ਗੁਰਦੀਪ ਸਿੰਘ ਲਾਲੀ/ਮਹਿੰਦਰ ਕੌਰ ਮਨੂੰ
ਸੰਗਰੂਰ, 17 ਜਨਵਰੀ
ਰੁਜ਼ਗਾਰ ਦੀ ਮੰਗ ਨੂੰ ਲੈ ਕੇ ਡੀਸੀ ਕੰਪਲੈਕਸ ਅੱਗੇ ਲਾਏ ਪੱਕੇ ਮੋਰਚੇ ਦੇ 14ਵੇਂ ਦਿਨ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕਾਂ ਵੱਲੋਂ ਆਪਣੇ ਸੰਘਰਸ਼ ਨੂੰ ਤਿੱਖਾ ਕਰਦੇ ਹੋਏ ਸੂਬਾ ਪ੍ਰਧਾਨ ਦੀਪਕ ਕੰਬੋਜ ਦੀ ਅਗਵਾਈ ਹੇਠ ਸ਼ਹਿਰ ’ਚ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਮਾਰਚ ਕੱਢਿਆ ਗਿਆ। ਯੂਨੀਅਨ ਵਲੋਂ ਨਗਰ ਨਿਗਮ ਚੋਣਾਂ ਵਿਚ ਕਾਂਗਰਸ ਸਰਕਾਰ ਖ਼ਿਲਾਫ਼ ਭੰਡੀ ਪ੍ਰਚਾਰ ਰੈਲੀਆਂ ਕਰਨ ਦਾ ਐਲਾਨ ਕਰਦਿਆਂ ਪਹਿਲੀ ਰੈਲੀ 21 ਜਨਵਰੀ ਨੂੰ ਮੁੱਖ ਮੰਤਰੀ ਦੇ ਸ਼ਹਿਰ ਪਟਿਆਲਾ ਵਿਚ ਕਰਨ ਦਾ ਫੈਸਲਾ ਲਿਆ। ਡੀਸੀ ਕੰਪਲੈਕਸ ਅੱਗੇ ਪੱਕੇ ਮੋਰਚੇ ਵਾਲੀ ਥਾਂ ’ਤੇ ਇਕੱਠੇ ਹੋਣ ਮਗਰੋਂ ਬੇਰੁਜ਼ਗਾਰ ਅਧਿਆਪਕਾਂ ਵਲੋਂ ਰੋਸ ਮਾਰਚ ਕੱਢਿਆ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰੋਸ ਮਾਰਚ ਦੌਰਾਨ ਸ਼ਹਿਰ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਉਣ ਵਾਲੀਆਂ ਨਗਰ ਨਿਗਮ/ਨਗਰ ਕੌਂਸਲ ਚੋਣਾਂ ਵਿੱਚ ਕਾਂਗਰਸ ਦਾ ਬਾਈਕਾਟ ਕਰਨ ਅਤੇ ਵੋਟਾਂ ਵੇਲੇ ਕੀਤੇ ਵਾਅਦੇ ਯਾਦ ਕਰਾਉਣ। ਇਸ ਮੌਕੇ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਯੂਨੀਅਨ ਦੇ ਆਗੂ ਨਿਰਮਲ ਜ਼ੀਰਾ, ਗੁਰਪ੍ਰੀਤ ਫਾਜ਼ਿਲਕਾ, ਕੁਲਦੀਪ ਖੋਖਰ, ਮੰਗਲ ਮਾਨਸਾ ਤੇ ਸੁਖਜੀਤ ਪਟਿਆਲਾ ਨੇ ਕਿਹਾ ਕਿ ਘਰ ਘਰ ਨੌਕਰੀ ਦੇ ਵਾਅਦੇ ਨੂੰ ਲੈ ਕੇ ਆਈ ਸੱਤਾ ਵਿਚ ਕੈਪਟਨ ਸਰਕਾਰ ਨੂੰ ਉਹਦੇ ਵਾਅਦੇ ਯਾਦ ਕਰਾਉਣ ਲਈ ਬੇਰੁਜ਼ਗਾਰ ਈ.ਟੀ.ਟੀ. ਟੈੱਟ ਪਾਸ ਅਧਿਆਪਕ ਯੂਨੀਅਨ ਵੱਲੋਂ ਪੰਜਾਬ ਭਰ ਨਗਰ ਨਿਗਮ ਚੋਣਾਂ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ ਭੰਡੀ ਪ੍ਰਚਾਰ ਰੈਲੀਆਂ ਕੀਤੀਆਂ ਜਾਣਗੀਆਂ । ਜੇਕਰ ਪੰਜਾਬ ਸਰਕਾਰ ਬੇਰੁਜ਼ਗਾਰਾਂ ਦੀਆਂ ਮੰਗਾਂ ਜਲਦ ਹੱਲ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਤਿੱਖੇ ਸੰਘਰਸ਼ ਕੀਤੇ ਜਾਣਗੇ ਜਿਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ। ਇਸ ਮੌਕੇ ਸੁਰਿੰਦਰ ਜਲਾਲਾਬਾਦ, ਜਗਜੀਤ ਸੰਗਰੂਰ, ਯਾਦਵਿੰਦਰ ਸਿੰਘ ਭੁੱਚੋ, ਜਗਪਾਲ ਸਿੰਘ ਮਾਨਸਾ, ਮਨੀ ਸੰਗਰੂਰ, ਸੁਰਿੰਦਰਪਾਲ ਗੁਰਦਾਸਪੁਰ, ਬੇਅੰਤ ਸਿੰਘ ਤੇ ਪਰਗਟ ਮਾਨਸਾ ਆਦਿ ਮੌਜੂਦ ਸਨ।