ਬਡਰੁੱਖਾਂ ਵਿੱਚ ਅੱਧੀ ਰਾਤ ਅਣਪਛਾਤੇ ਗੁਰੂ ਘਰ ’ਚ ਦਾਖ਼ਲ; ਸੇਵਾਦਾਰ ਨੂੰ ਮਾਰੀ ਗੋਲੀ, ਗੰਭੀਰ ਜ਼ਖ਼ਮੀ
ਜਾਂਚ ਵਿੱਚ ਜੁਟੀ ਪੁਲੀਸ
ਇੱਥੋਂ ਨੇੜਲੇ ਪਿੰਡ ਬਡਰੁੱਖਾਂ ਵਿਖੇ ਬੀਤੀ ਅੱਧੀ ਰਾਤ ਕਾਰ ਸਵਾਰ ਅਣਪਛਾਤੇ ਵਿਅਕਤੀ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਯਾਦ ਵਿੱਚ ਬਣੇ ਗੁਰਦੁਆਰਾ ਸਾਹਿਬ ਵਿੱਚ ਕੰਧ ਟੱਪ ਕੇ ਦਾਖ਼ਲ ਹੋਏ, ਜਿਨ੍ਹਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਇੱਕ ਸੇਵਾਦਾਰ ਨੂੰ ਗੋਲੀ ਮਾਰ ਦਿੱਤੀ ਗਈ ਜਦੋਂ ਕਿ ਇੱਕ ਸੇਵਾਦਾਰ ਦੀ ਕੁੱਟਮਾਰ ਕੀਤੀ ਗਈ। ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਸੇਵਾਦਾਰ ਨੂੰ ਸਿਵਲ ਹਸਪਤਾਲ ਸੰਗਰੂਰ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਪਟਿਆਲਾ ਰੈਫ਼ਰ ਕਰ ਦਿੱਤਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਅੱਧੀ ਰਾਤ ਕਰੀਬ 1:30 ਵਜੇ ਕਾਰ ਵਿੱਚ ਸਵਾਰ ਕਰੀਬ ਚਾਰ ਅਣਪਛਾਤੇ ਵਿਅਕਤੀ ਪਿੰਡ ਦੇ ਵਿਚਕਾਰ ਸਥਿਤ ‘ਗੁਰਦੁਆਰਾ ਸਾਹਿਬ ਯਾਦਗਾਰ ਸ਼ੇਰੇ-ਪੰਜਾਬ ਮਹਾਰਾਜਾ ਰਣਜੀਤ ਸਿੰਘ’ ਵਿੱਚ ਕੰਧ ਟੱਪ ਕੇ ਦਾਖ਼ਲ ਹੋਏ। ਉਨ੍ਹਾਂ ਪਹਿਲਾਂ ਲੰਗਰ ਹਾਲ ਦੇ ਬਰਾਂਡੇ ਵਿੱਚ ਸੁੱਤੇ ਪਏ ਸੇਵਾਦਾਰ ਅਜੈਬ ਸਿੰਘ ਨੂੰ ਦਬੋਚ ਲਿਆ, ਜਿਸ ਦਾ ਕੱਪੜੇ ਨਾਲ ਮੂੰਹ ਬੰਦ ਕਰਕੇ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਗਈ। ਮੌਕੇ ’ਤੇ ਰੌਲਾ ਪੈਣ ’ਤੇ ਅੰਦਰਲੇ ਕਮਰੇ ਵਿੱਚ ਸੁੱਤਾ ਸੇਵਾਦਾਰ ਜਸਵੰਤ ਸਿੰਘ ਜਿਉਂ ਹੀ ਬਾਹਰ ਆਇਆ ਤਾਂ ਉਸ ਨੂੰ ਗੋਲੀ ਮਾਰ ਦਿੱਤੀ।
ਰੌਲਾ ਪੈਣ ’ਤੇ ਹਮਲਾਵਰ ਫ਼ਰਾਰ ਹੋ ਗਏ। ਬਾਅਦ ਵਿੱਚ ਗੁਰੂ ਘਰ ਤੋਂ ਘਟਨਾ ਬਾਰੇ ਅਨਾਊਂਸਮੈਂਟ ਕੀਤੀ ਗਈ ਅਤੇ ਪਿੰਡ ਦੇ ਲੋਕ ਗੁਰੂ ਘਰ ਪੁੱਜੇ। ਜ਼ਖ਼ਮੀ ਸੇਵਾਦਾਰ ਜਸਵੰਤ ਸਿੰਘ ਨੂੰ ਸਿਵਲ ਹਸਪਤਾਲ ਸੰਗਰੂਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਪਟਿਆਲਾ ਰੈਫ਼ਰ ਕਰ ਦਿੱਤਾ।
ਸੂਚਨਾ ਮਿਲਦਿਆਂ ਹੀ ਪੁਲੀਸ ਚੌਂਕੀ ਬਡਰੁੱਖਾਂ ਦੇ ਇੰਚਾਰਜ, ਥਾਣਾ ਲੌਂਗੋਵਾਲ ਦੇ ਐੱਸ.ਐੱਚ.ਓ. ਅਤੇ ਡੀ.ਐੱਸ.ਪੀ. ਸੁਨਾਮ ਮੌਕੇ ’ਤੇ ਪਹੁੰਚ ਗਏ ਸਨ। ਉਨ੍ਹਾਂ ਨੇ ਘਟਨਾ ਦਾ ਜਾਇਜ਼ਾ ਲਿਆ ਅਤੇ ਗੁਰੂ ਘਰ ਵਿੱਚ ਲੱਗੇ ਸੀ.ਸੀ.ਟੀ.ਵੀ. ਦੀ ਫ਼ੁਟੇਜ ਚੈੱਕ ਕਰਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿੰਡ ਦੇ ਸਰਪੰਚ ਰਣਦੀਪ ਸਿੰਘ, ਕਮੇਟੀ ਮੈਂਬਰ ਮੇਜਰ ਸਿੰਘ ਅਤੇ ਸਮੁੱਚੀ ਪੰਚਾਇਤ ਨੇ ਇਸ ਘਟਨਾ ਦੀ ਸਖ਼ਤ ਨਿੰਦਾ ਕੀਤੀ ਹੈ।

