕ ਦੀ ਫ਼ਸਲ ਵਿਛਾ ਦਿੱਤੀ। ਅੱਜ ਵੀ ਸਾਰਾ ਦਿਨ ਆਸਮਾਨ ਵਿਚ ਬੱਦਲ ਛਾਏ ਰਹੇ, ਜਿਸਨੇ ਅੰਨਦਾਤੇ ਦੀ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਕਿਸਾਨ ਇੰਨੀ ਦਿਨੀਂ ਕਣਕ ਦੀ ਵਾਢੀ ਦੀਆਂ ਤਿਆਰੀਆਂ ਵਿਚ ਜੁਟਿਆ ਹੋਇਆ ਹੈ। ਖੇਤਾਂ ਵਿਚ ਵਿਛੀ ਕਣਕ ਦੀ ਫਸਲ ਕਾਰਨ ਝਾੜ ਘਟਨ ਦਾ ਵੀ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਪਿੰਡ ਬਡਰੁੱਖਾਂ ਦੇ ਕਿਸਾਨ ਮੱਘਰ ਸਿੰਘ ਦਾ ਕਹਿਣਾ ਹੈ ਕਿ ਉਹ ਕਣਕ ਦੀ ਵਾਢੀ ਲਈ ਤਿਆਰੀਆਂ ਕਰ ਰਹੇ ਸਨ ਪਰ ਬੀਤੀ ਰਾਤ ਹੋਈ ਬਾਰਸ਼ ਤੇ ਵਗੀਆਂ ਤੇਜ਼ ਹਵਾਵਾਂ ਕਾਰਨ ਚਿੰਤਾ ਜ਼ਰੂਰ ਵਧ ਗਈ ਹੈ। ਪਿੰਡ ਮੰਗਵਾਲ ਦੇ ਕਿਸਾਨ ਰਾਜਪਾਲ ਸਿੰਘ ਦਾ ਕਹਿਣਾ ਹੈ ਕਿ ਰਾਤ ਹੋਈ ਤੇਜ਼ ਬਾਰਸ਼ ਕਾਰਨ ਵੱਡੀ ਤਾਦਾਦ ਵਿਚ ਕਣਕ ਦੀ ਫਸਲ ਖੇਤਾਂ ਵਿਚ ਵਿਛ ਗਈ ਹੈ ਜਿਸ ਕਾਰਨ ਕਣਕ ਦੀ ਵਾਢੀ ਪਛੜ ਸਕਦੀ ਹੈ ਕਿਉਂਕਿ ਖੇਤਾਂ ਵਿਚ ਵਿਛੀ ਕਣਕ ਦੀ ਕੰਬਾਇਨ ਨਾਲ ਕਟਾਈ ਕਰਨੀ ਮੁਸ਼ਕਲ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਹਕੂਮਤਾਂ ਤਾਂ ਪਹਿਲਾਂ ਹੀ ਕਿਸਾਨ ਵਿਰੋਧੀ ਸਾਬਤ ਹੋ ਰਹੀਆਂ ਹਨ ਪਰ ਹੁਣ ਤਾਂ ਅੰਨਦਾਤੇ ਦਾ ਰੱਬ ਹੀ ਰਾਖਾ ਹੈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਪ੍ਰਧਾਨ ਸੰਗਰੂਰ ਸਤਨਾਮ ਸਿੰਘ ਰੱਤੋਕੇ ਨੇ ਕਿਹਾ ਕਿ ਵੱਡੀ ਪੱਧਰ ’ਤੇ ਫ਼ਸਲ ਖੇਤਾਂ ਵਿਚ ਵਿਛ ਗਈ ਹੈ ਜਿਸ ਕਾਰਨ ਕਿਸਾਨਾਂ ਨੂੰ ਨੁਕਸਾਨ ਝੱਲਣਾ ਪਵੇਗਾ। ਉਨ੍ਹਾਂ ਸਰਕਾਰਾਂ ਤੋਂ ਮੰਗ ਕੀਤੀ ਕਿ ਭਵਿੱਖ ਵਿੱਚ ਕਿਸਾਨਾਂ ਦੀ ਫ਼ਸਲ ਦੀ ਸੁਰੱਖਿਆ ਲਈ ਸਰਕਾਰ ਵੱਲੋਂ ਪੱਕੀ ਨੀਤੀ ਬਣਾਈ ਜਾਵੇ ਅਤੇ ਹਰ ਫਸਲ ਦਾ ਲਾਜ਼ਮੀ ਤੌਰ ’ਤੇ ਬੀਮਾ ਕੀਤਾ ਜਾਵੇ, ਤਾਂ ਜੋ ਕਿਸਾਨਾਂ ਨੂੰ ਕੁਦਰਤੀ ਆਫ਼ਤਾਂ ਦੇ ਸਮੇਂ ਆਰਥਿਕ ਨੁਕਸਾਨ ਤੋਂ ਬਚਾਇਆ ਜਾ ਸਕੇ। ਜ਼ਿਲ੍ਹਾ ਮੁੱਖ ਖੇਤੀਬਾੜੀ ਅਫ਼ਸਰ ਧਰਮਿੰਦਰਜੀਤ ਸਿੰਘ ਦਾ ਕਹਿਣਾ ਹੈ ਕਿ ਖੇਤਾਂ ਵਿਚ ਕਣਕ ਦੀ ਫ਼ਸਲ ਡਿੱਗੀ ਜ਼ਰੂਰ ਹੈ ਪਰ ਫਿਲਹਾਲ ਜ਼ਿਲ੍ਹੇ ’ਚ ਕਣਕ ਦੀ ਫ਼ਸਲ ਦਾ ਕੋਈ ਨੁਕਸਾਨ ਨਹੀਂ ਹੈ।

Advertisement
Advertisement
×